- ਮੁੱਖ ਪੰਨਾ
- ਸਮਾਜ
- ਐਲ.ਜੀ.ਬੀ.ਟੀ.ਕਿਊ.+ (LGBTQ+) ਭਾਈਚਾਰਾ
ਕੈਨੇਡੀਅਨ ਬਲੱਡ ਸਰਵਿਸੇਜ਼ ਨੇ ਕੀਤੀ ਸਮਲਿੰਗੀ ਮਰਦਾਂ ਦੇ ਖ਼ੂਨਦਾਨ ਕਰਨ ‘ਤੇ ਪਾਬੰਦੀ ਖ਼ਤਮ ਕਰਨ ਦੀ ਸਿਫ਼ਾਰਸ਼
ਹੈਲਥ ਕੈਨੇਡਾ ਸਪਰਿੰਗ ਸੀਜ਼ਨ ਤੱਕ ਇਸ ਸਿਫ਼ਾਰਸ ‘ਤੇ ਲੈ ਸਕਦੀ ਹੈ ਫ਼ੈਸਲਾ

ਕੈਨੇਡੀਅਨ ਬਲੱਡ ਸਰਵਿਸੇਜ਼ ਨੇ ਹੈਲਥ ਕੈਨੇਡਾ ਨੂੰ ਗੇਅ ਮਰਦਾਂ ਦੇ ਖ਼ੂਨਦਾਨ ਕਰਨ 'ਤੇ ਲੱਗੇ ਬੈਨ ਨੂੰ ਖ਼ਤਮ ਕਰਨ ਦੀ ਅਰਜ਼ੀ ਦਿੱਤੀ ਹੈ।
ਤਸਵੀਰ: The Canadian Press
ਕੈਨੇਡੀਅਨ ਬਲੱਡ ਸਰਵਿਸੇਜ਼ ਨੇ ਹੈਲਥ ਕੈਨੇਡਾ ਨੂੰ ਸਮਲਿੰਗੀ ਮਰਦਾਂ ਦੇ ਖ਼ੂਨਦਾਨ ਕਰਨ ‘ਤੇ ਪਾਬੰਦੀ ਨੂੰ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ।
ਬਲੱਡ ਸਰਵਿਸ ਵੱਲੋਂ ਖੋਜ 'ਤੇ ਅਧਾਰਤ, ਪੇਸ਼ ਕੀਤੇ ਗਏ ਪ੍ਰਸਤਾਵ ਵਿਚ, ਖ਼ੂਨਦਾਨ ਕਰਨ ਵਾਲੇ ਹਰੇਕ ਵਿਅਕਤੀ ਦੇ ਜਿਨਸੀ ਵਿਵਹਾਰ - ਜਿਸ ਵਿਚ ਇੱਕ ਤੋਂ ਵੱਧ ਜਿਨਸੀ ਸਾਥੀਆਂ ਵਾਲੇ ਵੀ ਸ਼ਾਮਲ ਹਨ - ਦੀ ਸਕ੍ਰੀਨਿੰਗ ਪ੍ਰਕਿਰਿਆ ਅਪਣਾਏ ਜਾਣ ਦਾ ਸੁਝਾਅ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਸਣੇ ਕਈ ਫ਼ੈਡਰਲ ਮਿਨਿਸਟਰਜ਼, ਕਹਿ ਚੁੱਕੇ ਹਨ ਕਿ ਸਮਲਿੰਗੀਆਂ ਦੇ ਖ਼ੂਨਦਾਨ ‘ਤੇ ਲੱਗੀ ਪਾਬੰਦੀ ਨੂੰ ਖ਼ਤਮ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾਵੇਗਾ। ਅਗਲੇ ਸਪਰਿੰਗ ਸੀਜ਼ਨ ਤੱਕ ਹੈਲਥ ਕੈਨੇਡਾ ਵੱਲੋਂ ਇਸ ਸਿਫ਼ਾਰਸ਼ ਬਾਬਤ ਜਵਾਬ ਦਿੱਤੇ ਜਾਣ ਦੀ ਉਮੀਦ ਹੈ।
ਅਜੇ ਵੀ ਲੰਘੇ ਤਿੰਨ ਮਹੀਨਿਆਂ ਦੌਰਾਨ ਕਿਸੇ ਮਰਦ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਮਰਦਾਂ ਨੂੰ ਖ਼ੂਨਦਾਨ ਦੀ ਇਜਾਜ਼ਤ ਨਹੀਂ ਹੈ।
ਬਲੱਡ ਸਰਵਿਸ ਮੁਤਾਬਕ ਉਹਨਾਂ ਦਾ ਉਦੇਸ਼ ਮਰਦਾਂ ਤੋਂ ਇਹ ਸਵਾਲ ਹੀ ਪੁੱਛਣਾ ਬੰਦ ਕਰਨਾ ਹੈ ਕਿ ਉਹਨਾਂ ਨੇ ਕਿਸੇ ਹੋਰ ਮਰਦ ਨਾਲ ਜਿਨਸੀ ਸਬੰਧ ਬਣਾਇਆ ਹੈ ਜਾਂ ਨਹੀਂ।
ਤਬਦੀਲੀ ਨਾਲ ਕੋਈ ਖ਼ਤਰਾ ਨਹੀਂ
ਬਲੱਡ ਸਰਵਿਸ ਦਾ ਕਹਿਣਾ ਹੇੈ ਕਿ ਕੀਤੀ ਗਈ ਖੋਜ ਅਤੇ ਵਿਦੇਸ਼ਾਂ ਤੋਂ ਪ੍ਰਾਪਤ ਸਬੂਤਾਂ ਵਿਚ ਸਾਹਮਣੇ ਆਇਆ ਹੈ ਕਿ ਇਸ ਤਬਦੀਲੀ ਨਾਲ ਬਲੱਡ ਸਪਲਾਈ ਨੂੰ ਕੋਈ ਕੋਈ ਖ਼ਤਰਾ ਨ੍ਹੀਂ ਹੈ।
ਇਸ ਸਿਫ਼ਾਰਸ਼ ਨੂੰ ਲਾਗੂ ਕਰਨ ਤੋਂ ਪਹਿਲਾਂ ਹੈਲਥ ਕੈਨੇਡਾ ਤੋਂ ਮੰਜ਼ੂਰੀ ਮਿਲਣਾ ਲਾਜ਼ਮੀ ਹੈ।
ਬਲੱਡ ਸਰਵਿਸ ਨੇ ਸੁਝਾਅ ਦਿੱਤਾ ਹੈ ਕਿ ਸਕ੍ਰਿਨਿੰਗ ਦੌਰਾਨ ਪੁੱਛੇ ਜਾਣ ਵਾਲੇ ਸਵਾਲ ਜਿਨਸੀ ਝੁਕਾਅ ਦੀ ਬਜਾਏ ਰਿਸਕ/ਜੋਖਮ ‘ਤੇ ਕੇਂਦਰਤ ਹੋਣ।
ਸਾਰੇ ਸੰਭਾਵੀ ਡੋਨਰਾਂ ਨੂੰ ਪੁੱਛਿਆ ਜਾਵੇਗਾ ਕਿ ਉਹਨਾਂ ਦੇ ਨਵੇਂ ਜਾਂ ਇੱਕ ਤੋਂ ਵੱਧ ਜਿਨਸੀ ਸਾਥੀ ਹਨ ਜਾਂ ਨਹੀਂ। ਜੇ ਉਹ ਹਾਂ ਵਿਚ ਜਵਾਬ ਦਿੰਦੇ ਹਨ, ਤਾਂ ਉਹਨਾਂ ਤੋਂ ਪੁੱਛਿਆ ਜਾਵੇਗਾ ਕਿ ਉਹਨਾਂ ਨੇ ਏਨਲ ਸੈਕਸ ਕੀਤਾ ਹੈ ਜਾਂ ਨਹੀਂ।
ਕੈਨੇਡਾ ਨੇ 1992 ਵਿਚ ਗੇਅ ਮਰਦਾਂ (ਸਮਲਿੰਗੀ) ਲਈ ਜੀਵਨ ਭਰ ਦਾ ਬੈਨ ਲਗਾ ਦਿੱਤਾ ਸੀ। 2013 ਵਿਚ, ਉਹਨਾਂ ਮਰਦਾਂ ਨੂੰ ਖ਼ੂਨਦਾਨ ਦੀ ਇਜਾਜ਼ਤ ਮਿਲ ਗਈ ਸੀ ਜਿਹਨਾਂ ਨੂੰ ਕਿਸੇ ਹੋਰ ਮਰਦ ਨਾਲ ਜਿਨਸੀ ਸਬੰਧ ਬਣਾਏ ਨੂੰ ਘੱਟੋ ਘੱਟ ਪੰਜ ਸਾਲ ਹੋ ਗਏ ਹੋਣ। ਉਸਤੋਂ ਬਾਅਦ ਇਸ ਮਿਆਦ ਨੂੰ ਇੱਕ ਸਾਲ ਕਰ ਦਿੱਤਾ ਗਿਆ ਸੀ ਅਤੇ 2019 ਵਿਚ ਇਹ ਤਿੰਨ ਮਹੀਨੇ ਦੀ ਰਹਿ ਗਈ ਸੀ।
ਹੁਣ ਜਦੋਂ ਕੈਨੇਡੀਅਨ ਬਲੱਡ ਸਰਵਿਸ ਨੇ ਆਪਣੀ ਅਰਜ਼ੀ ਜਮ੍ਹਾਂ ਕਰ ਦਿੱਤੀ ਹੈ, ਹੈਲਥ ਕੈਨੇਡਾ ਵੱਲੋਂ ਮੰਜ਼ੂਰੀ ਦੀ ਪ੍ਰਕਿਰਿਆ ਅਤੇ ਤਬਦੀਲੀਆਂ ਲਾਗੂ ਹੋਣ ਵਿਚ ਕਈ ਮਹੀਨਿਆਂ ਤੋਂ ਇੱਕ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ