1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਆਰਥਿਕ ਸੂਚਕ

ਕੈਨੇਡੀਅਨ ਆਰਥਿਕਤਾ ਵਿਚ ਸੁਧਾਰ, ਤੀਸਰੀ ਤਿਮਾਹੀ ਵਿਚ ਜੀਡੀਪੀ 1.3 ਫ਼ੀਸਦੀ ਵਧੀ

ਵਸਤਾਂ ਅਤੇ ਸੇਵਾਵਾਂ ‘ਤੇ ਵਧੇ ਖ਼ਰਚ ਨੇ ਪਾਇਆ ਵੱਡਾ ਯੋਗਦਾਨ

Isang lalaki na naka-mask na nagpapagupit.

ਸਟੈਟਿਸਟਿਕਸ ਕੈਨੇਡਾ ਅਨੁਸਾਰ, ਗਰਮੀਆਂ ਦੇ ਸੀਜ਼ਨ ਦੌਰਾਨ ਹੇਅਰਕੱਟ ਵਰਗੀਆਂ ਨਿਜੀ ਗਰੂਮਿੰਗ ਸੇਵਾਵਾਂ ਵਿਚ ਜ਼ਬਰਦਸਤ ਵਾਧਾ ਹੋਇਆ ਹੈ।

ਤਸਵੀਰ: CBC / Pierre-Paul Couture

RCI

ਕੈਨੇਡਾ ਦੀ ਜੀਡੀਪੀ ਵਿਚ ਜੁਲਾਈ ਤੋਂ ਸਤੰਬਰ ਦੀ ਤਿਮਾਹੀ ਵਿਚ 1.3 ਫ਼ੀਸਦੀ ਵਾਧਾ ਹੋਇਆ ਹੈ। ਕੋਵਿਡ ਰੋਕਾਂ ਵਿਚ ਢਿੱਲ ਤੋਂ ਬਾਅਦ ਲੋਕਾਂ ਵੱਲੋਂ ਖ਼ਰਚ ਕਰਨ ਦੀ ਗਤੀਵਿਧੀ ਅਤੇ ਐਕਸਪੋਰਟ ਵਿਚ ਵਾਧੇ ਨੇ ਆਰਥਿਕਤਾ ‘ਤੇ ਚੰਗਾ ਪ੍ਰਭਾਵ ਪਾਇਆ ਹੈ।

ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਮੁਤਾਬਕ ਸਾਲ ਦੀ ਤੀਸਰੀ ਤਿਮਾਹੀ ਵਿਚ ਮੁਲਕ ਵਿਚ ਵੇਚੀਆਂ ਗਈ ਵਸਤਾਂ ਅਤੇ ਸੇਵਾਵਾਂ ਦੀ ਕੁਲ ਵੈਲਿਉ (ਮੁੱਲ) 2.093 ਟ੍ਰਿਲੀਅਨ ਡਾਲਰ ਦਰਜ ਹੋਈ।

ਦੂਸਰੀ ਤਿਮਾਹੀ ਵਿਚ ਜੀਡੀਪੀ 2.066 ਟ੍ਰਿਲੀਅਨ ਦਰਜ ਹੋਈ ਸੀ। ਕੋਵਿਡ ਦੇ ਸ਼ੁਰੂਆਤੀ ਦਿਨਾਂ ਤੋਂ ਦੂਸਰੀ ਤਿਮਾਹੀ ਵਿਚ ਜੀਡੀਪੀ ਪਹਿਲੀ ਵਾਰੀ ਸੁੰਗੜੀ ਸੀ।

ਖਪਤਕਾਰਾਂ ਦੇ ਖ਼ਰਚਿਆਂ (ਕੰਜ਼ੀਊਮਰ ਸਪੈਂਡਿੰਗ) ਵਿਚ ਵਾਧਾ ਇਸ ਕੁਲ ਵਾਧੇ ਦਾ ਸਭ ਤੋਂ ਵੱਡਾ ਕਾਰਨ ਰਿਹਾ ਹੈ। ਲੋਕਾਂ ਵੱਲੋਂ ਘਰੇਲੂ ਵਸਤਾਂ ਦੀ ਖ਼ਰੀਦ ਵਿਚ 14 ਫ਼ੀਸਦੀ ਅਤੇ ਸੇਵਾਵਾਂ ਦੀ ਖ਼ਰੀਦ ਵਿਚ 6 ਫ਼ੀਸਦੀ ਵਾਧਾ ਦਰਜ ਹੋਇਆ ਹੈ। 

ਉਕਤ 14 ਫ਼ੀਸਦੀ ਵਾਧਾ ਸੈਮੀ-ਡਿਊਰੇਬਲ ਵਸਤਾਂ ਵਿਚ ਦਰਜ ਹੋਇਆ ਹੈ। ਕੱਪੜੇ ਅਤੇ ਜੁੱਤੇ ਵਰਗੀਆਂ ਰੋਜ਼ਮਰਾ ਦੀਆਂ ਵਸਤਾਂ ਨੂੰ ਸੈਮੀ-ਡਿਊਰੇਬਲ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। 

ਤੀਜੀ ਤਿਮਾਹੀ ਦੌਰਾਨ ਲੋਕਾਂ ਵੱਲੋਂ ਕੱਪੜਿਆਂ ‘ਤੇ ਕੀਤੇ ਖ਼ਰਚ ਵਿਚ 27 ਫ਼ੀਸਦੀ ਵਾਧਾ ਹੋਇਆ ਅਤੇ ਜੁੱਤੇ-ਚੱਪਲਾਂ ‘ਤੇ ਕੀਤੇ ਖ਼ਰਚ ਵਿਚ 30 ਫ਼ੀਸਦੀ ਇਜ਼ਾਫ਼ਾ ਹੋਇਆ ਹੈ। ਇਸ ਦਾ ਅਰਥ ਹੈ ਕਿ ਮੌਜੂਦਾ ਸਮੇਂ ਵਿਚ ਲੋਕ, ਜੁੱਤੇ-ਚੱਪਲਾਂ ਅਤੇ ਕੱਪੜਿਆਂ ਉੱਪਰ, ਮਹਾਮਰੀ ਤੋਂ ਪਹਿਲਾਂ ਦੇ ਮੁਕਾਬਲੇ ਵਧੇਰੇ ਖ਼ਰਚ ਕਰ ਰਹੇ ਹਨ।

ਸਰਵਿਸ ਸੈਕਟਰ ਵਿਚ ਖ਼ਰਚਿਆਂ ਵਿਚ ਵੀ ਵਾਧਾ ਦਰਜ ਹੋਇਆ ਹੈ। ਮਹਾਮਾਰੀ ਕਾਰਨ ਅਜਿਹੀਆਂ ਬਹੁਤ ਸਾਰੀਆਂ ਸੇਵਾਵਾਂ ਸਨ ਜਿਹਨਾਂ ਉੱਪਰ ਕੈਨੇਡੀਅਨਜ਼ ਦਾ ਖ਼ਰਚ ਘਟ ਗਿਆ ਸੀ ਜਾਂ ਰੁਕ ਗਿਆ ਸੀ। 

ਪਰ ਕੋਵਿਡ ਰੋਕਾਂ ਵਿਚ ਨਰਮਾਈ ਤੋਂ ਬਾਅਦ, ਹੁਣ ਟ੍ਰਾਂਸਪੋਰਟ ਸੇਵਾਵਾਂ, ਜਿਸ ਵਿਚ ਏਅਰ ਟਿਕਟਾਂ ਵੀ ਸ਼ਾਮਲ ਹਨ, ‘ਤੇ ਹੋਏ ਖ਼ਰਚ ਵਿਚ 40 ਫ਼ੀਸਦੀ ਤੋਂ ਵੱਧ ਦਾ ਵਾਧਾ ਦਰਜ ਹੋਇਆ ਹੈ। ਇਸ ਤੋਂ ਇਲਾਵਾ ਮਨੋਰੰਜਨ ਅਤੇ ਸੱਭਿਆਚਾਰਕ ਗਤੀਵਿਧੀਆਂ ‘ਤੇ ਵੀ ਲੋਕਾਂ ਵੱਲੋਂ ਕੀਤੇ ਖ਼ਰਚ ਵਿਚ 26 ਫ਼ੀਸਦੀ ਦਾ ਵਾਧਾ ਹੋਇਆ ਹੈ। 

ਖਾਣ-ਪੀਣ ਅਤੇ ਰਿਹਾਇਸ਼ੀ ਗਤੀਵਿਧੀਆਂ ‘ਤੇ ਲੋਕਾਂ ਵੱਲੋਂ ਕੀਤੇ ਖ਼ਰਚ ਵਿਚ 29 ਫ਼ੀਸਦੀ ਵਾਧਾ ਹੋਇਆ ਹੈ। ਹੇਅਰਕਟ ਅਤੇ ਸੈਲੂਨ ਵਰਗੀਆਂ ਪਰਸਨਲ ਗਰੂਮਿੰਗ ਸੇਵਾਵਾਂ ‘ਤੇ ਕੀਤੇ ਖ਼ਰਚ ਵਿਚ 33 ਫ਼ੀਸਦੀ ਤੋਂ ਵੱਧ ਇਜ਼ਾਫ਼ਾ ਹੋਇਆ ਹੈ।

ਟੀ ਡੀ ਬੈਂਕ ਦੇ ਅਰਥਸ਼ਾਸਤਰੀ ਸ੍ਰੀ ਥਾਨਾਬਾਲਸਿੰਗਮ ਅਨੁਸਾਰ ਮੌਜੂਦਾ ਅੰਕੜੇ ਚੰਗੇ ਹਨ, ਪਰ ਕੁਝ ਵੱਡੀਆਂ ਵਸਤਾਂ ਲਈ ਜੇ ਸਪਲਾਈ ਨਾਲ ਜੁੜਿਆਂ ਚੁਣੌਤੀਆਂ ਨਾ ਹੁੰਦੀਆਂ, ਤਾਂ ਸਥਿਤੀ ਹੋਰ ਵੀ ਬਿਹਤਰ ਹੋ ਸਕਦੀ ਸੀ।

ਸਪਲਾਈ ਚੇਨ ਵਿਚ ਰੁਕਾਵਟਾਂ ਕਰਕੇ, ਲੋਕਾਂ ਨੇ ਕਾਰਾਂ ਵਰਗੀਆਂ ਵਸਤਾਂ ‘ਤੇ ਘੱਟ ਖ਼ਰਚ ਕੀਤਾ ਅਤੇ ਕਾਰੋਬਾਰੀਆਂ  ਨੇ ਵੀ ਭਾਰੀ ਮਸ਼ੀਨਰੀ ਅਤੇ ਸੰਦਾਂ ਵਿਚ ਘੱਟ ਨਿਵੇਸ਼ ਕੀਤਾ। ਜੇ ਸਪਲਾਈ ਦੀ ਘਾਟ ਨਾ ਹੁੰਦੀ, ਤਾਂ ਤੀਸਰੀ ਤਿਮਾਹੀ ਵਿਚ ਕੈਨੇਡਾ ਦੀ ਜੀਡੀਪੀ ਹੋਰ ਵੀ ਮਜ਼ਬੂਤ ਹੋ ਸਕਦੀ ਸੀ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ