1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਫ਼ੈਡਰਲ ਸਰਕਾਰ ਹਵਾਈ ਯਾਤਰੀਆਂ ਲਈ ਕੈਨੇਡਾ ਪਹੁੰਚਣ ‘ਤੇ ਕੋਵਿਡ ਟੈਸਟ ਕਰਵਾਉਣ ਦੀ ਸ਼ਰਤ ਲਾਗੂ ਕਰੇਗੀ

ਓਮੀਕਰੌਨ ਵੇਰੀਐਂਟ ਦੇ ਮੱਦੇਨਜ਼ਰ ਫ਼ੈਡਰਲ ਸਰਕਾਰ ਨੇ ਯਾਤਰਾ ਨਿਯਮ ਸਖ਼ਤ ਕਰਨ ਦਾ ਫ਼ੈਸਲਾ ਲਿਆ

ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਮੁਤਾਬਕ ਨਵੇਂ ਨਿਯਮ ਅਗਲੇ ਕੁਝ ਦਿਨਾਂ ਵਿਚ ਹੀ ਲਾਗੂ ਹੋ ਜਾਣਗੇ।

ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਮੁਤਾਬਕ ਨਵੇਂ ਨਿਯਮ ਅਗਲੇ ਕੁਝ ਦਿਨਾਂ ਵਿਚ ਹੀ ਲਾਗੂ ਹੋ ਜਾਣਗੇ।

ਤਸਵੀਰ: La Presse canadienne / Adrian Wyld

RCI

ਫ਼ੈਡਰਲ ਸਰਕਾਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦਾਖ਼ਲ ਹੋਣ ਵਾਲੇ ਸਾਰੇ ਹਵਾਈ ਯਾਤਰੀਆਂ ਨੂੰ ਏਅਰਪੋਰਟ ‘ਤੇ ਪਹੁੰਚਦਿਆਂ ਹੀ ਕੋਵਿਡ ਟੈਸਟ ਕਰਵਾਉਣਾ ਹੋਵੇਗਾ। ਯੂ ਐਸ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ‘ਤੇ ਇਹ ਸ਼ਰਤ ਲਾਗੂ ਨਹੀਂ ਕੀਤੀ ਗਈ ਹੈ।

ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਨੇ ਕਿਹਾ ਕਿ ਯਾਤਰੀਆਂ ਦਾ ਵੈਕਸੀਨ ਸਟੈਟਸ ਕੁਝ ਵੀ ਹੋਵੇ, ਇਹ ਸ਼ਰਤ ਸਾਰੇ ਯਾਤਰੀਆਂ ’ਤੇ ਲਾਗੂ ਹੋਵੇਗੀ। ਇਹ ਸ਼ਰਤ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ‘ਤੇ ਵੀ ਲਾਗੂ ਹੋ ਰਹੀ ਹੈ।

ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਆਪਣੇ ਟੈਸਟ ਦੇ  ਨਤੀਜੇ ਆਉਣ ਤੱਕ ਇਕਾਂਤਵਾਸ ਵਿਚ ਰਹਿਣਾ ਹੋਵੇਗਾ। 

ਇਹ ਨਵੇਂ ਨਿਯਮ, ਕੈਨੇਡਾ ਸਰਕਾਰ ਵੱਲੋਂ ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੌਨ ਦੇ ਫ਼ੈਲਾਅ ਨੂੰ ਰੋਕਣ ਲਈ ਤਿਆਰ ਕੀਤੀ ਜਾ ਰਹੀ ਨੀਤੀ ਦਾ ਹਿੱਸਾ ਹਨ। 

ਪਿਛਲੇ ਇੱਕ ਹਫ਼ਤੇ ਵਿਚ ਸਾਹਮਣੇ ਆਏ ਇਸ ਨਵੇਂ ਵੇਰੀਐਂਟ ਨੇ ਦੁਨੀਆ ਭਰ ਵਿਚ ਕਈ ਦੇਸ਼ਾਂ ਵਿਚ ਟ੍ਰੈਵਲ ਰੋਕਾਂ, ਟੈਸਟਿੰਗ ਸ਼ਰਤਾਂ ਅਤੇ ਬਾਰਡਰ ਰੋਕਾਂ ਨੂੰ ਹੋਰ ਵੀ ਸਖ਼ਤ ਕਰ ਦਿੱਤਾ ਹੈ।

ਦੇਖੋ। ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਫ਼ਲਾਈਟ ਬੈਨ ਦੇ ਕਾਰਨ ਸਪਸ਼ਟ ਕਰਦਿਆਂ

ਕੈਨੇਡਾ ਵੱਲੋਂ 7 ਅਫ਼ਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ’ਤੇ ਪਾਬੰਦੀ ਲਗਾਈ ਗਈ ਸੀ। ਪਰ ਹੁਣ ਇਸ ਸੂਚੀ ਵਿਚ ਤਿੰਨ ਹੋਰ ਦੇਸ਼ ਸ਼ਾਮਲ ਕੀਤੇ ਗਏ ਹਨ। ਮੰਗਲਵਾਰ ਨੂੰ ਫ਼ੈਡਰਲ ਸਰਕਾਰ ਨੇ ਇਜਿਪਟ, ਮਾਲਾਵੀ ਅਤੇ ਨਾਈਜੀਰੀਆ ਤੋਂ ਆਉਣ ਵਾਲੇ ਵਿਦੇਸ਼ੀ ਯਾਤਰੀਆਂ ’ਤੇ ਰੋਕਾਂ ਲਗਾ ਦਿੱਤੀਆਂ ਹਨ।

ਇਹਨਾਂ 10 ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਥਾਵਾਂ ‘ਤੇ ਕੁਆਰੰਟੀਨ ਕਰਨਾ ਪਵੇਗਾ। ਬਾਕੀ ਸਾਰੇ ਯਾਤਰੀਆਂ ਆਪਣੇ ਘਰਾਂ ਵਿਚ ਜਾਂ ਹੋਰ ਥਾਂਵਾਂ ‘ਤੇ ਕੁਆਰੰਟੀਨ ਕਰ ਸਕਦੇ ਹਨ।

ਪਰ ਇਹਨਾਂ ਯਾਤਰਾ ਪਾਬੰਦੀਆਂ ਦੀ ਆਲੋਚਨਾ ਵੀ ਹੋ ਰਹੀ ਹੈ ਕਿ ਇਹ ਉਹਨਾਂ ਅਫ਼ਰੀਕੀ ਦੇਸ਼ਾਂ ਨਾਲ ਪੱਖਪਾਤ ਹੈ ਜਿਹਨਾਂ ਕੋਲ ਵੈਕਸੀਨ ਦੀ ਉਪਲਬਧਤਾ ਵੀ ਇੱਕ ਚੁਣੌਤੀ ਹੈ। ਦੁਨੀਆ ਭਰ ਵਿਚ ਹੁਣ ਇਹ ਚਿੰਤਾ ਵੀ ਵਧ ਰਹੀ ਹੈ ਕਿ ਟ੍ਰੈਵਲ ਰੋਕਾਂ ਕਾਰਨ ਕੁਝ ਦੇਸ਼ ਨਵੇਂ ਵੇਰੀਐਂਟਸ ਦੇ ਮਾਮਲਿਆਂ ਬਾਰੇ ਪਾਰਦਰਸ਼ੀ ਹੋਣ ਤੋਂ ਗੁਰੇਜ਼ ਨਾ ਕਰਨ ਲੱਗ ਜਾਣ। 

ਓਮੀਕਰੌਨ ਵੇਰੀਐਂਟ ਹੁਣ ਦੁਨੀਆ ਦੇ ਕਈ ਦੇਸ਼ਾਂ ਵਿਚ ਡਿਟੈਕਟ ਹੋ ਚੁੱਕਾ ਹੈ। ਇਹਨਾਂ ਦੇਸ਼ਾਂ ਵਿਚ ਕੈਨੇਡਾ ਵੀ ਸ਼ਾਮਲ ਹੈ।

ਕਿਊਬੈਕ, ਉਨਟੇਰਿਉ, ਬ੍ਰਿਟਿਸ਼ ਕੁਲੰਬੀਆ ਅਤੇ ਐਲਬਰਟਾ ਸੂਬਾ ਸਰਕਾਰਾਂ ਨੇ ਵੀ ਓਮੀਕਰੌਨ ਦੇ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਫ਼ੈਡਰਲ ਹੈਲਥ ਅਧਿਕਾਰੀਆਂ ਮੁਤਾਬਕ ਕੈਨੇਡਾ ਵਿਚ ਘੱਟੋ ਘੱਟ 6 ਓਮੀਕਰੌਨ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

ਹੈਲਥ ਮਿਨਿਸਟਰ ਡਿਉਕਲੋ ਨੇ ਕਿਹਾ ਕਿ ਇਸ ਵੇਰੀਐਂਟ ਦੇ ਕਿਸੇ ਸਮੇਂ ‘ਤੇ ਆ ਕੇ ਕਮਿਉਨਟੀ ਟ੍ਰਾਂਸਮਿਸ਼ਨ ਦੀ ਵੀ ਸੰਭਾਵਨਾ ਹੈ।

ਕੈਨੇਡਾ ਦੇ ਡਿਪਟੀ ਚੀਫ਼ ਪਬਲਿਕ ਹੈਲਥ ਔਫ਼ਿਸਰ ਦਾ ਕਹਿਣਾ ਹੈ ਕਿ ਟ੍ਰੈਵਲ ਰੋਕਾਂ ਅਸਥਾਈ ਉਪਾਅ ਹਨ। ਇਹਨਾਂ ਨਾਲ ਇਸ ਵੇਰੀਐਂਟ ਨੂੰ ਬਿਹਤਰ ਤਰੀਕੇ ਨਾਲ ਸਮਝਣ ਦਾ ਸਮਾਂ ਮਿਲੇਗਾ। 

ਡਿਉਕਲੋ ਅਨੁਸਾਰ ਯੂ ਐਸ ਤੋਂ ਆਉਣ ਵਾਲੇ ਯਾਤਰੀਆਂ ਲਈ ਟੈਸਟਿੰਗ ਲਾਗੂ ਕਰਨ ਬਾਰੇ ਫ਼ੈਡਰਲ ਸਰਕਾਰ ਸੂਬਾ ਸਰਕਾਰਾਂ ਨਾਲ ਮਸ਼ਵਰਾ ਕਰੇਗੀ।

ਦੇਖੋ। ਟ੍ਰਾਂਸਪੋਰਟ ਮਿਨਿਸਟਰ ਉਮਰ ਅਲਗ਼ਬਰਾ ਨਵੀਆਂ ਟ੍ਰੈਵਲ ਰੋਕਾਂ ਬਾਰੇ ਵੇਰਵੇ ਦਿੰਦਿਆਂ

ਬੂਸਟਰ ਸ਼ੌਟਸ ਬਾਰੇ ਮਸ਼ਵਰਾ

ਡਿਉਕਲੋ ਨੇ ਐਲਾਨ ਕੀਤਾ ਕਿ ਫ਼ੈਡਰਲ ਸਰਕਾਰ ਨੇ ਮੁਲਕ ਵਿਚ ਟੀਕਾਕਰਨ ਬਾਬਤ ਰਾਸ਼ਟਰੀ ਸਲਾਹਕਾਰ ਕਮੇਟੀ (NACI) ਕੋਲੋਂ, ਟੀਕਾਕਰਨ ਦੇ ਰਾਸ਼ਟਰੀ ਮਾਪਦੰਡ ਅਤੇ ਪੈਮਾਨਿਆਂ ਵਿਚ ਤਬਦੀਲੀ ਕਰਕੇ ਬੂਸਟਰ ਸ਼ੌਟਰ ਦੀ ਵਰਤੋਂ ਕਰਨ ਸਬੰਧੀ ਸਲਾਹ ਮੰਗੀ ਹੈ। ਨਵੇਂ ਓਮੀਕਰੌਨ ਵੇਰੀਐਂਟ ਦੇ ਮੱਦੇਨਜ਼ਰ ਹੀ ਇਹ ਕਦਮ ਚੁੱਕਿਆ ਗਿਆ ਹੈ।

ਫ਼ਿਲਹਾਲ NACI ਨੇ ਉਹਨਾਂ ਲੋਕਾਂ ਨੂੰ ਕੋਵਿਡ ਦੀ ਤੀਸਰੀ ਡੋਜ਼ ਦੀ ਸਿਫ਼ਾਰਿਸ਼ ਕੀਤੀ ਹੈ, ਜਿਹਨਾਂ ਵਿਚ ਸਮਾਂ ਬੀਤਣ ‘ਤੇ ਵੈਕਸੀਨ ਦਾ ਅਸਰ ਘਟਣ ਕਰਕੇ ਕੋਵਿਡ ਤੋਂ ਬਿਮਾਰ ਹੋਣ ਦਾ ਵਧੇਰੇ ਖ਼ਤਰਾ ਹੈ। ਇਹਨਾਂ ਲੋਕਾਂ ਵਿਚ ਲੌਂਗ-ਟਰਮ ਕੇਅਰ ਹੋਮ ਵਿਚ ਰਹਿੰਦੇ 80 ਸਾਲ ਅਤੇ ਉਸਤੋਂ ਵੱਧ ਉਮਰ ਦੇ ਲੋਕ ਸ਼ਾਮਲ ਹਨ।

ਇਸ ਤੋਂ ਇਲਾਵਾ ਹੈਲਥ ਕੇਅਰ ਵਰਕਰਾਂ, ਮੂਲਨਿਵਾਸੀਆਂ, ਜਾਂ ਜਿਹਨਾਂ ਲੋਕਾਂ ਨੂੰ ਐਸਟ੍ਰਾਜ਼ੈਨਕਾ ਜਾਂ ਜੈਨਸਨ ਕੋਵਿਡ ਵੈਕਸੀਨ ਲੱਗੀ ਹੋਵੇ, ਉਹਨਾਂ ਨੂੰ ਬੂਸਟਰ ਡੋਜ਼ਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਨਵੇਂ ਵੇਰੀਐਂਟ ਵਿਚ ਮਿਊਟੇਸ਼ਨ 

ਓਮੀਕਰੌਨ ਵੇਰੀਐਂਟ ਵਿਚ ਵੱਡੀ ਤਾਦਾਦ ਵਿਚ ਮਿਊਟੇਸ਼ਨ ਹਨ। ਮਿਊਟੇਸ਼ਨ ਤੋਂ ਭਾਵ ਹੈ ਕਿ ਵਾਇਰਸ ਦੇ ਸਰੂਪ ਵਿਚ ਤਬਦੀਲੀ। ਵੱਡੀ ਗਿਣਤੀ ਵਿਚ ਮਿਊਟੇਸ਼ਨ ਹੋਣ ਕਾਰਨ ਹੀ ਇਸ ਵੇਰੀਐਂਟ ਨੂੰ ਵਧੇਰੇ ਤੇਜ਼ੀ ਨਾਲ ਫ਼ੈਲਣ ਵਾਲਾ ਮੰਨਿਆ ਜਾ ਰਿਹਾ ਹੈ। ਵੈਕਸੀਨਾਂ ਦੇ ਇਸ ਨਵੇਂ ਵੇਰੀਐਂਟ ‘ਤੇ ਅਸਰ ਨੂੰ ਲੈਕੇ ਵੀ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। 

ਯੂ ਕੇ ਅਧਾਰਤ ਫ਼ਾਇਨੈਨਸ਼ੀਅਲ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਮੌਡਰਨਾ ਦੇ ਸੀ ਈ ਓ ਸਟੀਫ਼ੇਨ ਬੈਨਸਲ ਨੇ ਕਿਹਾ ਕਿ ਉਹਨਾਂ ਦੇ ਅਨੁਮਾਨ ਮੁਤਾਬਕ, ਓਮੀਕਰੌਨ ਵੇਰੀਐਂਟ ਉੱਪਰ ਕੋਵਿਡ ਵੈਕਸੀਨਾਂ ਘੱਟ ਅਸਰਦਾਰ ਹੋਣਗੀਆਂ। 

ਉਹਨਾਂ ਕਿਹਾ, ਮੈਨੂੰ ਨਹੀਂ ਪਤਾ ਕਿ ਵੈਕਸੀਨ ਦੀ ਕਾਰਗਰਤਾ ਕਿੰਨੀ ਕੁ ਪ੍ਰਭਾਵਿਤ ਹੋਵੇਗੀ ਕਿਉਂਕਿ ਇਸ ਲਈ ਸਾਨੂੰ ਡਾਟਾ ਦਾ ਇੰਤਜ਼ਾਰ ਕਰਨਾ ਪੈਣਾ ਹੈ, ਪਰ ਮੇਰੀ ਜਿੰਨੇ ਵੀ ਵਿਗਿਆਨੀਆਂ ਨਾਲ ਗੱਲ ਹੋਈ ਹੈ...ਉਹਨਾਂ ਸਾਰਿਆਂ ਮੁਤਾਬਕ, ਇਹ ਬਹੁਤਾ ਚੰਗਾ ਨਹੀਂ ਹੋਣ ਵਾਲਾ

ਜਿੱਥੇ ਇੱਕ ਪਾਸੇ ਮੌਡਰਨਾ ਦੇ ਸੀ ਈ ਓ ਨੇ ਵੈਕਸੀਨ ਦੇ ਨਵੇਂ ਵੇਰੀਐਂਟ ‘ਤੇ ਪ੍ਰਭਾਵ ਬਾਰੇ ਖ਼ਦਸ਼ੇ ਜ਼ਾਹਰ ਕੀਤੇ ਹਨ, ਉੱਥੇ ਦੂਸਰੇ ਪਾਸੇ, ਫ਼ਾਈਜ਼ਰ ਨਾਲ ਮਿਲਕੇ ਕੋਵਿਡ ਵੈਕਸੀਨ ਬਣਾਉਣ ਵਾਲੀ ਕੰਪਨੀ ਬਾਇਓਐਨਟੈਕ ਦੇ ਸਹਿ-ਸੰਸਥਾਪਕ ਦਾ ਕਹਿਣਾ ਹੈ, ਕਿ ਭਾਵੇਂ ਇਹ ਨਵਾਂ ਵੇਰੀਐਂਟ ਤੇਜ਼ੀ ਨਾਲ ਫ਼ੈਲਣ ਵਾਲਾ ਹੋ ਸਕਦਾ ਹੈ, ਪਰ ਪੂਰੀ ਵੈਕਸੀਨੇਸ਼ਨ ਵਾਲੇ ਲੋਕ ਗੰਭੀਰ ਬਿਮਾਰ ਹੋਣ ਤੋਂ ਬਚੇ ਰਹਿਣਗੇ। 

ਉਗੁਰ ਸਾਹਿਨ ਨੇ ਕਿਹਾ, ਸਾਡਾ ਸੁਨੇਹਾ ਹੈ, ਘਬਰਾਓ ਨਾ, ਯੋਜਨਾ ਉਹੀ ਹੈ। ਕੋਵਿਡ ਵੈਕਸੀਨ ਦੀ ਤੀਸਰੀ ਖ਼ੁਰਾਕ ਜਲਦੀ ਦਿੱਤੀ ਜਾਵੇ

ਦੇਖੋ: ਕੀ ਕੋਵਿਡ ਵੈਕਸੀਨਾਂ ਨਵੇਂ ਵੇਰੀਐਂਟ ਤੋਂ ਰੱਖਿਆ ਕਰਨਗੀਆਂ?

ਵੈਕਸੀਨਾਂ ਸਾਡੇ ਇਮੀਊਨ ਸਿਸਟਮ - ਜਿਸ ਵਿਚ ਐਂਟੀਬਾਡੀਜ਼ ਅਤੇ ਟੀ-ਸੈਲ ਸ਼ਾਮਲ ਹਨ - ਨੂੰ ਵਾਇਰਸ ਦੀ ਪਛਾਣ ਕਰਨਾ ਸਿਖਾਉਂਦੀਆਂ ਹਨ। ਐਂਟੀਬਾਡੀਜ਼ ਸ਼ਰੀਰ ਨੂੰ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚਾਉਂਦੀਆਂ ਹਨ। ਏ ਟੀ ਸੈਲ ਇੱਕ ਕਿਸਮ ਦਾ ਵਹਾਈਟ ਬਲੱਡ ਸੈਲ ਹੁੰਦਾ ਹੈ, ਜੋ ਵਾਇਰਲ ਇਨਫ਼ੈਕਸ਼ਨ ਹੋਣ ‘ਤੇ ਬਾਕੀ ਸੈੱਲਜ਼ ਰਾਹੀਂ ਇਮਿਊਨ ਸਿਸਟਮ ਨੂੰ ਮਜ਼ਬੂਤੀ ਦਿੰਦਾ ਹੈ। ਭਾਵੇਂ ਓਮੀਕਰੌਨ ਵੈਕਸੀਨ ਤੋਂ ਪੈਦਾ ਹੋਈਆਂ ਐਂਟੀਬਾਡੀਜ਼ ਤੋਂ ਬਚ ਸਕਦਾ ਹੈ, ਪਰ ਸਾਹਿਨ ਮੁਤਾਬਕ, ਅਜੇ ਤੱਕ ਅਜਿਹਾ ਕੋਈ ਵੇਰੀਐਂਟ ਨਹੀਂ ਆਇਆ ਜੋ ਟੀ-ਸੈਲ ਦੇ ਇਮਿਊਨ ਰਿਸਪਾਂਸ ਨੂੰ ਵੀ ਪਾਰ ਕਰ ਗਿਆ ਹੋਵੇ। 

ਟੋਰੌਂਟੋ ਜਨਰਲ ਹਸਪਤਾਲ ਵਿਚ ਇਨਫ਼ੈਕਸ਼ਸ ਡਿਜ਼ੀਜ਼ ਮਾਹਰ ਡਾ ਇਸਾਕ ਬਗੋਚ ਨੇ ਕੈਨੇਡੀਅਨਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਕੰਪਨੀਆਂ ਦੇ ਸੀ ਈ ਓਜ਼ ਦੀਆਂ ਗੱਲਾਂ ਤੇ ਇੰਨ-ਬਿੰਨ ਯਕੀਨ ਨਾ ਕਰਨ। 

ਮੈਂ ਵਿਗਿਆਨੀਆਂ ਕੋਲੋਂ ਸੁਣਨਾ ਚਾਹੁੰਦਾ ਹਾਂ ਜੋ ਅਸਲ ਵਿਚ ਅਧਿਐਨ ਕਰ ਰਹੇ ਹਨ, ਉਹ ਕੀ ਸੋਚਦੇ ਹਨ, ਉਹ ਕੀ ਦੇਖ ਰਹੇ ਹਨ। ਡਾ ਬੋਗੋਚ ਨੇ ਕਿਹਾ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਵੈਕਸੀਨ ਦੀ ਕਾਰਗਰਤਾ ਬਾਰੇ ਵਧੇਰੇ ਸਪਸ਼ਟਤਾ ਉਪਲਬਧ ਹੋਵੇਗੀ। 

ਡਾ ਬੋਗੋਚ ਨੇ ਕਿਹਾ ਕਿ ਅਜਿਹਾ ਬੇਹੱਦ ਅਸਾਧਾਰਨ ਹੋਵੇਗਾ ਜੇ ਕੋਈ ਵੇਰੀਐਂਟ ਕਿਸੇ ਵੈਕਸੀਨ ਦੀ ਮੁਕੰਮਲ ਕਾਰਗਰਤਾ ਨੂੰ ਹੀ ਰੱਦ ਕਰ ਦੇਵੇ। ਉਹਨਾਂ ਕਿਹਾ ਕਿ ਮੁਮਕਿਨ ਹੈ ਕਿ ਵੈਕਸੀਨ ਦਾ ਪ੍ਰਭਾਵ ਕੁਝ ਘੱਟ ਜ਼ਰੂਰ ਸਕਦਾ ਹੈ, ਪਰ ਵੈਕਸੀਨਾਂ ਦਾ ਬਿਲਕੁਲ ਹੀ ਬੇਅਸਰ ਹੋਣਾ ਬਹੁਤ ਅਸਾਧਾਰਨ ਹੋਵੇਗਾ। 

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਮੰਗ ਕੀਤੀ ਹੈ ਕਿ ਟ੍ਰੂਡੋ ਸਰਕਾਰ ਕੋਵਿਡ ਵੈਕਸੀਨਾਂ ਨਾਲ ਸਬੰਧਤ ਬੌਧਿਕ ਸੰਪਤੀ ਅਧਿਕਾਰਾਂ (ਇੰਟਲੈਕਚੁਅਲ ਪ੍ਰੌਪਰਟੀ ਰਾਈਟਸ) ਨੂੰ ਛੋਟ ਦੇਣ ਵੱਲ ਕਦਮ ਵਧਾਏ ਤਾਂ ਕਿ ਹੋਰ ਦੇਸ਼ ਵੀ ਫ਼ਾਈਜ਼ਰ ਅਤੇ ਮੌਡਰਨਾ ਦੀਆਂ ਵੈਕਸੀਨਾਂ ਤਿਆਰ ਕਰ ਸਕਣ।

ਜਗਮੀਤ ਸਿੰਘ ਨੇ ਕਿਹਾ, ਸਾਡੇ ਲਈ ਸਿਰਫ਼ ਕੈਨੇਡੀਅਨਜ਼ ਦੀ ਮਦਦ ਕਰਨਾ ਅਤੇ ਕੈਨੇਡਾ ਵਿਚ ਹੀ ਆਪਣੀ ਭੂਮਿਕਾ ਨਿਭਾਉਣਾ ਕਾਫ਼ੀ ਨਹੀਂ ਹੈ। ਸਾਨੂੰ ਹੋਰ ਦੇਸ਼ਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ, ਖ਼ਾਸ ਤੌਰ ‘ਤੇ ਉਹਨਾਂ ਦੀ, ਜਿਹਨਾਂ ਕੋਲ ਵੈਕਸੀਨਾਂ ਖ਼ਰੀਦਣ ਦੇ ਸਰੋਤ ਵੀ ਨਹੀਂ ਹਨ

ਜਗਮੀਤ ਸਿੰਘ ਦਾ ਕਹਿਣਾ ਹੈ ਕਿ ਫ਼ਰਮਾ ਕੰਪਨੀਆਂ ਦੇ ਮੁਨਾਫ਼ਿਆਂ ਦੀ ਸੁਰੱਖਿਆ ਨਾਲੋਂ ਲੋਕਾਂ ਲਈ ਵੈਕਸੀਨ ਮੁਹੱਈਆ ਕਰਵਾਉਣਾ ਜ਼ਿਆਦਾ ਜ਼ਰੂਰੀ ਹੈ।

ਦੇਖੋ: ਜਗਮੀਤ ਸਿੰਘ ਕੋਵਿਡ ਵੈਕਸੀਨਾਂ 'ਤੇ ਪੇਟੈਂਟ ਹਟਾਏ ਜਾਣ ਦੇ ਹਿਮਾਈਤੀ ਹਨ।

ਹਾਲਾਂਕਿ ਕੁਝ ਪੱਛਮੀ ਦੇਸ਼ਾਂ ਨੇ ਕੋਵਿਡ ਵੈਕਸੀਨਾਂ ਦੇ ਮਾਮਲੇ ਵਿਚ ਬੌਧਿਕ ਸੰਪਤੀ ਹਟਾਉਣ ਬਾਰੇ ਗੱਲਬਾਤ ਕਰਨ ਦੇ ਸੰਕੇਤ ਦਿੱਤੇ ਹਨ, ਪਰ ਇੰਡਸਟਰੀ ਦੇ ਮਾਹਰਾਂ ਦਾ ਕਹਿਣਾ ਹੈ ਕਿ ਸਿਰਫ਼ ਉਕਤ ਤਬਦੀਲੀ ਕਰਨ ਨਾਲ ਵਿਕਾਸਸ਼ੀਲ ਦੇਸ਼ਾਂ ਵਿਚ ਵੈਕਸੀਨ ਉਪਲਬਧਤਾ ਸੁਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਉਹਨਾਂ ਦਾ ਤਰਕ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਕੱਚੇ ਮਾਲ ਦੀ ਘਾਟ ਤੋਂ ਲੈਕੇ ਸਪਲਾਈ ਦੀਆਂ ਰੁਕਾਵਟਾਂ ਵਰਗੀਆਂ ਕਈ ਚੁਣੌਤੀਆਂ ਦਰਪੇਸ਼ ਹਨ।

ਸਾਊਥ ਅਫ਼ਰੀਕਾ ਵਿਚ ਭਾਵੇਂ ਵੈਕਸੀਨ ਦੀ ਉਪਲਬਧਤਾ ਦੀ ਕੋਈ ਸਮੱਸਿਆ ਨਹੀਂ ਹੈ, ਪਰ ਲੋਕਾਂ ਵਿਚ ਵੈਕਸੀਨ ਨੂੰ ਲੈਕੇ ਝਿਜਕ, ਘੱਟ ਵੈਕਸੀਨੇਸ਼ਨ ਦਰ ਦਾ ਵੱਡਾ ਕਾਰਨ ਹੈ।

ਜਗਮੀਤ ਸਿੰਘ ਨੇ ਸਰਕਾਰ ਵੱਲੋਂ 7 ਦੱਖਣੀ ਅਫ਼ਰੀਕੀ ਦੇਸ਼ਾਂ ਤੋਂ ਯਾਤਰਾ ਨੂੰ ਸੀਮਤ ਕਰਨ ‘ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਇਸ ਫ਼ੈਸਲੇ ਦੇ ਪਿੱਛੇ ਹੋਰ ਠੋਸ ਕਾਰਨ ਜਾਨਣ ਲਈ ਤਿਆਰ ਹਨ, ਪਰ ਉਹਨਾਂ ਮੁਤਾਬਕ ਕੋਵਿਡ ਟੈਸਟ ਅਤੇ ਕੁਆਰੰਟੀਨ ਟ੍ਰੈਵਲ ਬੈਨ ਨਾਲੋਂ ਬਿਹਤਰ ਵਿਕਲਪ ਹਨ। 

ਉਹਨਾਂ ਕਿਹਾ ਕਿ ਮਹਾਮਰੀ ਨਾਲ ਲੜਾਈ ਵਿਚ ਸਭ ਤੋਂ ਕਾਰਗਰ ਹਥਿਆਰ ਵੈਕਸੀਨ ਹੀ ਹੈ, ਅਤੇ ਵੈਕਸੀਨੇਸ਼ਨ ਦਰ ਵਧਾਉਣ ਦੇ ਨਾਲ ਨਾਲ, ਵੈਕਸੀਨ ਦੇ ਪੇਟੈਂਟ ਹਟਾਉਣ ‘ਤੇ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।

ਜੌਨ ਪੌਲ ਟਸਕਰ, ਨਿਕ ਬੋਇਸਵਰਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ