- ਮੁੱਖ ਪੰਨਾ
- ਸਮਾਜ
- ਮੂਲਨਿਵਾਸੀ
ਕੈਥਲਿਕ ਬਿਸ਼ਪਸ ਰੈਜ਼ੀਡੈਂਸ਼ੀਅਲ ਸਕੂਲ ਪੀੜਤਾਂ ਲਈ $30M ਦੀ ਫ਼ੰਡਰੇਜ਼ਰ ਯੋਜਨਾ ਦੇ ਵੇਰਵੇ ਸਮੇਂ ਤੇ ਦੇਣ ਚ ਅਸਫ਼ਲ
ਅਧਿਕਾਰੀ ਮੁਤਾਬਕ ਫ਼ੰਡਰੇਜ਼ਰ ਅਜੇ ਵੀ ਮੁੱਖ ਤਰਹੀਹ, ‘ਨੇੜਲੇ ਭਵਿੱਖ’ ਵਿਚ ਵੇਰਵੇ ਦੇਣ ਦੀ ਗੱਲ ਆਖੀ

2016 ਵਿਚ ਟੋਰੌਂਟੋ ਦੇ ਸੇਂਟ ਮਾਈਕਲਜ਼ ਕਥੀਡਰਲ ਦੀ ਰੈਨੋਵੇਸ਼ਨ 'ਤੇ 128 ਮਿਲੀਅਨ ਖ਼ਰਚ ਕੀਤੇ ਗਏ ਸਨ। ਇੱਕ ਸਾਲ ਬਾਅਦ ਕੈਥਲਿਕ ਚਰਚ ਨੇ ਇੱਕ ਜੱਜ ਨੂੰ ਦੱਸਿਆ ਸੀ ਕਿ ਉਹ ਰੈਜ਼ੀਡੈਂਸ਼ੀਅਲ ਸਕੂਲ ਦੇ ਸਰਵਾਈਵਰਜ਼ ਲਈ 3.9 ਮਿਲੀਅਨ ਹੀ ਜੁਟਾ ਸਕਦੇ ਹਨ।
ਤਸਵੀਰ: (stmichaelscathedral.com)
ਇਸ ਸਾਲ ਕੈਥਲਿਕ ਬਿਸ਼ਪਸ ਨੇ ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਨਾਲ ਸੁਲ੍ਹਾ ਸਬੰਧੀ ਪ੍ਰੌਜੈਕਟਸ ਦੀ ਮਦਦ ਲਈ 30 ਮਿਲੀਅਨ ਡਾਲਰ ਦਾ ਫ਼ੰਡ ਇੱਕਠਾ ਕਰਨ ਦੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਸ ਐਲਾਨ ਵੇਲੇ ਉਹਨਾਂ ਕਿਹਾ ਸੀ ਕਿ ਨਵੰਬਰ ਤੱਕ ਇਸ ਯੋਜਨਾ ਦੇ ਵੇਰਵੇ ਸਾਂਝੇ ਕੀਤੇ ਜਾਣਗੇ।
ਪਰ ਹੁਣ ਜਦੋਂ ਕਈ ਮਿਲੀਅਨ ਕੈਥਲਿਕ ਇਸ ਵੀਕੈਂਡ ਕ੍ਰਿਸਮਸ ਮਨਾਉਣ ਦੀ ਤਿਆਰੀ ਕਰ ਰਹੇ ਹਨ, ਸੀਬੀਸੀ ਨੂੰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਫ਼ੰਡਰੇਜ਼ਿੰਗ ਦੀ ਰਾਸ਼ਟਰੀ ਮੁਹਿੰਮ ਸ਼ੁਰੂ ਨਹੀਂ ਕੀਤੀ ਗਈ ਹੈ।
ਕੈਨੇਡਾ ਵਿਚ ਕੈਥਲਿਕ ਪਾਦਰੀਆਂ ਦੀ ਰਾਸ਼ਟਰੀ ਸਭਾ, ਕੈਨੇਡੀਅਨ ਕਾਨਫ਼੍ਰੰਸ ਔਫ਼ ਕੈਥਲਿਕ ਬਿਸ਼ਪਸ (ਸੀ ਸੀ ਸੀ ਬੀ) ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਫ਼ਸੀਲੀ ਯੋਜਨਾ ‘ਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਹੈ।
ਫ਼ਸਟ ਨੇਸ਼ਨਜ਼ ਦੇ ਲੀਡਰਾਂ, ਹਿਮਾਇਤੀਆਂ ਅਤੇ ਰੈਜ਼ੀਡੈਂਸ਼ੀਅਲ ਸਕੂਲ ਦੇ ਸਰਵਾਈਵਰਜ਼ ਨੇ ਕਿਹਾ ਕਿ ਉਹ ਕਾਫ਼ੀ ਮਾਯੂਸ ਹੋਏ ਪਰ ਉਹਨਾਂ ਨੂੰ ਇਸ ‘ਤੇ ਹੈਰਾਨੀ ਨਹੀਂ ਹੋਈ।
ਬੀਸੀ ਦੇ ਓਕਨਾਗਨ ਇੰਡੀਅਨ ਬੈਂਡ ਮੂਲਨਿਵਾਸੀ ਸਮੂਹ ਦੇ ਚੀਫ਼ ਬਾਇਰਨ ਲੂਇਸ ਨੇ ਕਿਹਾ ਤੁਹਾਨੂੰ ਰੱਬ ਦਾ ਵਾਸਤਾ ਹੈ, ਤੁਸੀਂ ਇਹਨਾਂ ਦਾ ਇਤਿਹਾਸ ਦੇਖ ਲਓ। ਲੋਕ ਇਹਨਾਂ ਤੋਂ ਕੁਝ ਵੱਖਰੇ ਦੀ ਉਮੀਦ ਹੀ ਕਿਉਂ ਕਰਦੇ ਹਨ
।
ਕੈਨੇਡਾ ਦੇ ਸਾਬਕਾ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿਹੜਿਆਂ ਚੋਂ ਹਜ਼ਾਰਾਂ ਬੇਨਿਸ਼ਾਨ ਕਬਰਾਂ ਖੋਜੇ ਜਾਣ ਤੋਂ ਬਾਅਦ, ਸੀ ਸੀ ਸੀ ਬੀ ਨੇ ਸਭ ਤੋਂ ਪਹਿਲਾਂ ਸਤੰਬਰ ਵਿਚ 30 ਮਿਲੀਅਨ ਡਾਲਰ ਇਕੱਠੇ ਕਰਨ ਦਾ ਅਹਿਦ ਕੀਤਾ ਸੀ।

ਬੀਸੀ ਦੇ ਓਕਨਾਗਨ ਇੰਡੀਅਨ ਬੈਂਡ ਮੂਲਨਿਵਾਸੀ ਸਮੂਹ ਦੇ ਚੀਫ਼ ਬਾਇਰਨ ਲੂਇਸ ਨੇ ਕਿਹਾ ਕਿ ਕੈਥਲਿਕ ਚਰਚ ਨੇ ਆਪਣਾ ਇੱਕ ਹੋਰ ਵਾਅਦਾ ਤੋੜ ਦਿੱਤਾ ਹੈ।
ਤਸਵੀਰ: (Fred Gagnon/Radio-Canada)
ਸਤੰਬਰ ਮਹੀਨੇ ਵਿਚ ਫ਼ੰਡਰੇਜ਼ਿੰਗ ਦਾ ਤਹੱਈਆ ਐਲਾਨਣ ਵੇਲੇ, ਸੀ ਸੀ ਸੀ ਬੀ ਦੇ ਪ੍ਰੈਜ਼ੀਡੈਂਟ ਰੇਅਮੰਡ ਪੋਇਸਨ ਨੇ ਕਿਹਾ ਸੀ, ਕਿ ਇਸ ਗੱਲ ਨੂੰ ਲੈਕੇ ਸਰਬਸੰਮਤੀ ਸੀ ਕਿ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਹੌਲਨਾਕ ਤਜਰਬਿਆਂ ਦੀ ਜ਼ਦ ਵਿਚ ਆਏ ਮੂਲਨਿਵਾਸੀਆਂ ਦੀਆਂ ਤਕਲੀਫ਼ਾਂ ਘਟਾਉਣ ਲਈ ਕੈਥਲਿਕ ਅਦਾਰਿਆਂ ਨੂੰ ਹੋਰ ਯਤਨ ਕਰਨ ਦੀ ਜ਼ਰੂਰਤ ਹੈ।
ਕਾਨਫ਼੍ਰੰਸ ਨੇ ਵਾਅਦੇ ਵਿਚ ਕਿਹਾ ਸੀ, “ ਕੈਨੇਡਾ ਦੇ ਬਿਸ਼ਪਸ ਨੇ ਇਸ ਨਵੰਬਰ ਵਿੱਚ ਇਹਨਾਂ ਸਮੂਹਿਕ ਪਹਿਲਕਦਮੀਆਂ ਦੀ ਰਾਸ਼ਟਰੀ ਰਣਨੀਤੀ, ਸਮਾਂ-ਸੀਮਾਵਾਂ, ਅਤੇ ਜਨਤਕ ਸੰਚਾਰ ਨੂੰ ਵਿਕਸਤ ਕਰਨ ਲਈ ਆਪਣੇ ਆਪ ਨੂੰ ਵਚਨਬੱਧ ਕੀਤਾ ਹੈ"।
ਇਹ ਵੀ ਪੜ੍ਹੋ:
- ਕੈਥਲਿਕ ਬਿਸ਼ਪਸ ਵੱਲੋਂ ਰੈਜ਼ੀਡੈਂਸ਼ੀਅਲ ਸਕੂਲ ਦੇ ‘ਪੀੜਤਾਂ’ ਨੂੰ 30 ਮਿਲੀਅਨ ਦਾ ਵਾਅਦਾ
- ਫ਼ੈਡਰਲ ਸਰਕਾਰ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਕੁਝ ਹੋਰ ਦਸਤਾਵੇਜ਼ ਜਲਦੀ ਜਾਰੀ ਕਰੇਗੀ : ਮਿਨਿਸਟਰ ਮਿਲਰ
- ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਚਰਚਾਂ ਦੀ ਭੂਮਿਕਾ ਲਈ ਕੈਨੇਡੀਅਨ ਕਾਨਫ਼੍ਰੰਸ ਔਫ਼ ਕੈਥਲਿਕ ਬਿਸ਼ਪਸ ਵੱਲੋਂ ਮੁਆਫ਼ੀ
- ਕੀ ਹੈ ਨੈਸ਼ਨਲ ਡੇ ਫ਼ੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਦਾ ਇਤਿਹਾਸਕ ਪਿਛੋਕੜ ?
ਇਸ ਹਫ਼ਤੇ, ਸੀਬੀਸੀ ਨਿਊਜ਼ ਨੇ ਸੀ ਸੀ ਸੀ ਬੀ ਅਧਿਕਾਰੀਆਂ ਤੋਂ ਉਕਤ ਮੁਹਿੰਮ ਬਾਰੇ ਅਪਡੇਟ ਮੰਗੀ ਸੀ , ਜਿਵੇਂ ਇਸ ਵਿੱਚ ਹੁਣ ਤੱਕ ਕਿੰਨਾ ਪੈਸਾ ਇਕੱਠਾ ਕੀਤਾ ਜਾ ਚੁੱਕਾ ਹੈ। ਕਾਨਫ਼੍ਰੰਸ ਦੇ ਪਬਲਿਕ ਰਿਲੇਸ਼ਨਜ਼ ਸਲਾਹਕਾਰ ਜੋਨਾਥਨ ਲੇਸਾਰਜ ਨੇ ਇੱਕ ਈਮੇਲ ਵਿੱਚ ਜਵਾਬ ਦਿੰਦਿਆਂ ਦੱਸਿਆ ਇਹ ਕੰਮ ਅਜੇ ਸ਼ੁਰੂ ਨਹੀਂ ਹੋਇਆ ਹੈ।
ਲੇਸਾਰਜ ਨੇ ਲਿਖਿਆ ਕਿ 30 ਮਿਲੀਅਨ ਦਾ ਵਾਅਦਾ ਇੱਕ ਵੱਡਾ ਕੰਮ ਹੈ, ਜਿਸ ਲਈ ਦੇਸ਼ ਭਰ ਦੇ ਡਾਇਓਸਿਸ ਕੋਲੋਂ ਅਹਿਮ ਯਤਨਾਂ ਦੀ ਲੋੜ ਹੁੰਦੀ ਹੈ। ਉਹਨਾਂ ਦੱਸਿਆ ਕਿ ਬਿਸ਼ਪਸ ਦਾ ਇੱਕ ਸਮੂਹ ਇੱਕ ਰਣਨੀਤੀ ਵਿਕਸਿਤ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਤਾਂ ਕਿ ਇਸ ਵਾਅਦੇ ਦੀ ਪਾਰਦਰਸ਼ੀ ਢੰਗ ਨਾਲ ਪ੍ਰਾਪਤੀ ਸੁਨਿਸ਼ਚਿਤ ਕੀਤੀ ਜਾ ਸਕੇ ਅਤੇ ਸਾਰੇ ਫੰਡ ਉਚਿਤ ਨਿਗਰਾਨੀ ਦੇ ਨਾਲ ਯੋਗ ਪ੍ਰੋਜੈਕਟਾਂ ਲਈ ਅਲਾਟ ਕੀਤੇ ਜਾ ਸਕਣ।
ਫ਼ੰਡਰੇਜ਼ਿੰਗ ਮੁਹਿੰਮ ਦੀ ਸ਼ੁਰੂਆਤ ਕਦੋਂ ਹੋਵੇਗੀ, ਇਸ ਬਾਰੇ ਲਿਸਾਰਜ ਨੇ ‘ਨੇੜਲੇ ਭਵਿੱਖ’ ਲਿਖ ਕੇ ਉੱਤਰ ਦਿੱਤਾ।
ਚੀਫ਼ ਬਾਇਰਨ ਦਾ ਕਹਿਣਾ ਹੇੈ ਕਿ ਜੇਕਰ ਕੈਨੇਡੀਅਨ ਅਤੇ ਵੈਟਿਕਨ ਕੈਥਲਿਕ ਅਧਿਕਾਰੀ ਇਸ ਕਦਮ ਨੂੰ ਜ਼ਰੂਰੀ ਸਮਝਦੇ ਤਾਂ ਉਹ 30 ਮਿਲੀਅਨ ਡਾਲਰ ਦਾ ਚੈੱਕ ਤੁਰੰਤ ਕੱਟ ਕੇ ਦੇ ਦਿੰਦੇ। ਉਹਨਾਂ ਕਿਹਾ ਕਿ ਜਦੋਂ ਤੋਂ ਚਰਚ, ਸਰਵਾਈਵਰਜ਼ ਨੂੰ ਮੁਆਵਜ਼ੇ ਦੇਣ ਲਈ ਸਹਿਮਤ ਹੋਈ ਹੈ, ਉਦੋਂ ਤੋਂ ਕੈਨੇਡੀਅਨ ਕਥੀਡਰਲ ਅਤੇ ਚਰਚ ਬਿਲਡਿੰਗਾਂ ਨੂੰ 300 ਮਿਲੀਅਨ ਤੋਂ ਵੱਧ ਦੀ ਫ਼ੰਡਿੰਗ ਮਿਲ ਚੁੱਕੀ ਹੈ।
ਬਾਇਰਨ ਨੇ ਕਿਹਾ, ਉਹ ਆਪਣੀ ਪੂੰਜੀ ਬਚਾ ਰਹੇ ਹਨ। ਇਹ ਚਰਚ ਦਾ ਕੰਮ ਨਹੀਂ ਹੁੰਦਾ। ਇਹ ਇੱਕ ਕਾਰਪੋਰੇਸ਼ਨ ਹੈ
।
ਇਸ ਗੱਲ ਨਾਲ ਸਾਬਕਾ ਟ੍ਰੁੁੱਥ ਐਂਡ ਰੀਕਨਸੀਲੀਏਸ਼ਨ ਕੌਂਸਲ ਟੌਮ ਮੈਕਮੈਨ ਵੀ ਸਹਿਮਤ ਹਨ।
ਟੌਮ ਨੇ ਕਿਹਾ, ਉਹਨਾਂ ਕੋਲ ਮੁਲਕ ਭਰ ਵਿਚ ਬੇਪਨਾਹ ਰੀਅਲ ਅਸਟੇਟ ਸੰਪਤੀ ਹੈ। ਉਹਨਾਂ ਨੂੰ ਪੀੜਤਾਂ ਨਾਲ ਲੜਨ ਲਈ ਵਕੀਲ ਕਰਨ ਲਈ ਕੋਈ ਫ਼ੰਡਰੇਜ਼ਿੰਗ ਦੀ ਲੋੜ ਨਹੀਂ ਪਈ ਸੀ। ਚੈੱਕ ਦੇ ਦੇਣਾ ਚਾਹੀਦਾ ਹੈ
।
ਸਸਕੈਚਵਨ ਦੇ ਲਿਟਲ ਪਾਈਨ ਫ਼ਸਟ ਨੇਸ਼ਨ ਦੇ ਸਾਬਕਾ ਚੀਫ਼ ਵੇਨ ਸਿਮੈਗਨਿਸ ਨੇ ਕਿਹਾ, ਕਿ ਕੈਥਲਿਕ ਬਿਸ਼ਪਸ ਵੱਲੋਂ ਖ਼ਾਸ ਤੌਰ ਤੇ ਬਜ਼ੁਰਗਾਂ ਨੂੰ ਉਡੀਕ ਕਰਵਾਉਣਾ ਜ਼ਾਲਮਾਨਾ ਗੱਲ ਹੈ।
ਉਹਨਾਂ ਕਿਹਾ, ਇਹ ਪੀੜਤਾਂ ਲਈ ਬਹੁਤ ਮੁਸ਼ਕਲ ਸਮਾਂ ਹੈ। ਉਹਨਾਂ ਕੋਲ ਕਾਫ਼ੀ ਥੋੜ੍ਹ ਹੈ। ਉਹਨਾਂ ਨੇ ਬਹੁਤ ਕੁਝ ਝੱਲਿਆ ਹੈ। ਇਹ ਕਾਫੀ ਨਿਰਾਸ਼ਾਜਨਕ ਹੈ
।
ਮੈਂ ਇੱਕ ਅਧਿਆਤਮਕ ਬੰਦਾ ਹਾਂ - ਮੈਂ ਦੁਆ ਕਰਦਾ ਹਾਂ। ਪਰ ਇਹ ਤੁਹਾਡੇ ਵਿਸ਼ਵਾਸ ਨੂੰ ਤੋੜ ਦਿੰਦਾ ਹੈ ਕਿ ਇਹ ਰਿਸ਼ਤਾ ਕਦੇ ਵੀ ਸਾਜ਼ਗਾਰ ਹੋਵੇਗਾ
।
ਜੇਸਨ ਵੈਰਿਕ (ਨਵੀਂ ਵਿੰਡੋ) - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ