1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਕਿਊਬੈਕ ਵਿਚ ਸ਼ਰਾਬ ਅਤੇ ਭੰਗ ਖ਼ਰੀਦਣ ਲਈ ਹੋਵੇਗਾ ਵੈਕਸੀਨ ਪਾਸਪੋਰਟ ਜ਼ਰੂਰੀ

ਆਉਂਦੇ ਸਮਿਆਂ ਨੂੰ ਵੈਕਸੀਨ ਪਾਸਪੋਰਟ ਵਿਚ ਤੀਸਰੀ ਡੋਜ਼ ਵੀ ਜ਼ਰੂਰੀ ਹੋਵੇਗੀ

Christian Dubé prend la parole en conférence de presse.

ਵੀਰਵਾਰ ਨੂੰ ਕਿਊਬੈਕ ਦੇ ਹੈਲਥ ਮਿਨਿਸਟਰ ਕ੍ਰਿਸਚਨ ਡੂਬ ਨੇ ਵੈਕਸੀਨ ਪਾਸਪੋਰਟ ਸਿਸਟਮ ਨਾਲ ਸਬੰਧਤ ਕਈ ਐਲਾਨ ਕੀਤੇ ਹਨ।

ਤਸਵੀਰ: La Presse canadienne / Paul Chiasson

RCI

ਕਿਊਬੈਕ ਵੱਲੋਂ ਵੈਕਸੀਨ ਪਾਸਪੋਰਟ ਵਿਚ ਤਿੰਨ ਡੋਜ਼ਾਂ ਪ੍ਰਾਪਤ ਕੀਤੇ ਹੋਣ ਨੂੰ ਜ਼ਰੂਰੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਹੈਲਥ ਮਿਨਿਸਟਰ ਕ੍ਰਿਸਚਨ ਡੂਬ ਨੇ ਵੀਰਵਾਰ ਨੂੰ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਇਹ ਐਲਾਨ ਕੀਤਾ ਹੈ।

ਹਾਲਾਂਕਿ ਡੂਬ ਨੇ ਇਸ ਨਵੀਂ ਤਬਦੀਲੀ ਦੀ ਕੋਈ ਸਪਸ਼ਟ ਤਾਰੀਖ਼ ਨਹੀਂ ਦੱਸੀ ਹੈ, ਪਰ ਉਹਨਾਂ ਕਿਹਾ ਕਿ ਜਦੋਂ ਸਾਰੇ ਕਿਊਬੈਕ ਵਾਸੀਆਂ ਨੂੰ ਤੀਸਰੀ ਡੋਜ਼ ਪ੍ਰਾਪਤ ਕਰਨ ਦਾ ਮੌਕਾ ਪ੍ਰਦਾਨ ਕਰਵਾਇਆ ਜਾ ਚੁੱਕਾ ਹੋਵੇਗਾ, ਉਦੋਂ ਇਹ ਤਬਦੀਲੀ ਲਾਗੂ ਹੋਵੇਗੀ। 

ਫ਼ਿਲਹਾਲ, 50 ਸਾਲ ਅਤੇ ਉਸਤੋਂ ਵੱਧ ਉਮਰ ਦੀ ਆਬਾਦੀ ਨੂੰ ਤੀਸਰੀ ਡੋਜ਼ ਦਿੱਤੀ ਜਾ ਰਹੀ ਹੈ। 17 ਜਨਵਰੀ ਤੋਂ ਸਾਰੇ 18 + ਲੋਕ ਤੀਸਰੀ ਡੋਜ਼ ਦੇ ਯੋਗ ਹੋ ਜਾਣਗੇ।

ਡੂਬ ਨੇ ਕਿਹਾ ਕਿ 18 ਜਨਵਰੀ ਤੋਂ ਕਿਊਬੈਕ ਵਾਸੀਆਂ ਨੂੰ Société des alcools du Québec (SAQ) ਸ਼ਰਾਬ ਦੇ ਸਟੋਰ, ਅਤੇ Société québécoise du cannabis (SQDC) ਭੰਗ ਦੇ ਸਟੋਰਜ਼ ਅੰਦਰ ਦਾਖ਼ਲ ਹੋਣ ਲਈ ਵੀ ਵੈਕਸੀਨ ਪ੍ਰਮਾਣ ਦਿਖਾਉਣਾ ਜ਼ਰੂਰੀ ਹੋਵੇਗਾ।

ਡੂਬ ਨੇ ਕਿਹਾ ਕਿ ਉਕਤ ਉਪਾਅ ਬਗ਼ੈਰ ਵੈਕਸੀਨ ਵਾਲੇ ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਜ਼ਰੂਰੀ ਸਨ। ਦਸ ਦਈਏ ਕਿ ਸੂਬੇ ਦੇ ਹਸਪਤਾਲਾਂ ਵਿਚ ਭਰਤੀ ਕੋਵਿਡ ਦੇ ਤਕਰੀਬਨ ਅੱਧੇ ਮਰੀਜ਼ ਬਿਨਾ ਵੈਕਸੀਨ ਪ੍ਰਾਪਤ ਲੋਕ ਹਨ।

ਮਿਨਿਸਟਰ ਡੂਬ ਨੇ ਕਿਹਾ, ਜੇ ਬਿਨਾ ਵੈਕਸੀਨ ਵਾਲੇ ਲੋਕ ਇਸ ਸਥਿਤੀ ਤੋਂ ਖ਼ੁਸ਼ ਨਹੀਂ ਹਨ, ਤਾਂ ਇਸਦਾ ਇੱਕ ਸਾਧਾਰਨ ਹੱਲ ਹੈ ਕਿ ਉਹ ਵੈਕਸੀਨ ਲਗਵਾ ਲੈਣ। ਇਹ ਮੁਫ਼ਤ ਹੈ

ਮਿਨਿਸਟਰ ਮੁਤਾਬਕ ਵੈਕਸੀਨ ਪਾਸਪੋਰਟ, ਪਰਸਨਲ ਕੇਅਰ ਸਰਵਿਸੇਜ਼ ਵਰਗੀਆਂ ਕਈ ਹੋਰ ਨੌਨ-ਅਸੈਸ਼ੀਅਲ ਥਾਂਵਾਂ ‘ਤੇ ਵੀ ਜ਼ਰੂਰੀ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਇਸ ਬਾਰੇ ਐਲਾਨ ਕੀਤਾ ਜਾ ਸਕਦਾ ਹੈ।

ਵੀਰਵਾਰ ਤੱਕ ਦੇ ਅੰਕੜਿਆਂ ਅਨੁਸਾਰ ਕਿਊਬੈਕ ਵਿਚ 1,950 ਲੋਕ ਕੋਵਿਡ ਕਰਕੇ ਹਸਪਤਾਲਾਂ ਵਿਚ ਦਾਖ਼ਲ ਹਨ, ਪਰ ਸੂਬੇ ਦੇ ਹੈਲਥ ਕੇਅਰ ਰਿਸਰਚ ਇੰਸਟੀਟਿਊਟ INESSS ਮੁਤਾਬਕ, ਇਹ ਗਿਣਤੀ ਉਪੱਰ ਵੱਲ ਨੂੰ ਜਾਣ ਦੀ ਸੰਭਾਵਨਾ ਹੈ।

ਅਦਾਰੇ ਦੇ ਨਵੇਂ ਅਨੁਮਾਨਾਂ ਮੁਤਾਬਕ ਅਗਲੇ ਦੋ ਹਫ਼ਤਿਆਂ ਦਰਮਿਆਨ ਹਸਪਤਾਲ ਦਾਖ਼ਲ ਹੋਣ ਵਾਲੇ ਕੋਵਿਡ ਮਰੀਜ਼ਾਂ ਦੀ ਗਿਣਤੀ 3,400 ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਇਹਨਾਂ ਵਿਚੋਂ ਘੱਟੋ ਘੱਟ 400 ਮਰੀਜ਼ਾਂ ਨੂੰ ਆਈਸੀਯੂ ਦੀ ਜ਼ਰੂਰਤ ਹੋ ਸਕਦੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ