1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਅਮਰੀਕਾ

ਯੂ ਐਸ ਵਿਚ ਮਹਿੰਗਾਈ ਦਰ 7 % ਹੋਈ, ਪਿਛਲੇ 40 ਸਾਲ ਦਾ ਰਿਕਾਰਡ ਟੁੱਟਿਆ

ਨਵੰਬਰ ਵਿਚ ਵੀ ਮਹਿੰਗਾਈ ਦਰ 6.8 % ਦਰਜ ਹੋਈ ਸੀ

Prices for used cars have skyrocketed during the pandemic because automakers can't find enough components to make new ones.

ਸੈਮੀ-ਕੰਡਕਟਰਾਂ ਦੀ ਘਾਟ ਕਾਰਨ ਨਵੀਆਂ ਕਾਰਾਂ ਦਾ ਉਤਪਾਦਨ ਪ੍ਰਭਾਵਿਤ ਹੈ, ਜਿਸ ਕਰਕੇ ਪੁਰਾਣੇ ਵਾਹਨਾਂ ਦੀਆਂ ਕੀਮਤਾਂ ਵਿਚ ਜ਼ਬਰਦਸਤ ਵਾਧਾ ਹੋਇਆ ਹੈ।

ਤਸਵੀਰ:  (Bess Adler/Bloomberg)

RCI

ਬੁੱਧਵਾਰ ਨੂੰ ਜਾਰੀ ਹੋਏ ਨਵੇਂ ਅੰਕੜਿਆਂ ਅਨੁਸਾਰ, ਯੂ ਐਸ ਵਿਚ ਮਹਿੰਗਾਈ ਦਰ ਪਿਛਲੇ 4 ਦਹਾਕਿਆਂ ਵਿਚ ਸਭ ਤੋਂ ਵੱਧ ਦਰਜ ਕੀਤੀ ਗਈ ਹੈ ਅਤੇ ਇਸਦੇ ਨੀਚੇ ਵੱਲ ਆਉਣ ਦੇ ਵੀ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਹਨ।

ਯੂ ਐਸ ਬਿਊਰੋ ਔਫ਼ ਲੇਬਰ ਸਟੈਟਿਸਟਿਕਸ ਮੁਤਾਬਕ, ਇੱਕਲੇ ਦਸੰਬਰ ਵਿਚ ਹੀ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਿਚ 0.5 ਫ਼ੀਸਦੀ ਦਾ ਵਾਧਾ ਦਰਜ ਹੋਇਆ ਜਿਸ ਕਰਕੇ ਸਾਲਾਨਾ ਮਹਿੰਗਾਈ ਦਰ 7 ਫ਼ੀਸਦੀ ਦੇ ਪੱਧਰ ‘ਤੇ ਪਹੁੰਚ ਗਈ, ਜੋਕਿ 1982 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਹੈ।

ਅਰਥਸ਼ਾਤਰੀਆਂ ਨੇ ਮਹਿੰਗਾਈ ਦਰ ਦੇ ਇਸੇ ਪੱਧਰ ‘ਤੇ ਪਹੁੰਚਣ ਦਾ ਖ਼ਦਸ਼ਾ ਪਹਿਲਾਂ ਹੀ ਜ਼ਾਹਰ ਕਰ ਦਿੱਤਾ ਸੀ। ਨਵੰਬਰ ਵਿਚ ਵੀ ਯੂ ਐਸ ਦੀ ਮਹਿੰਗਾਈ ਦਰ 6.8 ਸੀ ਅਤੇ ਇਹ ਉਦੋਂ ਦਾ ਰਿਕਾਰਡ ਪੱਧਰ ਸੀ।

ਪੁਰਾਣੀਆਂ ਕਾਰਾਂ ਅਤੇ ਟਰੱਕਾਂ ਦੀਆਂ ਕੀਮਤਾਂ ਵਿਚ ਵਾਧੇ ਨੇ ਮਹਿੰਗਾਈ ਵਿਚ ਸਭ ਤੋਂ ਵੱਡਾ ਯੋਗਦਾਨ ਪਾਇਆ। ਪੁਰਾਣੇ ਵਾਹਨਾਂ ਦੀਆਂ ਕੀਮਤਾਂ ਪਿਛਲੇ ਇੱਕ ਸਾਲ ਵਿਚ 37 ਫ਼ੀਸਦੀ ਵਧ ਚੁੱਕੀਆਂ ਹਨ। ਦਰਅਸਲ ਦੁਨੀਆ ਭਰ ਵਿਚ ਸੈਮੀ-ਕੰਡਕਟਰਾਂ ਦੀ ਘਾਟ  (ਨਵੀਂ ਵਿੰਡੋ)ਕਾਰਨ ਨਵੀਆਂ ਕਾਰਾਂ ਦਾ ਉਤਪਾਦਨ ਪ੍ਰਭਾਵਿਤ ਹੋਇਆ ਹੈ, ਜਿਸ ਕਰਕੇ ਗਾਹਕਾਂ ਨੂੰ ਨਵੀਆਂ ਕਾਰਾਂ ਲੈਣ ਵਿਚ ਦਿੱਕਤ ਪੇਸ਼ ਆ ਰਹੀ ਹੈ ਅਤੇ ਨਤੀਜੇ ਵੱਜੋਂ ਪੁਰਾਣੀਆਂ ਕਾਰਾਂ ਦੀ ਕੀਮਤਾਂ ਵਿਚ ਜ਼ਬਦਸਤ ਉਛਾਲ ਆਇਆ ਹੈ।

ਕਈ ਮਹੀਨਿਆਂ ਦੀ ਤੇਜ਼ੀ ਤੋਂ ਬਾਅਦ ਐਨਰਜੀ ਦੀਆਂ ਕੀਮਤਾਂ ਵਿਚ 0.4 % ਕਮੀ ਆਈ। ਦਸੰਬਰ ਮਹੀਨੇ ਗੈਸੋਲੀਨ ਅਤੇ ਨੈਚਰਲ ਗੈਸ ਦੋਵਾਂ ਦੀਆਂ ਕੀਮਤਾਂ ਵਿਚ ਕਮੀ ਦਰਜ ਹੋਈ। ਸਾਲਾਨਾ ਪੱਧਰ ‘ਤੇ ਹਾਲਾਂਕਿ ਐਨਰਜੀ ਦੀਆਂ ਕੀਮਤਾਂ ਵਿਚ 29 ਫ਼ੀਸਦੀ ਵਾਧਾ ਹੋਇਆ ਹੈ ਅਤੇ ਇਕੱਲੀ ਗੈਸ ਦੀਆਂ ਕੀਮਤਾਂ ਵਿਚ 50 ਫ਼ੀਸਦੀ ਤੋਂ ਵੱਧ ਦਾ ਇਜ਼ਾਫ਼ਾ ਦਰਜ ਹੋਇਆ ਹੈ।

ਮਹਿੰਗਾਈ ਦਰ ਵਿਚ ਹੋ ਰਹੇ ਵਾਧੇ ਨੇ ਫ਼ੈਡਰਲ ਰਿਜ਼ਰਵ ਦੇ ਨੀਤੀ-ਘਾੜਿਆਂ ਲਈ ਵੀ ਇੱਕ ਮੁਸ਼ਕਿਲ ਸਥਿਤੀ ਪੈਦਾ ਕਰ ਦਿੱਤੀ ਹੈ, ਜਿਹੜੇ ਅਰਥਚਾਰੇ ਨੂੰ ਲੀਹ ‘ਤੇ ਵਾਪਸ ਲਿਆਉਣ ਲਈ ਵਿਆਜ ਦਰਾਂ ਨੂੰ ਹੇਠਲੇ ਪੱਧਰ ‘ਤੇ ਬਰਕਰਾਰ ਰੱਖ ਰਹੇ ਹਨ। ਪਰ ਘੱਟ ਵਿਆਜ ਕਰਕੇ ਪੈਸਿਆਂ ਦੀ ਸਸਤੀ ਉਪਲਬਧਤਾ ਕਾਰਨ ਹਰੇਕ ਚੀਜ਼ ਦੀ ਕੀਮਤ ਵਿਚ ਹੀ ਵਾਧਾ ਹੋ ਰਿਹਾ ਹੈ।

ਦਰਾਂ ਵਿਚ ਵਾਧਾ ਹੋਣ ਦੀ ਸੰਭਾਵਨਾ

ਬੈਂਕ ਔਫ਼ ਮੌਂਟਰੀਅਲ ਦੇ ਅਰਥਸ਼ਾਤਰੀ ਸੈਲ ਗੁਆਟਿਰੀ ਦਾ ਕਹਿਣਾ ਹੈ ਕਿ ਬੁੱਧਵਾਰ ਦੇ ਅੰਕੜੇ ਫ਼ੈਡ’ਜ਼ (ਫ਼ੈਡਰਲ ਰਿਜ਼ਰਵ) ਅਤੇ ਹਰ ਕਿਸੇ ਨੂੰ ਮਹਿੰਗਾਈ ਦੇ ਗੰਭੀਰ ਖ਼ਤਰੇ ਦਾ ਅਹਿਸਾਸ ਦਵਾ ਰਹੇ ਹਨ।

ਕਲ ਫ਼ੈਡ’ਜ਼ ਚੇਅਰ ਪਾਵਲ ਨੇ ਚਿਤਾਵਨੀ ਦਿੱਤੀ ਸੀ ਕਿ ਵਧੇਰੇ ਮਹਿੰਗਾਈ ਮੁਲਕ ਦੀ ਰਿਕਵਰੀ ਲਈ ਖ਼ਤਰਾ ਹੈ, ਅਤੇ ਇਸ ਵਿਚ ਫ਼ਸਣ ਤੋਂ ਬਚਣ ਲਈ ਫ਼ੈਡ ਨੂੰ ਕਾਰਵਾਈ ਕਰਨ ਦੀ ਜ਼ਰੂਰਤ ਹੈ

ਅਰਥਸ਼ਾਤਰੀਆਂ ਦਾ ਅਨੁਮਾਨ ਹੈ ਕਿ ਕੇਂਦਰੀ ਬੈਂਕ ਨੂੰ ਵਿਆਜ ਦਰਾਂ ਵਿਚ ਇਸ ਸਾਲ ਘੱਟੋ ਘੱਟ ਚਾਰ ਵਾਰੀ ਵਾਧਾ ਕਰਨਾ ਪਵੇਗਾ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ