1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਸੈਂਕੜੇ ਹੋਰ ਅਫ਼ਗ਼ਾਨ ਸ਼ਰਨਾਰਥੀ ਕੈਨੇਡਾ ਪਹੁੰਚੇ, ਕਈ ਮਨੁੱਖੀ ਅਧਿਕਾਰ ਕਾਰਕੁੰਨ ਵੀ ਸ਼ਾਮਲ

ਕੈਨੇਡਾ ਸਰਕਾਰ ਨੇ ਹਰ ਸਾਲ 250 ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਮੁਲਕ ਵਿਚ ਪਹੁੰਚਦਾ ਕਰਨ ਦਾ ਅਹਿਦ ਕੀਤਾ ਹੈ

ਤਾਲਿਬਾਨ ਦੇ ਅਫ਼ਗ਼ਾਨਿਸਤਾਨ 'ਤੇ ਕਾਬਜ਼ ਹੋਣ ਕਾਰਨ, ਮੁਲਕ ਛੱਡਕੇ ਭੱਜਣ ਦੀ ਕੋਸ਼ਿਸ਼ ਦੌਰਾਨ ਕਾਬੁਲ ਦੇ ਏਅਰਪੋਰਟ 'ਤੇ ਜਹਾਜ਼ ਵਿਚ ਚੜ੍ਹਦੇ ਲੋਕ। ਮਿਤੀ-16 ਅਗਸਤ, 2021

ਤਾਲਿਬਾਨ ਦੇ ਅਫ਼ਗ਼ਾਨਿਸਤਾਨ 'ਤੇ ਕਾਬਜ਼ ਹੋਣ ਕਾਰਨ, ਮੁਲਕ ਛੱਡਕੇ ਭੱਜਣ ਦੀ ਕੋਸ਼ਿਸ਼ ਦੌਰਾਨ ਕਾਬੁਲ ਦੇ ਏਅਰਪੋਰਟ 'ਤੇ ਜਹਾਜ਼ ਵਿਚ ਚੜ੍ਹਦੇ ਲੋਕ। ਮਿਤੀ-16 ਅਗਸਤ, 2021

ਤਸਵੀਰ: Getty Images / Wakil Kohsar/AFP

RCI

ਮੰਗਲਵਾਰ ਨੂੰ ਫ਼ੈਡਰਲ ਸਰਕਾਰ ਨੇ ਕੈਨੇਡਾ ਵਿਚ 250 ਹੋਰ ਅਫ਼ਗ਼ਾਨ ਸ਼ਰਨਾਰਥੀਆਂ ਦੀ ਆਮਦ ਦਾ ਐਲਾਨ ਕੀਤਾ।

ਇਹਨਾਂ ਸ਼ਰਨਾਰਥੀਆਂ ਵਿਚ ਜ਼ਿਆਦਾਤਰ ਲੋਕ ਮਨੁੱਖੀ ਅਧਿਕਾਰ ਕਾਰਕੁੰਨ ਹਨ। ਪਿਛਲੇ ਸਾਲ ਅਫ਼ਗ਼ਾਨਿਸਤਾਨ ਵਿਚ ਤਾਲਿਬਾਨ ਦੇ ਕਾਬਜ਼ ਹੋਣ ਤੋਂ ਬਾਅਦ ਕੈਨੇਡਾ ਨੇ ਸੈਂਕੜੇ ਅਫ਼ਗ਼ਾਨ ਸ਼ਰਨਾਰਥੀਆਂ ਨੂੰ ਮੁਲਕ ਵਿਚ ਮੁੜ ਵਸਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਹੈ।

ਸ਼ਰਨਾਰਥੀਆਂ ਨੂੰ ਲੈਕੇ ਇੱਕ ਚਾਰਟਰ ਫ਼ਲਾਈਟ ਇਸਲਾਮਾਬਾਦ, ਪਾਕਿਸਤਾਨ ਤੋਂ ਕੈਲਗਰੀ ਪਹੁੰਚੀ।

ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫ਼੍ਰੇਜ਼ਰ ਨੇ ਕਿਹਾ, ਅਫ਼ਗ਼ਾਨ ਸ਼ਰਨਾਰਥੀਆਂ ਦੇ ਇਸ ਸਮੂਹ ਦਾ ਅੱਜ ਸਵਾਗਤ ਕਰਨਾ ਬੜੇ ਮਾਣ ਦੀ ਗੱਲ ਹੈ, ਇਹ ਲੋਕ ਦੂਸਰਿਆਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਕਾਰਨ, ਖ਼ੁਦ ਜ਼ੁਲਮ ਦਾ ਸਾਹਮਣਾ ਕਰਦੇ ਹਨ

ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਦਸਤਾਵੇਜ਼ਬੱਧ ਕਰਨ ਅਤੇ ਇਸਨੂੰ ਰੋਕਣ ਦੇ ਉਹਨਾਂ ਦੇ ਕੰਮ ਲਈ ਮੈਂ ਉਹਨਾਂ ਦਾ ਧੰਨਵਾਦੀ ਹਾਂ ਅਤੇ ਮਾਣ ਹੈ ਕਿ ਉਹ ਹੁਣ ਕੈਨੇਡਾ ਨੂੰ ਆਪਣਾ ਮੁਲਕ ਕਹਿੰਦੇ ਹਨ

ਕੈਨੇਡਾ ਸਰਕਾਰ ਮੁਤਾਬਕ ਤਾਲਿਬਾਨ ਦੇ ਮੁਲਕ ਵਿਚ ਕਬਜ਼ੇ ਤੋਂ ਬਾਅਦ ਤਕਰੀਬਨ 6,750 ਅਫ਼ਗ਼ਾਨ ਨਾਗਰਿਕਾਂ ਨੂੰ ਕੈਨੇਡਾ ਵਿਚ ਸੈਟਲ ਕੀਤਾ ਜਾ ਚੁੱਕਾ ਹੈ। ਇਹਨਾਂ ਵਿਚ ਅਫ਼ਗ਼ਾਨ ਮਿਸ਼ਨ ਦੌਰਾਨ ਕੈਨੇਡੀਅਨ ਫ਼ੌਜਾਂ ਦੀ ਮਦਦ ਕਰਨ ਵਾਲੇ ਅਫ਼ਗ਼ਾਨ ਲੋਕ ਵੀ ਸ਼ਾਮਲ ਹਨ।

ਇਹਨਾਂ ਸ਼ਰਨਾਰਥੀਆਂ ਵਿਚ ਹਾਸ਼ੀਆਗਤ ਲੋਕ, ਜਿਵੇਂ ਔਰਤ ਆਗੂ, ਧਾਰਮਿਕ ਜਾਂ ਨਸਲੀ ਘੱਟਗਿਣਤੀਆਂ, ਐਲ.ਜੀ.ਬੀ.ਟੀ.ਕਿਊ ਲੋਕ ਜਾਂ ਪੱਤਰਕਾਰ ਵੀ ਸ਼ਾਮਲ ਹਨ।

252 ਸ਼ਰਨਾਰਥੀਆਂ ਦੇ ਗਰੁੱਪ ਵਿਚ , ਸਰਕਾਰ ਦੁਆਰਾ ਮੰਨੇ ਗਏ, 170 ਮਨੁੱਖੀ ਅਧਿਕਾਰ ਕਾਰਕੁੰਨ ਕੈਨੇਡਾ ਪਹੁੰਚੇ ਹਨ।

ਕੈਨੇਡਾ ਦੀ ਇੱਕ ਸਰਕਾਰੀ ਰਿਲੀਜ਼ ਮੁਤਾਬਕ ਬਾਕੀ 82 ਜਣੇ ਉਹ ਲੋਕ ਹਨ ਜਿਹਨਾਂ ਨੇ ਜਾਂ ਜਿਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੈਨੇਡਾ ਸਰਕਾਰ ਲਈ ਮਹੱਤਵਪੂਰਣ ਕੰਮ ਕੀਤਾ ਹੈ।

ਕੈਨੇਡਾ ਵਿਚ ਮੁੜ ਵਸੇਵੇਂ ਦੀ ਇੱਕ ਵਿਸ਼ੇਸ਼ ਸਟ੍ਰੀਮ ਤਹਿਤ, ਜਿਹਨਾਂ ਲੋਕਾਂ ਨੇ ਮਨੁੱਖੀ ਅਧੀਕਾਰਾਂ ਅਤੇ ਸੁਤੰਤਰਤਾ ਦੀ ਸੁਰੱਖਿਆ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ, ਉਹ ਕੈਨੇਡਾ ਸੈਟਲ ਹੋਣ ਦੀ ਅਰਜ਼ੀ ਦੇਣ ਦੇ ਯੋਗ ਹੋ ਸਕਦੇ ਹਨ। ਉਹਨਾਂ ਦੇ ‘ਯੋਗਦਾਨ’ ਦੀ ਸਮੀਖਿਆ ਕੈਨੇਡਾ ਸਰਕਾਰ ਵੱਲੋਂ ਕੀਤੀ ਜਾਵੇਗੀ।

ਸਰਕਾਰ ਨੇ ਹਰ ਸਾਲ ਦੁਨੀਆ ਭਰ ਤੋਂ 250 ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ (ਨਵੀਂ ਵਿੰਡੋ) ਕੈਨੇਡਾ ਵਸਾਉਣ ਦਾ ਅਹਿਦ ਕੀਤਾ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ