1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

[ ਰਿਪੋਰਟ ] 2015 ਤੋਂ 2020 ਦਰਮਿਆਨ 3 ਲੱਖ 29 ਹਜ਼ਾਰ ਭਾਰਤੀਆਂ ਨੇ ਹਾਸਿਲ ਕੀਤੀ ਕੈਨੇਡਾ ਦੀ ਪੀ ਆਰ

ਪਰਮਾਨੈਂਟ ਰੈਜ਼ੀਡੈਂਸੀ ਹਾਸਿਲ ਕਰਨ ਵਾਲਿਆਂ ਵਿੱਚ ਭਾਰਤੀਆਂ ਦਾ ਪਹਿਲਾ ਸਥਾਨ

ਭਾਰਤੀਆਂ ਦਾ ਕੈਨੇਡਾ ਵੱਲ ਪ੍ਰਵਾਸ ਲਗਾਤਾਰ ਜਾਰੀ ਹੈ

ਭਾਰਤੀਆਂ ਦਾ ਕੈਨੇਡਾ ਵੱਲ ਪ੍ਰਵਾਸ ਲਗਾਤਾਰ ਜਾਰੀ ਹੈ

ਤਸਵੀਰ: Radio-Canada / Jean-Claude Taliana

Sarbmeet Singh

ਭਾਰਤੀ ਲੋਕਾਂ ਵਿੱਚ ਕੈਨੇਡਾ ਦਾ ਜਾਦੂ ਸਿਰ ਚੜ ਕੇ ਬੋਲ ਰਿਹਾ ਹੈ I ਵੱਡੀ ਗਿਣਤੀ ਵਿੱਚ ਭਾਰਤੀਆਂ ਵੱਲੋਂ ਕੈਨੇਡਾ ਵੱਲ ਪ੍ਰਵਾਸ ਕੀਤਾ ਜਾ ਰਿਹਾ ਹੈ I ਕੈਨੇਡਾ ਦੇ ਇਮੀਗ੍ਰੇਸ਼ਨ, ਰਿਫ਼ੀਊਜੀਜ਼ ਐਂਡ ਸਿਟਿਜ਼ਨਸ਼ਿਪ ਮੰਤਰਾਲੇ ਵੱਲੋਂ ਪ੍ਰਾਪਤ ਅੰਕੜਿਆਂ ਮੁਤਾਬਿਕ ਸਾਲ 2015 ਤੋਂ 2020 ਦਰਮਿਆਨ 3 ਲੱਖ 29 ਹਜ਼ਾਰ 80 ਵਿਅਕਤੀਆਂ ਨੇ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ ਆਰ) ਹਾਸਿਲ ਕੀਤੀ ਹੈ I

ਭਾਰਤੀ ਪਹਿਲੇ ਸਥਾਨ 'ਤੇ

ਇਸ ਸਮੇਂ ਦੌਰਾਨ ਕੈਨੇਡੀਅਨ ਪੀ ਆਰ ਲੈਣ ਵਾਲਿਆਂ ਵਿੱਚ ਪਹਿਲਾ ਨੰਬਰ ਭਾਰਤੀ ਮੂਲ ਦੇ ਲੋਕਾਂ ਦਾ ਹੈ ਅਤੇ ਇਸ ਗਿਣਤੀ ਵਿੱਚ ਲਗਾਤਾਰ ਵਾਧਾ ਵੀ ਦਰਜ ਕੀਤਾ ਗਿਆ ਹੈ I 2015 ਦੌਰਾਨ 39,340 ਵਿਅਕਤੀਆਂ ਨੇ ਕੈਨੇਡਾ ਦੀ ਪੀ ਆਰ ਹਾਸਿਲ ਕੀਤੀ ਅਤੇ 2016 ਦੌਰਾਨ ਇਹਨਾਂ ਦੀ ਗਿਣਤੀ ਵੱਧ ਕੇ 39,710 ਹੋ ਗਈ I

ਜਿੱਥੇ 2017 ਦੌਰਾਨ 51,590 ਭਾਰਤੀ ਮੂਲ ਦੇ ਲੋਕ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਟ ਬਣੇ , 2018 ਦੌਰਾਨ ਇਹ ਅੰਕੜਾ 69,985 ਤੱਕ ਪਹੁੰਚ ਗਿਆ I ਸਾਲ ਦੌਰਾਨ 2019 ਵਿੱਚ 85,590 ਵਿਅਕਤੀ ਕੈਨੇਡਾ ਦੇ ਪੀ ਆਰ ਬਣੇ I 2020 ਦੌਰਾਨ ਕੋਵਿਡ ਮਹਾਂਮਾਰੀ ਦੇ ਚਲਦਿਆਂ , ਇਹ ਗਿਣਤੀ ਘੱਟ ਕੇ 42,865 ਰਹਿ ਗਈ I

ਸਾਲ 2015 ਤੋਂ 2020 ਦਰਮਿਆਨ 3 ਲੱਖ 29 ਹਜ਼ਾਰ 80 ਵਿਅਕਤੀਆਂ ਨੇ ਕੈਨੇਡਾ ਦੀ ਪੀ ਆਰ ਹਾਸਿਲ ਕੀਤੀ ਹੈIਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਸਾਲ 2015 ਤੋਂ 2020 ਦਰਮਿਆਨ 3 ਲੱਖ 29 ਹਜ਼ਾਰ 80 ਵਿਅਕਤੀਆਂ ਨੇ ਕੈਨੇਡਾ ਦੀ ਪੀ ਆਰ ਹਾਸਿਲ ਕੀਤੀ ਹੈI

ਤਸਵੀਰ: RCI

5 ਸਾਲਾਂ ਦੌਰਾਨ 17 ਲੱਖ ਤੋਂ ਵਧੇਰੇ ਵਿਅਕਤੀ ਹੋਏ ਪੀ ਆਰ

ਅੰਕੜਿਆਂ ਮੁਤਾਬਿਕ ਸਾਲ 2015 ਤੋਂ ਲੈ ਕੇ 2020 ਤੱਕ ਵੱਖ ਵੱਖ ਮੁਲਕਾਂ ਦੇ 17 ਲੱਖ 1 ਹਜ਼ਾਰ 540 ਵਿਅਕਤੀਆਂ ਨੂੰ ਕੈਨੇਡਾ ਦੀ ਪੀ ਆਰ ਹਾਸਿਲ ਹੋਈ ਹੈ I 2015 ਦੌਰਾਨ 2 ਲੱਖ 71 ਹਜ਼ਾਰ 840 ਵਿਅਕਤੀਆਂ ਨੇ ਪੀ ਆਰ ਹਾਸਿਲ ਕੀਤੀ , ਜਿਸ ਵਿਚ ਸਾਲ ਦਰ ਸਾਲ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ I ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਹਰ ਸਾਲ ਆਪਣੇ ਇਮੀਗ੍ਰੇਸ਼ਨ ਟੀਚੇ ਵਿੱਚ ਵਾਧਾ ਕੀਤਾ ਜਾਂਦਾ ਹੈ I

ਇਮੀਗ੍ਰੇਸ਼ਨ ਮਾਹਰਾਂ ਮੁਤਾਬਿਕ ਕੈਨੇਡਾ ਵਿੱਚ ਪੀ ਆਰ ਲੈਣ ਦੇ ਦੋ ਦਰਜਨ ਤੋਂ ਵੀ ਵਧੇਰੇ ਤਰੀਕੇ ਹਨ I ਕੈਨੇਡਾ ਵਿਚਲੇ ਇਮੀਗ੍ਰੇਸ਼ਨ ਮਾਹਰ , ਰਾਜਵਿੰਦਰ ਸਿੱਧੂ ਨੇ ਦੱਸਿਆ ਕਿ ਫ਼ੈਡਰਲ ਸਕਿਲਡ ਵਰਕਰਜ਼ ਪ੍ਰੋਗਰਾਮ , ਫ਼ੈਮਿਲੀ , ਕੈਨੇਡੀਅਨ ਐਕਸਪੀਰੀਐਂਸ , ਸਪਾਊਜ਼ ਅਤੇ ਇੰਨਵੈਸਟਰ ਸ਼੍ਰੇਣੀਆਂ ਪ੍ਰਮੁੱਖ ਹਨ I

ਫਿਲਪੀਨਜ਼ ਦੂਸਰੇ ਅਤੇ ਚੀਨ ਤੀਸਰੇ ਸਥਾਨ 'ਤੇ

ਇਹਨਾਂ ਅੰਕੜਿਆਂ ਮੁਤਾਬਿਕ ਕੈਨੇਡਾ ਦੀ ਪੀ ਆਰ ਲੈਣ ਵਾਲੇ ਵਿਅਕਤੀਆਂ ਵਿਚ ਫਿਲਪੀਨਜ਼ ਦੇਸ਼ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਦੂਸਰੇ ਅਤੇ ਚੀਨੀ ਮੂਲ ਦੇ ਤੀਸਰੇ ਸਥਾਨ 'ਤੇ ਹਨ I ਇਹਨਾਂ ਪੰਜ ਸਾਲਾਂ ਦੌਰਾਨ ਫਿਲਪੀਨਜ਼ ਤੋਂ 2 ਲੱਖ 7 ਹਜ਼ਾਰ 415 ਜਦਕਿ ਚੀਨੀ ਮੂਲ ਦੇ 1 ਲੱਖ 52 ਹਜ਼ਾਰ 975 ਵਿਅਕਤੀਆਂ ਨੇ ਕੈਨੇਡਾ ਦੀ ਪੀ ਆਰ ਪ੍ਰਾਪਤ ਕੀਤੀ I 5 ਸਾਲਾਂ ਦੇ ਇਸ ਅਰਸੇ ਦੌਰਾਨ ਪਾਕਿਸਤਾਨੀ ਮੂਲ ਦੇ 56,820 ਲੋਕਾਂ ਨੇ ਪੀ ਆਰ ਹਾਸਿਲ ਕੀਤੀ ਹੈ I

ਕੈਨੇਡਾ ਦੀ ਸਿਆਸਤ ਵਿੱਚ ਭਾਰਤੀਆਂ ਦੀ ਝੰਡੀ

ਭਾਰਤੀ ਮੂਲ ਦੇ ਵਿਅਕਤੀ ਕੈਨੇਡੀਅਨ ਸਿਆਸਤ ਵਿੱਚ ਵੀ ਸਰਗਰਮ ਹਨ I ਕੈਨੇਡਾ ਦੀਆਂ 2021 ਦੌਰਾਨ ਹੋਈਆਂ ਫੈਡਰਲ ਚੋਣਾਂ ਦੌਰਾਨ ਭਾਰਤੀ ਮੂਲ ਦੇ 16 ਉਮੀਦਵਾਰ ਜੇਤੂ ਰਹੇ ਸਨ I 2019 ਦੀਆਂ ਚੋਣਾਂ ਦੌਰਾਨ ਇਹ ਗਿਣਤੀ 23 ਸੀ I ਇਸਤੋਂ ਇਲਾਵਾ ਭਾਰਤੀ ਮੂਲ ਦੇ ਵਿਅਕਤੀ ਸੂਬਾਈ ਸਿਆਸਤ ਵਿੱਚ ਵੀ ਸਰਗਰਮ ਹਨ I ਵੱਖ ਵੱਖ ਪ੍ਰੋਵਿੰਸਜ਼ ਵਿੱਚ ਭਾਰਤੀ ਸਿਆਸਤਦਾਨ ਵੱਡੀ ਗਿਣਤੀ ਵਿੱਚ ਐੱਮ ਐੱਲ ਏ ਹਨ ਅਤੇ ਮੰਤਰੀਆਂ ਦੇ ਅਹੁਦਿਆਂ 'ਤੇ ਵੀ ਤਾਇਨਾਤ ਹਨ I

ਇਹ ਵੀ ਪੜੋ :

ਬੇਰੁਜ਼ਗਾਰੀ , ਅਸੁਰੱਖਿਆ ਅਤੇ ਪ੍ਰਵਾਸ

ਵੱਖ ਵੱਖ ਮਾਹਰਾਂ ਦਾ ਕਹਿਣਾ ਹੈ ਕਿ ਵੱਡੀ ਪੱਧਰ ਹੋ ਰਹੇ ਇਸ ਪ੍ਰਵਾਸ ਪਿੱਛੇ ਬੇਰੁਜ਼ਗਾਰੀ ਅਤੇ ਅਸੁਰੱਖਿਆ ਦੀ ਭਾਵਨਾ ਜ਼ਿੰਮੇਵਾਰ ਹੈ I

ਇਸ ਵਰਤਾਰੇ ਬਾਰੇ ਬੋਲਦਿਆਂ , ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੌਲੀਟਿਕਲ ਸਾਇੰਸ ਦੇ ਪ੍ਰੋਫ਼ੈਸਰ ਜਤਿੰਦਰ ਸਿੰਘ ਨੇ ਕਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੇਰੁਜ਼ਗਾਰ ਵਿਅਕਤੀਆਂ ਦਾ ਬਾਹਰ ਜਾਣ ਦਾ ਕਾਰਨ ਰੁਜ਼ਗਾਰ ਹੈ ਪਰ ਅਜਿਹਾ ਨਹੀਂ ਹੈ ਕਿ ਭਾਰਤ ਵਿੱਚੋਂ ਸਿਰਫ਼ ਬੇਰੁਜ਼ਗਾਰ ਲੋਕ ਹੀ ਪਰਵਾਸ ਕਰ ਰਹੇ ਹਨ I ਬਹੁਤ ਸਾਰੇ ਨੌਕਰੀਪੇਸ਼ਾ ਵਿਅਕਤੀ ਵੀ ਦੇਸ਼ ਛੱਡ ਰਹੇ ਹਨ I ਸ਼ਾਇਦ ਲੋਕਾਂ ਨੂੰ ਭਾਰਤ ਵਿੱਚ ਆਪਣਾ ਭਵਿੱਖ ਸੁਰੱਖਿਅਤ ਨਹੀਂ ਜਾਪਦਾ ਜਿਸ ਕਰਨ ਉਹ ਅਜਿਹਾ ਕਰ ਰਹੇ ਹਨ I

ਉਹਨਾਂ ਕਿਹਾ ਭਵਿੱਖ ਵਿੱਚ ਵੀ ਪਰਵਾਸ ਦੀ ਰਫ਼ਤਾਰ ਘੱਟ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ I ਇਹ ਮੁੱਦਾ ਸਿਆਸੀ ਪਾਰਟੀਆਂ ਦੇ ਏਜੰਡੇ ਵਿੱਚੋਂ ਗਾਇਬ ਹੈ I ਜੇਕਰ ਕੋਈ ਲੋਕ ਲਹਿਰ ਉੱਠ ਕੇ ਸਰਕਾਰ ਦੀ ਜ਼ਿੰਮੇਵਾਰੀ ਤਹਿ ਕਰਨ ਵੱਲ ਵਧਦੀ ਹੈ ਤਾਂ ਸ਼ਾਇਦ ਇਸ ਵਰਤਾਰੇ ਨੂੰ ਠੱਲ ਪੈ ਸਕਦੀ ਹੈ I

ਚੰਗੇ ਭਵਿੱਖ ਲਈ ਹੋ ਰਿਹੈ ਪ੍ਰਵਾਸ : ਇਮੀਗ੍ਰੇਸ਼ਨ ਮਾਹਰ

ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਭਾਰਤੀ ਚੰਗੇ ਭਵਿੱਖ ਲਈ ਕੈਨੇਡਾ ਆ ਰਹੇ ਹਨ I ਰਾਜਵਿੰਦਰ ਸਿੱਧੂ ਨੇ ਕਿਹਾ ਕੈਨੇਡਾ ਵਿੱਚ ਜਿੱਥੇ ਰੁਜ਼ਗਾਰ ਦੇ ਵਧੇਰੇ ਮੌਕੇ ਹਨ ਉੱਥੇ ਹੀ ਵਧੀਆ ਸਿਹਤ ਸਹੂਲਤਾਂ ਸਮੇਤ ਹੋਰ ਬਹੁਤ ਸਾਰੀਆਂ ਗੱਲਾਂ ਲੋਕਾਂ ਨੂੰ ਕੈਨੇਡਾ ਵੱਲ ਆਕਰਸ਼ਿਤ ਕਰਦੀਆਂ ਹਨI ਭਵਿੱਖ ਵਿੱਚ ਵੀ ਇਹ ਪ੍ਰਵਾਸ ਦਰ ਘਟਣ ਦੇ ਕੋਈ ਸੰਕੇਤ ਨਹੀਂ ਹਨ I

ਇਮੀਗ੍ਰੇਸ਼ਨ ਮਾਹਰ ਰਾਜਵਿੰਦਰ ਸਿੱਧੂਤਸਵੀਰ ਵੱਡੀ ਕਰੋ (ਨਵੀਂ ਵਿੰਡੋ)

ਇਮੀਗ੍ਰੇਸ਼ਨ ਮਾਹਰ ਰਾਜਵਿੰਦਰ ਸਿੱਧੂ

ਤਸਵੀਰ: ਧੰਨਵਾਦ ਸਾਹਿਤ ਰਾਜਵਿੰਦਰ ਸਿੱਧੂ

ਕੈਨੇਡਾ ਵਿੱਚ ਭਾਰਤੀਆਂ ਦੇ ਵੱਡੇ ਪੱਧਰ 'ਤੇ ਪ੍ਰਵਾਸ ਅਤੇ ਸਿਆਸਤ ਵਿੱਚ ਸ਼ਮੂਲੀਅਤ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਵਿਅਕਤੀ ਇਹ ਮਹਿਸੂਸ ਕਰਦੇ ਹਨ ਕਿ ਇਮੀਗ੍ਰੇਸ਼ਨ ਨੀਤੀਆਂ ਵਿੱਚ ਸੁਧਾਰ ਦੀ ਲੋੜ ਹੈ I ਬਹੁਤ ਸਾਰੇ ਵਿਅਕਤੀ ਕੈਨੇਡਾ ਦੀ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਨੂੰ ਪੀ ਆਰ ਦੇਣ ਦੀ ਪਾਲਿਸੀ ਬਾਬਤ ਸਵਾਲ ਉਠਾਉਂਦੇ ਹਨ I

ਕੈਨੇਡਾ ਵਿੱਚ ਮਾਪਿਆਂ ਨੂੰ ਪੱਕੇ ਹੋਣ ਦੇ ਸਿਸਟਮ ਬਾਰੇ ਗੱਲ ਕਰਦਿਆਂ , ਪੰਜਾਬੀ ਮੂਲ ਦੇ ਅਮਨ ਬਰਾੜ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਸਿਆਸਤ ਵਿੱਚ ਐਨੀ ਚੜਤ ਹੋਣ ਦੇ ਬਾਵਜੂਦ ਵੀ ਭਾਰਤੀ ਮੂਲ ਦੇ ਲੋਕਾਂ ਲਈ ਕੋਈ ਪਾਲਿਸੀ ਨਹੀਂ ਬਣ ਪਾ ਰਹੀ ਹੈ I ਅਮਨ ਬਰਾੜ ਨੇ ਕਿਹਾ ਕੈਨੇਡਾ ਵਿੱਚ ਮਾਪਿਆਂ ਨੂੰ ਪੀ ਆਰ ਦੇਣ ਲਈ ਲਾਟਰੀ ਸਿਸਟਮ ਚਲਾਇਆ ਜਾਂਦਾ ਹੈ ਜਿਸਦੇ ਚਲਦਿਆਂ ਬਹੁਤ ਸਾਰੇ ਵਿਅਕਤੀ ਕਈ ਸਾਲਾਂ ਤੋਂ ਆਪਣੇ ਮਾਪਿਆਂ ਦੇ ਪੱਕੇ ਹੋਣ ਦੀ ਉਡੀਕ ਵਿੱਚ ਹਨ I

ਉਹਨਾਂ ਕਿਹਾ ਬਹੁਤ ਸਾਰੇ ਮਾਪਿਆਂ ਦੇ ਬੱਚੇ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਭਾਰਤ ਵਿੱਚ ਉਹਨਾਂ ਦੀ ਦੇਖ ਭਾਲ ਕਰਨ ਲਈ ਕੋਈ ਵੀ ਨਹੀਂ ਹੈ ਅਤੇ ਮਾਪਿਆਂ ਨੂੰ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਮਿਲ ਪਾ ਰਹੀ I ਸਾਡੇ ਸੱਭਿਆਚਾਰ ਮੁਤਾਬਿਕ ਬੁਢਾਪੇ ਵਿੱਚ ਬੱਚੇ ਮਾਪਿਆਂ ਦੀ ਦੇਖ ਭਾਲ ਕਰਦੇ ਹਨ ਪਰ ਅਜਿਹੇ ਵਿੱਚ ਮਾਪਿਆਂ ਦੀ ਦੇਖ ਭਾਲ ਦਾ ਕੰਮ ਬਹੁਤ ਔਖਾ ਹੋ ਜਾਂਦਾ ਹੈ I

Sarbmeet Singh

ਸੁਰਖੀਆਂ