1. ਮੁੱਖ ਪੰਨਾ
  2. ਵਾਤਾਵਰਨ
  3. ਘਟਨਾਵਾਂ ਅਤੇ ਕੁਦਰਤੀ ਆਫ਼ਤ

[ ਰਿਪੋਰਟ ] ਬੀ ਸੀ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਵੱਲੋਂ ਮਦਦ ਦੀ ਗੁਹਾਰ

ਸੂਬਾਈ ਸਰਕਾਰ ਵੱਲੋਂ ਸੰਭਵ ਮਦਦ ਦਾ ਭਰੋਸਾ

ਐਮ ਐੱਲ ਏ ਜਗਰੂਪ ਬਰਾੜ ਨਾਲ ਮੀਟਿੰਗ ਦੌਰਾਨ ਪੰਜਾਬੀ ਮੂਲ ਦੇ ਕਿਸਾਨ

ਐਮ ਐੱਲ ਏ ਜਗਰੂਪ ਬਰਾੜ ਨਾਲ ਮੀਟਿੰਗ ਦੌਰਾਨ ਪੰਜਾਬੀ ਮੂਲ ਦੇ ਕਿਸਾਨ

ਤਸਵੀਰ: Radio-Canada / ਸਰਬਮੀਤ ਸਿੰਘ

Sarbmeet Singh

ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵਿੱਚ ਹੜ੍ਹਾਂ ਨਾਲ ਹੋਈ ਬਰਬਾਦੀ ਤੋਂ ਬਾਅਦ ਕਿਸਾਨਾਂ ਵੱਲੋਂ ਸੂਬਾਈ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ I ਸੂਬੇ ਵਿੱਚ ਆਏ ਹੜ੍ਹਾਂ ਨਾਲ ਪੰਜਾਬੀ ਮੂਲ ਦੇ ਬਹੁਤ ਸਾਰੇ ਕਿਸਾਨ ਵੀ ਪ੍ਰਭਾਵਿਤ ਹੋਏ ਹਨ I

ਜ਼ਿਕਰਯੋਗ ਹੈ ਕਿ ਸੂਬੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਅਤੇ ਯੂ ਐੱਸ ਵਾਲੇ ਪਾਸੇ ਤੋਂ ਵੀ ਪਾਣੀ ਕੈਨੇਡਾ ਵੱਲ ਆਉਣ ਕਰਕੇ ਹਾਲਾਤ ਹੋਰ ਵੀ ਖ਼ਰਾਬ ਹੋ ਗਏ , ਜਿਸ ਨਾਲ ਫਸਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ I ਲੋਕਾਂ ਨੂੰ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜ਼ਬੂਰ ਹੋਣਾ ਪਿਆ ਹੈ I  ਹੜ੍ਹਾਂ ਦੀ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਬੀ ਸੀ ਸਰਕਾਰ ਨੇ ਸਟੇਟ ਔਫ਼ ਐਮਰਜੈਂਸੀ ਦਾ ਐਲਾਨ ਕੀਤਾ ਸੀ ਜਿਸਨੂੰ ਕਿ ਅੱਗੇ ਵਧਾਇਆ ਗਿਆ ਹੈ I 

ਪੰਜਾਬੀ ਮੂਲ ਦੇ ਕਿਸਾਨਾਂ ਵੱਲੋਂ ਸਰੀ ਫਲੀਟਵੁੱਡ ਤੋਂ ਐਮ ਐੱਲ ਏ ਜਗਰੂਪ ਬਰਾੜ ਨਾਲ ਇਕ ਮੀਟਿੰਗ ਦੌਰਾਨ ਇਹ ਮਸਲੇ ਉਠਾਏ ਗਏ I

ਇਸ ਮੌਕੇ ਕਿਸਾਨ ਜਸਵੰਤ ਢਿਲੋਂ ਨੇ ਕਿਹਾ ਹੜ੍ਹਾਂ ਕਾਰਨ ਅਸੀਂ ਬੇਘਰ ਹੋ ਗਏ ਹਾਂ I ਸਾਡੀ ਫ਼ਸਲ ਅਤੇ ਮਹਿੰਗੀ ਮਸ਼ੀਨਰੀ ਖ਼ਰਾਬ ਹੋਈ ਹੈ I ਸਰਕਾਰ ਨੂੰ ਸਾਨੂੰ ਯੋਗ ਮੁਆਵਜ਼ਾ ਦੇਣਾ ਚਾਹੀਦਾ ਹੈ I

ਬੀ ਸੀ ਪ੍ਰੋਵਿੰਸ ਦੇ ਐਬਟਸਫੋਰਡ ਅਤੇ ਲਾਗਲੇ ਸ਼ਹਿਰਾਂ ਵਿੱਚ ਕਿਸਾਨ ਬਲਿਊਬੈਰੀ , ਸਬਜ਼ੀਆਂ ਅਤੇ ਮੱਕੀ ਆਦਿ ਦੀ ਕਾਸ਼ਤ ਕਰਦੇ ਹਨ I ਪ੍ਰਾਪਤ ਜਾਣਕਾਰੀ ਮੁਤਾਬਿਕ ਪ੍ਰੋਵਿੰਸ ਵਿੱਚ ਕਰੀਬ 27 ਹਜ਼ਾਰ ਏਕੜ ਵਿੱਚ ਬਲਿਊਬੈਰੀ ਦੀ ਕਾਸ਼ਤ ਹੁੰਦੀ ਹੈ I

ਕਰੀਬ 600 ਬਲਿਊਬੈਰੀ ਕਾਸ਼ਤਕਾਰਾਂ ਦੀ ਨੁਮਾਇੰਦਗੀ ਕਰਦੀ ਸੰਸਥਾ ਬੀ ਸੀ ਬਲਿਊਬੈਰੀ ਕੌਂਸਲ ਮੁਤਾਬਿਕ ਇਹਨਾਂ ਹੜ੍ਹਾਂ ਨਾਲ 2500 ਏਕੜ ਤੋਂ ਵਧੇਰੇ ਦਾ ਰਕਬਾ ਪ੍ਰਭਾਵਿਤ ਹੋਇਆ ਹੈ I ਬੀ ਸੀ ਬਲਿਊਬੈਰੀ ਕੌਂਸਲ ਦੇ ਚੇਅਰ ਜੇਸਨ ਸਮਿਥ ਨੇ ਕਿਹਾ ਪਾਣੀ ਘਟਣ ਤੋਂ ਬਾਅਦ ਨੁਕਸਾਨ ਦਾ ਦੁਬਾਰਾ ਤੋਂ ਜ਼ਾਇਜਾ ਲੈਣਾ ਪਵੇਗਾ I

ਕਿਸਾਨਾਂ ਦਾ ਕਹਿਣਾ ਹੈ ਕਿ ਬਲਿਊਬੈਰੀ ਦਾ ਬੂਟਾ ਕੁਝ ਸਮੇਂ ਬਾਅਦ ਫ਼ਲ ਦੇਣ ਲਗਦਾ ਹੈ ਅਤੇ ਇਹਨਾਂ ਹੜ੍ਹਾਂ ਕਾਰਨ ਕੁਝ ਕਿਸਾਨਾਂ ਨੂੰ ਆਪਣੇ ਬੂਟੇ ਪੱਟ ਕੇ ਦੁਬਾਰਾ ਲਗਾਉਣੇ ਪੈ ਸਕਦੇ ਹਨ ਜਿਸ ਨਾਲ ਕਈ ਸਾਲਾਂ ਦੀ ਆਮਦਨ ਬੰਦ ਹੋ ਸਕਦੀ ਹੈ I ਕਿਸਾਨਾਂ ਮੁਤਾਬਿਕ ਇਹ ਨੁਕਸਾਨ ਦਾ ਪੱਧਰ ਹਰ ਖੇਤ ਵਿੱਚ ਅਲੱਗ ਹੋ ਸਕਦਾ ਹੈ I

ਸਹਾਇਤਾ ਪ੍ਰਕਿਰਿਆ ਸੌਖੀ ਬਣਾਉਣ ਦੀ ਮੰਗ

ਇਹਨਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਇਹ ਯਕੀਨੀ ਬਣਾਵੇ ਕਿ ਕੋਈ ਵੀ ਸਹਾਇਤਾ ਪ੍ਰਾਪਤ ਕਰਨ ਲਈ ਕਿਸਾਨਾਂ ਨੂੰ ਘੱਟ ਤੋਂ ਘੱਟ ਫ਼ਾਰਮ ਆਦਿ ਭਰਨੇ ਪੈਣ I

ਐਬਟਸਫੋਰਡ ਸ਼ਹਿਰ ਵਿੱਚ ਬਲਿਊਬੈਰੀ ਦੀ ਕਾਸ਼ਤ ਕਰਦੇ ਪੰਜਾਬੀ ਮੂਲ ਦੇ ਕਿਸਾਨ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਬਹੁਤ ਸਾਰੇ ਕਿਸਾਨ ਜ਼ਿਆਦਾ ਪੜੇ ਲਿਖੇ ਨਹੀਂ ਹਨ , ਜਿਸ ਕਰਕੇ ਬਹੁਤੇ ਫ਼ਾਰਮ ਆਦਿ ਭਰਨਾ ਉਹਨਾਂ ਲਈ ਮੁਸ਼ਕਿਲ ਕੰਮ ਹੈ I

ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਨੂੰ ਮਿਲਣ ਵਾਲੀ ਕੋਈ ਵੀ ਸਹਾਇਤਾ ਵਿੱਚ ਘੱਟ ਤੋਂ ਘੱਟ ਕਾਗਜ਼ੀ ਕਾਰਵਾਈ ਹੋਵੇ ਤਾਂ ਜੋ ਕਿਸਾਨ ਇਸਦਾ ਲਾਭ ਲੈ ਸਕਣ I
ਵੱਲੋਂ ਇੱਕ ਕਥਨ ਸਤਨਾਮ ਸਿੰਘ , ਬਲਿਊਬੈਰੀ ਕਾਸ਼ਤਕਾਰ

ਇਹ ਵੀ ਪੜੋ :

ਪੰਜਾਬੀ ਮੂਲ ਦੇ ਇਕ ਹੋਰ ਕਿਸਾਨ ਗੁਰਪ੍ਰੀਤ ਬਰਾੜ ਦਾ ਕਹਿਣਾ ਹੈ ਕਿ ਸਰਕਾਰ ਨੂੰ ਖੇਤੀ ਸੈਕਟਰ ਲਈ ਹੋਰ ਫੰਡਿੰਗ ਦੇਣ ਦੀ ਲੋੜ ਹੈ I

ਸਰਕਾਰ ਵੱਲੋਂ ਸੰਭਵ ਮਦਦ ਦਾ ਭਰੋਸਾ

ਐਮ ਐੱਲ ਏ ਜਗਰੂਪ ਬਰਾੜ ਵੱਲੋਂ ਕਿਸਾਨਾਂ ਨੂੰ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ I  ਖੇਤੀਬਾੜੀ ਮੰਤਰੀ ਲੈਨਾ ਪੌਪਮ ਵੱਲੋਂ ਕਿਸਾਨਾਂ ਨੂੰ ਕਿਸੇ ਵੀ ਮਦਦ ਲਈ 1 -888-221 -7141  'ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ I  ਖੇਤੀਬਾੜੀ ਮੰਤਰਾਲੇ ਵੱਲੋਂ ਕਿਸਾਨਾਂ ਨੂੰ ਆਪਣੀ ਨੁਮਾਇੰਦਗੀ ਕਰਦੀ ਸੰਸਥਾ ਨਾਲ ਰਾਬਤਾ  (ਨਵੀਂ ਵਿੰਡੋ)ਕਾਇਮ ਕਰਨ ਲਈ ਕਿਹਾ ਗਿਆ ਹੈ I

ਜਿੰਨ੍ਹਾਂ ਵਿਅਕਤੀਆਂ ਨੂੰ ਹੜ੍ਹਾਂ ਕਾਰਨ ਆਪਣੇ ਘਰ ਛੱਡਣੇ ਪਏ ਹਨ , ਉਹ 2000 ਡਾਲਰ ਲੈਣ ਦੇ ਯੋਗ (ਨਵੀਂ ਵਿੰਡੋ) ਹਨI ਸੂਬਾਈ ਸਰਕਾਰ ਵੱਲੋਂ ਹੜ੍ਹ ਪੀੜਤਾਂ ਲਈ ਡਿਜ਼ਾਸਟਰ ਫ਼ਾਈਨੈਸ਼ੀਅਲ ਅਸਿਸਟੈਂਸ ਪ੍ਰੋਗਰਾਮ ਲਿਆਂਦਾ ਗਿਆ ਹੈ , ਜਿਸ ਤਹਿਤ ਪੀੜਤ ਵਿਅਕਤੀ 3 ਲੱਖ ਤੱਕ ਦੇ ਨੁਕਸਾਨ ਦੇ ਮੁਆਵਜ਼ੇ ਲਈ ਅਪਲਾਈ ਕਰ ਸਕਦੇ ਹਨ I ਇਹ ਸਹਾਇਤਾ ਲੈਣ ਲਈ 12 ਫ਼ਰਵਰੀ ਤੱਕ ਅਰਜ਼ੀ (ਨਵੀਂ ਵਿੰਡੋ) ਦਿੱਤੀ ਜਾ ਸਕਦੀ ਹੈ I

ਇਸੇ ਦਰਮਿਆਨ ਪ੍ਰੋਵਿੰਸ ਵਿੱਚ ਕਿਸਾਨਾਂ ਲਈ ਕੰਮ ਕਰਦੀ ਸੰਸਥਾ ਬੀ ਸੀ ਐਗਰੀਕਲਚਰ ਕੌਂਸਲ ਵੱਲੋਂ ਵੀ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਲਈ ਇਕ ਮੁਹਿੰਮ  (ਨਵੀਂ ਵਿੰਡੋ)ਸ਼ੁਰੂ ਕੀਤੀ ਗਈ ਹੈ , ਜਿਸ ਵਿੱਚ ਆਮ ਜਨਤਾ ਦਾਨ ਰਾਹੀਂ ਯੋਗਦਾਨ ਪਾ ਸਕਦੀ ਹੈ I ਪ੍ਰਾਪਤ ਜਾਣਕਾਰੀ ਮੁਤਾਬਿਕ ਐਗਰੀਕਲਚਰ ਕੌਂਸਲ ਇਕ ਲੱਖ ਡਾਲਰ ਇਕੱਠੇ ਕਰ ਚੁੱਕੀ ਹੈ I

ਕੈਨੇਡੀਅਨ ਫੈਡਰੇਸ਼ਨ ਆਫ਼ ਐਗਰੀਕਲਚਰ ਵੱਲੋਂ ਵੀ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੂੰ ਕਿਸਾਨਾਂ ਦੀ ਬਾਂਹ ਫੜਨ ਦੀ ਅਪੀਲ ਕਰਦਿਆਂ ਇੱਕ ਪੱਤਰ ਲਿਖਿਆ ਗਿਆ ਸੀ I ਫੈਡਰੇਸ਼ਨ ਨੇ ਆਪਣੇ ਪੱਤਰ ਵਿੱਚ ਹੜ੍ਹਾਂ ਨਾਲ ਫ਼ਸਲਾਂ , ਪੋਲਟਰੀ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਲਈ ਫ਼ੌਰੀ ਰਾਹਤ ਦੀ ਮੰਗ ਕੀਤੀ ਸੀI

ਜਸਟਿਨ ਟ੍ਰੂਡੋ ਵੱਲੋਂ ਪ੍ਰੋਵਿੰਸ ਦੇ ਦੌਰੇ ਦੌਰਾਨ ਹੜ੍ਹਾਂ ਦੇ ਪ੍ਰਬੰਧਨ ਲਈ ਇੱਕ ਫ਼ੈਡਰਲ ਕਮੇਟੀ ਦੇ ਗਠਨ ਦਾ ਐਲਾਨ ਵੀ ਕੀਤਾ ਸੀ।

Sarbmeet Singh

ਸੁਰਖੀਆਂ