1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਅਫ਼ਗ਼ਾਨ ਸ਼ਰਨਾਰਥੀਆਂ ਨੂੰ ਕੈਨੇਡਾ ਲਿਆਉਣ ਵਿਚ ਲੱਗ ਸਕਦਾ ਹੈ ਦੋ ਸਾਲ ਤੱਕ ਦਾ ਸਮਾਂ

ਇਮਿਗ੍ਰੇਸ਼ਨ ਵਿਭਾਗ ਨੇ ਕਾਬੁਲ ਵਿਚ ਕੂਟਨੀਤਕ ਮੌਜੂਦਗੀ ਦੀ ਘਾਟ ਨੂੰ ਦੇਰੀ ਦਾ ਕਾਰਨ ਦੱਸਿਆ

Une famille de dos marchent dans la rue. La femme est voilée.

ਕੈਨੇਡਾ ਦੇ ਸੇਂਟ ਜੌਨ ਏਅਰਪੋਰਟ ਪਹੁੰਚਦੇ ਅਫ਼ਗ਼ਾਨ ਸ਼ਰਨਾਰਥੀਆਂ ਦੀ ਤਸਵੀਰ

ਤਸਵੀਰ: (Ritche Perez/Immigration, Réfugiés et Citoyenneté Canada)

RCI

ਕੈਨੇਡਾ ਨੇ 40,000 ਅਫ਼ਗ਼ਾਨ ਸ਼ਰਨਾਰਥੀਆਂ ਨੂੰ ਮੁਲਕ ਵਿਚ ਪੁਨਰ ਨਿਵਾਸ ਕਰਾਉਣ ਦਾ ਵਾਅਦਾ ਕੀਤਾ ਸੀ, ਪਰ ਹੁਣ ਤੱਕ ਇਸ ਦਾ ਕਰੀਬ ਦਸਵਾਂ ਹਿੱਸਾ ਹੀ ਕੈਨੇਡਾ ਪਹੁੰਚ ਸਕਿਆ ਹੈ। ਹੁਣ ਫ਼ੈਡਰਲ ਸਰਕਾਰ ਦਾ ਕਹਿਣਾ ਹੈ ਕਿ ਰੀਸੈਟਲ ਕਰਨ ਦੀ ਇਸ ਪੂਰੀ ਪ੍ਰਕਿਰਿਆ ਵਿਚ ਦੋ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।

ਸਤੰਬਰ ਮਹੀਨੇ ਵਿਚ ਅਫ਼ਗਾਨ ਸ਼ਰਨਾਰਥੀਆਂ ਨੂੰ ਕੈਨੇਡਾ ਲਿਆਉਣ ਦੇ ਵਾਅਦੇ ਤੋਂ ਬਾਅਦ, ਫ਼ੈਡਰਲ ਸਰਕਾਰ ਵੱਲੋਂ ਹੁਣ ਉਹਨਾਂ ਸ਼ਰਨਾਰਥੀਆਂ ਦੇ ਪੁਨਰ ਨਿਵਾਸ ਦੀ ਧੁੰਦਲੀ ਜਿਹੀ ਟਾਈਮਲਾਈਨ ਦੱਸੀ ਜਾ ਰਹੀ ਹੈ। ਇਮਿਗ੍ਰੇਸ਼ਨ ਮਿਨਿਸਟਰ ਸ਼ੌਨ ਫ਼ਰੇਜ਼ਰ ਦੇ ਦਫ਼ਤਰ ਨੇ ਸੀਬੀਸੀ ਨੂੰ ਦੱਸਿਆ ਕਿ ਉਹਨਾਂ ਦਾ ਅਗਲੇ ਦੋ ਸਾਲਾਂ ਦੇ ਦੌਰਾਨ ਮੁਲਕ ਵਿਚ ਸਵਾਗਤ ਕੀਤਾ ਜਾਵੇਗਾ

ਹਾਲ ਹੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫ਼੍ਰੇਜ਼ਰ ਨੇ ਖ਼ੁਦ ਵੀ ਸਾਰੇ ਰਿਫ਼ਿਊਜੀਆਂ ਨੂੰ ਕੈਨੇਡਾ ਲਿਆਉਣ ਦੀ ਪ੍ਰਕਿਰਿਆ ਮੁਕੰਮਲ ਹੋਣ ਦੀ ਕੋਈ ਸਪਸ਼ਟ ਤਾਰੀਖ਼ ਨਹੀਂ ਦੱਸੀ ਸੀ।

ਉਹਨਾਂ ਕਿਹਾ, ਜਦੋਂ ਤੁਸੀਂ ਕਿਸੇ ਚੁਣੌਤੀਪੂਰਣ ਮਾਹੌਲ ਚੋਂ 40,000 ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹੋਵੋ, ਜੋ ਕਿ ਅੱਜ ਦੁਨੀਆ ਦੀਆਂ ਸਭ ਤੋਂ ਖ਼ਤਰਨਾਕ ਥਾਵਾਂ ਚੋਂ ਇੱਕ ਹੋਵੇ, ਇਹ ਆਸਾਨ ਨਹੀਂ ਹੁੰਦਾ। ਪਰ ਮੈਂ ਇਸ ਗੱਲ ਤੋਂ ਉਤਸਾਹਿਤ ਹਾਂ ਕਿ ਸਾਨੂੰ ਨਿਯਮਿਤ ਗਤੀ ਦੇਖਣ ਨੂੰ ਮਿਲ ਰਹੀ ਹੈ

ਫ਼ੈਡਰਲ ਚੋਣਾਂ ਤੋਂ ਪਹਿਲਾਂ, ਟ੍ਰੂਡੋ ਸਰਕਾਰ ਨੇ 2023 ਤੱਕ 20,000 ਅਫ਼ਗ਼ਾਨ ਸ਼ਰਨਾਰਥੀਆਂ ਨੂੰ ਕੈਨੇਡਾ ਲਿਆਉਣ ਦਾ ਅਹਿਦ ਕੀਤਾ ਸੀ।

ਫ਼੍ਰੇਜ਼ਰ ਦੇ ਬੁਲਾਰੇ ਮੁਤਾਬਕ ਕਈ ਕਾਰਨਾਂ ਕਰਕੇ ਪ੍ਰਕਿਰਿਆ ਧੀਮੀ ਹੋ ਗਈ ਹੈ - ਅਫ਼ਗ਼ਾਨਿਸਤਾਨ ਵਿਚ ਇਨਫ਼੍ਰਾਸਟਰਕਚਰ (ਬੁਨਿਆਦੀ ਢਾਂਚਾ) ਦੀ ਘਾਟ ਅਤੇ ਕਾਬੁਲ ਵਿਚ ਕੈਨੇਡਾ ਦੀ ਅਧਿਕਾਰਕ ਕੂਟਨੀਤਕ ਮੌਜੂਦਗੀ ਦੀ ਅਣਹੋਂਦ ਇਸ ਦੇਰੀ ਦੇ ਵੱਡੇ ਕਾਰਕ ਹਨ। ਉਹਨਾਂ ਕਿਹਾ ਕਿ ਅਜੇ ਤਾਂ ਯੂਨਾਈਟੇਡ ਨੇਸ਼ਨਜ਼ ਹਾਈ ਕਮਿਸ਼ਨਰ ਫ਼ਾਰ ਰਿਫ਼ਿਊਜੀਜ਼ ਵਰਗੀਆਂ ਭਾਈਵਾਲ ਸੰਸਥਾਵਾਂ ਵੱਲੋਂ ਵੀ ਆਪਣੇ ਓਪਰੇਸ਼ਨਜ਼ ਨੂੰ ਦੁਬਾਰਾ ਗਤੀਸ਼ੀਲ ਕਰਨ ਵਿਚ ਸਮਾਂ ਲੱਗ ਰਿਹਾ ਹੈ।

ਫ਼੍ਰੇਜ਼ਰ ਨੇ ਤਾਲਿਬਾਨ ਵੱਲ ਇਸ਼ਾਰਾ ਕਰਦਿਆਂ ਕਿਹਾਂ, ਉਹ ਕੈਨੇਡਾ ਸਰਕਾਰ ਦੀ ਮਦਦ ਦੇ ਮੂਡ ਵਿਚ ਨਹੀਂ ਹਨ

ਪਰ ਸਰਕਾਰ ਦੇ ਸ਼ਰਨਾਰਥੀ ਪ੍ਰੌਜੈਕਟ ਬਾਬਤ ਕੁਝ ਸਵਾਲ ਅਜੇ ਵੀ ਬਰਕਰਾਰ ਹਨ - ਫ਼ੈਡਰਲ ਸਰਕਾਰ ਜਾਂ ਨਿੱਜੀ ਤੌਰ ‘ਤੇ ਸਪੌਂਸਰ ਕੀਤੇ ਜਾਣ ਵਾਲੇ ਸ਼ਰਨਾਰਥੀਆਂ ਦੇ ਸਪਸ਼ਟ ਅੰਕੜੇ ਕਿਉਂ ਮੌਜੂਦ ਨਹੀਂ ਹਨ, ਅਤੇ ਜੋ ਸ਼ਰਨਾਰਥੀ ਪਹਿਲਾਂ ਹੀ ਤੀਸਰੇ ਸੁਰੱਖਿਅਤ ਦੇਸ਼ਾਂ ਵਿਚ ਪਹੁੰਚ ਗਏ ਹਨ, ਉਹਨਾਂ ਦੀ ਅਰਜ਼ੀਆਂ ਦੀ ਰਫ਼ਤਾਰ ਮੱਧਮ ਕਿਉਂ ਹੈ।

Defence lawyer Nelofar Akbari is pictured speaking about women's rights in Afghanistan before she fled the country on Oct. 23. She is one of thousands of refugee applicants hoping to be admitted into Canada.

ਨਿਲੋਫ਼ਰ ਅਕਬਰੀ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਇੱਕ ਡਿਫ਼ੈਂਸ ਵਕੀਲ ਸੀ, ਜਿਸ ਕਰਕੇ ਉਹ ਤਾਲਿਬਾਨ ਦੇ ਨਿਸ਼ਾਨੇ ‘ਤੇ ਸੀ। ਊਹ ਆਪਣੇ ਪਰਿਵਾਰ ਨਾਲ ਅਬੁਧਾਬੀ ਵਿਚ ਹੈ ਅਤੇ ਕੈਨੇਡਾ ਆਉਣ ਦੀ ਉਮੀਦ ਕਰ ਰਹੀ ਹੈ।

ਤਸਵੀਰ: (Submitted by Nelofar Akbari)

ਡਰ ਦੀ ਜ਼ਿੰਦਗੀ

ਯੂਏਈ ਵਿਚ ਆਪਣੇ ਪਤੀ ਜ਼ਕਰੀਆ ਇਲਹਾਨ, ਆਪਣੇ ਬੇਟੇ, ਸੱਸ ਅਤੇ ਆਪਣੇ ਛੋਟੇ ਭਰਾ ਨਾਲ ਰਹਿ ਰਹੀ ਨਿਲੋਫ਼ਰ ਅਕਬਰੀ ਨੇ ਕਿਹਾ, ਮੈਂ ਮਨੁੱਖਤਾਵਾਦੀ ਆਧਾਰ ‘ਤੇ ਵੀਜ਼ਾ ਮੰਗਿਆ ਸੀ

ਅਕਬਰੀ ਮੁਤਾਬਕ ਉਹ ਇਮਿਗ੍ਰੇਸ਼ਨ, ਰਿਫ਼ਿਊਜੀਜ਼ ਐਂਡ ਸਿਟਿਰਜਨਸ਼ਿਪ ਕੈਨੇਡਾ (ਆਈ ਆਰ ਸੀ ਸੀ) ‘ਤੇ ਦਰਜ ਪ੍ਰਾਈਵੇਟ ਸਪੌਂਸਰ ਸੰਸਥਾਵਾਂ ਦੀ ਸੂਚੀ ਵਿਚੋਂ ਹਰੇਕ ਨਾਲ ਸੰਪਰਕ ਕਰ ਚੁੱਕੀ ਹੈ, ਪਰ ਉਸਨੂੰ ਫ਼ਿਲਹਾਲ ਤੱਕ ਕਿਤੋਂ ਜਵਾਬ ਨਹੀਂ ਆਇਆ ਹੈ।

ਅਕਬਰੀ ਨੇ ਦੱਸਿਆ ਕਿ ਉਹ ਔਰਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਇੱਕ ਡਿਫ਼ੈਂਸ ਵਕੀਲ ਸੀ, ਜਿਸ ਕਰਕੇ ਉਹ ਤਾਲਿਬਾਨ ਦੇ ਨਿਸ਼ਾਨੇ ‘ਤੇ ਸੀ।

ਤਾਲਿਬਾਨ ਤੋਂ ਬਚਣ ਦੇ ਯਤਨਾਂ ਦਾ ਵੇਰਵਾ ਦਿੰਦਿਆਂ ਅਕਬਰੀ ਨੇ ਕਿਹਾ, ਮੈਂ ਇੱਕ ਰਾਤ ਆਪਣੇ ਮਾਂ-ਬਾਪ ਦੇ ਘਰ ਚਲੀ ਜਾਂਦੀ, ਅਗਲੀ ਰਾਤ ਆਪਣੇ ਘਰ, ਫ਼ਿਰ ਕਿਸੇ ਰਾਤ ਰਿਸ਼ਤੇਦਾਰ ਦੇ ਘਰ

ਉਸਦਾ ਪਤੀ ਜ਼ਕਰੀਆ ਇਲਹਾਨ ਹਜ਼ਾਰਾ ਸ਼ੀਆ ਹੈ। ਉਸਨੇ ਕਿਹਾ, ਤਾਲਿਬਾਨ ਸਾਡੀ ਬਿਰਾਦਰੀ ਨੂੰ ਖ਼ਤਮ ਕਰਨਾ ਚਾਹੁੰਦਾ ਹੈ

ਦੋਵਾਂ ਨੂੰ ਡਰ ਹੈ ਕਿ ਕੈਨੇਡਾ ਪਹੁੰਚਣ ਤੋਂ ਪਹਿਲਾਂ ਉਹਨਾਂ ਦਾ ਅਬੁ ਧਾਬੀ ਨਾਲ ਅਸਥਾਈ ਮਨੁੱਖਤਾਵਾਦੀ ਸਮਝੌਤਾ ਕਿਤੇ ਸਮਾਪਤ ਨਾ ਹੋ ਜਾਵੇ। 

ਪ੍ਰਾਈਵੇਟ ਸਪੌਂਸਰ ਮਦਦ ਦੇਣ ਦੀ ਉਡੀਕ ‘ਚ

ਨੇਟੋ (NATO) ਦੇ ਸਾਬਕਾ ਸਟ੍ਰੀਟਜਿਕ ਸਲਾਹਕਾਰ ਅਤੇ ਪੌਲਿਟਿਕਲ ਐਨਾਲਿਸਟ ਜ਼ੋਬੈਰ ਦੀਨ ਨੇ ਇਸ ਡਰ ਨੂੰ ਵਾਜਬ ਆਖਿਆ। 

ਦੀਨ ਨੇ ਦੱਸਿਆ ਕਿ ਉਹ ਕਈ ਅਫਗ਼ਾਨਾਂ ਨੂੰ ਪ੍ਰਾਈਵੇਟ ਸਪੌਂਸਰਸ਼ਿਪ ਰਾਹੀਂ ਕੈਨੇਡਾ ਲਿਆਉਣ ਦੇ ਜਤਨ ਕਰ ਰਿਹਾ ਹੈ। ਉਸਨੇ ਦੱਸਿਆ ਕਿ ਕਈ ਅਫ਼ਗ਼ਾਨ ਪਹਿਲਾਂ ਹੀ ਤੀਸਰੇ ਦੇਸ਼ ਪਹੁੰਚ ਚੁੱਕੇ ਹਨ ਪਰ ਉਹਨਾਂ ਨੂੰ ਨਹੀਂ ਪਤਾ ਕਿ ਉਹ ਉੱਥੇ ਕਿੰਨਾ ਚਿਰ ਰਹਿ ਸਕਦੇ ਹਨ।

24 ਅਗਸਤ 2021 ਨੂੰ ਅਫ਼ਗ਼ਾਨਿਸਤਾਨ ਵਿਚ ਕੈਨੇਡੀਅਨ ਫ਼ੌਜਾਂ ਦੀ ਮਦਦ ਕਰਨ ਵਾਲੇ ਅਫਗ਼ਾਨੀ ਟੋਰੌਂਟੋ ਏਅਰਪੋਰਟ ਪਹੁੰਚਦੇ ਹੋਏ।

24 ਅਗਸਤ 2021 ਨੂੰ ਅਫ਼ਗ਼ਾਨਿਸਤਾਨ ਵਿਚ ਕੈਨੇਡੀਅਨ ਫ਼ੌਜਾਂ ਦੀ ਮਦਦ ਕਰਨ ਵਾਲੇ ਅਫਗ਼ਾਨੀ ਟੋਰੌਂਟੋ ਏਅਰਪੋਰਟ ਪਹੁੰਚਦੇ ਹੋਏ।

ਤਸਵੀਰ: (MCpl. Genevieve Lapointe/Canadian Forces Combat Camera/Canadian Armed Forces Photo/Handout/Reuters)

ਦੀਨ ਨੇ ਕਿਹਾ, ਤੀਸਰੇ ਦੇਸ਼ ਦੀਆਂ ਸਰਕਾਰਾਂ ਜਾਂ ਤਾਂ ਉਹਨਾਂ ਨੂੰ ਮੁਲਕੋਂ ਬਾਹਰ ਕਰਨ ਲਈ ਧੱਕ ਰਹੀਆਂ ਹਨ ਜਾਂ ਉਹਨਾਂ ਨੂੰ ਉਹਨਾਂ ਦੇ ਮੂਲ ਦੇਸ਼ ਨੂੰ ਡਿਪੋਰਟ ਕਰਨਾ ਚਾਹੁੰਦੀਆਂ ਹਨ। ਇਸ ਕਰਕੇ ਇਹ ਸੋਚਣਾ ਕਿ ਇਹ ਸ਼ਰਨਾਰਥੀ ਸੁਰੱਖਿਅਤ ਹੋਣਗੇ, ਬੇਇਨਸਾਫ਼ੀ ਹੋਵੇਗੀ

ਦੀਨ ਮੁਤਾਬਕ ਜੇ ਇਹਨਾਂ ਸ਼ਰਨਾਰਥੀਆਂ ਨੂੰ ਵਾਪਸ ਅਫ਼ਗ਼ਾਨਿਸਤਾਨ ਜਾਣਾ ਪੈ ਗਿਆ ਤਾਂ ਇਹ ਬਹੁਤ ਤਸੀਹੇ ਸਹਿਣਗੇ। 

ਉਸਨੇ ਕੈਨੇਡਾ ਵੱਲੋਂ ਕਾਬੁਲ ਵਿਚ ਕੂਟਨੀਤਕ ਮੌਜੂਦਗੀ ਦੀ ਘਾਟ ਨੂੰ ਦੇਰੀ ਦਾ ਕਾਰਨ ਦੱਸੇ ਜਾਣ ‘ਤੇ ਹੈਰਾਨੀ ਜ਼ਾਹਰ ਕੀਤੀ। 

ਉਸਨੇ ਕਿਹਾ ਕਿ ਉਹ ਕਾਬੁਲ ਵਿਚ ਕੈਨੇਡੀਅਨ ਦੂਤਾਵਾਸ ਖੁਲਣ ਦੀ ਉਮੀਦ ਨਹੀਂ ਕਰ ਰਹੇ। ਪਰ ਉਸ ਪੁੱਛਿਆ ਕਿ ਅਬੁਧਾਬੀ, ਪਾਕਿਸਤਾਨ ਅਤੇ ਭਾਰਤ ਵਰਗੇ ਦੇਸ਼ਾਂ ਤੋਂ ਅਰਜ਼ੀਆਂ ਪ੍ਰੋਸੈਸ ਹੋਣ ਵਿਚ ਦੇਰੀ ਕਿਉਂ ਹੋ ਰਹੀ ਹੈ। 

ਦੀਨ ਨੇ ਕਿਹਾ ਕਿ ਉਹ ਦਰਜਨਾਂ ਪ੍ਰਾਈਵੇਟ ਸਪੌਂਸਰਾਂ ਤੋਂ ਵਾਕਫ਼ ਹੈ ਜਿਹਨਾਂ ਨੇ ਮਦਦ ਕਰਨ ਲਈ ਕੈਨੇਡਾ ਸਰਕਾਰ ਨਾਲ ਸੰਪਰਕ ਕੀਤਾ ਪਰ ਉਨ੍ਹਾਂ ਨੂੰ ਕੋਈ ਸਪੱਸ਼ਟ ਨਿਰਦੇਸ਼ ਨਹੀਂ ਮਿਲੇ ।

ਸੀਬੀਸੀ ਨਿਊਜ਼ ਨੂੰ ਜਾਰੀ ਇੱਕ ਬਿਆਨ ਵਿੱਚ, ਕੈਨੇਡਾ ਦੀ ਸਪੌਂਸਰਸ਼ਿਪ ਅਗਰੀਮੈਂਟ ਹੋਲਡਰਜ਼ ਅਸੋਸੀਏਸ਼ਨ ਕੌਂਸਲ ਦੀ ਚੇਅਰ ਕੈਲੀ ਪੇਰੇਜ਼ ਨੇ ਕਿਹਾ ਕਿ ਫ਼ੈਡਰਲ ਸਰਕਾਰ ਨੇ ਪ੍ਰਾਈਵੇਟ ਸਪੌਂਸਰਾਂ ਨੂੰ ਸ਼ੁਰੂਆਤੀ 20,000 ਸ਼ਰਨਾਰਥੀਆਂ ਵਿੱਚੋਂ 7,000 ਨੂੰ ਕੈਨੇਡਾ ਲਿਆਉਣ ਲਈ ਆਖਿਆ ਹੈ। ਇਨ੍ਹਾਂ ਵਿੱਚੋਂ 3,000 ਦੇ ਦਸੰਬਰ 2023 ਤੱਕ ਕੈਨੇਡਾ ਆਉਣ ਦੀ ਸੰਭਾਵਨਾ ਹੈ।

ਪੇਰੇਜ਼ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਕੀਤੇ ਗਏ 20,000 ਵਾਧੂ ਸ਼ਰਨਾਰਥੀਆਂ ਨੂੰ ਕੈਨੇਡਾ ਲਿਆਉਣ ਦੇ ਤਹੱਈਏ ਬਾਰੇ ਫ਼ਿਲਹਾਲ ਕੋਈ ਯੋਜਨਾ ਨਜ਼ਰ ਨਹੀਂ ਆ ਰਹੀ ਹੈ। ਉਹਨਾਂ ਦੱਸਿਆ ਕਿ ਫ਼ੈਡਰਲ ਸਰਕਾਰ ਨਾਲ ਗੱਲਬਾਤ ਜਾਰੀ ਹੈ।

ਬੀਤੇ ਵੀਰਵਾਰ ਕੈਨੇਡਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਨਿੱਜੀ ਸਪੌਂਸਰਸ਼ਿਪ ਰਾਹੀਂ 250 ਅਫ਼ਗ਼ਾਨ ਸ਼ਰਨਾਰਥੀ ਟੋਰੌਂਟੋ ਦੇ ਪੀਅਰਸਨ ਏਅਰਪੋਰਟ ‘ਤੇ ਪਹੁੰਚੇ ਹਨ।

ਹਾਊਸ ਆਫ਼ ਕਾਮਨਜ਼ ਵਿਚ ਕੁਐਸ਼ਚਨ ਪੀਰੀਅਡ ਦੌਰਾਨ ਫ਼੍ਰੇਜ਼ਰ ਨੇ ਦੱਸਿਆ ਸੀ, ਕਿ ਇਸ ਹਫ਼ਤੇ ਦੇ ਅਖ਼ੀਰ ਤੱਕ 520 ਹੋਰ ਰਿਫ਼ਿਊਜੀਆਂ ਦੇ ਕੈਨੇਡਾ ਪਹੁੰਚਣ ਦੀ ਸੰਭਾਵਨਾ ਹੈ।

ਰਫ਼ੀ ਬੁਦਜੀਕਾਨੀਆਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ