1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਵਿੱਤੀ ਸਥਿਤੀ ਬਾਰੇ ਫ਼ੈਡਰਲ ਸਰਕਾਰ 14 ਦਸੰਬਰ ਨੂੰ ਫ਼ਿਸਕਲ ਅਪਡੇਟ ਜਾਰੀ ਕਰੇਗੀ

ਮਹਿੰਗਾਈ ਅਤੇ ਯੂ ਐਸ ਨਾਲ ਵਪਾਰਕ ਤਣਾਅ ਵੱਡੀਆਂ ਚੁਣੌਤੀਆਂ

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਨੇ ਕਿਹਾ ਕਿ ਉਹ 14 ਦਸੰਬਰ ਨੂੰ ਇਕਨੌਮਿਕ ਅਤੇ ਫ਼ਿਸਕਲ ਅਪਡੇਟ ਜਾਰੀ ਕਰਨਗੇ।

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਨੇ ਕਿਹਾ ਕਿ ਉਹ 14 ਦਸੰਬਰ ਨੂੰ ਇਕਨੌਮਿਕ ਅਤੇ ਫ਼ਿਸਕਲ ਅਪਡੇਟ ਜਾਰੀ ਕਰਨਗੇ।

ਤਸਵੀਰ: La Presse canadienne / Sean Kilpatrick

RCI

14 ਦਸੰਬਰ ਨੂੰ ਫ਼ਾਇਨੈਂਸ ਮਿਨਿਸਟਰ ਕ੍ਰਿਸਟੀਆ ਫ਼੍ਰੀਲੈਂਡ ਸਰਕਾਰ ਦੀ ਵਿੱਤੀ ਸਥਿਤੀ ਅਤੇ ਅਹਿਮ ਖੇਤਰਾਂ ਵਿਚ ਵਿੱਤੀ ਯੋਜਨਾਵਾਂ ਬਾਰੇ ਫ਼ਾਲ ਇਕਨੌਮਿਕ ਅਤੇ ਫ਼ਿਸਕਲ ਅਪਡੇਟ ਜਾਰੀ ਕਰਨਗੇ। 

ਇਹ ਅਪਡੇਟ ਅਜਿਹੇ ਸਮੇਂ ਵਿਚ ਜਾਰੀ ਕੀਤੀ ਜਾ ਰਹੀ ਹੈ ਜਦੋਂ ਮੁਲਕ ਦੀ ਆਰਥਿਕ ਰਿਕਵਰੀ ਨੂੰ ਮਹਿੰਗਾਈ ਨੇ ਬੁਰੀ ਤਰ੍ਹਾਂ ਜਕੜਿਆਂ ਹੋਇਆ ਹੈ, ਅਤੇ ਫ਼ੂਡ ਤੋਂ ਲੈਕੇ ਐਨਰਜੀ ਤੱਕ, ਤਕਰੀਬਨ ਹਰ ਚੀਜ਼ ਦੀਆਂ ਕੀਮਤਾਂ ਵਿਚ ਰਿਕਾਰਡ ਵਾਧਾ ਦਰਜ ਹੋ ਚੁੱਕਾ ਹੈ। 

ਮਹਾਮਾਰੀ ਨਾਲ ਸਬੰਧਤ ਸਹਾਇਤਾ ਪ੍ਰੋਗਰਾਮਾਂ ਵਿਚ ਵਾਧਾ ਕੀਤੇ ਜਾਣ ਬਾਬਤ ਬਿਲ ਨੂੰ ਮੰਜ਼ੂਰ ਕਰਵਾਉਣ ਲਈ ਵੀ ਸਰਕਾਰ ਵੱਲੋਂ ਕੋਸ਼ਿਸ਼ਾਂ ਚਲ ਰਹੀਆਂ ਹਨ ਅਤੇ 7 ਬਿਲੀਅਨ ਦੇ ਖ਼ਰਚੇ ਵਾਲੇ ਬਿਲ ਸੀ-2 ਨੂੰ ਲੈਕੇ ਸਰਕਾਰ ਅਤੇ ਵਿਰੋਧੀ ਪਾਰਟਿਆਂ ਦਰਮਿਆਨ ਗੱਲਬਾਤ ਜਾਰੀ ਹੈ। 

ਅੱਜ ਹਾਊਸ ਆਫ਼ ਕਾਮਨਜ਼ ਵਿਚ ਬਿਲ ਸੀ-2 ‘ਤੇ ਵਿਚਾਰ ਕਰਨ ਲਈ ਫ਼ਾਇਨੈਂਸ ਕਮੇਟੀ ਦੇ ਸੋਮਵਾਰ 6 ਦਸੰਬਰ ਤੋਂ ਪਹਿਲਾਂ ਪੁਨਰਗਠਨ ਕੀਤੇ ਜਾਣ ਬਾਬਤ ਮੋਸ਼ਨ ਪਾਸ ਕਰ ਦਿੱਤਾ ਗਿਆ ਹੈ। ਇਸੇ ਵੋਟ ਰਾਹੀਂ ਹਾਊਸ ਦੀਆਂ ਬਾਕੀ ਕਮੇਟਿਆਂ ਵੀ ਦੁਬਾਰਾ ਸ਼ੁਰੂ ਹੋ ਗਈਆਂ ਹਨ। 

ਇਸ ਮੋਸ਼ਨ ਦੇ ਤਹਿਤ, ਕ੍ਰਿਸਟੀਆ ਫ਼੍ਰੀਲੈਂਡ ਬਿਲ ਸੀ-2 ‘ਤੇ ਵਿਚਾਰ ਕੀਤੇ ਜਾਣ ਦੌਰਾਨ ਐਮਪੀਜ਼ ਸਾਹਮਣੇ ਹਾਜ਼ਰ ਹੋਣਗੇ ਅਤੇ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣਗੇ। ਇਹ ਸਿਲਸਿਲਾ ਘੱਟੋ ਘੱਟ ਦੋ ਘੰਟੇ ਚੱਲੇਗਾ।

ਕੰਜ਼ਰਵੇਟਿਵਜ਼ ਚਾਹੁੰਦੇ ਹਨ ਕਿ ਮੌਜੂਦਾ ਬੈਨਿਫ਼ਿਟ ਪ੍ਰੋਗਰਾਮਾਂ ਦੀ ਅਪਰਾਧਿਆਂ ਅਤੇ ਕੈਦੀਆਂ ਵੱਲੋਂ ਦੁਰਵਰਤੋਂ ਬਾਰੇ, ਫ਼੍ਰੀਲੈਂਡ ਕਮੇਟੀ ਦੇ ਸਾਹਮਣੇ ਪੇਸ਼ ਹੋਕੇ ਇਹਨਾਂ ਸਵਾਲਾਂ ਦੇ ਜਵਾਬ ਦੇਣ। 

ਐਨਡੀਪੀ ਚਾਹੁੰਦੀ ਹੈ ਕਿ ਪ੍ਰਸਤਾਵਿਤ ਕਾਨੂੰਨ ਵਿਚ ਤਬਦੀਲੀਆਂ ਕੀਤੀਆਂ ਜਾਣ ਤਾਂ ਕਿ ਉਹਨਾਂ ਵਰਕਰਾਂ ਨੂੰ ਵੀ ਸੁਰੱਖਿਅਤ ਰੱਖਿਆ ਜਾਵੇ ਜਿਹੜੇ ਇੰਪਲੋਇਮੈਂਟ ਇੰਸ਼ੋਰੈਂਸ ਕਲੇਮ ਨਹੀਂ ਕਰ ਸਕਦੇ ਅਤੇ ਜਿਹੜੇ ਪ੍ਰਸਤਾਵਿਤ ਲੌਕਡਾਊਨ ਬੈਨਿਫ਼ਿਟ ਦੇ ਯੋਗ ਨਹੀਂ ਹਨ। ਨਾਲ ਹੀ ਐਨਡੀਪੀ ਚਾਹੁੰਦੀ ਹੈ ਕਿ ਸਰਕਾਰ ਪਿਛਲੇ ਸਾਲ ਮਦਦ ਪ੍ਰਾਪਤ ਕਰਨ ਵਾਲੇ ਘੱਟ-ਆਮਦਨ ਵਾਲੇ ਬਜ਼ੁਰਗਾਂ ਅਤੇ ਪਰਿਵਾਰਾਂ ਲਈ, ਆਮਦਨ ਅਧਾਰਤ ਬੇਨਿਫ਼ਿਟਸ ਵਿਚ ਕੀਤੀ ਕਟੌਤੀ ਨੂੰ ਵਾਪਸ ਲਵੇ। 

ਮਹਿੰਗਾਈ ਦੀ ਚੁਣੌਤੀ

ਫ਼੍ਰੀਲੈਂਡ ਨੂੰ ਇਸ ਸਮੇਂ ਮੁਸ਼ਕਿਲ ਆਰਥਿਕ ਸਥਿਤੀ ਦਰਪੇਸ਼ ਹੈ। ਸਟੈਟਿਸਟਿਕਸ ਕੈਨੇਡਾ ਅਨੁਸਾਰ ਕੈਨੇਡਾ ਦੀ ਮਹਿੰਗਾਈ ਦਰ ਪਿਛਲੇ 18 ਸਾਲ ਦੇ ਰਿਕਾਰਡ 4.7 ਫ਼ੀਸਦੀ ਦੇ ਪੱਧਰ ‘ਤੇ ਪਹੁੰਚ ਗਈ ਹੈ।

ਇੱਕ ਸਾਲ ਪਹਿਲਾਂ ਕੈਨੇਡਾ ਦੀ ਮਹਿੰਗਾਈ ਦਰ 0.7 % ਸੀ।

ਜੇ ਇਸ ਸਾਰੇ ਹਿਸਾਬ-ਕਿਤਾਬ ਚੋਂ ਐਨਰਜੀ ਦੀਆਂ ਕੀਮਤਾਂ ਨੂੰ ਮਨਫ਼ੀ ਕੀਤਾ ਜਾਵੇ ਤਾਂ ਮਹਿੰਗਾਈ ਦਰ 3.3 ਫ਼ੀਸਦੀ ਰਹਿ ਜਾਂਦੀ ਹੈ। ਪਰ ਬੈਂਕ ਔਫ਼ ਕੈਨੇਡਾ ਦੇ 2 ਫ਼ੀਸਦੀ ਦੇ ਟੀਚੇ ਤੋਂ ਇਹ ਅਜੇ ਵੀ ਵੱਧ ਹੀ ਹੈ। ਹਾਲਾਂਕਿ ਯੂ ਐਸ ਦੀ 6.2 ਫ਼ੀਸਦੀ ਮਹਿੰਗਾਈ ਦਰ ਦੇ ਮੁਕਾਬਲੇ ਕੈਨੇਡਾ ਦੀ ਮਹਿੰਗਾਈ ਦਰ ਘੱਟ ਹੈ।

ਫ਼੍ਰੀਲੈਂਡ ਦੇ ਸਾਹਮਣੇ ਅਗਲੇ ਬਜਟ ਦੇ ਸਬੰਧ ਵਿਚ ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ ਹੀ ਇੱਕਲੀ ਚੁਣੌਤੀ ਨਹੀਂ ਹੈ। 

ਸ਼ੇਅਰ ਬਾਜ਼ਾਰ ਵਿਚ ਗਿਰਾਵਟ ਅਤੇ ਗਲੋਬਲ ਸਪਲਾਈ ਚੇਨਾਂ ਦੀ ਰੁਕਾਵਟਾਂ ਵੀ ਬਹੁਤ ਵੱਡੀ ਸਮੱਸਿਆ ਬਣ ਰਹੀਆਂ ਹਨ। ਬ੍ਰਿਟਿਸ਼ ਕੁਲੰਬੀਆ ਵਿਚ ਆਏ ਹੜਾਂ ਨੇ ਸੜਕਾਂ ਅਤੇ ਰੇਲਵੇਜ਼ ਨੂੰ ਤਬਾਹ ਕਰ ਦਿੱਤਾ ਹੈ ਜਿਸ ਨਾਲ ਕਈ ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ।

ਉੱਤੋਂ ਕੋਵਿਡ ਦੇ ਨਵੇਂ ਓਮੀਕਰੌਨ ਵੇਰੀਐਂਟ ਕਰਕੇ ਅੰਤਰਰਾਸ਼ਟਰੀ ਯਾਤਰਾ ਸੀਮਤ ਹੋ ਰਹੀ ਹੈ ਅਤੇ ਇਕੌਨਮੀ ਦੇ ਕੁਝ ਹਿੱਸਿਆਂ ਵਿਚ ਲੌਕਡਾਊਨ ਦਾ ਖ਼ਤਰਾ ਪੈਦਾ ਹੋ ਰਿਹਾ ਹੈ।

ਵਪਾਰਕ ਚੁਣੌਤੀਆਂ

ਯੂ ਐਸ ਵਿਚ 2 ਟ੍ਰਿਲੀਅਨ ਡਾਲਰ ਦੇ ਇਨਫ਼੍ਰਾਸਟਰਕਚਰ ਬਿਲ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਤਿਆਰੀ ਚਲ ਰਹੀ ਹੈ। ਫ਼ਿਲਹਾਲ ਤੱਕ, ਇਸ ਬਿਲ ਵਿਚ ਨਵੀਆਂ ਇਲੈਕਟ੍ਰਿਕ ਕਾਰਾਂ ਖ਼ਰੀਦਣ ‘ਤੇ 12,500 ਦਾ ਟੈਕਸ ਕ੍ਰੈਡਿਟ ਦਿੱਤੇ ਜਾਣ ਦਾ ਇੰਤਜ਼ਾਮ ਹੈ। ਇਹ ਵਿਵਸਥਾ ਕੈਨੇਡਾ ਦੇ ਆਟੋ ਸੈਕਟਰ ਲਈ ਵੀ ਖ਼ਤਰਾ ਹੈ ਅਤੇ ਇਹ ਸੁਤੰਤਰ ਵਪਾਰ ਸਮਝੌਤੇ ਦੀ ਵੀ ਉਲੰਘਣਾ ਹੈ।

ਸਿਰਫ਼ ਯੂ ਐਸ ਵਿਚ ਬਣੀਆਂ ਇਲੈਕਟ੍ਰੀਕ ਕਾਰਾਂ ‘ਤੇ ਟੈਕਸ ਕ੍ਰੈਡਿਟ ਮਿਲੇਗਾ। ਕੈਨੇਡਾ ਨੂੰ ਡਰ ਹੈ, ਕਿ ਯੂ ਐਸ ਵੱਲੋਂ ਦਿੱਤੇ ਜਾਣ ਵਾਲਾ ਟੈਕਸ ਕ੍ਰੈਡਿਟ, ਕੰਪਨੀਆਂ ਲਈ ਇੱਕ ਵਿੱਤੀ ਪ੍ਰੋਤਸਾਹਨ ਹੈ, ਜਿਸ ਕਰਕੇ ਕੰਪਨੀਆਂ ਕੈਨੇਡਾ ਨੂੰ ਛੱਡ, ਯੂ ਐਸ ਵਿਚ ਨਿਵੇਸ਼ ਕਰਨ ਨੂੰ ਤਰਜੀਹ ਦੇਣਗੀਆਂ।

ਕੈਨੇਡਾ ਦਾ ਕਹਿਣਾ ਹੈ ਕਿ ਇਹ ਪ੍ਰੋਤਸਾਹਨ ਕੈਨੇਡਾ ਅਤੇ ਯੂ ਐਸ ਦਰਮਿਆਨ ਕਈ ਦਹਾਕਿਆਂ ਦੇ ਸਹਿਯੋਗ ਲਈ ਵੀ ਖ਼ਤਰਾ ਹੈ ਅਤੇ ਦੋਵੇਂ ਦੇਸ਼ਾਂ ਵਿਚ ਨੌਕਰੀਆਂ ਪ੍ਰਭਾਵਿਤ ਹੋਣਗੀਆਂ। ਮੈਕਸਿਕੋ ਨੇ ਵੀ ਅਮਰੀਕਾ ਦੀ ਇਸ ਯੋਜਨਾ ਦਾ ਵਿਰੋਧ ਕੀਤਾ ਹੈ।

ਪਿਛਲੇ ਮਹੀਨੇ ਵਾਸ਼ਿੰਗਟਨ ਦੌਰੇ ‘ਤੇ ਗਈ ਫ਼੍ਰੀ਼ਲੈਂਡ ਨੇ ਕਿਹਾ ਸੀ ਕਿ ਇਲੈਕਟ੍ਰੀਕ ਵਾਹਨਾਂ ਦੇ ਟੈਕਸ ਕ੍ਰੈਡਿਟ ਦਾ ਮਾਮਲਾ ਸਰਕਾਰ ਦੀ ਮੁੱਖ ਤਰਜੀਹ ਹੈ।

ਫ਼੍ਰੀਲੈਂਡ ਨੇ ਕਿਹਾ, ਜਿਸ ਤਰ੍ਹਾਂ ਇਹ ਇਨਸੈਨਟਿਵ ਤਿਆਰ ਕੀਤਾ ਗਿਆ ਹੈ, ਇਸ ਦੇ ਸਾਡੇ ਦੁਵੱਲੇ ਸਬੰਧਾਂ ਵਿਚ ਇੱਕ ਵੱਡਾ ਮੁੱਦਾ ਬਣਨ ਦੀ ਪੂਰੀ ਸੰਭਾਵਨਾ ਹੈ। ਇਹ ਇਲੈਕਟ੍ਰੀਕ ਵਾਹਨਾਂ ਦਾ ਪ੍ਰੋਤਸਾਹਨ, ਜਿਸ ਮੌਜੂਦਾ ਰੂਪ ਵਿਚ ਹੈ, ਸਾਨੂੰ ਸਪਸ਼ਟ ਹੈ ਕਿ ਇਹ ਨਵੇਂ ਨਾਫ਼ਟਾ ਸਮਝੌਤੇ ਦੀ ਉਲੰਘਣਾ ਹੈ

ਪੀਟਰ ਜ਼ਿਮੌਨਜਿਕ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ