1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਓਮੀਕਰੌਨ ਦੇ ਮੱਦੇਨਜ਼ਰ ‘ਕੈਨੇਡਾ ਨੂੰ ਹੋਰ ਕਦਮ ਉਠਾਉਣ ਦੀ ਲੋੜ ਪੈ ਸਕਦੀ ਹੈ’ : ਟ੍ਰੂਡੋ

ਵੱਡੀ ਗਿਣਤੀ ਵਿਚ ਮਿਊਟੇਸ਼ਨ ਹੋਣ ਕਾਰਨ ਓਮੀਕਰੌਨ ਨੂੰ ਵਧੇਰੇ ਤੇਜ਼ੀ ਨਾਲ ਫ਼ੈਲਣ ਵਾਲਾ ਵੇਰੀਐਂਟ ਮੰਨਿਆ ਜਾ ਰਿਹਾ ਹੈ

Solo shot ni Justin Trudeau.

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਕਿਹਾ ਕਿ ਕੋਵਿਡ ਦੇ ਓਮੀਕਰੌਨ ਵੇਰੀਐਂਟ ਦੇ ਫ਼ੈਲਾਅ ਨੂੰ ਰੋਕਣ ਲਈ ਕੈਨੇਡਾ ਸਰਕਾਰ ਨਵੇਂ ਉਪਾਵਾਂ ‘ਤੇ ਵਿਚਾਰ ਕਰ ਰਹੀ ਹੈ।

ਤਸਵੀਰ: La Presse canadienne / Sean Kilpatrick

RCI

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਅੱਜ ਕਿਹਾ ਕਿ ਕੋਵਿਡ ਦੇ ਓਮੀਕਰੌਨ ਵੇਰੀਐਂਟ ਦੇ ਫ਼ੈਲਾਅ ਨੂੰ ਰੋਕਣ ਲਈ ਕੈਨੇਡਾ ਸਰਕਾਰ ਨਵੇਂ ਉਪਾਵਾਂ ‘ਤੇ ਵਿਚਾਰ ਕਰ ਰਹੀ ਹੈ। ਓਮੀਕਰੌਨ ਵੇਰੀਐਂਟ ਨੂੰ ਕੋਵਿਡ ਦੇ ਵਾਕੀ ਵੇਰੀਐਂਟਸ ਦੇ ਮੁਕਾਬਲੇ ਜ਼ਿਆਦਾ ਤੇਜ਼ੀ ਨਾਲ ਫ਼ੈਲਣ ਵਾਲਾ ਮੰਨਿਆ ਜਾ ਰਿਹਾ ਹੈ।

ਔਟਵਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟ੍ਰੂਡੋ ਨੇ ਕਿਹਾ ਕਿ ਸਰਕਾਰ ਨੇ ਓਮੀਕਰੌਨ ਦੀ ਸਥਿਤੀ ‘ਤੇ ਬਹੁਤ ਬਾਰੀਕੀ ਨਾਲ ਨਜ਼ਰ ਬਣਾ ਰੱਖੀ ਹੈ। 

ਟ੍ਰੂਡੋ ਨੇ ਕਿਹਾ, ਅਸੀਂ ਜਾਣਦੇ ਹਾਂ ਕਿ ਭਾਵੇਂ ਕੈਨੇਡਾ ਦੇ ਬਾਰਡਰ ਉਪਾਅ ਕਾਫ਼ੀ ਸਖ਼ਤ ਹਨ - ਸਾਨੂੰ ਕੈਨੇਡਾ ਵਿਚ ਵੈਕਸੀਨੇਸ਼ਨਜ਼ ਲਿਆਉਣ ਦੀ ਲੋੜ ਹੈ, ਸਾਨੂੰ ਲੋਕਾਂ ਦੀ ਯਾਤਰਾ ਤੋਂ ਪਹਿਲਾਂ ਅਤੇ ਕੈਨੇਡਾ ਪਹੁੰਚਣ ‘ਤੇ ਕੋਵਿਡ ਟੈਸਟ ਕਰਨ ਦੀ ਜ਼ਰੂਰਤ ਹੈ - ਹੋ ਸਕਦਾ ਹੈ ਕਿ ਸਾਨੂੰ ਕੁਝ ਹੋਰ ਕਦਮ ਉਠਾਉਣ ਦੀ ਲੋੜ ਪਵੇ ਅਤੇ ਅਸੀਂ ਪੂਰੀ ਸਾਵਧਾਨੀ ਨਾਲ ਇਸ ਦਾ ਜਾਇਜ਼ਾ ਲਵਾਂਗੇ

ਫ਼ਿਲਹਾਲ ਇਹ ਸਪਸ਼ਟ ਨਹੀਂ ਕਿ ਟ੍ਰੂਡੋ ਸਾਰੇ ਯਾਤਰਿਆਂ ਲਈ ਕੈਨੇਡਾ ਪਹੁੰਚਣ ‘ਤੇ ਕੋਵਿਡ ਟੈਸਟ ਕਰਵਾਉਣਾ ਜ਼ਰੂਰੀ ਕੀਤੇ ਜਾਣ ਵੱਲ ਇਸ਼ਾਰਾ ਕਰ ਰਹੇ ਸਨ ਜਾਂ ਨਹੀਂ। ਮੌਜੂਦਾ ਨਿਯਮਾਂ ਮੁਤਾਬਕ, ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਕੈਨੇਡਾ ਦਾਖ਼ਲ ਹੋਣ ਤੋਂ ਪਹਿਲਾਂ ਕੋਵਿਡ ਦੇ ਮੌਲੀਕਿਊਲਰ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣਾ ਜ਼ਰੂਰੀ ਹੈ। 

ਉਨਟੇਰਿਉ ਪ੍ਰੀਮੀਅਰ ਡਗ ਫ਼ੋਰਡ ਅਤੇ ਕੁਝ ਹੋਰ ਪ੍ਰੀਮੀਅਰਜ਼ ਕੈਨੇਡਾ ਸਰਕਾਰ ਨੂੰ ਸਾਰੇ ਮੁਸਾਫ਼ਰਾਂ ਲਈ ਕੈਨੇਡਾ ਪਹੁੰਚਣ ‘ਤੇ ਕੋਵਿਡ ਟੈਸਟ ਲਾਜ਼ਮੀ ਕਰਨ ਦੀ ਮੰਗ ਕਰ ਰਹੇ ਹਨ। 

ਅੱਜ ਤੋਂ ਕੈਨੇਡਾ ਨੇ ਛੋਟੀਆਂ ਟ੍ਰਿੱਪਸ ਲਈ ਯੂ ਐਸ ਜਾਕੇ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਦੇ ਪੀਸੀਆਰ ਟੈਸਟ ਤੋਂ ਛੋਟ ਲਾਗੂ ਕਰ ਦਿੱਤੀ ਹੈ। ਆਪਣੀ ਯਾਤਰਾ ਪੂਰੀ ਕਰ, 72 ਘੰਟਿਆਂ ਦੇ ਅੰਦਰ ਅੰਦਰ ਕੈਨੇਡਾ ਵਾਪਸ ਆਉਣ ਵਾਲੇ ਪੂਰੀ ਵੈਕਸੀਨੇਸ਼ਨ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਾਂ ਲਈ ਇਹ ਛੋਟ ਲਾਗੂ ਹੋ ਗਈ ਹੈ। ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਓਮੀਕਰੌਨ ਦੀ ਸਥਿਤੀ ਵਿਚ ਇਹ ਛੋਟ ਜਾਰੀ ਰਹੇਗੀ ਜਾਂ ਨਹੀਂ।

ਕਈ ਕਾਰੋਬਾਰੀ ਗਰੁੱਪਾਂ ਅਤੇ ਟੂਰਿਜ਼ਮ ਸੈਕਟਰ ਦੇ ਦਬਾਅ ਦੇ ਬਾਵਜੂਦ, ਕੈਨੇਡਾ ਨੇ ਅਜੇ ਵੀ ਬਾਕੀ ਸਾਰੇ ਯਾਤਰੀਆਂ ਲਈ ਕੈਨੇਡਾ ਆਉਣ ਤੋਂ ਪਹਿਲਾਂ ਮੌਲੀਕਿਊਲਰ ਕੋਵਿਡ ਟੈਸਟ ਕਰਵਾਉਣ ਦੀ ਸ਼ਰਤ ਨੂੰ ਬਰਕਰਾਰ ਰੱਖਿਆ ਹੋਇਆ ਹੈ। 

ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਨੇ ਵਧੇਰੇ ਰੋਕਾਂ ਲਗਾਏ ਜਾਣ ਦੀ ਸੰਭਾਵਨਾ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਦੋਂ ਤੱਕ ਉਹ ਆਪਣੇ ਬਾਕੀ ਕੈਬਿਨੇਟ ਸਾਥਿਆਂ ਨਾਲ ਬੈਠਕ ਨਹੀਂ ਕਰਦੇ ਉਦੋਂ ਤੱਕ ਇਸ ਸਬੰਧ ਵਿਚ ਕੁਝ ਵੀ ਨਹੀਂ ਦੱਸ ਸਕਦੇ।

ਨਵੇਂ ਵੇਰੀਐਂਟ ਵਿਚ ਮਿਊਟੇਸ਼ਨ 

ਓਮੀਕਰੌਨ ਵੇਰੀਐਂਟ ਵਿਚ ਵੱਡੀ ਤਾਦਾਦ ਵਿਚ ਮਿਊਟੇਸ਼ਨ ਹਨ। ਮਿਊਟੇਸ਼ਨ ਤੋਂ ਭਾਵ ਹੈ ਕਿ ਵਾਇਰਸ ਦੇ ਸਰੂਪ ਵਿਚ ਤਬਦੀਲੀ। ਵੱਡੀ ਗਿਣਤੀ ਵਿਚ ਮਿਊਟੇਸ਼ਨ ਹੋਣ ਕਾਰਨ ਹੀ ਇਸ ਵੇਰੀਐਂਟ ਨੂੰ ਵਧੇਰੇ ਤੇਜ਼ੀ ਨਾਲ ਫ਼ੈਲਣ ਵਾਲਾ ਮੰਨਿਆ ਜਾ ਰਿਹਾ ਹੈ। ਵੈਕਸੀਨਾਂ ਦੇ ਇਸ ਨਵੇਂ ਵੇਰੀਐਂਟ ‘ਤੇ ਅਸਰ ਨੂੰ ਲੈਕੇ ਵੀ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਹਨ। 

ਯੂ ਕੇ ਅਧਾਰਤ ਫ਼ਾਇਨੈਨਸ਼ੀਅਲ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਮੌਡਰਨਾ ਦੇ ਸੀ ਈ ਓ ਸਟੀਫ਼ੇਨ ਬੈਨਸਲ ਨੇ ਕਿਹਾ ਕਿ ਉਹਨਾਂ ਦੇ ਅਨੁਮਾਨ ਮੁਤਾਬਕ, ਓਮੀਕਰੌਨ ਵੇਰੀਐਂਟ ਉੱਪਰ ਕੋਵਿਡ ਵੈਕਸੀਨਾਂ ਘੱਟ ਅਸਰਦਾਰ ਹੋਣਗੀਆਂ। 

ਉਹਨਾਂ ਕਿਹਾ, ਮੈਨੂੰ ਨਹੀਂ ਪਤਾ ਕਿ ਵੈਕਸੀਨ ਦੀ ਕਾਰਗਰਤਾ ਕਿੰਨੀ ਕੁ ਪ੍ਰਭਾਵਿਤ ਹੋਵੇਗੀ ਕਿਉਂਕਿ ਇਸ ਲਈ ਸਾਨੂੰ ਡਾਟਾ ਦਾ ਇੰਤਜ਼ਾਰ ਕਰਨਾ ਪੈਣਾ ਹੈ, ਪਰ ਮੇਰੀ ਜਿੰਨੇ ਵੀ ਵਿਗਿਆਨੀਆਂ ਨਾਲ ਗੱਲ ਹੋਈ ਹੈ...ਉਹਨਾਂ ਸਾਰਿਆਂ ਮੁਤਾਬਕ, ਇਹ ਬਹੁਤਾ ਚੰਗਾ ਨਹੀਂ ਹੋਣ ਵਾਲਾ

ਜਿੱਥੇ ਇੱਕ ਪਾਸੇ ਮੌਡਰਨਾ ਦੇ ਸੀ ਈ ਓ ਨੇ ਵੈਕਸੀਨ ਦੇ ਨਵੇਂ ਵੇਰੀਐਂਟ ‘ਤੇ ਪ੍ਰਭਾਵ ਬਾਰੇ ਖ਼ਦਸ਼ੇ ਜ਼ਾਹਰ ਕੀਤੇ ਹਨ, ਉੱਥੇ ਦੂਸਰੇ ਪਾਸੇ, ਫ਼ਾਈਜ਼ਰ ਨਾਲ ਮਿਲਕੇ ਕੋਵਿਡ ਵੈਕਸੀਨ ਬਣਾਉਣ ਵਾਲੀ ਕੰਪਨੀ ਬਾਇਓਐਨਟੈਕ ਦੇ ਸਹਿ-ਸੰਸਥਾਪਕ ਦਾ ਕਹਿਣਾ ਹੈ, ਕਿ ਭਾਵੇਂ ਇਹ ਨਵਾਂ ਵੇਰੀਐਂਟ ਤੇਜ਼ੀ ਨਾਲ ਫ਼ੈਲਣ ਵਾਲਾ ਹੋ ਸਕਦਾ ਹੈ, ਪਰ ਪੂਰੀ ਵੈਕਸੀਨੇਸ਼ਨ ਵਾਲੇ ਲੋਕ ਗੰਭੀਰ ਬਿਮਾਰ ਹੋਣ ਤੋਂ ਬਚੇ ਰਹਿਣਗੇ। 

ਉਗੁਰ ਸਾਹਿਨ ਨੇ ਕਿਹਾ, ਸਾਡਾ ਸੁਨੇਹਾ ਹੈ, ਘਬਰਾਓ ਨਾ, ਯੋਜਨਾ ਉਹੀ ਹੈ। ਕੋਵਿਡ ਵੈਕਸੀਨ ਦੀ ਤੀਸਰੀ ਖ਼ੁਰਾਕ ਜਲਦੀ ਦਿੱਤੀ ਜਾਵੇ

ਦੇਖੋ: ਕੀ ਕੋਵਿਡ ਵੈਕਸੀਨਾਂ ਨਵੇਂ ਵੇਰੀਐਂਟ ਤੋਂ ਰੱਖਿਆ ਕਰਨਗੀਆਂ?

ਵੈਕਸੀਨਾਂ ਸਾਡੇ ਇਮੀਊਨ ਸਿਸਟਮ - ਜਿਸ ਵਿਚ ਐਂਟੀਬਾਡੀਜ਼ ਅਤੇ ਟੀ-ਸੈਲ ਸ਼ਾਮਲ ਹਨ - ਨੂੰ ਵਾਇਰਸ ਦੀ ਪਛਾਣ ਕਰਨਾ ਸਿਖਾਉਂਦੀਆਂ ਹਨ। ਐਂਟੀਬਾਡੀਜ਼ ਸ਼ਰੀਰ ਨੂੰ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚਾਉਂਦੀਆਂ ਹਨ। ਏ ਟੀ ਸੈਲ ਇੱਕ ਕਿਸਮ ਦਾ ਵਹਾਈਟ ਬਲੱਡ ਸੈਲ ਹੁੰਦਾ ਹੈ, ਜੋ ਵਾਇਰਲ ਇਨਫ਼ੈਕਸ਼ਨ ਹੋਣ ‘ਤੇ ਬਾਕੀ ਸੈੱਲਜ਼ ਰਾਹੀਂ ਇਮਿਊਨ ਸਿਸਟਮ ਨੂੰ ਮਜ਼ਬੂਤੀ ਦਿੰਦਾ ਹੈ। ਭਾਵੇਂ ਓਮੀਕਰੌਨ ਵੈਕਸੀਨ ਤੋਂ ਪੈਦਾ ਹੋਈਆਂ ਐਂਟੀਬਾਡੀਜ਼ ਤੋਂ ਬਚ ਸਕਦਾ ਹੈ, ਪਰ ਸਾਹਿਨ ਮੁਤਾਬਕ, ਅਜੇ ਤੱਕ ਅਜਿਹਾ ਕੋਈ ਵੇਰੀਐਂਟ ਨਹੀਂ ਆਇਆ ਜੋ ਟੀ-ਸੈਲ ਦੇ ਇਮਿਊਨ ਰਿਸਪਾਂਸ ਨੂੰ ਵੀ ਪਾਰ ਕਰ ਗਿਆ ਹੋਵੇ। 

ਟੋਰੌਂਟੋ ਜਨਰਲ ਹਸਪਤਾਲ ਵਿਚ ਇਨਫ਼ੈਕਸ਼ਸ ਡਿਜ਼ੀਜ਼ ਮਾਹਰ ਡਾ ਇਸਾਕ ਬਗੋਚ ਨੇ ਕੈਨੇਡੀਅਨਜ਼ ਨੂੰ ਸਲਾਹ ਦਿੱਤੀ ਹੈ ਕਿ ਉਹ ਕੰਪਨੀਆਂ ਦੇ ਸੀ ਈ ਓਜ਼ ਦੀਆਂ ਗੱਲਾਂ ਤੇ ਇੰਨ-ਬਿੰਨ ਯਕੀਨ ਨਾ ਕਰਨ। 

ਮੈਂ ਵਿਗਿਆਨੀਆਂ ਕੋਲੋਂ ਸੁਣਨਾ ਚਾਹੁੰਦਾ ਹਾਂ ਜੋ ਅਸਲ ਵਿਚ ਅਧਿਐਨ ਕਰ ਰਹੇ ਹਨ, ਉਹ ਕੀ ਸੋਚਦੇ ਹਨ, ਉਹ ਕੀ ਦੇਖ ਰਹੇ ਹਨ। ਡਾ ਬੋਗੋਚ ਨੇ ਕਿਹਾ ਕਿ ਆਉਣ ਵਾਲੇ ਕੁਝ ਹਫ਼ਤਿਆਂ ਵਿਚ ਵੈਕਸੀਨ ਦੀ ਕਾਰਗਰਤਾ ਬਾਰੇ ਵਧੇਰੇ ਸਪਸ਼ਟਤਾ ਉਪਲਬਧ ਹੋਵੇਗੀ। 

ਡਾ ਬੋਗੋਚ ਨੇ ਕਿਹਾ ਕਿ ਅਜਿਹਾ ਬੇਹੱਦ ਅਸਾਧਾਰਨ ਹੋਵੇਗਾ ਜੇ ਕੋਈ ਵੇਰੀਐਂਟ ਕਿਸੇ ਵੈਕਸੀਨ ਦੀ ਮੁਕੰਮਲ ਕਾਰਗਰਤਾ ਨੂੰ ਹੀ ਰੱਦ ਕਰ ਦੇਵੇ। ਉਹਨਾਂ ਕਿਹਾ ਕਿ ਮੁਮਕਿਨ ਹੈ ਕਿ ਵੈਕਸੀਨ ਦਾ ਪ੍ਰਭਾਵ ਕੁਝ ਘੱਟ ਜ਼ਰੂਰ ਸਕਦਾ ਹੈ, ਪਰ ਵੈਕਸੀਨਾਂ ਦਾ ਬਿਲਕੁਲ ਹੀ ਬੇਅਸਰ ਹੋਣਾ ਬਹੁਤ ਅਸਾਧਾਰਨ ਹੋਵੇਗਾ। 

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਮੰਗ ਕੀਤੀ ਹੈ ਕਿ ਟ੍ਰੂਡੋ ਸਰਕਾਰ ਕੋਵਿਡ ਵੈਕਸੀਨਾਂ ਨਾਲ ਸਬੰਧਤ ਬੌਧਿਕ ਸੰਪਤੀ ਅਧਿਕਾਰਾਂ (ਇੰਟਲੈਕਚੁਅਲ ਪ੍ਰੌਪਰਟੀ ਰਾਈਟਸ) ਨੂੰ ਛੋਟ ਦੇਣ ਵੱਲ ਕਦਮ ਵਧਾਏ ਤਾਂ ਕਿ ਹੋਰ ਦੇਸ਼ ਵੀ ਫ਼ਾਈਜ਼ਰ ਅਤੇ ਮੌਡਰਨਾ ਦੀਆਂ ਵੈਕਸੀਨਾਂ ਤਿਆਰ ਕਰ ਸਕਣ।

ਜਗਮੀਤ ਸਿੰਘ ਨੇ ਕਿਹਾ, ਸਾਡੇ ਲਈ ਸਿਰਫ਼ ਕੈਨੇਡੀਅਨਜ਼ ਦੀ ਮਦਦ ਕਰਨਾ ਅਤੇ ਕੈਨੇਡਾ ਵਿਚ ਹੀ ਆਪਣੀ ਭੂਮਿਕਾ ਨਿਭਾਉਣਾ ਕਾਫ਼ੀ ਨਹੀਂ ਹੈ। ਸਾਨੂੰ ਹੋਰ ਦੇਸ਼ਾਂ ਦੀ ਵੀ ਮਦਦ ਕਰਨੀ ਚਾਹੀਦੀ ਹੈ, ਖ਼ਾਸ ਤੌਰ ‘ਤੇ ਉਹਨਾਂ ਦੀ, ਜਿਹਨਾਂ ਕੋਲ ਵੈਕਸੀਨਾਂ ਖ਼ਰੀਦਣ ਦੇ ਸਰੋਤ ਵੀ ਨਹੀਂ ਹਨ

ਜਗਮੀਤ ਸਿੰਘ ਦਾ ਕਹਿਣਾ ਹੈ ਕਿ ਫ਼ਰਮਾ ਕੰਪਨੀਆਂ ਦੇ ਮੁਨਾਫ਼ਿਆਂ ਦੀ ਸੁਰੱਖਿਆ ਨਾਲੋਂ ਲੋਕਾਂ ਲਈ ਵੈਕਸੀਨ ਮੁਹੱਈਆ ਕਰਵਾਉਣਾ ਜ਼ਿਆਦਾ ਜ਼ਰੂਰੀ ਹੈ।

ਦੇਖੋ: ਜਗਮੀਤ ਸਿੰਘ ਕੋਵਿਡ ਵੈਕਸੀਨਾਂ 'ਤੇ ਪੇਟੈਂਟ ਹਟਾਏ ਜਾਣ ਦੇ ਹਿਮਾਈਤੀ ਹਨ।

ਹਾਲਾਂਕਿ ਕੁਝ ਪੱਛਮੀ ਦੇਸ਼ਾਂ ਨੇ ਕੋਵਿਡ ਵੈਕਸੀਨਾਂ ਦੇ ਮਾਮਲੇ ਵਿਚ ਬੌਧਿਕ ਸੰਪਤੀ ਹਟਾਉਣ ਬਾਰੇ ਗੱਲਬਾਤ ਕਰਨ ਦੇ ਸੰਕੇਤ ਦਿੱਤੇ ਹਨ, ਪਰ ਇੰਡਸਟਰੀ ਦੇ ਮਾਹਰਾਂ ਦਾ ਕਹਿਣਾ ਹੈ ਕਿ ਸਿਰਫ਼ ਉਕਤ ਤਬਦੀਲੀ ਕਰਨ ਨਾਲ ਵਿਕਾਸਸ਼ੀਲ ਦੇਸ਼ਾਂ ਵਿਚ ਵੈਕਸੀਨ ਉਪਲਬਧਤਾ ਸੁਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਉਹਨਾਂ ਦਾ ਤਰਕ ਹੈ ਕਿ ਵਿਕਾਸਸ਼ੀਲ ਦੇਸ਼ਾਂ ਵਿਚ ਕੱਚੇ ਮਾਲ ਦੀ ਘਾਟ ਤੋਂ ਲੈਕੇ ਸਪਲਾਈ ਦੀਆਂ ਰੁਕਾਵਟਾਂ ਵਰਗੀਆਂ ਕਈ ਚੁਣੌਤੀਆਂ ਦਰਪੇਸ਼ ਹਨ।

ਸਾਊਥ ਅਫ਼ਰੀਕਾ ਵਿਚ ਭਾਵੇਂ ਵੈਕਸੀਨ ਦੀ ਉਪਲਬਧਤਾ ਦੀ ਕੋਈ ਸਮੱਸਿਆ ਨਹੀਂ ਹੈ, ਪਰ ਲੋਕਾਂ ਵਿਚ ਵੈਕਸੀਨ ਨੂੰ ਲੈਕੇ ਝਿਜਕ, ਘੱਟ ਵੈਕਸੀਨੇਸ਼ਨ ਦਰ ਦਾ ਵੱਡਾ ਕਾਰਨ ਹੈ।

ਜਗਮੀਤ ਸਿੰਘ ਨੇ ਸਰਕਾਰ ਵੱਲੋਂ 7 ਦੱਖਣੀ ਅਫ਼ਰੀਕੀ ਦੇਸ਼ਾਂ ਤੋਂ ਯਾਤਰਾ ਨੂੰ ਸੀਮਤ ਕਰਨ ‘ਤੇ ਵੀ ਸਵਾਲ ਉਠਾਉਂਦਿਆਂ ਕਿਹਾ ਕਿ ਉਹ ਇਸ ਫ਼ੈਸਲੇ ਦੇ ਪਿੱਛੇ ਹੋਰ ਠੋਸ ਕਾਰਨ ਜਾਨਣ ਲਈ ਤਿਆਰ ਹਨ, ਪਰ ਉਹਨਾਂ ਮੁਤਾਬਕ ਕੋਵਿਡ ਟੈਸਟ ਅਤੇ ਕੁਆਰੰਟੀਨ ਟ੍ਰੈਵਲ ਬੈਨ ਨਾਲੋਂ ਬਿਹਤਰ ਵਿਕਲਪ ਹਨ। 

ਉਹਨਾਂ ਕਿਹਾ ਕਿ ਮਹਾਮਰੀ ਨਾਲ ਲੜਾਈ ਵਿਚ ਸਭ ਤੋਂ ਕਾਰਗਰ ਹਥਿਆਰ ਵੈਕਸੀਨ ਹੀ ਹੈ, ਅਤੇ ਵੈਕਸੀਨੇਸ਼ਨ ਦਰ ਵਧਾਉਣ ਦੇ ਨਾਲ ਨਾਲ, ਵੈਕਸੀਨ ਦੇ ਪੇਟੈਂਟ ਹਟਾਉਣ ‘ਤੇ ਤਵੱਜੋ ਦਿੱਤੀ ਜਾਣੀ ਚਾਹੀਦੀ ਹੈ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ