1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਰੁਜ਼ਗਾਰ

ਨਵੰਬਰ ਵਿਚ ਕੈਨੇਡੀਅਨ ਇਕੌਨਮੀ ਵਿਚ ਪੈਦਾ ਹੋਈਆਂ 154,000 ਨਵੀਆਂ ਨੌਕਰੀਆਂ

ਮਹਾਮਾਰੀ ਤੋਂ ਪਹਿਲਾਂ ਦੀ ਤੁਲਨਾ ਵਿਚ ਕੈਨੇਡਾ ਵਿਚ ਰੁਜ਼ਗਾਰ ਪ੍ਰਾਪਤ ਲੋਕਾਂ ਦੀ ਗਿਣਤੀ ਵਧੀ

Isang staff wanted sign ipinaskil sa bintana ng restaurant.

ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡੀਅਨ ਅਰਥਚਾਰੇ ਵਿਚ ਪਿਛਲੇ ਮਹੀਨੇ ਉਮੀਦ ਨਾਲੋਂ ਕਿਤੇ ਵੱਧ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ।

ਤਸਵੀਰ: Bloomberg / Chris Ratcliffe

RCI

ਕੈਨੇਡੀਅਨ ਅਰਥਚਾਰੇ ਵਿਚ ਲੰਘੇ ਮਹੀਨੇ ਉਮੀਦਾਂ ਅਤੇ ਅਨੁਮਾਨਾਂ ਤੋਂ ਵੱਧ 154,000 ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ ਅਤੇ ਬੇਰੁਜ਼ਗਾਰੀ ਦਰ ਵੀ ਘਟ ਕੇ 6 ਫ਼ੀਸਦੀ ‘ਤੇ ਪਹੁੰਚ ਗਈ ਹੈ।

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਅਨੁਸਾਰ ਬੇਰੁਜ਼ਗਾਰੀ ਦਰ ਵਿਚ 0.7 ਫ਼ੀਸਦੀ ਕਮੀ ਆਈ ਹੈ। ਮਹਾਮਾਰੀ ਸ਼ੁਰੂ ਹੋਣ ਦੇ ਬਾਅਦ, ਇਹ ਹੁਣ ਤੱਕ ਦੀ ਸਭ ਤੋਂ ਘੱਟ ਬੇਰੁਜ਼ਗਾਰੀ ਦਰ ਹੈ। ਕੋਵਿਡ ਤੋਂ ਪਹਿਲਾਂ, ਫ਼ਰਵਰੀ 2020 ਵਿਚ, ਕੈਨੇਡਾ ਦੀ ਬੇਰਜ਼ਗਾਰੀ ਦਰ 5.7 ਫ਼ੀਸਦੀ ਸੀ। ਮਈ 2020 ਵਿਚ ਇਹ ਬੇਰੁਜ਼ਗਾਰੀ ਦਰ 13.7 ਫ਼ੀਸਦੀ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਈ ਸੀ, ਪਰ ਉਸਤੋਂ ਬਾਅਦ ਇਹ ਲਗਾਤਾਰ ਘਟ ਰਹੀ ਹੈ।

ਸਟੈਟਕੈਨ ਮੁਤਾਬਕ ਨਵੰਬਰ ਮਹੀਨੇ ਵਿਚ 19.3 ਮਿਲੀਅਨ ਲੋਕਾਂ ਕੋਲ ਨੌਕਰੀ ਰਿਕਾਰਡ ਕੀਤੀ ਗਈ ਹੈ। ਮਹਾਮਾਰੀ ਤੋਂ ਪਹਿਲਾਂ ਦੀਆਂ ਕੁਲ ਨੌਕਰੀਆਂ ਦੇ ਮੁਕਾਬਲੇ, ਮੌਜੂਦਾ ਅੰਕੜਿਆਂ ਵਿਚ 183,000 ਜ਼ਿਆਦਾ ਨੌਕਰੀਆਂ ਦਰਜ ਹੋਈਆਂ ਹਨ।

ਕੰਮ ਦੇ ਘੰਟਿਆਂ ਅਤੇ ਤਨਖ਼ਾਹਾਂ ਵਿਚ ਵਾਧਾ

ਤਨਖ਼ਾਹ ਦੇ ਨੁਕਤੇ ਤੋਂ ਵੀ ਸਟੈਟਕੈਨ ਦੇ ਅੰਕੜਿਆਂ ਨੇ ਚੰਗੀ ਤਸਵੀਰ ਪੇਸ਼ ਕੀਤੀ। ਨਵੰਬਰ ਮਹੀਨੇ ਦੀਆਂ ਤਨਖ਼ਾਹਾਂ ਵਿਚ, ਬੀਤੇ ਦੋ ਸਾਲ ਦੀ ਤੁਲਨਾ ਵਿਚ, 7.7 ਫ਼ੀਸਦੀ ਦਾ ਵਾਧਾ ਦਰਜ ਹੋਇਆ। 

ਨਵੰਬਰ ਵਿਚ ਪ੍ਰਤੀ ਘੰਟਾ ਉਜਰਤ ਦੀ ਔਸਤ 30.40 ਡਾਲਰ ਦਰਜ ਕੀਤੀ ਗਈ। ਦੋ ਸਾਲ ਪਹਿਲਾਂ ਦੀ ਪ੍ਰਤੀ ਘੰਟਾ ਔਸਤ ਵੇਜ ਵਿਚ ਇਹ 2.18 ਡਾਲਰ ਦਾ ਵਾਧਾ ਹੈ।

ਤਨਖ਼ਾਹ ਵਾਧੇ ਵਰਕਰਾਂ ਲਈ ਤਾਂ ਚੰਗੇ ਹਨ, ਪਰ ਉਹਨਾਂ ਦੇ ਸਿਰਾਂ ‘ਤੇ ਮਹਿੰਗਾਈ ਦੀ ਦੋ ਧਾਰੀ ਤਲਵਾਰ ਵੀ ਲਟਕ ਰਹੀ ਹੈ। ਅੰਕੜਿਆਂ ਮੁਤਾਬਕ ਪਿਛਲੇ ਦੋ ਸਾਲ ਦੇ ਮੁਕਾਬਲੇ ਕੀਮਤਾਂ ਵਿਚ 5.3 ਫ਼ੀਸਦੀ ਦਾ ਵਾਧਾ ਹੋ ਚੁੱਕਾ ਹੈ।

ਹਿਊਮਨ ਰਿਸੋਰਸ ਕੰਪਨੀ LHH ਦੀ ਚੀਫ਼ ਰੈਵਨਿਊ ਔਫ਼ਿਸਰ ਤਾਨਯਾ ਗਲੀਸਨ ਨੇ ਕਿਹਾ ਕਿ ਨੌਕਰੀਆਂ ਵਿਚ ਵਾਧਾ ਇਸ ਕਰਕੇ ਵੀ ਦਰਜ ਹੋਇਆ ਹੈ ਕਿਉਂਕਿ ਹਰ ਚੀਜ਼ ਦੀ ਕੀਮਤ ਵਧ ਗਈ ਹੈ ਅਤੇ ਉਸਨੂੰ ਝੱਲਣ ਲਈ ਲੋਕਾਂ ਨੂੰ ਵੱਧ ਪੈਸਿਆਂ ਦੀ ਜ਼ਰੂਰਤ ਹੈ।

ਲੰਬੇ ਸਮੇਂ ਦੀ ਬੇਰੁਜ਼ਗਾਰੀ

ਲੰਬੇ ਸਮੇਂ ਦੀ ਬੇਰੁਜ਼ਗਾਰੀ ਤੋਂ ਭਾਵ - ਉਹ ਲੋਕ ਹਨ ਜੋ ਲਗਾਤਾਰ 27 ਹਫ਼ਤਿਆਂ ਜਾਂ 6 ਮਹੀਨਿਆਂ ਤੋਂ ਨੌਕਰੀ ਦੇ ਬਗ਼ੈਰ ਹੋਣ। ਮਹਾਮਾਰੀ ਤੋਂ ਪਹਿਲਾਂ ਅਜਿਹੇ ਲੋਕਾਂ ਦੀ ਤਾਦਾਦ 15 ਫ਼ੀਸਦੀ ਸੀ ਪਰ 2020 ਵਿਚ ਇਹ ਤਾਦਾਦ ਦੁੱਗਣੀ ਨਾਲੋਂ ਵੀ ਵਧ ਗਈ ਸੀ।

ਪਰ ਨਵੰਬਰ ਮਹੀਨੇ ਵਿਚ ਲੰਬੇ ਸਮੇਂ ਦੀ ਬੇਰੁਜ਼ਗਾਰੀ ਵਿਚ ਵੀ ਅਖ਼ੀਰ ਕਮੀ ਆਉਣ ਦੇ ਸੰਕੇਤ ਮਿਲੇ ਹਨ। ਇਸ ਸ਼੍ਰੇਣੀ ਵਿਚ ਆਉਂਦੇ 62,000 ਤੋਂ ਵੱਧ ਲੋਕਾਂ ਨੂੰ ਨਵੰਬਰ ਮਹੀਨੇ ਵਿਚ ਕੰਮ ਮਿਲ ਗਿਆ ਹੈ। ਇਹਨਾਂ ਵਿਚੋਂ 56,000 ਦੇ ਕਰੀਬ ਲੋਕ ਪਿਛਲੇ ਇੱਕ ਸਾਲ ਤੋਂ ਵੱਧ ਦੇ ਸਮੇਂ ਤੋਂ ਬੇਰੁਜ਼ਗਾਰ ਸਨ।

ਕੰਸਲਟਿੰਗ ਕੰਪਨੀ RSM Canada ਦੇ ਅਰਥਸ਼ਾਤਰੀ ਟੂ ਇੰਗੁਏਨ ਨੇ ਕਿਹਾ, ਇੱਕ ਮਿਲੀਅਨ ਤੋਂ ਵੱਧ ਖ਼ਾਲੀ ਪਈਆਂ ਨੌਕਰੀਆਂ ਅਤੇ ਲੇਬਰ ਦੀ ਘਾਟ ਕਾਰਨ, ਤਨਖ਼ਾਹਾਂ ਵਿਚ ਵਾਧਾ ਹੋਵੇਗਾ, ਤਾਂ ਕਿ ਬਿਜ਼ਨਸੇਜ਼ ਨਵੇਂ ਹੁਨਰਮੰਦ ਕਾਮਿਆਂ ਨੂੰ ਆਕਰਸ਼ਤ ਕਰ ਸਕਣ

ਪੀਟ ਈਵੈਂਸ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ