1. ਮੁੱਖ ਪੰਨਾ
  2. ਰਾਜਨੀਤੀ
  3. ਕੋਰੋਨਾਵਾਇਰਸ

ਉਨਟੇਰਿਉ ਦੇ ਫ਼ਸਟ ਨੇਸ਼ਨ ਵਿਚ ਕੋਵਿਡ ਦੀ ਵਿਗੜਦੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਨੇ ਮੰਗੀ ਫ਼ੌਜੀ ਮਦਦ

ਹਾਲਾਤ ਵਿਗੜਨ ਤੋਂ 5 ਦਿਨ ਬਾਅਦ ਫ਼ੈਡਰਲ ਸਰਕਾਰ ਨੂੰ ਰਸਮੀ ਮੰਗ ਭੇਜੀ ਗਈ

ਬੀਅਰਜ਼ਕਿਨ ਲੇਕ ਫ਼ਸਟ ਨੇਸ਼ਨ ਵਿਚ ਕੰਮ ਕਰਦੀ ਇੱਕ ਨਰਸ ਸੀ ਤਸਵੀਰ। ਇਸ ਭਾਈਚਾਰੇ ਦੀ ਅੱਧੀ ਤੋਂ ਵੱਧ ਆਬਾਦੀ ਕੋਵਿਡ ਕਾਰਨ ਕੁਆਰੰਟੀਨ ਵਿਚ ਹੈ।

ਬੀਅਰਸਕਿਨ ਲੇਕ ਫ਼ਸਟ ਨੇਸ਼ਨ ਵਿਚ ਕੰਮ ਕਰਦੀ ਇੱਕ ਨਰਸ ਸੀ ਤਸਵੀਰ। ਇਸ ਭਾਈਚਾਰੇ ਦੀ ਅੱਧੀ ਤੋਂ ਵੱਧ ਆਬਾਦੀ ਕੋਵਿਡ ਕਾਰਨ ਕੁਆਰੰਟੀਨ ਵਿਚ ਹੈ।

ਤਸਵੀਰ: (Submitted by Sharon Angeconeb)

RCI

ਉੱਤਰੀ ਉਨਟੇਰਿਉ ਦੇ ਬੀਅਰਸਕਿਨ ਫ਼ਸਟ ਨੇਸ਼ਨ (ਮੂਲਨਿਵਾਸੀ ਭਾਈਚਾਰਿਆਂ ਦਾ ਇੱਕ ਸਮੂਹ) ਵਿਚ ਲਗਾਤਾਰ ਵਧ ਰਹੇ ਕੋਵਿਡ ਮਾਮਲਿਆਂ ਨਾਲ ਨਜਿੱਠਣ ਲਈ ਸੂਬਾ ਸਰਕਾਰ ਨੇ ਮਿਲੀਟ੍ਰੀ ਦੀ ਮਦਦ ਲੈਣ ਲਈ ਬੇਨਤੀ ਕੀਤੀ ਹੈ।

ਇਸ ਫ਼ਸਟ ਨੇਸ਼ਨ ਦੇ ਚੀਫ਼ ਲੈਫ਼ਟੀ ਕੈਮੇਨਾਵਾਟਾਮਿਨ ਵੱਲੋਂ ਫ਼ੈਡਰਲ ਸਰਕਾਰ ਨੂੰ ਫ਼ੌਜੀ ਮਦਦ ਲਈ ਆਖੇ ਜਾਣ ਤੋਂ 5 ਦਿਨਾਂ ਬਾਅਦ ਇਸ ਬਾਬਤ ਰਸਮੀ ਤੌਰ ‘ਤੇ ਕਾਰਵਾਈ ਸ਼ੁਰੂ ਹੋਈ ਹੈ। ਭਾਵੇ ਨਜ਼ਦੀਕੀ ਫ਼ਸਟ ਨੇਸ਼ਨਜ਼ ਇਸ ਗੰਭੀਰ ਸਥਿਤੀ ਵਿਚ ਮਦਦ ਲਈ ਸਾਹਮਣੇ ਆਏ ਹਨ, ਪਰ ਇਸ ਹਫ਼ਤੇ ਕੋਵਿਡ ਕੇਸਾਂ ਵਿਚ ਲਗਾਤਾਰ ਹੋ ਰਹੇ ਭਿਆਨਕ ਵਾਧੇ ਕਾਰਨ ਫ਼ੈਡਰਲ ਸਰਕਾਰ ‘ਤੇ ਦਬਾਅ  (ਨਵੀਂ ਵਿੰਡੋ)ਵਧਦਾ ਜਾ ਰਿਹਾ ਹੈ।

ਬੀਅਰਸਕਿਨ ਲੇਕ ਇਲਾਕਾ ਥੰਡਰ ਬੇਅ ਤੋਂ ਕਰੀਬ 600 ਕਿਲੋਮੀਟਰ ਉੱਤਰ ਵਿਚ ਹੈ। ਇਸ ਫ਼ਸਟ ਨੇਸ਼ਨ ਵਿਚ ਤਕਰੀਬਨ 400 ਲੋਕ ਰਹਿੰਦੇ ਹਨ ਅਤੇ ਪਿਛਲੇ 10 ਦਿਨਾਂ ਵਿਚ ਹੀ ਘੱਟੋ ਘੱਟ 200 ਜਣੇ ਕੋਵਿਡ ਪੌਜ਼ਿਟਿਵ ਹੋ ਚੁੱਕੇ ਹਨ। ਯਾਨੀ ਇਸ ਇਲਾਕੇ ਦੀ ਅੱਧੀ ਤੋਂ ਵੱਧ ਆਬਾਦੀ ਕੁਆਰੰਟੀਨ ਵਿਚ ਹੈ।

ਉਨਟੇਰਿਉ ਦੇ ਨਕਸ਼ੇ ਵਿਚ ਬੀਅਰਜ਼ਕਿਨ ਲੇਕ ਫ਼ਸਟ ਨੇਸ਼ਨ ਦੀ ਲੋਕੇਸ਼ਨ

ਉਨਟੇਰਿਉ ਦੇ ਨਕਸ਼ੇ ਵਿਚ ਬੀਅਰਸਕਿਨ ਲੇਕ ਫ਼ਸਟ ਨੇਸ਼ਨ ਦੀ ਲੋਕੇਸ਼ਨ

ਤਸਵੀਰ: CBC

ਉਨਟੇਰਿਉ ਦੀ ਸੌਲਿਸਟਰ ਜਨਰਲ ਸਿਲਵੀਆ ਜੋਨਜ਼ ਨੇ ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚੀਨੋ ਨੂੰ ਭੇਜੇ ਇੱਕ ਪੱਤਰ ਵਿਚ ਕਿਹਾ, ਬੀਅਰਸਕਿਨ ਲੇਕ ਫ਼ਸਟ ਨੇਸ਼ਨ ਵਿਚ 20 ਤੋਂ ਵੀ ਘੱਟ ਸਟਾਫ਼ ਮੈਂਬਰ ਮੌਜੂਦ ਹਨ ਜੋ ਸੈਂਕੜੇ ਕਮਿਊਨਿਟੀ ਮੈਂਬਰਾਂ ਦੀ, ਲੋੜੀਂਦੀਆਂ ਚੀਜ਼ਾਂ, ਜਿਵੇਂ ਖਾਣਾ, ਦਵਾਈਆਂ ਆਦਿ, ਲਿਆਉਣ ਵਿਚ ਮਦਦ ਕਰ ਰਹੇ ਹਨ, ਕਿਉਂਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੇ

ਇਸ ਪੱਤਰ ਵਿਚ ਤੁਰੰਤ ਫ਼ੌਜੀ ਮਦਦ ਮੁਹੱਈਆ ਕਰਵਾਉਣ ਅਤੇ ਫ਼ੌਜੀਆਂ ਦੀ ਘੱਟੋ ਘੱਟ 14 ਦਿਨਾਂ ਦੀ ਤੈਨਾਤੀ ਲਈ ਗੁਹਾਰ ਲਗਾਈ ਗਈ ਹੈ। ਨਾਲ ਹੀ ਤੈਨਾਤੀ ਨੂੰ ਜ਼ਰੂਰਤ ਅਨੁਸਾਰ 2 ਹੋਰ ਹਫ਼ਤਿਆਂ ਲਈ ਵਧਾਉਣ ਦੇ ਵਿਕਲਪ ਜਾਂ ਕੋਵਿਡ ਸਥਿਤੀ ਕਾਬੂ ਹੇਠ ਆਉਣ ਤੱਕ ਜਾਰੀ ਰੱਖਣ ਦੀ ਵੀ ਗੁਜ਼ਾਰਿਸ਼ ਕੀਤੀ ਗਈ ਹੈ।

ਦੇਖੋ। ਗ੍ਰੈਂਡ ਚੀਫ਼ ਵੱਲੋਂ ਫ਼ੌਜੀ ਸਹਾਇਤਾ ਦੀ ਅਪੀਲ:

ਉਕਤ ਪੱਤਰ ਵਿਚ ਉਨਟੇਰਿਉ ਦੇ ਹੋਰ ਫ਼ਸਟ ਨੇਸ਼ਨ ਭਾਈਚਾਰਿਆਂ, ਜਿਵੇਂ ਜੀਨੂਗੇਮਿੰਗ, ਐਰੋਲੈਂਡ ਅਤੇ ਐਟਵਾਪਿਸਕਟ ਵਿਚ ਕੋਵਿਡ ਆਊਟਬ੍ਰੇਕ ਦੀ ਸਥਿਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਫ਼ੈਡਰਲ ਸਰਕਾਰ ਵੱਲੋਂ ਫ਼ਿਲਹਾਲ ਤੱਕ ਕੋਈ ਰਸਮੀ ਐਲਾਨ ਤਾਂ ਨਹੀਂ ਕੀਤਾ ਗਿਆ ਹੈ, ਪਰ ਮਿਨਿਸਟਰ ਔਫ਼ ਐਮਰਜੈਂਸੀ ਪ੍ਰੀਪੇਅਰਡਨੈਸ ਬਿਲ ਬਲੇਅਰ ਨੇ ਵੀਰਵਾਰ ਸ਼ਾਮ ਨੂੰ ਇੱਕ ਟਵੀਟ ਵਿਚ ਲਿਖਿਆ ਕਿ ਸਰਕਾਰ ਨੂੰ ਫ਼ੌਜੀ ਮਦਦ ਸਬੰਧੀ ਅਰਜ਼ੀ ਪ੍ਰਾਪਤ ਹੋਈ ਹੈ ਅਤੇ ਇਸ ਬਾਬਤ ਕੰਮ ਕੀਤਾ ਜਾ ਰਿਹਾ ਹੈ।

ਲੋਗਨ ਟਰਨਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ