1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਯੂ.ਐਸ. ਰਾਜਨੀਤੀ

ਕੈਨੇਡਾ ਸਮੇਤ ਸਾਰੇ ਵਿਦੇਸ਼ੀ ਯਾਤਰੀਆਂ ਨੂੰ ਯੂਐਸ ਜਾਣ ਤੋਂ ਇਕ ਦਿਨ ਪਹਿਲਾਂ ਕਰਾਉਣਾ ਪਵੇਗਾ ਕੋਵਿਡ ਟੈਸਟ

6 ਦਸੰਬਰ ਤੋਂ ਨਵੇਂ ਨਿਯਮ ਲਾਗੂ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ

ਓਮੀਕਰੌਨ ਵੇਰੀਐਂਟ ਤੋਂ ਬਾਅਦ ਯੂ ਐਸ ਦੀ ਨਵੀਂ ਨੀਤੀ ਦਾ ਐਲਾਨ ਕਰਦੇ ਹੋਏ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ।

ਤਸਵੀਰ: Associated Press / Evan Vucci

RCI

ਯੂ ਐਸ ਜਾਣ ਵਾਲੇ ਕੈਨੇਡੀਅਨਜ਼ ਅਤੇ ਹੋਰ ਵਿਦੇਸ਼ੀ ਯਾਤਰੀਆਂ ਨੂੰ, ਆਪਣਾ ਜਹਾਜ਼ ਚੜ੍ਹਨ ਤੋਂ ਇੱਕ ਦਿਨ ਪਹਿਲਾਂ ਕੋਵਿਡ ਟੈਸਟ ਕਰਵਾਉਣਾ ਜ਼ਰੂਰੀ ਹੋਵੇਗਾ। ਮੁਕੰਮਲ ਵੈਕਸੀਨੇਸ਼ਨ ਕਰਵਾ ਚੁੱਕੇ ਲੋਕਾਂ ਨੂੰ ਵੀ ਇਸ ਨਵੇਂ ਨਿਯਮ ਤੋਂ ਛੋਟ ਨਹੀਂ ਦਿੱਤੀ ਗਈ ਹੈ।

ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇਸ ਨਵੇਂ ਨਿਯਮ ਦਾ ਐਲਾਨ ਕੀਤਾ। 

ਹੁਣ ਤੱਕ ਹਵਾਈ ਸਫ਼ਰ ਰਾਹੀਂ ਯੂ ਐਸ ਪਹੁੰਚਣ ਵਾਲੇ ਯਾਤਰੀਆਂ ਲਈ ਮੁਲਕ ਚ ਦਾਖ਼ਲ ਹੋਣ ਤੋਂ ਪਹਿਲਾਂ, 72 ਘੰਟੇ ਦੇ ਅੰਦਰ ਅੰਦਰ ਕਰਵਾਏ ਗਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦੇਣਾ ਜ਼ਰੂਰੀ ਹੁੰਦੀ ਸੀ, ਪਰ ਹੁਣ ਇਸ 72 ਘੰਟਿਆਂ ਦੀ ਸ਼ਰਤ ਨੂੰ ‘ਇੱਕ ਦਿਨ ਪਹਿਲਾਂ’ ਵਿਚ ਬਦਲ ਦਿੱਤਾ ਗਿਆ ਹੈ। 

ਨਾਂ ਗੁਪਤ ਰੱਖਣ ਦੀ ਸ਼ਰਤ ‘ਤੇ ਇੱਕ ਅਧਿਕਾਰੀ ਨੇ ਸੀਬੀਸੀ ਨੂੰ ਪੁਸ਼ਟੀ ਕੀਤੀ ਹੈ ਕਿ ਜ਼ਮੀਨੀ ਸਰਹੱਦ ਰਾਹੀਂ ਅਮਰੀਕਾ ਜਾਣ ਵਾਲੇ ਯਾਤਰੀਆਂ ‘ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ। 

ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰਵਾ ਚੁੱਕੇ ਯਾਤਰੀਆਂ ਨੂੰ ਜ਼ਮੀਨੀ ਸਰਹੱਦ ਰਾਹੀਂ ਯੂ ਐਸ ਦਾਖ਼ਲ ਹੋਣ ਵੇਲੇ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣ ਦੀ ਜ਼ਰੂਰਤ ਨਹੀਂ ਹੈ, ਪਰ ਬਾਰਡਰ ਅਧਿਕਾਰੀ ਵੱਲੋਂ ਮੰਗੇ ਜਾਣ ‘ਤੇ ਯਾਤਰੀਆਂ ਨੂੰ ਵੈਕਸੀਨੇਸ਼ਨ ਦਾ ਪ੍ਰੂਫ਼ ਦਿਖਾਉਣਾ ਜ਼ਰੂਰੀ ਕੀਤਾ ਗਿਆ ਹੈ। ਇਹ ਨਿਯਮ 8 ਨਵੰਬਰ ਤੋਂ ਗ਼ੈਰ-ਜ਼ਰੂਰੀ ਯਾਤਰਾ ਲਈ ਵੀ ਯੂ ਐਸ ਬਾਰਡਰ ਖੁੱਲਣ ‘ਤੇ ਲਾਗੂ ਕੀਤਾ ਗਿਆ ਸੀ।

8 ਨਵੰਬਰ ਨੂੰ ਨਿਊਯੌਰਕ ਦੇ ਜੌਨ ਐਫ਼ ਕੈਨੇਡੀ ਹਵਾਈ ਅੱਡੇ 'ਤੇ ਪਹੁੰਚਦੇ ਯਾਤਰੀ। 6 ਦਸੰਬਰ ਤੋਂ ਯੂ ਐਸ ਪਹੁੰਚ ਰਹੇ ਸਾਰੇ ਵਿਦੇਸ਼ੀ ਯਾਤਰੀਆਂ ਨੂੰ ਇੱਕ ਦਿਨ ਪਹਿਲਾਂ ਕਰਵਾਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੋਵੇਗੀ।

8 ਨਵੰਬਰ ਨੂੰ ਨਿਊਯੌਰਕ ਦੇ ਜੌਨ ਐਫ਼ ਕੈਨੇਡੀ ਹਵਾਈ ਅੱਡੇ 'ਤੇ ਪਹੁੰਚਦੇ ਯਾਤਰੀ। 6 ਦਸੰਬਰ ਤੋਂ ਯੂ ਐਸ ਪਹੁੰਚ ਰਹੇ ਸਾਰੇ ਵਿਦੇਸ਼ੀ ਯਾਤਰੀਆਂ ਨੂੰ ਇੱਕ ਦਿਨ ਪਹਿਲਾਂ ਕਰਵਾਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣੀ ਜ਼ਰੂਰੀ ਹੋਵੇਗੀ।

ਤਸਵੀਰ: Reuters / Eduardo Munoz

ਕੈਨੇਡਾ ਦਾਖ਼ਲ ਹੋ ਰਹੇ ਸਾਰੇ ਯਾਤਰੀਆਂ ਨੂੰ 72 ਘੰਟਿਆਂ ਦੇ ਵਿਚ-ਵਿਚ ਕਰਵਾਏ ਮੌਲੀਕਿਊਲਰ ਕੋਵਿਡ ਟੈਸਟ, ਜਿਵੇਂ ਪੀਸੀਆਰ ਟੈਸਟ, ਦੀ ਨੈਗਟਿਵ ਰਿਪੋਰਟ ਦਿਖਾਉਣਾ ਜ਼ਰੂਰੀ ਹੈ, ਭਾਵੇਂ ਯਾਤਰੀ ਹਵਾਈ ਮਾਧਿਅਮ ਰਾਹੀਂ ਕੈਨੇਡਾ ਪਹੁੰਚ ਰਹੇ ਹੋਣ ਤੇ ਜਾਂ ਫ਼ਿਰ ਜ਼ਮੀਨੀ ਸਰਹੱਦ ਰਾਹੀਂ ਕੈਨੇਡਾ ਦਾਖ਼ਲ ਹੋ ਰਹੇ ਹੋਣ।

ਹਾਲਾਂਕਿ 30 ਨਵੰਬਰ ਤੋਂ ਕੈਨੇਡਾ ਨੇ ਇਹਨਾਂ ਨਿਯਮਾਂ ਵਿਚ ਕੁਝ ਤਬਦੀਲੀ ਵੀ ਕੀਤੀ ਹੈ। ਛੋਟੀਆਂ ਵਿਦੇਸ਼ੀ ਟ੍ਰਿਪਸ ‘ਤੇ ਜਾਣ ਵਾਲੇ ਪੂਰੀ ਵੈਕਸੀਨੇਸ਼ਨ ਵਾਲੇ ਕੈਨੇਡੀਅਨਜ਼ ਨੂੰ, ਕੈਨੇਡਾ ਵਾਪਸੀ ਵੇਲੇ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦੀ ਜ਼ਰੂਰਤ ਨਹੀਂ ਹੈ। ਆਪਣੀ ਯਾਤਰਾ ਪੂਰੀ ਕਰ, 72 ਘੰਟਿਆਂ ਦੇ ਅੰਦਰ ਅੰਦਰ ਕੈਨੇਡਾ ਵਾਪਸ ਆਉਣ ਵਾਲੇ, ਪੂਰੀ ਵੈਕਸੀਨੇਸ਼ਨ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਾਂ ਲਈ ਇਹ ਛੋਟ ਲਾਗੂ ਕਰ ਦਿੱਤੀ ਗਈ ਹੈ। 

ਆਉਂਦੀਆਂ ਸਰਦੀਆਂ ਦੌਰਾਨ ਯੂ ਐਸ ਨੂੰ ਕੋਵਿਡ ਦੇ ਫੈ਼ਲਾਅ ਤੋਂ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਟ੍ਰਾਂਸਪੋਰਟੇਸ਼ਨ ਸਿਕਿਊਰਟੀ ਪ੍ਰਸ਼ਾਸਨ ਨੇ ਟ੍ਰਾਂਜ਼ਿਟ ਵਿਚ ਲਾਜ਼ਮੀ ਮਾਸਕ ਦੀ ਨੀਤੀ ਨੂੰ 18 ਮਾਰਚ ਤੱਕ ਵਧਾ ਦਿੱਤਾ ਹੈ। ਘਰੇਲੂ ਉਡਾਣਾਂ, ਰੇਲਾਂ ਅਤੇ ਪਬਲਿਕ ਟ੍ਰਾਂਸਪੋਰਟ ਵਿਚ ਸਫ਼ਰ ਦੌਰਾਨ, ਲੋਕਾਂ ਲਈ ਮਾਸਕ ਪਹਿਨਣਾ ਲਾਜ਼ਮੀ ਰਹੇਗਾ। 

ਦਸ ਨੁਕਤਿਆਂ ਦੀ ਇਸ ਨਵੀਂ ਨੀਤੀ  (ਨਵੀਂ ਵਿੰਡੋ)ਵਿਚ ਕੁਝ ਹੇਠ ਲਿਖੇ ਅੰਸ਼ ਵੀ ਸ਼ਾਮਲ ਹਨ :

  • ਬੂਸਟਰ ਸ਼ੌਟਸ ਨੂੰ ਵਧਾਉਣ ਦੀ ਯੋਜਨਾ ਜਿਸ ਵਿਚ ਤਕਰੀਬਨ 100 ਮਿਲੀਅਨ ਯੋਗ ਅਮਰੀਕੀਆਂ ਨੂੰ ਇਸ ਬੂਸਟਰ ਡੋਜ਼ ਲਈ ਰਜ਼ਾਮੰਦ ਕਰਨਾ
  • ਪੂਰੇ ਪਰਿਵਾਰ ਦੀ ਵੈਕਸੀਨੇਸ਼ਨ ਲਈ ਨਵੇਂ ਪਰਿਵਾਰਕ ਵੈਕਸੀਨ ਕਲੀਨਿਕਸ ਦੀ ਤਿਆਰੀ
  • ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਸੁਰੱਖਿਅਤ ਢੰਗ ਨਾਲ ਵੈਕਸੀਨੇਸ਼ਨ ਦੀ ਦਰ ਵਿਚ ਵਾਧਾ
  • ਘਰਾਂ ਵਿਚ ਟੈਸਟ ਕਿੱਟਸ ਉਪਲਬਧ ਕਰਵਾਉਣੀਆਂ
  • ਓਮੀਕਰੌਨ ਵੇਰੀਐਂਟ ਖ਼ਿਲਾਫ਼ ਬਿਹਤਰ ਤਰੀਕੇ ਨਾਲ ਤਿਆਰ ਰਹਿਣਾ

ਯੂ ਐਸ ਵਿਚ ਓਮੀਕਰੌਨ ਦੇ ਮਾਮਲੇ

ਬਾਈਡਨ ਦੇ ਇਸ ਐਲਾਨ ਤੋਂ ਇੱਕ ਦਿਨ ਪਹਿਲਾਂ ਯੂ ਐਸ ਵਿਚ ਓਮੀਕਰੌਨ ਵੇਰੀਐਂਟ ਦਾ ਪਹਿਲਾ ਮਾਮਲਾ ਰਿਪੋਰਟ ਕੀਤਾ ਗਿਆ ਸੀ। ਸੈਨ ਫ਼੍ਰੈਂਸਿਸਕੋ ਦਾ ਇਹ ਸ਼ਖ਼ਸ 22 ਨਵੰਬਰ ਨੂੰ ਸਾਊਥ ਅਫ਼ਰੀਕਾ ਤੋਂ ਵਾਪਸ ਆਇਆ ਸੀ।

ਵੀਰਵਾਰ ਨੂੰ ਮਿਨੇਸੋਟਾ ਵਿਚ ਹੈਲਥ ਅਧਿਕਾਰੀਆਂ ਨੇ ਓਮੀਕਰੌਨ ਦੇ ਦੂਸਰੇ ਕੇਸ ਦੀ ਪੁਸ਼ਟੀ ਕੀਤੀ ਸੀ। ਇਸ ਮਰੀਜ਼ ਦੀ ਵੈਕਸੀਨੇਸ਼ਨ ਮੁਕੰਮਲ ਹੋ ਚੁੱਕੀ ਸੀ ਅਤੇ ਇਸਨੇ ਇੱਕ ਕਨਵੈਂਸ਼ਨ ਵਿਚ ਸ਼ਿਰਕਤ ਕੀਤੀ ਸੀ। 

ਇਸ ਕਨਵੈਂਸ਼ਨ ਵਿਚ ਸ਼ਰੀਕ ਹੋਣ ਵਾਲੇ ਲੋਕਾਂ ਤੋਂ ਇਲਾਵਾ ਵੀ, ਨਿਊ ਯੌਰਕ ਦੇ ਹੈਲਥ ਅਧਿਕਾਰੀਆਂ ਨੂੰ ਨਵੇਂ ਵੇਰੀਐਂਟ ਦੇ ਪੰਜ ਹੋਰ ਮਰੀਜ਼ ਮਿਲੇ ਹਨ।

ਨਿਊ ਯੌਰਕ ਦੇ ਮੇਅਰ ਬਿਲ ਦੇ ਬਲਾਸਿਓ ਦਾ ਕਹਿਣਾ ਹੈ ਕਿ ਪੌਜ਼ਿਟਿਵ ਕੇਸਾਂ ਦਾ ਭੂਗੋਲਿਕ ਪਸਾਰ ਇਸ ਗੱਲ ਦਾ ਇਸ਼ਾਰਾ ਹੈ ਕਿ ਨਵੇਂ ਵੇਰੀਐਂਟ ਦਾ ਸਬੰਧ ਕਿਸੇ ਇੱਕ ਆਯੋਜਨ ਨਾਲ ਨਹੀਂ ਹੈ, ਸਗੋਂ ਇਹ ਹੁਣ ਆਮ ਆਬਾਦੀ ਵਿਚ ਫ਼ੈਲਣ ਲੱਗ ਪਿਆ ਹੈ। 

ਸਾਊਥ ਅਫ਼ਰੀਕਾ ਦੀ ਯਾਤਰਾ ਤੋਂ ਮੁੜੀ ਕੋਲਾਰਾਡੋ ਦੀ ਵੀ ਇੱਕ ਔਰਤ ਓਮੀਕਰੌਨ ਵੇਰੀਐਂਟ ਦੀ ਜ਼ਦ ਵਿਚ ਆਈ ਰਿਪੋਰਟ ਹੋਈ ਹੈ।

ਯੂ ਐਸ ਵਿਚ ਕੋਵਿਡ ਦੇ ਡੈਲਟਾ ਵੇਰੀਐਂਟ ਕਰਕੇ, ਅਗਸਤ ਅਤੇ ਸਤੰਬਰ ਵਿਚ ਨਵੇਂ ਕੋਵਿਡ ਕੇਸਾਂ ਅਤੇ ਮੌਤਾਂ ਦੇ ਸਿੱਖਰ ਵਿਚ ਹੁਣ ਤਕਰੀਬਨ ਅੱਧ ਤੱਕ ਦੀ ਕਟੌਤੀ ਹੋ ਚੁੱਕੀ ਹੈ, ਪਰ ਹਰ ਰੋਜ਼ ਕੋਵਿਡ ਦੇ ਔਸਤਨ 86,000 ਨਵੇਂ ਮਾਮਲਿਆਂ ਕਾਰਨ ਸਥਿਤੀ ਅਜੇ ਵੀ ਠੀਕ ਨਹੀਂ ਹੈ - ਸਗੋਂ ਆਉਂਦੇ ਛੁੱਟੀਆਂ ਦੇ ਸੀਜ਼ਨ ਦੌਰਾਨ ਲੋਕਾਂ ਦੇ ਮੇਲ ਮਿਲਾਪ ਦੇ ਸੰਭਾਵਿਤ ਵਾਧਿਆਂ ਕਾਰਨ ਸਥਿਤੀ ਦੇ ਹੋਰ ਚੁਣੌਤੀਪੂਰਣ ਹੋ ਜਾਣ ਦਾ ਖ਼ਦਸ਼ਾ ਹੈ।

ਸੁਰਖੀਆਂ