1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਨਰਸਾਂ ਨੂੰ ਹਸਪਤਾਲਾਂ ਵਿਚ ਤੈਨਾਤ ਕਰੇਗਾ ਉਨਟੇਰਿਉ

ਕੋਵਿਡ-19 ਸਬੰਧੀ ਆਈਸੀਯੂ ਦਾਖ਼ਲਿਆਂ ਵਿਚ ਰਿਕਾਰਡ ਵਾਧਾ

ਟੋਰੌਂਟੋ ਦੇ ਇੱਕ ਹਸਪਤਾਲ ਵਿਚ ਖੜੀ ਨਰਸ।

ਉਨਟੇਰਿਉ ਵਿਚ ਕੋਵਿਡ ਮਰੀਜ਼ਾਂ ਦੇ ਹਸਪਤਾਲ ਦਾਖ਼ਲਿਆਂ ਵਿਚ ਵਾਧੇ ਦੌਰਾਨ ਸਟਾਫ਼ ਦੀ ਕਮੀ ਵੀ ਵਧ ਰਹੀ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਸੂਬਾ ਸਰਕਾਰ ਨੇ ਦੂਸਰੇ ਦੇਸ਼ਾਂ ਤੋਂ ਸਿੱਖਿਆ ਪ੍ਰਾਪਤ ਨਰਸਾਂ ਨੂੰ ਹੈਲਥ ਕੇਅਰ ਵਿਚ ਤੈਨਾਤ ਕਰਨ ਦਾ ਫ਼ੈਸਲਾ ਲਿਆ ਹੈ।

ਤਸਵੀਰ:  CBC / Evan Mitsui

RCI

ਉਨਟੇਰਿਉ ਸਰਕਾਰ ਨੇ ਸਟਾਫ਼ ਦੀ ਕਮੀ ਨਾਲ ਜੂਝ ਰਹੇ ਹੈਲਥ-ਕੇਅਰ ਸੈਕਟਰ ਵਿਚ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਨਰਸਾਂ ਨੂੰ ਤੈਨਾਤ ਕਰਨ ਦੀ ਯੋਜਨਾ ਉਲੀਕੀ ਹੈ।

ਮੰਗਲਵਾਰ ਨੂੰ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਦੱਸਿਆ ਕਿ ਸਰਕਾਰ ਉਨਟੇਰਿਉ ਹੈਲਥ ਅਤੇ ਕੌਲੇਜੇਜ਼ ਔਫ਼ ਨਰਸੇਜ਼ ਔਫ਼ ਉਨਟੇਰਿਉ ਨਾਲ ਮਿਲਕੇ (ਨਵੀਂ ਵਿੰਡੋ), ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਨਰਸਾਂ ਨੂੰ ਹਸਪਤਾਲਾਂ ਅਤੇ ਲੌਂਗ ਟਰਮ ਕੇਅਰ ਸੈਟਿੰਗਜ਼ ਵਿਚ ਤੈਨਾਤ ਕਰੇਗੀ।

ਉਹਨਾਂ ਦੱਸਿਆ ਕਿ ਹੁਣ ਤੱਕ 1,200 ਬਿਨੈਕਾਰ ਇਸ ਪ੍ਰੋਗਰਾਮ ਵਿਚ ਦਿਲਚਸਪੀ ਜ਼ਾਹਰ ਕਰ ਚੁੱਕੇ ਹਨ ਅਤੇ ਉਹਨਾਂ ਨੂੰ ਜਲਦੀ ਹੀ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬਿਨੈਕਾਰਾਂ ਕੋਲ ਪਰਮਾਨੈਂਟ ਸਟਾਫ਼ ਵਿਚ ਸ਼ਾਮਲ ਹੋਣ ਦਾ ਵੀ ਮੌਕਾ ਹੋਵੇਗਾ।

ਉਨਟੇਰਿਉ ਹੈਲਥ ਦੇ ਸੀਈਓ ਮੈਥਿਊ ਐਂਡਰਸਨ ਨੇ ਕਿਹਾ ਕਿ ਇਹ ਨਰਸਾਂ ਹੈਲਥ ਕੇਅਰ ਪ੍ਰੋਵਾਈਡਰ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ । ਐਂਡਰਸਨ ਮੁਤਾਬਕ ਤਕਰੀਬਨ 300 ਨਰਸਾਂ, ਸਟਾਫ਼ ਦੀ ਕਮੀ ਦਾ ਸਾਹਮਣਾ ਕਰ ਰਹੇ ਲਗਭਗ 50 ਹਸਪਤਾਲਾਂ ਵਿਚ ਇਸੇ ਹਫ਼ਤੇ ਤੋਂ ਕੰਮ ਕਰਨਾ ਸ਼ੁਰੂ ਕਰ ਸਕਣਗੀਆਂ। 

ਓਮੀਕਰੌਨ ਵੇਰੀਐਂਟ ਦੇ ਪਸਾਰ ਨੇ ਕਈ ਸੈਕਟਰਾਂ ਵਿਚ ਕਾਮਿਆਂ ਦੀ ਘਾਟ ਸੀ ਸਮੱਸਿਆ ਪੈਦਾ ਕਰ ਦਿੱਤੀ ਹੈ। ਹੈਲਥ ਸੈਕਟਰ ਵੀ ਲਗਾਤਾਰ ਇਸ ਸਮੱਸਿਆ ਦਾ ਸਾਹਮਣਾ ਕਰ ਰਿਹਾ ਹੈ।

ਦੇਖੋ। ਉਨਟੇਰਿਉ ਹੈਲਥ ਦੇ ਸੀਈਓ ਮੁਤਾਬਕ ਸਟਾਫ਼ ਦੀ ਕਮੀ ਹੈਲਥ ਕੇਅਰ ਲਈ ਗੰਭੀਰ ਚੁਣੌਤੀ:

ਮੰਗਲਵਾਰ ਨੂੰ ਉਨਟੇਰਿਉ ਵਿਚ ਕੋਵਿਡ ਸਬੰਧੀ ਹਸਪਤਾਲ ਦਾਖ਼ਲਿਆਂ ਦੀ ਗਿਣਤੀ 3,220 ਦਰਜ ਕੀਤੀ ਗਈ। ਹਾਲਾਂਕਿ ਇਹਨਾਂ ਵਿਚੋਂ 54 ਫ਼ੀਸਦੀ ਕੋਵਿਡ ਦੇ ਇਲਾਜ ਲਈ ਦਾਖ਼ਲ ਹੋਏ ਸਨ ਅਤੇ 46 ਫ਼ੀਸਦੀ ਹੋਰ ਕਾਰਨਾਂ ਕਰਕੇ ਹਸਪਤਾਲ ਦਾਖ਼ਲ ਹੋਏ ਸਨ, ਪਰ ਉਹਨਾਂ ਦਾ ਕੋਵਿਡ ਟੈਸਟ ਪੌਜ਼ਿਟਿਵ ਪਾਇਆ ਗਿਆ ਸੀ।

ਬੀਤੇ ਇੱਕ ਹਫ਼ਤੇ ਵਿਚ ਹਸਪਤਾਲ ਦਾਖ਼ਲਿਆਂ ਦੀ ਗਿਣਤੀ ਤਕਰੀਬਨ ਢਾਈ ਗੁਣਾ ਵਧ ਗਈ ਹੈ। ਮੰਗਲਵਾਰ ਨੂੰ ਕੋਵਿਡ ਸਬੰਧੀ 477 ਮਰੀਜ਼ ਆਈਸੀਯੂ ਵਿਚ ਭਰਤੀ ਸਨ। ਇੱਕ ਹਫ਼ਤੇ ਪਹਿਲਾਂ ਇਹ ਗਿਣਤੀ 266 ਸੀ।

ਦੇਖੋ। ਸੂਬੇ ਦੀ ਮੌਜੂਦਾ ਸਥਿਤੀ ਬਾਬਤ ਉਨਟੇਰਿਉ ਹੌਸਪਿਟਲ ਅਸੋਸੀਏਸ਼ਨ ਦਾ ਪ੍ਰਤੀਕਰਮ:

ਐਲੀਅਟ ਨੇ ਦੱਸਿਆ ਕਿ ਮੰਗਲਵਾਰ ਤੱਕ ਸੂਬੇ ਵਿਚ 600 ਆਈਸੀਯੂ ਬੈਡਜ਼ ਉਪਲਬਧ ਸਨ ਅਤੇ ਜ਼ਰੂਰਤ ਪੈਣ ਤੇ 500 ਹੋਰ ਬੈਡਜ਼ ਉਪਲਬਧ ਕਰਵਾਏ ਜਾ ਸਕਦੇ ਹਨ। ਪਰ ਇਹ ਬੈਡਜ਼ ਕਿਸ ਤਰ੍ਹਾਂ ਮੁਹੱਈਆ ਕਰਵਾਏ ਜਾਣਗੇ, ਇਸ ਬਾਰੇ ਉਹਨਾਂ ਵੇਰਵੇ ਨਹੀਂ ਦਿੱਤੇ।

ਸ਼ੁਰੂਆਤੀ ਡਾਟਾ ਅਨੁਸਾਰ, ਓਮੀਕਰੌਨ ਵੇਰੀਐਂਟ ਮਰੀਜ਼ ਦੀ ਆਈਸੀਯੂ ਵਿਚ ਭਰਤੀ ਰਹਿਣ ਦੀ ਔਸਤ ਮਿਆਦ 7 ਦਿਨ ਹੈ, ਜਦਕਿ ਡੈਲਟਾ ਵੇਰੀਐਂਟ ਦੇ ਮਰੀਜ਼ ਦੀ ਔਸਤ ਮਿਆਦ 20 ਦਿਨ ਸੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Canadian Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ