1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਆਉਂਦੇ ਸਮਿਆਂ ਵਿਚ ਸੂਬਾ ਸਰਕਾਰਾਂ ਵੈਕਸੀਨੇਸ਼ਨ ਨੂੰ ਲਾਜ਼ਮੀ ਕਰ ਸਕਦੀਆਂ ਹਨ: ਫ਼ੈਡਰਲ ਹੈਲਥ ਮਿਨਿਸਟਰ

ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਨੇ ਕਿਹਾ ਕਿ ਮਹਾਮਾਰੀ ਤੋਂ ਨਿਜਾਤ ਲਈ ਵੈਕਸੀਨੇਸ਼ਨ ਇੱਕੋ ਇੱਕ ਉਪਾਅ

Jean-Yves Duclos

ਫ਼ੈਡਰਲ ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਦਾ ਕਹਿਣਾ ਹੈ ਕਿ ਆਉਂਦੇ ਕੁਝ ਹਫ਼ਤਿਆਂ ਜਾਂ ਮਹੀਨਿਆਂ ਵਿਚ ਸੂਬਾ ਸਰਕਾਰਾਂ ਵੈਕਸੀਨੇਸ਼ਨ ਨੂੰ ਲਾਜ਼ਮੀ ਕਰ ਸਕਦੀਆਂ ਹਨ।

ਤਸਵੀਰ: La Presse canadienne / Justin Tang

RCI

ਫ਼ੈਡਰਲ ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਦਾ ਕਹਿਣਾ ਹੈ ਕਿ ਕੋਵਿਡ-19 ਕੇਸਾਂ ਵਿਚ ਲਗਾਤਾਰ ਹੋ ਰਹੇ ਵਾਧੇ ਨਾਲ ਨਜਿੱਠਣ ਲਈ, ਆਉਣ ਵਾਲੇ ਕੁਝ ਮਹੀਨਿਆਂ ਵਿਚ ਸੂਬਾ ਸਰਕਾਰਾਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਲਾਗੂ ਕਰ ਸਕਦੀਆਂ ਹਨ।

ਕੈਨੇਡਾ ਵਿਚ ਇਸ ਸਮੇਂ ਹੈਲਥ ਸਿਸਟਮ ਨਾਜ਼ੁਕ ਸਥਿਤੀ ਵਿਚ ਹੈ, ਸਾਡੇ ਲੋਕ ਥੱਕ ਗਏ ਹਨ, ਅਤੇ ਕੋਵਿਡ 19, ਇਸ ਵੇਰੀਐਂਟ ਜਾਂ ਭਵਿੱਖ ਦੇ ਕਿਸੇ ਵੇਰੀਐਂਟ ਤੋਂ ਨਿਜਾਤ ਪਾਉਣ ਦਾ ਇੱਕੋ ਇੱਕ ਤਰੀਕਾ ਵੈਕਸੀਨੇਸ਼ਨ ਹੈ

ਡਿਉਕਲੋ ਨੇ ਕਿਹਾ ਕਿ ਭਾਵੇਂ ਰੈਪਿਡ ਟੈਸਟ, ਮਾਸਕ ਅਤੇ ਸਮਾਜਿਕ ਦੂਰੀ ਮਹੱਤਵਪੂਰਨ ਉਪਰਾਲੇ ਹਨ, ਪਰ ਇਹ ਇਕੱਲੇ ਮਹਾਮਾਰੀ ਦਾ ਖ਼ਾਤਮਾ ਨਹੀਂ ਕਰ ਸਕਦੇ।

ਕਿਊਬੈਕ ਵਿਚ 50 ਫ਼ੀਸਦੀ ਤੋਂ ਵੱਧ ਹਸਪਤਾਲ ਦਾਖ਼ਲੇ ਬਿਨਾ ਵੈਕਸੀਨ ਪ੍ਰਾਪਤ ਲੋਕਾਂ ਕਰਕੇ ਹਨ। ਇਹ ਹੈਲਥ ਕੇਅਰ ਵਰਕਰਾਂ ‘ਤੇ ਬੋਝ ਹੈ, ਸਮਾਜ ‘ਤੇ ਬੋਝ ਹੈ ਜਿਸਨੂੰ ਸਹਿਣ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਕਈ ਲੋਕਾਂ ਲਈ ਇਸਨੂੰ ਸਮਝਣਾ ਵੀ ਮੁਸ਼ਕਿਲ ਹੈ

ਇਸ ਕਰਕੇ ਮੈਂ ਉਸ ਗੱਲਬਾਤ ਦਾ ਸੰਕੇਤ ਦੇ ਰਿਹਾ ਹਾਂ, ਜਿਸਨੂੰ ਸੂਬਾ ਸਰਕਾਰਾਂ, ਫ਼ੈਡਰਲ ਸਰਕਾਰ ਦੀ ਮਦਦ ਨਾਲ, ਆਉਣ ਵਾਲੇ ਅਗਲੇ ਹਫ਼ਤਿਆਂ ਅਤੇ ਮਹੀਨਿਆਂ ਵਿਚ ਕਰਨਾ ਚਾਹੁਣਗੀਆਂ

ਡਿਉਕਲੋ ਨੇ ਕਿਹਾ ਕਿ ਫ਼ਿਲਹਾਲ ਵੈਕਸੀਨੇਸ਼ਨ ਲਾਜ਼ਮੀ ਕੀਤੇ ਜਾਣ ‘ਤੇ ਵਿਚਾਰ ਚਰਚਾ ਸ਼ੁਰੂ ਨਹੀਂ ਹੋਈ ਹੈ, ਪਰ ਉਹਨਾਂ ਦਾ ਮੰਨਣਾ ਹੈ, ਕਿ ਅੰਤਰਰਾਸ਼ਟਰੀ ਅਤੇ ਘਰੇਲੂ ਸਥਿਤੀ ਬਾਬਤ ਆਪਣੀ ਸਮਝ ਅਤੇ ਪਿਛਲੇ ਕੁਝ ਹਫ਼ਤਿਆਂ ਦੌਰਾਨ ਹੈਲਥ ਮਿਨਿਸਟਰਾਂ ਨਾਲ ਗੱਲਬਾਤ ਦੇ ਆਧਾਰ ‘ਤੇ, ਆਉਂਦੇ ਕੁਝ ਹਫ਼ਤਿਆਂ ਜਾਂ ਮਹੀਨਿਆਂ ਵਿਚ ਇਹ ਗੱਲਬਾਤ ਸ਼ੁਰੂ ਹੋ ਜਾਵੇਗੀ।

ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਲਾਜ਼ਮੀ ਵੈਕਸੀਨੇਸ਼ਨ ਨੀਤੀ ਲਾਗੂ ਕਰਨੀ ਹੈ ਜਾਂ ਨਹੀਂ, ਇਸ ਦਾ ਫ਼ੈਸਲਾ ਸੂਬਾ ਸਰਕਾਰਾਂ ਦਾ ਹੋਵੇਗਾ।

ਦੇਖੋ। ਹੈਲਥ ਮਿਨਿਸਟਰ ਦਾ ਅਨੁਮਾਨ ਹੈ ਕਿ ਇੱਕ ਸਮੇਂ 'ਤੇ ਸੂਬੇ ਵੈਕਸੀਨੇਸ਼ਨ ਨੂੰ ਲਾਜ਼ਮੀ ਕਰ ਦੇਣਗੇ

ਡਿਉਕਲੋ ਦਾ ਕਹਿਣਾ ਹੈ ਕਿ ਸੂਬੇ ਇਸ ਸਮੇਂ ਕੋਵਿਡ ਦੇ ਤੂਫ਼ਾਨ ਦਾ ਸਾਹਮਣਾ ਕਰ ਰਹੇ ਹਨ, ਜਿਸ ਵਿਚ ਰਿਕਾਰਡ ਮਾਮਲੇ ਦਰਜ ਹੋ ਰਹੇ ਹਨ ਅਤੇ ਹੈਲਥ ਵਰਕਰਾਂ ਦੀ ਕਮੀ ਪੇਸ਼ ਆ ਰਹੀ ਹੈ। ਅਜਿਹੇ ਵਿਚ ਤਕਰੀਬਨ 7 ਮਿਲੀਅਨ ਯੋਗ ਕੈਨੇਡੀਅਨਜ਼ ਨੇ ਵੈਕਸੀਨ ਪ੍ਰਾਪਤ ਨਹੀਂ ਕੀਤੀ ਹੋਈ ਹੈ।

ਅਸੀਂ ਵੈਕਸੀਨ, ਟੈਸਟ ਅਤੇ ਪਰਸਨਲ ਪ੍ਰੋਟੈਕਟਿਵ ਇਕੁਇਪਮੈਂਟ ਪ੍ਰਦਾਨ ਕਰ ਸਕਦੇ ਹਾਂ। ਅਸੀਂ ਟ੍ਰੇਸਿੰਗ ਵਿਚ ਮਦਦ ਮੁਹੱਈਆ ਕਰਵਾ ਸਕਦੇ ਹਾਂ, ਅਸੀਂ ਹਰ ਕਿਸਮ ਦੇ ਬਗ਼ੈਰ ਮਨੁੱਖੀ ਸਰੋਤਾਂ ਵਾਲੀ ਸਹਾਇਤਾ ਕਰ ਸਕਦੇ ਹਾਂ

ਇੰਟਰਗਵਰਨਮੈਂਟਲ ਅਫ਼ੇਅਰਜ਼ ਮਿਨਿਸਟਰ ਡੌਮਿਨਿਕ ਲੇਬਲੌਂ ਨੇ ਕਿਹਾ ਕਿ ਹੈਲਥ ਵਰਕਰਾਂ ਦੀ ਕਮੀ ਨੂੰ ਦੂਰ ਕਰਨ ਲਈ ਫ਼ੈਡਰਲ ਸਰਕਾਰ ਜੋ ਕਰ ਸਕਦੀ ਹੈ, ਉਸ ਦੀ ਵੀ ਇੱਕ ਸੀਮਾ ਹੈ।

ਕਿਊਬੈਕ ਅਤੇ ਯੂਰਪ ਵਿਚ ਵੈਕਸੀਨ ਨੀਤੀ ਵਿਚ ਸਖ਼ਤੀ

ਹਾਲ ਹੀ ਵਿਚ ਕਿਊਬੈਕ ਦੇ ਹੈਲਥ ਮਿਨਿਸਟਰ ਕ੍ਰਿਸਚਨ ਡੂਬ ਨੇ ਐਲਾਨ ਕੀਤਾ ਸੀ ਕਿ, 18 ਜਨਵਰੀ ਤੋਂ ਸਰਕਾਰ ਦੁਆਰਾ ਚਲਾਏ ਜਾਂਦੇ ਸ਼ਰਾਬ ਅਤੇ ਭੰਗ ਦੇ ਸਟੋਰਾਂ ਅੰਦਰ ਦਾਖ਼ਲ ਹੋਣ ਲਈ ਵੀ ਵੈਕਸੀਨ ਪਾਸਪੋਰਟ ਦੀ ਜ਼ਰੂਰਤ ਹੋਵੇਗੀ।

ਡੂਬ ਨੇ ਕਿਹ ਸੀ ਕਿ ਸੂਬੇ ਦੇ ਹਸਪਤਾਲਾਂ ਵਿਚ ਭਰਤੀ ਕੋਵਿਡ ਦੇ ਤਕਰੀਬਨ ਅੱਧੇ ਮਰੀਜ਼ ਬਿਨਾ ਵੈਕਸੀਨ ਪ੍ਰਾਪਤ ਲੋਕ ਹਨ ਅਤੇ ਹਸਪਤਾਲ ਦਾਖ਼ਲਿਆਂ ਨੂੰ ਰੋਕਣ ਲਈ ਉਕਤ ਰੋਕਾਂ ਜ਼ਰੂਰੀ ਸਨ।

ਮਿਨਿਸਟਰ ਨੇ ਇਹ ਵੀ ਕਿਹਾ ਸੀ ਕਿ ਵੈਕਸੀਨ ਪਾਸਪੋਰਟ, ਪਰਸਨਲ ਕੇਅਰ ਸਰਵਿਸੇਜ਼ ਵਰਗੀਆਂ ਕਈ ਹੋਰ ਨੌਨ-ਅਸੈਸ਼ੀਅਲ ਥਾਂਵਾਂ ‘ਤੇ ਵੀ ਜ਼ਰੂਰੀ ਕੀਤੇ ਜਾ ਸਕਦੇ ਹਨ। ਆਉਣ ਵਾਲੇ ਕੁਝ ਦਿਨਾਂ ਵਿਚ ਇਸ ਬਾਬਤ ਕੋਈ ਐਲਾਨ ਕੀਤਾ ਜਾ ਸਕਦਾ ਹੈ।

ਬਿਨਾ ਵੈਕਸੀਨ ਪ੍ਰਾਪਤ ਲੋਕਾਂ ਵੱਲ ਇਸ਼ਾਰਾ ਕਰਦਿਆਂ ਡੂਬ ਨੇ ਕਿਹਾ ਸੀ, ਕਿ ਉਹਨਾਂ ਦੇ ਜਾ ਸਕਣ ਵਾਲੀਆਂ ਥਾਵਾਂ ਨੂੰ ਸੀਮਤ ਕਰਨ ਨਾਲ, ਉਹਨਾਂ ਦਾ ਸੰਪਰਕ ਸੀਮਤ ਕੀਤਾ ਜਾ ਰਿਹਾ ਹੈ। 

ਜੇ ਤੁਸੀਂ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ, ਤਾਂ ਘਰ ਰਹੋ

ਸਖ਼ਤ ਵੈਕਸੀਨੇਸ਼ਨ ਨੀਤੀ ਖ਼ਿਲਾਫ਼ 20 ਨਵੰਬਰ 2021 ਨੂੰ, ਵੀਏਨਾ ਵਿਚ ਪ੍ਰਦਰਸ਼ਨ ਕਰ ਰਹੇ ਲੋਕ।

ਸਖ਼ਤ ਵੈਕਸੀਨੇਸ਼ਨ ਨੀਤੀ ਖ਼ਿਲਾਫ਼ 20 ਨਵੰਬਰ 2021 ਨੂੰ, ਵੀਏਨਾ ਵਿਚ ਪ੍ਰਦਰਸ਼ਨ ਕਰ ਰਹੇ ਲੋਕ।

ਤਸਵੀਰ: (Leonhard Foeger/Reuters)

ਕੋਵਿਡ ਦੇ ਰਿਕਾਰਡ ਕੇਸ ਦਰਜ ਹੋਣ ਅਤੇ ਵੈਕਸੀਨੇਸ਼ਨ ਮੁਹਿੰਮ ਵਿਚ ਖੜੋਤ ਆਉਣ ਤੋਂ ਬਾਅਦ, ਆਸਟ੍ਰੀਆ ਅਤੇ ਗ੍ਰੀਸ ਵਰਗੇ ਕਈ ਯੂਰਪੀਅਨ ਦੇਸ਼ਾਂ ਨੇ ਵੀ ਵੈਕਸੀਨੇਸ਼ਨ ਨੀਤੀ ਵਿਚ ਸਖ਼ਤੀ ਕਰ ਦਿੱਤੀ ਹੈ।

ਗ੍ਰੀਸ ਵਿਚ 60 ਸਾਲ ਤੋਂ ਵੱਧ ਉਮਰ ਦੇ ਬਿਨਾ ਵੈਕਸੀਨ ਪ੍ਰਾਪਤ ਵਿਅਕਤੀ ਨੂੰ ਹਰ ਮਹੀਨੇ 100 ਯੂਰੋ (140 ਕੈਨੇਡੀਅਨ ਡਾਲਰ) ਦਾ ਜੁਰਮਾਨਾ ਤੈਅ ਕੀਤਾ ਗਿਆ ਹੈ। ਆਸਟ੍ਰੀਆ, ਜਿਸਦੀ ਵੈਕਸੀਨੇਸ਼ਨ ਦਰ ਯੂਰਪੀਅਨ ਯੂਨੀਅਨ ਵਿਚ ਸਭ ਤੋਂ ਘੱਟ ਹੈ, ਬਗ਼ੈਰ ਵੈਕਸੀਨੇਸ਼ਨ ਵਾਲੇ ਲੋਕਾਂ ਨੂੰ 7,000 ਯੂਰੋ ਤੋਂ ਵੱਧ ਦਾ ਜੁਰਮਾਨਾ ਠੋਕਣ ‘ਤੇ ਵਿਚਾਰ ਕਰ ਰਿਹਾ ਹੈ। ਪਰ ਸਲੋਵਾਕੀਆ ਵੈਕਸੀਨੇਸ਼ਨ ਲਈ ਲੋਕਾਂ ਨੂੰ ਉਤਸਾਹਿਤ ਕਰਨ ਲਈ 600 ਯੂਰੋ ਦੇ ਭੁਗਤਾਨ ਦੀ ਪੇਸ਼ਕਸ਼ ਕਰ ਰਿਹਾ ਹੈ।

ਸਖ਼ਤ ਵੈਕਸੀਨੇਸ਼ਨ ਨੀਤੀ ਨੂੰ ਲਾਗੂ ਕਰਨਾ ਕੋਈ ਸੌਖਾ ਕੰਮ ਨਹੀਂ ਹੋਵੇਗਾ। ਨਵੰਬਰ ਦੇ ਅਖ਼ੀਰ ਵਿਚ, ਨਵੇਂ ਨਿਯਮਾਂ ਦੇ ਵਿਰੋਧ ਵਿਚ ਆਸਟ੍ਰੀਆ ਦੀ ਰਾਜਧਾਨੀ ਵੀਏਨਾ ਵਿਚ 40,000 ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਸੀ।

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ