1. ਮੁੱਖ ਪੰਨਾ
  2. ਸਮਾਜ
  3. ਮੱਤ ਅਤੇ ਧਰਮ

ਉਨਟੇਰਿਉ ਦੇ ਸਕੂਲਾਂ ਦੀ ਇਸਲਾਮੋਫ਼ੋਬੀਆ ਨਾਲ ਲੜਨ ਵਿਚ ਮਦਦ ਲਈ ਸ਼ੁਰੂ ਹੋਇਆ ਨਵਾਂ ਔਨਲਾਈਨ ਪਲੈਟਫ਼ੌਰਮ

ਮੁਸਲਿਮ ਅਸੋਸੀਏਸ਼ਨ ਔਫ਼ ਕੈਨੇਡਾ ਨੇ ਤਿਆਰ ਕੀਤੀ ਖ਼ਾਸ ਵੈੱਬਸਾਈਟ

6 ਜੂਨ 2021 ਨੂੰ ਉਨਟੇਰਿਉ ਦੇ ਲੰਡਨ ਵਿਚ ਹੋਏ ਹਮਲੇ ਵਿਚ ਮਾਰੇਗਏ ਮੁਸਲਿਮ ਪਰਿਵਾਰ ਦਿ ਯਾਦ ਵਿਚ ਆਯੋਜਿਤ ਇੱਕ ਵਿਜਿਲ ਦੀ ਤਸਵੀਰ। ਇਸ ਹਮਲੇ ਨੇ ਮੁਸਲਿਮ ਅਸੋਸੀਏਸ਼ਨ ਔਫ਼ ਕੈਨੇਡਾ ਨੂੰ ਇਸਲਾਮੋਫ਼ੋਬੀਆ ਨਾਲ ਨਜਿੱਠਚ ਲਈ ਕੋਈ ਔਨਲਾਈਨ ਪਲੈਟਫ਼ੌਰਮ ਸ਼ੁਰੂ ਕਰਨ ਪ੍ਰੇਰਿਤ ਕੀਤਾ ਸੀ।

6 ਜੂਨ 2021 ਨੂੰ ਉਨਟੇਰਿਉ ਦੇ ਲੰਡਨ ਵਿਚ ਹੋਏ ਹਮਲੇ ਵਿਚ ਮਾਰੇਗਏ ਮੁਸਲਿਮ ਪਰਿਵਾਰ ਦਿ ਯਾਦ ਵਿਚ ਆਯੋਜਿਤ ਇੱਕ ਵਿਜਿਲ ਦੀ ਤਸਵੀਰ। ਇਸ ਹਮਲੇ ਨੇ ਮੁਸਲਿਮ ਅਸੋਸੀਏਸ਼ਨ ਔਫ਼ ਕੈਨੇਡਾ ਨੂੰ ਇਸਲਾਮੋਫ਼ੋਬੀਆ ਨਾਲ ਨਜਿੱਠਚ ਲਈ ਕੋਈ ਔਨਲਾਈਨ ਪਲੈਟਫ਼ੌਰਮ ਸ਼ੁਰੂ ਕਰਨ ਪ੍ਰੇਰਿਤ ਕੀਤਾ ਸੀ।

ਤਸਵੀਰ:  (Evan Mitsui/CBC)

RCI

ਸਕੂਲਾਂ ਵਿਚ ਇਸਲਾਮੋਫ਼ਬੀਆ ਨਾਲ ਨਜਿੱਠਣ ਦੇ ਉਦੇਸ਼ ਨਾਲ ਉਨਟੇਰਿਉ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਾਸਤੇ ਵਿਸ਼ੇਸ਼ ਔਨਲਾਈਨ ਟੂਲਜ਼ ਤਿਆਰ ਕੀਤੇ ਗਏ ਹਨ।

ਮੁਸਲਿਮ ਅਸੋਸੀਏਸ਼ਨ ਔਫ਼ ਕੈਨੇਡਾ ਨੇ ਇੱਕ ਵਿਸ਼ੇਸ਼ ਵੈੱਬਸਾਈਟ ਤਿਆਰ ਕੀਤੀ ਹੈ। ਇਸ ਵੈੱਬਸਾਈਟ ਵਿਚ ਤਿੰਨ ਕੋਰਸ, ਚਾਰ ਵਰਕਸ਼ਾਪਸ ਅਤੇ 6 ਘੰਟੇ ਦੀਆਂ ਵਿਦਿਅਕ ਵੀਡਿਓਜ਼ ਨੂੰ ਸ਼ਾਮਲ ਕੀਤਾ ਗਿਆ ਹੈ ਜਿਸ ਨਾਲ ਜੇ ਕਿਸੇ ਅਧਿਆਪਕ ਜਾਂ ਵਿਦਿਆਰਥੀ ਵਿਚ ਮੁਸਲਿਮ-ਵਿਰੋਧੀ ਪੱਖਪਾਤ ਦੀ ਭਾਵਨਾ ਹੋਵੇ ਤਾਂ ਉਸਦਾ ਹੱਲ ਕਰਨ ਵਿਚ ਮਦਦ ਮਿਲ ਸਕੇਗੀ।

ਇਸ ਵੈੱਬਸਾਈਟ ਨੂੰ ਤਿਆਰ ਕਰਨ ਵਾਲੀ ਅਸੋਸੀਏਸ਼ਨ ਦੀ ਟੀਮ ਨਾਲ ਜੁੜੀ ਮੈਮੋਨਾ ਹੁਸੈਨ ਨੇ ਕਿਹਾ ਕਿ ਸਕੂਲਾਂ ਵਿਚ ਇਸਲਾਮੋਫ਼ੋਬੀਆ ਨਾਲ ਲੜਨ ਵਿਚ ਇਹ ਨਵੇਂ ਟੂਲਜ਼ ਬਹੁਤ ਮਹੱਤਵਪੂਰਨ ਹਨ। 

ਮੈਮੋਨਾ ਯੂਨੀਵਰਸਿਟੀ ਔਫ਼ ਟੋਰੌਂਟੋ ਵਿਚ ਪੀਐਚਡੀ ਦੀ ਵਿਦਿਆਰਥਣ ਹੈ। ਉਸਨੂੰ ਉਮੀਦ ਹੈ ਕਿ ਇਹ ਕਿਸਮ ਦੇ ਕੰਮ ਨਾਲ ਵਕਤੀ ਨਹੀਂ ਸਗੋਂ ਕੋਈ ਵੱਡੀ ਤਬਦੀਲੀ ਆ ਸਕਦੀ ਹੈ। 

ਜੁਲਾਈ ਮਹੀਨੇ ਵਿਚ ਫ਼ੈਡਰਲ ਸਰਕਾਰ ਨੇ ਇਸਲਾਮੋਫ਼ੋਬੀਆ ਬਾਰੇ ਇੱਕ ਵਿਸ਼ੇਸ਼ ਸੰਮੇਲਨ ਦਾ ਆਯੋਜਨ ਕੀਤਾ ਸੀ। ਉਨਟੇਰਿਉ ਦੇ ਲੰਡਨ ਸ਼ਹਿਰ ਵਿਚ ਇੱਕ ਮੁਸਲਿਮ ਪਰਿਵਾਰ ਨੂੰ ਗੱਡੀ ਥੱਲੇ ਦਰੜ ਕੇ ਮਾਰਨ ਦੀ ਭਿਆਨਕ ਘਟਨਾ ਤੋਂ ਕੁਝ ਹਫ਼ਤੇ ਬਾਅਦ ਸਰਕਾਰ ਨੇ ਇਹ ਹੰਗਾਮੀ ਸੰਮੇਲਨ ਆਯੋਜਿਤ ਕੀਤਾ ਸੀ। ਲੰਡਨ ਦਿ ਇਸ ਘਟਨਾ ਵਿਚ ਇੱਕੋ ਪਰਿਵਾਰ ਦੇ ਚਾਰ ਜੀਅ ਮਾਰੇ ਗਏ ਸਨ ਅਤੇ ਇੱਕ 9 ਸਾਲ ਦਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਸੀ। ਪੁਲਿਸ ਨੇ ਇਸ ਹਮਲੇ ਨੂੰ ਗਿਣ-ਮਿੱਥ ਕੇ ਕੀਤਾ ਹਮਲਾ ਗਰਦਾਨਿਆ ਸੀ। 

ਬੀਤੇ ਕੁਝ ਅਰਸੇ ਵਿਚ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਕੁਝ ਮਹੀਨੇ ਪਹਿਲਾਂ ਐਲਬਰਟਾ ਵਿਚ ਹਿਜਾਬ ਪਹਿਨਣ ਵਾਲੀਆਂ ਕਈ ਮੁਸਲਿਮ ਔਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਪਿਛਲੇ ਸਾਲ ਸਤੰਬਰ ਵਿਚ ਟੋਰੌਂਟੋ ਦੀ ਇੱਕ ਮਸਜਿਦ ਦੇ ਬਾਹਰ ਬੈਠੇ ਸ਼ਖ਼ਸ ਨੂੰ ਚਾਕੂ ਨਾਲ ਹਮਲਾ ਕਰਕੇ ਮਾਰ ਦਿੱਤਾ ਗਿਆ ਸੀ। 

ਮੁਸਲਿਮ ਅਸੋਸੀਏਸ਼ਨ ਔਫ਼ ਕੈਨੇਡਾ ਨੂੰ ਉਨਟੇਰਿਉ ਸਰਕਾਰ ਵੱਲੋਂ ਜੂਨ ਮਹੀਨੇ ਵਿਚ 225,000 ਡਾਲਰ ਦੀ ਗ੍ਰਾਂਟ ਦਿੱਤੀ ਗਈ ਸੀ ਜਿਸ ਨਾਲ ਇਹ ਵੈੱਬਸਾਈਟ ਤਿਆਰ ਕਰਨ ਵਿਚ ਮਦਦ ਮਿਲੀ। ਇਸ ਵੈਬਸਾਈਟ ਲਈ islamawareness.ca (ਨਵੀਂ ਵਿੰਡੋ) ‘ਤੇ ਜਾਇਆ ਜਾ ਸਕਦਾ ਹੈ।

ਅਸੋਸੀਏਸ਼ਨ ਦੇ ਐਗਜ਼ੈਕਟਿਵ ਡਾਇਰੈਕਟਰ ਸ਼ਰਫ਼ ਸ਼ਰਫ਼ੇਦੀਨ ਨੇ ਕਿਹਾ, ਇਹ ਪ੍ਰੌਜੈਕਟ ਸਿੱਖਿਅਕਾਂ, ਵਿਦਿਆਰਥੀਆਂ, ਮਾਪਿਆਂ ਅਤੇ ਸਿੱਖਿਆ ਦੇ ਖੇਤਰ ਵਿਚ ਇਸਲਾਮੋਫ਼ੋਬੀਆ ਦਾ ਹੱਲ ਕਰਨ ਦੇ ਚਾਹਵਾਨ ਵਿਅਕਤੀ ਨੂੰ ਇੱਕ ਅਸਾਨ, ਵਿਹਾਰਕ ਅਤੇ ਸਾਰਥਕ ਸਰੋਤ ਮੁਹੱਈਆ ਕਰਵਾਉਂਦਾ ਹੈ

ਸਰਕਾਰ ਅਤੇ ਸਕੂਲਾਂ ਵੱਲੋਂ ਸਮਰਥਨ

ਉਨਟੇਰਿਉ ਦੇ ਐਜੁਕੇਸ਼ਨ ਮਿਨਿਸਟਰ ਸਟੀਫ਼ਨ ਲੈਚੇ ਨੇ ਕਿਹਾ ਕਿ ਕਈ ਮੁਸਲਿਮ ਵਿਦਿਆਰਥੀ ਸਕੂਲਾਂ ਅਤੇ ਭਾਈਚਾਰਿਆਂ ਵਿਚ ਪੱਖਪਾਤ ਦਾ ਸਾਹਮਣਾ ਕਰਦੇ ਹਨ। 

ਮਿਨਿਸਟਰ ਲੈਚੇ ਨੇ ਕਿਹਾ, ਇਸੇ ਕਰਕੇ ਅਸੀਂ ਨਸਲਵਾਦ ਨਾਲ ਨਜਿੱਠਣ ਅਤੇ ਉਨਟੇਰਿਉ ਦੇ ਮੁਸਲਿਮ ਵਿਦਿਆਰਥੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਕਮਿਉਨਿਟੀ ਲੀਡਰਾਂ ਨਾਲ ਪਾਰਟਨਰਸ਼ਿਪ ਅਤੇ ਨਿਵੇਸ਼ ਕਰ ਰਹੇ ਹਾਂ

ਇਸ ਔਨਲਾਈਨ ਪਲੈਟਫ਼ੌਰਮ ‘ਤੇ ਕੰਮ ਕਰਨ ਵਾਲੀ ਮੈਮੋਨਾ ਹੁਸੈਨ ਨੇ ਦੱਸਿਆ ਕਿ ਅਸੋਸੀਏਸ਼ਨ ਨੇ ਵੈੱਬਸਾਈਟ ‘ਤੇ ਉਪਲਬਧ ਟੂਲਜ਼ ਵਿਚ ਸੁਧਾਰ ਕਰਨ ਲਈ ਸੂਬੇ ਦੇ ਸਭ ਤੋਂ ਵੱਡੇ ਸਕੂਲ ਬੋਰਡਾਂ ਦੀ ਫ਼ੀਡਬੈਕ ਵੀ ਲਈ ਸੀ। 

ਉਸਨੇ ਕਿਹਾ, ਸਾਨੂੰ ਚੰਗਾ ਫ਼ੀਡਬੈਕ ਆ ਰਿਹਾ ਹੈ। ਅਸੀਂ ਸੁਣ ਰਹੇ ਹਾਂ ਕਿ ਉਹ ਆਪਣੀਆਂ ਕਲਾਸਾਂ ਵਿਚ ਇਸਨੂੰ ਸ਼ੁਰੂ ਕਰਨ ਲਈ ਤਿਆਰ ਹਨ। ਉਹ ਆਪਣੇ ਸਹਿਕਰਮੀਆਂ ਨਾਲ ਵੀ ਇਸਨੂੰ ਸਾਂਝਾ ਕਰ ਰਹੇ ਹਨ

ਪਲੈਟਫ਼ੌਰਮ ਲਈ ਮਸ਼ਵਰੇ ਦੇਣ ਵਾਲੇ ਬੋਰਡਾਂ ਵਿਚੋਂ ਇੱਕ, ਪੀਲ ਡਿਸਟ੍ਰਿਕਟ ਸਕੂਲ ਬੋਰਡ ਨੇ ਦੱਸਿਆ ਕਿ ਬੋਰਡ ਵੱਲੋਂ ਇੱਕ ਐਂਟੀ-ਇਸਲਾਮੋਫ਼ੋਬੀਆ ਸਟ੍ਰੈਟਜੀ ਵੀ ਲਾਗੂ ਕੀਤੀ ਜਾ ਰਹੀ ਹੈ ਜਿਸ ਵਿਚ ਸਾਰੇ ਸਟਾਫ਼ ਨੂੰ ਐਂਟੀ-ਇਸਲਾਮੋਫ਼ੋਬੀਆ ਟ੍ਰੇਨਿੰਗ ਦਿੱਤੇ ਜਾਣਾ ਲਾਜ਼ਮੀ ਹੈ।

ਪੀਲ ਸਕੂਲ ਬੋਰਡ ਦੀ ਸਪੋਕਸਪਰਸਨ ਮੈਲਨ ਐਡਵਰਡਜ਼ ਨੇ ਕਿਹਾ, ਪੀਲ ਡਿਸਟ੍ਰਿਕਟ ਸਕੂਲ ਬੋਰਡ ਇਸਲਾਮੋਫ਼ੋਬੀਆ ਸਮੇਤ ਹਰ ਤਰ੍ਹਾਂ ਦੇ ਪੱਖਪਾਤ ਅਤੇ ਜ਼ੁਲਮ ਦੇ ਖ਼ਿਲਾਫ਼ ਹੈ। ਅਸੀਂ ਵਿਦਿਆਰਥੀਆਂ ਅਤੇ ਸਿੱਖਿਅਕਾਂ ਲਈ ਬਰਾਬਰਤਾ ਅਤੇ ਵਧੇਰੇ ਸ਼ਮੂਲੀਅਤ ਵਾਲਾ ਮਾਹੌਲ ਸੁਨਿਸ਼ਚਿਤ ਕਰਨ ਲਈ ਇਹ ਕਦਮ ਚੁੱਕੇ ਹਨ

ਪੌਲ ਗੈਰੋ ਇੱਕ ਮੇਟਿਸ ਮੂਲਨਿਵਾਸੀ ਹਨ ਅਤੇ ਉਹ ਯੂਨੀਵਰਸਿਟੀ ਔਫ਼ ਐਲਬਰਟਾ ਵਿਚ ਮੂਲਨਿਵਾਸੀ ਅਧੀਐਨ ਵਿਭਾਗ ਵਿਚ ਸਹਾਇਕ ਪ੍ਰੋਫ਼ੈਸਰ ਹਨ। ਇਸ ਨਵੇਂ ਪਲੈਟਫ਼ੌਰਮ ਦੀ ਸਮੀਖਿਆ ਕਰਨ ਅਤੇ ਮੂਲਨਿਵਾਸੀਆਂ ਬਾਰੇ ਪੜ੍ਹਾਉਣ ਦੇ ਆਪਣੇ ਤਜਰਬੇ ਦੇ ਪੱਖ ਤੋਂ ਪੌਲ ਕੋਲੋਂ ਫ਼ੀਡਬੈਕ ਲਿੱਤੀ ਗਈ ਸੀ। 

ਉਹਨਾਂ ਕਿਹਾ ਕਿ ਇਹ ਵੈੱਬਸਾਈਟ ਇਸਲਾਮ ਬਾਰੇ ਗ਼ਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੀ ਹੈ।

ਪੌਲ ਨੇ ਕਿਹਾ, ਸਾਡੇ ਵਰਗੇ ਮੂਲਨਿਵਾਸੀ ਅਧਿਐਨ ਵਾਲਿਆਂ ਜਾਂ ਮੂਲਨਿਵਾਸੀ ਲੋਕਾਂ ਲਈ ਹਮੇਸ਼ਾ ਹੀ ਇੱਕ ਚੁਣੌਤੀ ਹੁੰਦੀ ਹੈ ਕਿ ਮੂ਼ਲਨਿਵਾਸੀਆਂ ਦੇ ਦ੍ਰਿਸ਼ਟੀਕੋਣ ਤੋਂ, ਉਹਨਾਂ ਦੇ ਪੱਖ ਤੋਂ, ਬਾਕੀ ਲੋਕਾਂ ਨੂੰ ਕਿਵੇਂ ਸਮਝਾਇਆ ਜਾਵੇ ਤਾਂ ਜੋ ਮੂਲਨਿਵਾਸੀ ਵਿਰੋਧੀ ਨਸਲਵਾਦ ਖ਼ਤਮ ਹੋ ਸਕੇ। ਕੈਨੇਡਾ ਦੇ ਮੁਸਲਿਮ ਭਾਈਚਾਰਿਆਂ ਲਈ ਵੀ ਇਹੀ ਗੱਲ ਲਾਗੂ ਹੁੰਦੀ ਹੈ

ਉਹਨਾਂ ਕਿਹਾ ਕਿ ਸਕੂਲਾਂ ਅਤੇ ਵਿਦਿਅਕ ਅਦਾਰਿਆਂ ਚੋਂ ਇਲਾਮੋਫ਼ੋਬੀਆ ਨੂੰ ਦੂਰ ਕਰਨ ਲਈ ਅਜਿਹੇ ਸਰੋਤ ਉਪਲਬਧ ਹੋਣਾ ਚੰਗੀ ਗੱਲ ਹੈ।

ਮਾਨ ਅਲਮੀਦੀ - ਦ ਕੈਨੇਡੀਅਨ ਪ੍ਰੈਸ
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ