1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਟ੍ਰੂਡੋ ਵੱਲੋਂ ਬੀਜਿੰਗ ਓਲੰਪਿਕਸ ਦੇ ਕੂਟਨੀਤਕ ਬਾਈਕਾਟ ਦਾ ਐਲਾਨ

2022 ਦੇ ਵਿੰਟਰ ਓਲੰਪਿਕਸ ਵਿਚ ਕੈਨੇਡਾ ਨਹੀਂ ਭੇਜੇਗਾ ਸਰਕਾਰੀ ਡੈਲੀਗੇਸ਼ਨ

Hawak ng mga nagpoprotesta ang Olympic Rings na may nakasulat na hashtag 2022 genocide olympics.

3 ਫ਼ਰਵਰੀ ਨੂੰ ਭਾਰਤ ਦੇ ਧਰਮਸ਼ਾਲਾ ਸ਼ਹਿਰ ਵਿਚ ਜਲਾਵਤਨ ਤਿੱਬਤੀ ਮੁਜ਼ਾਹਰਾਕਾਰੀਆਂ ਵੱਲੋਂ 2022 ਦੀਆਂ ਵਿੰਟਰ ਓਲੰਪਿਕਸ ਖ਼ਿਲਾਫ਼ ਕੀਤੇ ਪ੍ਰਦਰਸ਼ਨ ਦੀ ਤਸਵੀਰ।

ਤਸਵੀਰ: Associated Press / Ashwini Bhatia

RCI

ਪ੍ਰਧਾਨ ਮੰਤਰੀ ਜਸਟੀਨ ਟ੍ਰੂਡੋ ਨੇ ਅੱਜ ਐਲਾਨ ਕੀਤਾ ਕਿ ਕੈਨੇਡਾ ਵੱਲੋਂ ਬੀਜਿੰਗ ਵਿਚ ਆਯੋਜਿਤ ਹੋਣ ਵਾਲੀਆਂ 2022 ਦੀਆਂ ਵਿੰਟਰ ਓਲੰਪਿਕਸ ਦਾ ਕੂਟਨੀਤਕ ਬਾਈਕਾਟ ਕੀਤਾ ਜਾਵੇਗਾ। 

ਕੋਈ ਫ਼ੈਡਰਲ ਅਧਿਕਾਰੀ ਇਹਨਾਂ ਖੇਡਾਂ ਵਿਚ ਸ਼ਾਮਲ ਨਹੀਂ ਹੋਵੇਗਾ ਪਰ ਕੈਨੇਡੀਅਨ ਅਥਲੀਟਾਂ ਨੂੰ ਇਸ ਖੇਡ ਮੁਕਾਬਲੇ ਵਿਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ।

ਯੂ ਐਸ, ਯੂ ਕੇ ਅਤੇ ਆਸਟ੍ਰੇਲੀਆ ਵੱਲੋਂ ਪਹਿਲਾਂ ਹੀ ਬਿਜਿੰਗ ਓਲੰਪਿਕਸ ਵਿਚ ਆਪਣੇ ਅਧਿਕਾਰਕ ਵਫ਼ਦ ਨਾ ਭੇਜਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਹਨਾਂ ਦੇਸ਼ਾਂ ਵੱਲੋਂ ਚੀਨ ਨੂੰ ਇਹ ਸਮੂਹਿਕ ਸੰਦੇਸ਼ ਭੇਜਣ ਦੀ ਕੋਸ਼ਿਸ਼ ਹੈ ਕਿ ਉਸ ਦੇ ਮਨੱਖੀ ਅਧਿਕਾਰਾਂ ਦੇ ਘਾਣ ਨੂੰ ਅੱਖੋ ਪਰੋਖੇ ਨਹੀਂ ਕੀਤਾ ਜਾ ਰਿਹਾ। 

ਕੈਨੇਡਾ ਵਿਚ ਐਮਪੀਜ਼, ਸੈਨੇਟਰਜ਼ ਅਤੇ ਸਿਵਿਲ ਸੋਸਾਇਟੀ ਦੇ ਗਰੁੱਪਸ ਪਿਛਲੇ ਕਈ ਮਹੀਨਿਆਂ ਤੋਂ ਟ੍ਰੂਡੋ ਸਰਕਾਰ ‘ਤੇ ਦਬਾਅ ਬਣਾ ਰਹੇ ਸਨ ਕਿ ਉਹ ਹੌਂਗਕੌਂਗ ਵਿਚ ਲੰਕਤੰਤਰਿਕ ਅਧਿਕਾਰਾਂ ਦੇ ਘਾਣ ਅਤੇ ਵੀਗਰ ਮੁਸਲਿਮ ਘੱਟ-ਗਿਣਤੀ ਦੇ ਸ਼ੋਸ਼ਣ ਲਈ ਚੀਨ ਨੂੰ ਜਵਾਬਦੇਹ ਬਣਾਵੇ। 

ਇਸ ਸਾਲ ਦੀ ਸ਼ੁਰੂਆਤ ਵਿਚ ਹਾਊਸ ਆਫ਼ ਕਾਮਨਜ਼ ਵਿਚ ਇੱਕ ਮਤਾ ਪਾਸ ਕਰਕੇ ਚੀਨ ਦੇ ਸ਼ਿਨਜੈਂਗ ਸੂਬੇ ਵਿਚ ਘੱਟ ਗਿਣਤੀਆਂ ‘ਤੇ ਹੋ ਰਹੇ ਤਸ਼ੱਦਦ ਨੂੰ ‘ਨਸਲਕੁਸ਼ੀ’ ਐਲਾਨਿਆ ਗਿਆ ਸੀ। 

ਇਹ ਮੋਸ਼ਨ ਹਾਊਸ ਦੀ ਇੱਕ ਸਬ-ਕਮੇਟੀ ਦੀ ਉਸ ਰਿਪੋਰਟ ਤੋਂ ਬਾਅਦ ਲਿਆਂਦਾ ਗਿਆ ਸੀ, ਜਿਸ ਵਿਚ ਸਾਹਮਣੇ ਆਇਆ ਸੀ ਕਿ ਚੀਨ ਸਰਕਾਰ ਵੀਗਰ ਮੁਸਲਮਾਨ ਘੱਟ ਗਿਣਤੀ ਨੂੰ ਡਿਟੈਂਸ਼ਨ ਕੈਂਪਾਂ ਵਿਚ ਨਜ਼ਰਬੰਦ ਕਰਦੀ ਹੈ। ਇਸ ਤੋਂ ਇਲਾਵਾ ਇਹਨਾਂ ਮੁਸਲਿਮ ਘੱਟ ਗਿਣਤੀਆਂ ਖ਼ਿਲਾਫ਼ ਆਬਾਦੀ ਰੋਕੂ ਉਪਾਅ ਵਰਤੇ ਜਾਂਦੇ ਹਨ ਅਤੇ ਜਬਰਨ ਮਜ਼ਦੂਰੀ ਕਰਵਾਈ ਜਾਂਦੀ ਹੈ। ਰਿਪੋਰਟ ਮੁਤਾਬਕ ਇਹਨਾਂ ਲੋਕਾਂ ਨੂੰ ਸਰਕਾਰੀ ਹੁਕਮਾਂ ‘ਤੇ ਕੈਮਰੇ ਦੀ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ। ਰਿਪੋਰਟ ਅਨੁਸਾਰ ਇਹ ਨੀਤੀ ਵੀਗਰ ਸੱਭਿਆਚਾਰ ਅਤੇ ਧਰਮ ਨੂੰ ਖ਼ਤਮ ਕਰਨ ਲਈ ਤਿਆਰ ਕੀਤੀ ਗਈ ਹੈ।

ਇਸ ਮੋਸ਼ਨ ਵਿਚ ਐਮਪੀਜ਼ ਨੇ ਫ਼ੈਡਰਲ ਸਰਕਾਰ ਨੂੰ ਮੰਗ ਕੀਤੀ ਸੀ ਕਿ ਜੇ ਚੀਨੀ ਸਰਕਾਰ ਇਸ ਨਸਲਕੁਸ਼ੀ ਨੂੰ ਜਾਰੀ ਰੱਖਦੀ ਹੈ ਤਾਂ ਕੈਨੇਡਾ ਸਰਕਾਰ ਆਪਣੇ ਰਸੂਖ਼ ਦਾ ਇਸਤੇਮਾਲ ਕਰਕੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਉੱਪਰ ਇਹਨਾਂ ਗੇਮਜ਼ ਦਾ ਆਯੋਜਨ ਚੀਨ ਵਿਚ ਨਾ ਕਰਨ ਦਾ ਦਬਾਅ ਬਣਾਏ।

25 ਸਤੰਬਰ 2021 ਨੂੰ ਬੀਜਿੰਗ ਵਿਚ ਆਯੋਜਿਤ ਬੀਜਿੰਗ ਹਾਈ-ਟੈਕ ਐਕਸਪੋ ਦੌਰਾਨ ਵਿਗਿਆਪਨ ਲਈ ਲਗਾਏ ਗਏ ਬੀਜਿੰਗ ਵਿੰਟਰ ਓਲੰਪਿਕਸ ਦੇ ਲੋਗੋ ਦੇ ਨਜ਼ਦੀਕ ਖੜੇ ਇੱਕ ਵਿਜਿਟਰ ਦੀ ਤਸਵੀਰ।

25 ਸਤੰਬਰ 2021 ਨੂੰ ਬੀਜਿੰਗ ਵਿਚ ਆਯੋਜਿਤ ਬੀਜਿੰਗ ਹਾਈ-ਟੈਕ ਐਕਸਪੋ ਦੌਰਾਨ ਵਿਗਿਆਪਨ ਲਈ ਲਗਾਏ ਗਏ ਬੀਜਿੰਗ ਵਿੰਟਰ ਓਲੰਪਿਕਸ ਦੇ ਲੋਗੋ ਦੇ ਨਜ਼ਦੀਕ ਖੜੇ ਇੱਕ ਵਿਜ਼ਿਟਰ ਦੀ ਤਸਵੀਰ।

ਤਸਵੀਰ: Associated Press / Mark Schiefelbein

ਚੀਨ ਵੱਲੋਂ ਦੋ ਕੈਨੇਡੀਅਨ ਨਾਗਰਿਕਾਂ ਮਾਈਕਲ ਸਪੈਵਰ ਅਤੇ ਮਾਈਕਲ ਕੋਵਰਿਗ, ਦੀ ਗ੍ਰਿਫ਼ਤਾਰੀ ਤੋਂ ਬਾਅਦ ਕੈਨੇਡਾ-ਚੀਨ ਰਿਸ਼ਤਿਆਂ ਦਰਮਿਆਨ ਖਟਾਸ ਪੈਦਾ ਹੋ ਗਈ ਸੀ। ਚੀਨ ਦੀ ਟੈਕ ਕੰਪਨੀ ਵੁਆਵੀ ਦੀ ਇੱਕ ਸੀਨੀਅਰ ਅਧਿਕਾਰੀ ਮੈਂਗ ਵੌਨਜ਼ੂ ਦੀ ਵੈਨਕੂਵਰ ਵਿਚ 2018 ‘ਚ ਹੋਈ ਗ੍ਰਿਫ਼ਤਾਰੀ ਤੋਂ ਬਾਅਦ ਦੋਵੇਂ ਮਾਇਕਲਜ਼ ਨੂੰ ਚੀਨ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਚੀਨ ਲਗਾਤਾਰ ਇਹਨਾਂ ਦੋਵੇਂ ਮਾਮਲਿਆਂ ਦੇ ਆਪਸ ਵਿਚ ਜੁੜੇ ਹੋਣ ਤੋਂ ਇਨਕਾਰ ਕਰਦਾ ਰਿਹਾ ਸੀ ਪਰ ਇਹਨਾਂ ਦੋਵੇਂ ਕੈਨੇਡੀਅਨਜ਼ ਦੀ ਗ੍ਰਿਫ਼ਤਾਰੀ ਮੈਂਗ ਮਾਮਲੇ ਦੀ ਜਵਾਬੀ ਕਾਰਵਾਈ ਵੱਜੋਂ ਹੀ ਦੇਖੀ ਜਾ ਰਹੀ ਸੀ। ਸਤੰਬਰ ਵਿਚ ਮੈਂਗ ਨਾਲ ਜੁੜੇ ਕਾਨੂੰਨੀ ਵਿਵਾਦ ਨੂੰ ਅਮਰੀਕੀ ਵਕੀਲਾਂ ਵੱਲੋਂ ਅੰਸ਼ਕ ਤੌਰ ‘ਤੇ ਹੱਲ ਕੀਤੇ ਜਾਣ ਤੋਂ ਬਾਅਦ ਮੈਂਗ ਦੀ ਰਿਹਾਈ ਹੋ ਗਈ ਸੀ, ਜਿਸ ਤੋਂ ਕੁਝ ਘੰਟਿਆਂ ਬਾਅਦ ਹੀ ਦੋਵੇਂ ਮਾਈਕਲਜ਼ ਨੂੰ ਵੀ ਰਿਹਾਅ ਕਰ ਦਿੱਤਾ ਗਿਆ ਸੀ।

ਚੀਨ ਨਾਲ ਪੱਛਮੀ ਦੇਸ਼ਾਂ ਦੇ ਸਬੰਧ ਪਿਛਲੇ ਦੋ ਸਾਲਾਂ ਤੋਂ ਜ਼ਿਆਦਾ ਵਿਗੜੇ ਹਨ। ਚੀਨ 'ਤੇ ਕੋਵਿਡ -19 ਦੇ ਸ਼ੁਰੂਆਤੀ ਪ੍ਰਕੋਪ ਨੂੰ ਛੁਪਾਉਣ ਅਤੇ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨੂੰ ਇਸ ਦੀ ਜਾਂਚ ਕਰਨ ਦੀ ਬਜਾਏ ਚੀਨ ਦੀ ਮਹਾਂਮਾਰੀ ਨਾਲ ਨਜਿੱਠਣ ਦੀ ਪ੍ਰਕਿਰਿਆ ਦੀ ਤਾਰੀਫ਼ ਕਰਨ ਲਈ ਦਬਾਅ ਪਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ