1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕਨਵਰਜ਼ਨ ਥੈਰਿਪੀ ‘ਤੇ ਬੈਨ ਲਗਾਉਣ ਬਾਬਤ ਬਿੱਲ ਹਾਊਸ ਆਫ਼ ਕਾਮਨਜ਼ ਵਿਚ ਸਰਬਸੰਤੀ ਨਾਲ ਪਾਸ

ਜਿਨਸੀ ਝੁਕਾਅ ਵਿਚ ਜਬਰਨ ਪਰਿਵਰਤਨ ਲਿਆਉਣ ਦਾ ਵਰਤਾਰਾ ਨੁਕਸਾਨਦੇਹ

LGBTQ people in Canada have been urging the federal government for many years to ban the practice of conversion therapy.

ਐਲ ਜੀ ਬੀ ਟੀ ਕਿਊ ਭਾਈਚਾਰਾ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਵਿਚ ਕਨਵਰਜ਼ ਥੈਰਿਪੀ 'ਤੇ ਬੈਨ ਲਗਾਉਣ ਦੀ ਮੰਗ ਕਰ ਰਿਹਾ ਹੈ।

ਤਸਵੀਰ:  (Michaela Neuman Photography)

RCI

ਕਨਵਰਜ਼ਨ ਥੈਰਿਪੀ ‘ਤੇ ਬੈਨ ਲਗਾਉਣ ਸਬੰਧੀ ਫ਼ੈਡਰਲ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬਿਲ ਹਾਊਸ ਆਫ਼ ਕਾਮਨਜ਼ ਵਿਚ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ।

ਬੁੱਧਵਾਰ ਨੂੰ ਐਮਪੀਜ਼ ਨੇ ਬਿਲ ਸੀ-4 ਨੂੰ ਫ਼ਾਸਟ ਟ੍ਰੈਕ ਕਰਨ ਲਈ ਵੋਟਿੰਗ ਕੀਤੀ ਸੀ। ਬਿਲ ‘ਤੇ ਵੋਟਿੰਗ ਤੋਂ ਬਾਅਦ ਪੂਰਾ ਚੈਂਬਰ ਤਾੜੀਆਂ ਨਾਲ ਗੂੰਝ ਉੱਠਿਆ। ਕੁਝ ਲਿਬਰਲ ਕੈਬਿਨੇਟ ਮਿਨਿਸਟਰਾਂ ਨੇ ਆਪਣੇ ਵਿਰੋਧੀ ਕੰਜ਼ਰਵੇਟਿਵ ਐਮਪੀਜ਼ ਨਾਲ ਫ਼ਲੋਰ ‘ਤੇ ਆ ਕੇ ਹੱਥ ਮਿਲਾਇਆ ਅਤੇ ਕੁਝ ਨੇ ਤਾਂ ਆਪਸ ਵਿਚ ਜੱਫੀਆਂ ਵੀ ਪਾਈਆਂ। 

ਕੰਜ਼ਰਵੇਟਿਵ ਐਮਪੀ ਰੌਬ ਮੂਅਰ ਨੇ ਬਿਲ ਨੂੰ ਫ਼ਾਸਟ ਟ੍ਰੈਕ ਕਰਨ ਲਈ ਮੋਸ਼ਨ ਤੋਰਿਆ ਸੀ। ਹੁਣ ਇਹ ਬਿਲ ਸੈਨੇਟ ਵਿਚ ਜਾਵੇਗਾ। 

ਜਸਟਿਸ ਮਿਨਿਸਟਰ ਅਤੇ ਅਟੌਰਨੀ ਜਨਰਲ ਡੇਵਿਡ ਲੈਮੇਟੀ ਨੇ ਕਿਹਾ, ਇਹ ਕਮਾਲ ਦਾ ਦਿਨ ਹੈ। ਜੇ ਪਾਰਲੀਮੈਂਟ ਇਕੱਠਿਆਂ ਕੰਮ ਕਰੇ ਤਾਂ ਅਸੀਂ ਇਹ ਕੁਝ ਕਰ ਸਕਦੇ ਹਾਂ

ਲੈਮੇਟੀ ਦੇ ਉਤਸਾਹ ਵਿਚ ਹੋਰ ਵੀ ਕਈ ਲਿਬਰਲ ਐਮਪੀਜ਼ ਸ਼ਾਮਲ ਹੋਏ ਜੋ ਖ਼ੁਦ ਐਲ. ਜੀ. ਬੀ. ਟੀ. ਕਿਊ (LGBTQ) ਭਾਈਚਾਰੇ ਦੇ ਮੈਂਬਰ ਹਨ। ਨਿਊਜ਼ ਕਾਨਫ਼੍ਰੰਸ ਦੌਰਾਨ ਇਹ ਐਮਪੀਜ਼ ਭਾਵੁਕ ਅਤੇ ਉਤਸਾਹਿਤ ਨਜ਼ਰ ਆ ਰਹੇ ਸਨ। 

Justice Minister David Lametti, Tourism Minister Randy Boissonnault and Prime Minister Justin Trudeau crossed the floor to shake hands with Conservative MPs, including party leader Erin O'Toole following the vote.

ਵੋਟ ਤੋਂ ਬਾਅਦ ਜਸਟਿਸ ਮਿਨਿਸਟਰ ਡੇਵਿਡ ਲੈਮੇਟੀ, ਟੂਰਿਜ਼ਮ ਮਿਨਿਸਟਰ ਰੈਂਡੀ ਬੋਇਸਨੌਟ ਅਤੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਫ਼ਲੋਰ ਕਰਾਸ ਕਰਕੇ ਕੰਜ਼ਰਵੇਟਿਵ ਐਮਪੀਜ਼ ਨਾਲ ਹੱਥ ਮਿਲਾਉਂਦੇ ਹੋਏ।

ਤਸਵੀਰ: (Adrian Wyld/The Canadian Press)

ਐਮਪੀ ਰੈਂਡੀ ਬੋਇਸੇਨੌਟ ਨੇ ਕਿਹਾ, ਮੈਂ ਉਸ ਦਿਨ ਦਾ ਖ਼ਵਾਬ ਦੇਖਦਾ ਹਾਂ ਜਦੋਂ ਐਲ ਜੀ ਬੀ ਟੀ ਕਿਊ ਮੁੱਦੇ ਸਿਆਸੀ ਗੇਂਦ ਨਹੀਂ ਹੋਣਗੇ। ਅਤੇ ਅਸੀਂ ਉਸ ਭਵਿੱਖ ਦੇ ਕੁਝ ਹੋਰ ਕਰੀਬ ਪਹੁੰਚ ਰਹੇ ਹਾਂ

ਐਮਪੀ ਸੀਮਸ ਓ’ਰੀਗਨ ਨੇ ਕਿਹਾ ਕਿ ਲਿਬਰਲਾਂ ਦੀ ਘੱਟ ਗਿਣਤੀ ਸਰਕਾਰ ਲਈ ਹਾਊਸ ਦੀ ਸਰਬਸੰਤੀ ਹੈਰਾਨਕੁੰਨ ਸੀ।

ਫ਼ਾਸਟ-ਟ੍ਰੈਕ ਦਾ ਅਰਥ 

ਜਿੱਥੇ ਲਿਬਰਲ ਐਮਪੀਜ਼, ਕੰਜ਼ਰਵੇਟਿਵ ਕੌਕਸ ਦਾ ਬਿਲ ਨੂੰ ਸਮਰਥਨ ਦੇਣ ਲਈ ਲਗਾਤਾਰ ਸ਼ੁਕਰੀਆ ਅਦਾ ਕਰ ਰਹੇ ਸਨ, ਉਦੋਂ ਕੁਝ ਐਮਪੀਜ਼ ਨੇ ਮਹਿਸੂਸ ਕੀਤਾ ਕਿ ਇਸ ਮਾਮਲੇ ‘ਤੇ ਇੱਕ ਹੋਰ ਵੋਟ ਕੰਜ਼ਰਵੇਟਿਵਜ਼ ਲਈ ਨੁਕਸਾਨਦੇਹ ਹੋ ਸਕਦੀ ਹੈ।

ਹਾਊਸ ਵੱਲੋਂ ਬਿਲ ਸੀ-4 ਨੂੰ ਫ਼ਾਸਟ ਟ੍ਰੈਕ ਕਰਨ ਦਾ ਅਰਥ ਹੈ ਕਿ ਹਰੇਕ ਐਮਪੀ ਨੂੰ ਆਪਣਾ ਵੋਰ ਦਰਜ ਕਰਵਾਉਣ ਦੀ ਜ਼ਰੂਰਤ ਨਹੀਂ।

ਦੇਖੋ। ਕਾਮਨਜ਼ ਵਿਚ ਕਨਵਰਜ਼ਨ ਥੈਰਿਪੀ 'ਤੇ ਰੋਕ ਲਗਾਊਣ ਦਾ ਬਿਲ ਸਰਬਸੰਮਤੀ ਨਾਲ ਮੰਜ਼ੂਰ

ਐਲ. ਜੀ. ਬੀ. ਟੀ. ਕਿਊ ਮਾਮਲਿਆਂ ‘ਤੇ ਪ੍ਰਗਤੀਵਾਦੀ ਪੱਖ ਅਪਨਾਉਣ ਵਾਲੇ ਕੰਜ਼ਰਵੇਟਿਵ ਲੀਡਰ ਐਰਿਨ ਓ’ਟੂਲ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਉਹ ਆਪਣੇ ਕੌਕਸ ਨੂੰ ਇਸ ਬਿਲ ਉੱਪਰ ਵੋਟ ਕਰਨ ਦੀ ਪੂਰੀ ਖੁੱਲ ਦੇਣਗੇ। ਦਸ ਦਈਏ ਕਿ ਇਸ ਬਿਲ ਦੇ ਪੁਰਾਣੇ ਖ਼ਾਕੇ ਦਾ 62 ਕੰਜ਼ਰਵੇਟਿਵ ਐਮਪੀਜ਼ ਨੇ ਵਿਰੋਧ ਕੀਤਾ ਸੀ। 

ਬੋਇਸੇਨੌਟ ਨੇ ਕਿਹਾ, ਮੈਨੂੰ ਲੱਗਦਾ ਹੈ ਕਿ ਇਸ ਦੇਸ਼ ਦੇ ਲੋਕ ਹੁਣ ਐਲ ਜੀ ਬੀ ਟੀ ਕਿਊ ਮੁੱਦਿਆਂ ਦਾ ਵਿਰੋਧ ਕਰਨ ਵਾਲਿਆਂ ਵਿਚ ਖ਼ੁਦ ਨੂੰ ਰਿਕਾਰਡ ਨਹੀਂ ਕਰਵਾਉਣਾ ਚਾਹੁੰਦੇ

ਕੰਜ਼ਰਵੇਟਿਵ ਹਾਊਸ ਲੀਡਰ ਜੇਰਾਰਡ ਡੈਲਟੈਲ ਨੇ ਕਿਹਾ ਕਿ ਇਹ ਸਰਬਸੰਤੀ ਦੀ ਵੋਟ ਪਿਛਲੀ ਪਾਰਲੀਮੈਂਟ ਦੁਆਰਾ ਅਪਣਾਏ ਗਏ ਕਾਨੂੰਨ ਨੂੰ ਬਹਾਲ ਕਰਨ ਦੀ ਉਨ੍ਹਾਂ ਦੀ ਪਾਰਟੀ ਦੀ ਇੱਛਾ ਨੂੰ ਦਰਸਾਉਂਦੀ ਹੈ।

ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਚੋਣਾਂ ਕਰਵਾਉਣ ਦੇ ਫ਼ੈਸਲੇ ਦੀ ਆਲੋਚਨਾ ਕਰਦਿਆਂ ਕਿਹਾ ਕਿ ਅਸੀਂ ਹੁਣ ਉਹੀ ਕਰ ਰਹੇ ਹਾਂ, ਜੋ 6 ਮਹੀਨੇ ਪਹਿਲਾਂ ਕਰ ਰਹੇ ਸੀ। 

ਦੇਖੋ। ਬਿਲ ਮੰਜ਼ੂਰ ਹੋਣ 'ਤੇ ਲਿਬਰਲਾਂ ਦਾ ਪ੍ਰਤੀਕਰਮ

ਤੀਸਰੀ ਕੋਸ਼ਿਸ਼ ਤੋਂ ਉਮੀਦਾਂ

ਕਨਵਰਜ਼ਨ ਥੈਰਿਪੀ, ਅਜਿਹੇ ਇਲਾਜ ਨੂੰ ਕਹਿੰਦੇ ਹਨ ਜਿਸ ਦਾ ਮਕਸਦ ਕਿਸੇ ਵਿਅਕਤੀ ਦੇ ਜਿਨਸੀ ਝੁਕਾਅ ਜਾਂ ਜਿਨਸੀ ਸ਼ਨਾਖ਼ਤ ਵਿਚ ਜਬਰਨ ਪਰਿਵਰਤਰਨ ਕਰਨਾ ਹੁੰਦਾ ਹੈ। ਇਸ ਵਰਤਾਰੇ ਨੂੰ ਵਿਆਪਕ ਤੌਰ ‘ਤੇ ਬਹੁਤ ਸ਼ਰਮਨਾਕ ਅਤੇ ਨੁਕਸਾਨਦੇਹ ਮੰਨਿਆ ਜਾਂਦਾ ਹੈ।

ਇਸ ਹਫ਼ਤੇ ਦੇ ਸ਼ੁਰੂ ਵਿਚ ਲਿਬਰਲਾਂ ਨੇ ਇਸ ਥੈਰਿਪੀ ਨੂੰ ਅਪਰਾਧਕ ਸ਼੍ਰੇਣੀ ਵਿਚ ਸ਼ਾਮਲ ਕੀਤੇ ਜਾਣ ਲਈ ਤੀਸਰੀ ਵਾਰੀ ਹਾਊਸ ਆਫ਼ ਕਾਮਨਜ਼ ਵਿਚ ਬਿਲ ਪੇਸ਼ ਕੀਤਾ ਸੀ।

2020 ਵਿਚ ਟ੍ਰੂਡੋ ਵੱਲੋਂ ਪਾਰਲਮੈਂਟ ਬਰਖ਼ਾਸਤ ਕਰਨ ਕਾਰਨ ਇਹ ਬਿਲ ਖ਼ਤਮ ਹੋ ਗਿਆ ਸੀ। 

ਬਿਲ ਦਾ ਦੂਸਰਾ ਵਰਜ਼ਨ ਸੈਨੇਟ ਵਿਚ ਪਾਸ ਨਹੀਂ ਸੀ ਹੋ ਸਕਿਆ।

ਉਸ ਸਮੇਂ ਬਹੁਤ ਸਾਰੇ ਕੰਜ਼ਰਵੇਟਿਵ ਐਮਪੀਜ਼ ਨੇ ਇਸ ਬਿਲ ਦੀ ਸ਼ਬਦਾਵਲੀ ਦਾ ਦਾਇਰਾ ਬਹੁਤ ਵਿਸ਼ਾਲ ਹੋਣ ਕਾਰਨ ਇਸਦਾ ਵਿਰੋਧ ਕੀਤਾ ਸੀ। ਉਹਨਾਂ ਕਿਹਾ ਸੀ ਕਿ ਇਸ ਵਿਚ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਰਮਿਆਨ ਜਾਂ ਧਾਰਮਿਕ ਆਗੂਆਂ ਨਾਲ, ਸੈਕਸੂਐਲਟੀ ਬਾਰੇ ਵਿਚਾਰ ਕੀਤਾ ਜਾਣਾ ਵੀ ਅਪਰਾਧਕ ਸ਼੍ਰੇਣੀ ਵਿਚ ਆ ਸਕਦਾ ਸੀ।

ਇਸ ਵੋਟ ਤੋਂ ਬਾਅਦ ਕੰਜ਼ਰਵੇਟਿਵਜ਼ ਲੀਡਰ ਐਰਿਨ ਓ’ਟੂਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਹਨਾਂ ਦੇ ਆਲੋਚਕਾਂ ਨੇ ਇਲਜ਼ਾਮ ਲਗਾਇਆ ਸੀ ਕਿ ੳ’ਟੂਲ ਐਲ. ਜੀ. ਬੀ .ਟੀ. ਕਿਊ ਮੁੱਦਿਆਂ ‘ਤੇ ਆਪਣੇ ਪ੍ਰਗਤੀਵਾਦੀ ਹੋਣ ਦੇ ਦਾਅਵਿਆਂ ‘ਤੇ ਖਰੇ ਨਹੀਂ ਉੱਤਰੇ। 

ਓ’ਟੂਲ ਦੇ ਇੱਕ ਬੁਲਾਰੇ, ਜੋਜ਼ੀ ਸਬਾਟੀਨੋ ਨੇ ਪੁਸ਼ਟੀ ਕੀਤੀ , ਕਿ ਓ’ਟੂਲ ਇਸ ਵਾਰੀ ਵੀ ਆਪਣੇ ਕੌਸਕ ਨੂੰ ਸੁਤੰਤਰ ਵੋਟ ਦੀ ਆਗਿਆ ਦੇਣਗੇ। ਨਾਲ ਉਹਨਾਂ ਕਿਹਾ ਕਿ ਉਹ ਐਲ. ਜੀ. ਬੀ. ਟੀ. ਕਿਊ ਭਾਈਚਾਰੇ ਦੇ ਲੰਮੇ ਅਰਸੇ ਤੋਂ ਹਿਮਾਇਤੀ ਰਹੇ ਹਨ ਅਤੇ ਕਨਵਰਜ਼ਨ ਥੈਰਿਪੀ ‘ਤੇ ਬੈਨ ਲਗਵਾਉਣ ਦੇ ਯਤਨਾਂ ਵਿਚ ਉਹ ਆਪਣਾ ਸਮਰਥਨ ਜਾਰੀ ਰੱਖਣਗੇ। 

ਪਾਰਟੀ ਲੀਡਰ ਬਣਨ ਤੋਂ ਬਾਅਦ, ਓ’ਟੂਲ ਦਾ ਇਹੀ ਰਵੱਈਆ ਰਿਹਾ ਹੈ ਕਿ ਉਹਨਾਂ ਨੇ ਆਪਣੇ ਐਮਪੀਜ਼ ਨੂੰ ਉਹਨਾਂ ਦੀ ਆਪਣੀ ਪਸੰਦ ਅਨੁਸਾਰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਹੈ। ਕੰਜ਼ਰਵੇਟਿਵ ਕੌਕਸ ਵਿਚ ਵੱਡੀ ਗਿਣਤੀ ਵਿਚ ਅਜਿਹੇ ਐਮਪੀਜ਼ ਸ਼ਾਮਲ ਹਨ ਜੋ ਕਿ ਪਾਰਟੀ ਦੇ ਸੋਸ਼ਲ ਕੰਜ਼ਰਵੇਟਿਵ ਵਿੰਗ ਨਾਲ ਸਬੰਧ ਰੱਖਦੇ ਹਨ।

ਐਨਡੀਪੀ ਦੇ ਇੱਕ ਬੁਲਾਰੇ ਨੇ ਪਾਰਟੀ ਦੇ ਸਾਰੇ ਐਮਪੀਜ਼ ਵੱਲੋਂ ਬੈਨ ਦੇ ਪੱਖ ਵਿਚ ਵੋਟ ਪਾਉਣ ਦੀ ਪੁਸ਼ਟੀ ਕੀਤੀ।

ਨਿਕ ਬੋਇਸਵਰਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ