1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਵੈਕਸੀਨ ਨਾ ਲਗਵਾਉਣ ਵਾਲਿਆਂ ਤੋਂ ‘ਨਾਰਾਜ਼’ ਅਤੇ ‘ਮਾਯੂਸ’ ਹਨ ਕੈਨੇਡੀਅਨਜ਼ : ਟ੍ਰੂਡੋ

ਕੈਨੇਡਾ ਦੀ 80 ਫ਼ੀਸਦੀ ਤੋਂ ਵੱਧ ਯੋਗ ਆਬਾਦੀ ਪੂਰੀ ਵੈਕਸੀਨੇਸ਼ਨ ਕਰਵਾ ਚੁੱਕੀ ਹੈ।

Justin Trudeau, Jean-Yves Duclos et Cynthia Freeland participent à une conférence de presse.

5 ਜਨਵਰੀ 2022 ਨੂੰ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਅਤੇ ਹੈਲਥ ਮਿਨਿਸਟਰ ਯੌਂ ਈਵ ਡਿਉਕਲੋ।

ਤਸਵੀਰ: La Presse canadienne / Justin Tang

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਕੈਨੇਡੀਅਨਜ਼ ਵਿਚ ਉਹਨਾਂ ਲੋਕਾਂ ਪ੍ਰਤੀ ਗ਼ੁੱਸਾ ਅਤੇ ਮਾਯੂਸੀ ਵਧ ਰਹੀ ਹੈ ਜਿਹਨਾਂ ਲੋਕਾਂ ਨੇ ਅਜੇ ਤੱਕ ਕੋਵਿਡ ਵੈਕਸੀਨ ਪ੍ਰਾਪਤ ਨਹੀਂ ਕੀਤੀ ਹੈ।

ਟ੍ਰੂਡੋ ਨੇ ਕਿਹਾ ਕਿ ਭਾਵੇਂ ਜ਼ਿਆਦਾਤਰ ਕੈਨੇਡੀਅਨਜ਼ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਵੈਕਸੀਨ ਲਗਵਾ ਲਈ ਹੈ - ਜਿਸ ਨਾਲ ਕੈਨੇਡਾ ਸਭ ਤੋਂ ਵੱਧ ਵੈਕਸੀਨੇਸ਼ਨ ਦਰ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਹੈ - ਪਰ ਬਗ਼ੈਰ ਵੈਕਸੀਨੇਸ਼ਨ ਵਾਲੇ ਲੋਕ ਅਜੇ ਵੀ ਇੱਕ ਸਮੱਸਿਆ ਹਨ।

ਜੋ ਲੋਕ ਅਜੇ ਵੀ ਵੈਕਸੀਨ ਨਾ ਲਗਵਾਉਣ ਦਾ ਵਿਕਲਪ ਚੁਣ ਰਹੇ ਹਨ, ਉਹਨਾਂ ਤੋਂ ਸਿਰਫ਼ ਸਰਕਾਰਾਂ ਜਾਂ ਹੈਲਥ ਵਰਕਰਜ਼ ਹੀ ਨਹੀਂ ਸਗੋਂ ਆਮ ਕੈਨੇਡੀਅਨਜ਼ ਵੀ ਖ਼ਫ਼ਾ ਹਨ

ਜਦੋਂ ਲੋਕ ਦੇਖ ਰਹੇ ਹਨ ਕਿ ਵੈਕਸੀਨ ਨਾ ਲਗਵਾਉਣ ਦਾ ਫ਼ੈਸਲਾ ਕਰਨ ਵਾਲੇ ਲੋਕਾਂ ਕਰਕੇ ਹਸਪਤਾਲਾਂ ਦੇ ਬੈਡਜ਼ ਭਰ ਰਹੇ ਹਨ ਜਿਸ ਕਰਕੇ ਕਈ ਸਰਜਰੀਆਂ ਅਤੇ ਕੈਂਸਰ ਦਾ ਇਲਾਜ ਮੁਲਤਵੀ ਕਰਨਾ ਪੈ ਰਿਹਾ ਹੈ, ਤਾਂ ਲੋਕ ਮਾਯੂਸ ਹੋ ਰਹੇ ਹਨ

ਜਦੋਂ ਲੋਕ ਦੇਖਦੇ ਹਨ ਕਿ ਬਗ਼ੈਰ ਵੈਕਸੀਨੇਸ਼ਨ ਵਾਲੇ ਲੋਕਾਂ ਤੋਂ ਸਾਰਿਆਂ ਲਈ ਪੈਦਾ ਹੋਣ ਵਾਲੇ ਜੋਖਮ ਕਰਕੇ ਅਸੀਂ ਇਸ ਸਮੇਂ ਲੌਕਡਾਊਨ ਜਾਂ ਸਖ਼ਤ ਹੈਲਥ ਰੋਕਾਂ ਦਾ ਸਾਹਮਣਾ ਕਰ ਰਹੇ ਹਾਂ, ਤਾਂ ਲੋਕ ਗ਼ੁੱਸਾ ਹੁੰਦੇ ਹਨ

ਦੇਖੋ। ਵੈਕਸੀਨ ਨਾ ਲਗਵਾਉਣ ਵਾਲਿਆਂ ਨੂੰ ਟ੍ਰੂਡੋ ਦੀ ਅਪੀਲ:

ਸੀਬੀਸੀ ਦੇ ਵੈਕਸੀਨ ਟ੍ਰੈਕਰ (ਨਵੀਂ ਵਿੰਡੋ) ਅਨੁਸਾਰ ਪੰਜ ਸਾਲ ਅਤੇ ਉਸਤੋਂ ਵੱਧ ਉਮਰ ਦੇ 87 ਫ਼ੀਸਦੀ ਕੈਨੇਡੀਅਨਜ਼ ਨੇ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਪ੍ਰਾਪਤ ਕਰ ਲਈ ਹੈ ਅਤੇ 80.6 ਫ਼ੀਸਦੀ ਕੈਨੇਡੀਅਨਜ਼ ਦੀ ਵੈਕਸੀਨੇਸ਼ਨ ਮੁਕੰਮਲ ਹੋ ਚੁੱਕੀ ਹੈ।

ਭਾਵੇਂ ਇਹ ਵੈਕਸੀਨੇਸ਼ਨ ਦਰ ਚੰਗੀ ਹੈ, ਪਰ ਟ੍ਰੂਡੋ ਨੇ ਕਿਹਾ ਕਿ ਓਮੀਕਰੌਨ ਵੇਰੀਐਂਟ ਕਰਕੇ ਨਵੇਂ ਕੋਵਿਡ ਕੇਸਾਂ ਵਿਚ ਹੋ ਰਹੇ ਰਿਕਾਰਡ ਵਾਧੇ ਕਾਰਨ ਹਸਪਤਾਲ ਦਾਖ਼ਲਿਆਂ ਦੀ ਗਿਣਤੀ ਵਧ ਰਹੀ ਹੈ। ਨਤੀਜੇ ਵੱਜੋਂ ਕਈ ਸਰਜਰੀਆਂ ਵੀ ਮੁਲਤਵੀ ਕਰਨੀਆਂ ਪੈ ਰਹੀਆਂ ਹਨ ਅਤੇ ਇਹ ਵਰਤਾਰਾ ਕੈਨੇਡੀਅਨਜ਼ ਦੀ ਹੈਲਥ ਨੂੰ ਖ਼ਤਰੇ ਵਿਚ ਪਾ ਰਿਹਾ ਹੈ।

ਟ੍ਰੂਡੋ ਨੇ ਕਿਹਾ ਕਿ ਫ਼੍ਰੰਟ-ਲਾਈਨ ਵਰਕਰ ਲੋਕਾਂ ਨੂੰ ਅਜੇ ਵੀ ਵੈਕਸੀਨ ਦੀ ਪਹਿਲੀ ਡੋਜ਼ ਦੇਣ ਵਿਚ ਖ਼ੁਸ਼ੀ ਮਹਿਸੂਸ ਕਰਨਗੇ, ਕਿਉਂਕਿ ਉਹਨਾਂ ਲਈ ਵੀ ਲੋਕਾਂ ਨੂੰ ਆਈਸੀਯੂ ਵਿਚ ਭੇਜਣ ਨਾਲੋਂ ਵੈਕਸੀਨ ਦੇਣਾ ਜ਼ਿਆਦਾ ਸੌਖਾ ਹੁੰਦਾ ਹੈ।

ਦੇਖੋ। ਰੈਪਿਡ ਟੈਸਟ ਕਿਵੇਂ ਵਰਤੇ ਜਾ ਸਕਦੇ ਹਨ:

ਗ਼ੌਰਤਲਬ ਹੈ ਕਿ ਬਗ਼ੈਰ ਵੈਕਸੀਨ ਵਾਲੇ ਲੋਕਾਂ ਬਾਰੇ ਟ੍ਰੂਡੋ ਦੀ ਟਿਪੱਣੀ ਉਦੋਂ ਆਈ ਹੈ ਜਦੋਂ ਫ਼੍ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਨ ਨੇ ਵੀ ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਬਾਰੇ ਤਿੱਖੇ ਸੁਰ (ਨਵੀਂ ਵਿੰਡੋ) ਵਿਚ ਮਾਯੂਸੀ ਦਾ ਇਜ਼ਹਾਰ ਕੀਤਾ ਹੈ।

ਮੈਕਰੌਨ ਨੇ ਇੱਕ ਡਰਾਫ਼ਟ ਬਿਲ ਪੇਸ਼ ਕੀਤਾ ਹੈ ਜਿਸ ਅਧੀਨ ਲੋਕਾਂ ਨੂੰ ਰੈਸਟੋਰੈਂਟਾਂ ਅਤੇ ਸਿਨੇਮਾ ਜਾਣ ਜਾਂ ਟ੍ਰੇਨ ਲੈਣ ਲੱਗਿਆਂ ਵੀ ਵੈਕਸੀਨੇਸ਼ਨ ਦਾ ਪ੍ਰੂਫ਼ ਦਿਖਾਉਣਾ ਹੋਵੇਗਾ।

ਮੈਕਰੌਨ ਨੇ ਵੈਕਸੀਨ ਨਾ ਲਵਾਉਣ ਵਾਲਿਆਂ ਨੂੰ ਗ਼ੈਰ-ਜ਼ਿੰਮੇਵਾਰ ਆਖਦਿਆਂ ਕਿਹਾ ਕਿ ਉਹ ਵੈਕਸੀਨ ਨਾ ਲਗਵਾਉਣ ਵਾਲੇ ਲੋਕਾਂ ਦੀ ਜ਼ਿੰਦਗੀ ਇੰਨੀ ਪੇਚੀਦਾ ਕਰ ਦੇਣਗੇ, ਕਿ ਇਹ ਲੋਕ ਵੈਕਸੀਨ ਪ੍ਰਾਪਤ ਕਰਨ ਲਈ ਮਜਬੂਰ ਹੋ ਜਾਣਗੇ।

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Reuters ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ