1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਸਰਕਾਰ ਤੇ ਵਿਰੋਧੀ ਪਾਰਟੀਆਂ ਦਰਮਿਆਨ ਕੋਵਿਡ ਸਹਾਇਤਾ ਪ੍ਰੋਗਰਾਮਾਂ ਬਾਰੇ ਬਿੱਲ ‘ਤੇ ਗੱਲਬਾਤ ਜਾਰੀ

ਕ੍ਰਿਸਮਸ ਦੀਆਂ ਛੁੱਟੀਆਂ ਸ਼ੁਰੂ ਹੋਣ ਵਿਚ ਥੋੜਾ ਸਮਾਂ ਰਹਿਣ ਕਰਕੇ ਹਾਊਸ ਦੀਆਂ ਕੁਝ ਕੁ ਬੈਠਕਾਂ ਹੀ ਸੰਭਵ

ਕ੍ਰਿਸਮਸ ਦੀਆਂ ਛੁੱਟੀਆਂ ਸ਼ੁਰੂ ਹੋਣ ਵਿਚ ਬਹੁਤ ਘੱਟ ਸਮਾਂ ਬਚਿਆ ਹੈ। ਅਜਿਹੀ ਸਥਿਤੀ ਵਿਚ ਸਰਕਾਰ ਦੇ ਮਹਾਮਾਰੀ ਸਹਾਇਤਾ ਬਿਲ ਅਤੇ ਕਈ ਹੋਰ ਪ੍ਰਸਤਾਵਿਤ ਕਾਨੂੰਨਾਂ ਨੂੰ ਇਸ ਸੈਸ਼ਨ ਦੌਰਾਨ ਪਾਸ ਕਰਨ ਦਾ ਬਹੁਤ ਥੋੜਾ ਸਮਾਂ ਬਚਿਆ ਹੈ।

ਕ੍ਰਿਸਮਸ ਦੀਆਂ ਛੁੱਟੀਆਂ ਸ਼ੁਰੂ ਹੋਣ ਵਿਚ ਬਹੁਤ ਘੱਟ ਸਮਾਂ ਬਚਿਆ ਹੈ। ਅਜਿਹੀ ਸਥਿਤੀ ਵਿਚ ਸਰਕਾਰ ਦੇ ਮਹਾਮਾਰੀ ਸਹਾਇਤਾ ਬਿਲ ਅਤੇ ਕਈ ਹੋਰ ਪ੍ਰਸਤਾਵਿਤ ਕਾਨੂੰਨਾਂ ਨੂੰ ਇਸ ਸੈਸ਼ਨ ਦੌਰਾਨ ਪਾਸ ਕਰਨ ਦਾ ਬਹੁਤ ਥੋੜਾ ਸਮਾਂ ਬਚਿਆ ਹੈ।

ਤਸਵੀਰ:  (Andrew Lee/CBC)

RCI

ਕਾਰੋਬਾਰਾਂ ਅਤੇ ਵਰਕਰਾਂ ਦੀ ਵਿੱਤੀ ਮਦਦ ਲਈ ਕੋਵਿਡ ਸਹਾਇਤਾ ਪ੍ਰੋਗਰਾਮਾਂ ਨੂੰ ਜਾਰੀ ਰੱਖਣ ਲਈ ਪ੍ਰਸਤਾਵਿਤ ਕਾਨੂੰਨ ‘ਤੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਵਿਚਕਾਰ ਗੱਲਬਾਤ ਚਲ ਰਹੀ ਹੈ। 

ਬੀਤੇ ਹਫ਼ਤੇ ਹਾਊਸ ਔਫ਼ ਕਾਮਨਜ਼ ਵਿਚ ਬਿਲ ਸੀ-2 ਪੇਸ਼ ਕੀਤਾ ਗਿਆ ਸੀ। ਗਵਰਨਮੈਂਟ ਹਾਊਸ ਲੀਡਰ ਮਾਰਕ ਹੌਲੈਂਡ ਕਹਿ ਚੁੱਕੇ ਹਨ ਕਿ ਉਹਨਾਂ ਨੂੰ 2 ਹਫ਼ਤਿਆਂ ਵਿਚ ਸ਼ੁਰੂ ਹੋ ਰਹੀਆਂ ਛੁੱਟੀਆਂ ਤੋਂ ਪਹਿਲਾਂ ਪਹਿਲਾਂ, ਇਸ ਬਿਲ ਦੇ ਮੰਜ਼ੂਰ ਹੋਣ ਦਾ ਭਰੋਸਾ ਹੈ। 

ਪਰ ਬਿਲ ਸੀ-2 ਨੂੰ ਰੀਵਿਊ ਕਰਨ ਲਈ ਅਜੇ ਕੋਈ ਸਟੈਂਡਿੰਗ ਕਮੇਟੀ ਸਥਾਪਿਤ ਨਹੀਂ ਕੀਤੀ ਗਈ ਹੈ ਅਤੇ ਸਰਦੀਆਂ ਦੀਆਂ ਛੁੱਟੀਆਂ ਸ਼ੁਰੂ ਹੋਣ ਨੂੰ ਬਹੁਤ ਥੋੜਾ ਸਮਾਂ ਬਚਿਆ ਹੈ।

ਸੂਤਰਾਂ ਨੇ ਸੀਬੀਸੀ ਨੂੰ ਦੱਸਿਆ ਕਿ ਪਾਰਟੀ ਲੀਡਰਜ਼ ਲਗਾਤਾਰ ਇਸ ਬਾਰੇ ਬੈਠਕਾਂ ਕਰ ਰਹੇ ਹਨ ਕਿ ਇਸ ਮਾਮਲੇ ਵਿਚ ਕਿਵੇਂ ਅੱਗੇ ਵੱਲ ਵਧਿਆ ਜਾ ਸਕਦਾ ਹੈ। ਉਹਨਾਂ ਮੁਤਾਬਕ ਬਿਲ ਸੀ-2 ਨੂੰ ਅੱਗੋ ਤੋਰਨ ਲਈ ਉਹਨਾਂ ਕੋਲ ਦੋ ਵਿਕਲਪ ਹਨ। 

ਪਹਿਲਾਂ ਵਿਕਲਪ ਹੈ, ਕਿ ਲਜਿਸਲੇਟਿਵ ਕਮੇਟੀ ਦੀ ਵਰਤੋਂ ਕਰਕੇ ਰਾਹਤ ਪੈਕੇਜ ਦਾ ਰੀਵਿਊ ਕੀਤਾ ਜਾਵੇ ਕਿ ਇਹ ਵਰਕਰਾਂ ਅਤੇ ਕੰਪਨੀਆਂ ਲਈ ਲੋੜੀਂਦੀ ਮਦਦ ਪ੍ਰਦਾਨ ਕਰਦਾ ਹੈ ਜਾਂ ਨਹੀਂ। 

ਦੂਸਰਾ ਵਿਕਲਪ ਇੱਕ ਵਿਸ਼ੇਸ਼ ਮੋਸ਼ਨ ਪੇਸ਼ ਕਰਕੇ ਇਸ ਬਿਲ ਨੂੰ ਕਮੇਟੀ ਦੇ ਰੀਵਿਊ ਦੀ ਪ੍ਰਕਿਰਿਆ ਤੋਂ ਬਾਈਪਾਸ ਕਰਨਾ ਹੈ। 

ਵਿਸ਼ੇਸ਼ ਮੋਸ਼ਨ ਰਾਹੀਂ ਕਮੇਟੀ ਰੀਵਿਊ ਦੀ ਪ੍ਰਕਿਰਿਆ ਨੂੰ ਬਾਈਪਾਸ ਕਰਨ ਨੂੰ ਬਿਲ ਨੂੰ ਕਮੇਟੀ ਆਫ਼ ਦਾ ਹੋਲ (Committee of the whole) ਨੂੰ ਪ੍ਰਸਤੁਤ ਕਰਨਾ ਕਹਿੰਦੇ ਹਨ। ਇਸ ਪ੍ਰਕਿਰਿਆ ਦੌਰਾਨ ਸਮੁੱਚਾ ਹਾਊਸ ਹੀ ਇੱਕ ਕਮੇਟੀ ਵਾਂਗ ਕੰਮ ਕਰਦਾ ਹੈ, ਅਤੇ ਕਾਨੂੰਨ ਪਾਸ ਹੋਣ ਤੋਂ ਬਾਅਦ ਇਹ ਕਮੇਟੀ ਭੰਗ ਹੋ ਜਾਂਦੀ ਹੈ।

ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਕਿਸ ਵਿਕਲਪ ਨੂੰ ਤਰਜੀਹ ਦਿੱਤਾ ਜਾ ਰਹੀ ਹੈ।

ਬਿਲ ਨੂੰ ਕਮੇਟੀ ਰੀਵਿਊ ਤੋਂ ਬਾਈਪਾਸ ਕਰਵਾਉਣਾ ਆਮ ਵਰਤਾਰਾ ਨਹੀਂ ਹੁੰਦਾ। ਕਿਸੇ ਬਿਲ ਨੂੰ ਥੋੜੇ ਸਮੇਂ ਵਿਚ ਪਾਸ ਕਰਨ ਲਈ ਹਾਊਸ ਔਫ਼ ਕਾਮਨਜ਼ ਦੀ ਸਰਬਸੰਤੀ ਨਾਲ ਅਜਿਹਾ ਕੀਤਾ ਜਾ ਸਕਦਾ ਹੈ। ਸਰਬਸੰਮਤੀ ਨਾ ਹੋਣ ਦੀ ਸਥਿਤੀ ਵਿਚ ਸਰਕਾਰ ਅਜਿਹੇ ਮੋਸ਼ਨ ਲਈ 48 ਘੰਟਿਆਂ ਦਾ ਨੋਟਿਸ ਦੇ ਸਕਦੀ ਹੈ ਅਤੇ ਇਹ ਮੋਸ਼ਨ ਬਹਿਸ ਅਤੇ ਵੋਟਿੰਗ ਦੇ ਅਧੀਨ ਹੁੰਦਾ ਹੈ।

ਇੱਕ ਸਰਕਾਰੀ ਬੁਲਾਰੇ ਨੇ ਪਾਰਟੀਆਂ ਦਰਮਿਆਨ ਚਲ ਰਹੀ ਗੱਲਬਾਤ ਨੂੰ ਸਕਾਰਾਤਮਕ ਆਖਿਆ ਪਰ ਇਸ ਬਾਰੇ ਕੋਈ ਹੋਰ ਟਿੱਪਣੀ ਨਹੀਂ ਕੀਤੀ। ਕੰਜ਼ਰਵੇਟਿਵਜ਼ ਦੇ ਬੁਲਾਰੇ ਨੇ ਵੀ ਇਸ ਹਫ਼ਤੇ ਬੋਲਦਿਆਂ ਕਿਹਾ ਸੀ ਕਿ ਪਾਰਟੀ ਨੂੰ ਵੀ ਇਸ ਮਾਮਲੇ ਵਿਚ ਜਲਦੀ ਹੈ। ਨਾਲ ਹੀ ਪਾਰਟੀ ਨੇ ਕਿਸੇ ਵੀ ਦੇਰੀ ਲਈ ਲਿਬਰਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਬਿਲ ਵਿਚ ਕਈ ਵਿੱਤੀ ਇਮਦਾਦ ਸ਼ਾਮਲ

ਐਨਡੀਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲੀਆ। ਐਨਡੀਪੀ ਲੀਡਰ ਜਗਮੀਤ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਪ੍ਰਸਤਾਵਿਤ ਬੈਨਿਫ਼ਿਟਸ ਕਾਫ਼ੀ ਨਹੀਂ ਹਨ।

ਬਿਲ ਸੀ -2 ਵਿਚ ਕੋਵਿਡ ਤੋਂ ਬੇਹੱਦ ਪ੍ਰਭਾਵਿਤ ਸੈਕਟਰਾਂ - ਜਿਵੇਂ ਟੂਰਿਜ਼ਮ ਅਤੇ ਹੌਸਪਿਟੈਲਿਟੀ ਸੈਕਟਰ - ਲਈ ਵੇਜ ਅਤੇ ਰੈਂਟ ਸਬਸਿਡੀ ਦਾ ਪ੍ਰਬੰਧ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਭਵਿੱਖ ਵਿਚ ਕਿਸੇ ਲੌਕਡਾਊਨ ਤੋਂ ਪ੍ਰਭਾਵਿਤ ਹੋਣ ਵਾਲੇ ਕਾਮਿਆਂ ਲਈ ਨਵਾਂ ਕੈਨੇਡਾ ਵਰਕਰ ਲੌਕਡਾਉਨ ਬੈਨਿਫ਼ਿਟ ਚਲਾਇਆ ਜਾਣ ਦਾ ਪ੍ਰਸਤਾਵ ਹੈ, ਜਿਸ ਤਹਿਤ ਉਹਨਾਂ ਨੂੰ 300 ਡਾਲਰ ਪ੍ਰਤੀ ਹਫ਼ਤੇ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਇਹ ਪ੍ਰੋਗਰਾਮ 7 ਮਈ 2022 ਤੱਕ ਚਲਾਏ ਜਾਣ ਦੀ ਯੋਜਨਾ ਹੈ। 

ਇਸ ਪ੍ਰਸਤਾਵਿਤ ਕਾਨੂੰਨ ਰਾਹੀਂ ਸਰਕਾਰ ਨੇ ਕੈਨੇਡਾ ਰਿਕਵਰੀ ਕੇਅਰਗਿਵਿੰਗ ਬੈਨਿਫ਼ਿਟ ਅਤੇ ਕੈਨੇਡਾ ਰਿਕਵਰੀ ਸਿਕਨੈਸ ਬੈਨਿਫ਼ਿਟ ਪ੍ਰੋਗਰਾਮਾਂ ਨੂੰ ਵੀ 7 ਮਈ 2022 ਤੱਕ ਵਧਾਏ ਜਾਣ ਦੀ ਯੋਜਨਾ ਉਲੀਕੀ ਹੈ। 

ਕ੍ਰਿਸ ਹਾਲ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ