1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਬਗ਼ੈਰ ਵੈਕਸੀਨ ਵਾਲੇ ਯਾਤਰੀਆਂ ਲਈ ਜਹਾਜ਼ ਜਾਂ ਟ੍ਰੇਨ ਵਿਚ ਸਫ਼ਰ ਕਰਨ ‘ਤੇ ਰੋਕ ਲਾਗੂ

ਏਅਰ ਕੈਨੇਡਾ ਅਤੇ ਵੈਸਟਜੈਟ ਨੇ ਹਰੇਕ ਯਾਤਰੀ ਤੋਂ ਵੈਕਸੀਨੇਸ਼ਨ ਪ੍ਰਮਾਣ ਮੰਗਣ ਦੀ ਗੱਲ ਆਖੀ

30 ਨਵੰਬਰ ਤੋਂ ਬਗ਼ੈਰ ਵੈਕਸੀਨ ਵਾਲੇ ਲੋਕ ਹਵਾਈ ਜਾਂ ਰੇਲ ਯਾਤਰਾ ਨਹੀਂ ਕਰ ਸਕਣਗੇ।

30 ਨਵੰਬਰ ਤੋਂ ਬਗ਼ੈਰ ਵੈਕਸੀਨ ਵਾਲੇ ਲੋਕ ਹਵਾਈ ਜਾਂ ਰੇਲ ਯਾਤਰਾ ਨਹੀਂ ਕਰ ਸਕਣਗੇ।

ਤਸਵੀਰ: (Ryan Remiorz/The Canadian Press)

RCI

12 ਸਾਲ ਤੋਂ ਵੱਧ ਉਮਰ ਦੇ ਯਾਤਰੀ ਅੱਜ ਤੋਂ ਜਹਾਜ਼ ਜਾਂ ਟ੍ਰੇਨ ਦਾ ਸਫ਼ਰ ਨਹੀਂ ਕਰ ਸਕਣਗੇ ਅਤੇ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ, ਜ਼ਿਆਦਾਤਰ ਲੋਕਾਂ ਲਈ ਹੁਣ ਵੈਕਸੀਨ ਪ੍ਰਮਾਣ ਦੇ ਵਿਕਲਪ ਵੱਜੋਂ ਨਹੀਂ ਵਰਤੀ ਜਾ ਸਕੇਗੀ। 

ਹਵਾਈ ਜਾਂ ਰੇਲ ਯਾਤਰਾ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ 30 ਅਕਤੂਬਰ ਤੋਂ ਲਾਗੂ ਹੋ ਗਈ ਸੀ, ਪਰ ਫ਼ੈਡਰਲ ਸਰਕਾਰ ਨੇ ਬਗ਼ੈਰ ਵੈਕਸੀਨੇਸ਼ਨ ਵਾਲਿਆਂ ਨੂੰ ਟ੍ਰਾਂਜ਼ੀਸ਼ਨ ਵਾਸਤੇ ਇੱਕ ਛੋਟੀ ਮਿਆਦ ਉਪਲਬਧ ਕਰਵਾਈ ਸੀ, ਜਿਸ ਦੌਰਾਨ ਯਾਤਰਾ ਕਰਨ ਦੇ 72 ਘੰਟਿਆਂ ਦੇ ਅੰਦਰ ਅੰਦਰ ਕਰਵਾਏ ਗਏ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਵੈਕਸੀਨ ਪ੍ਰਮਾਣ ਦੀ ਥਾਂ ਵਰਤੀ ਜਾ ਸਕਦੀ ਸੀ। 

ਉਕਤ ਸਖ਼ਤ ਨਵੀਂ ਨੀਤੀ ਅਜਿਹੇ ਸਮੇਂ ਵਿਚ ਲਾਗੂ ਹੋਈ ਹੈ ਜਦੋਂ ਕੋਵਿਡ ਦੇ ਨਵੇਂ ਓਮੀਕਰੌਨ ਵੇਰੀਐਂਟ ਨੇ ਦੁਨੀਆ ਭਰ ਵਿਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਸਾਊਥ ਅਫ਼ਰੀਕਾ ਵਿਚ ਡਿਟੈਕਟ ਹੋਏ ਇਸ ਵੇਰੀਐਂਟ ਕਾਰਨ, ਕੈਨੇਡਾ ਨੇ ਦੱਖਣੀ ਅਫਰੀਕੀ ਦੇਸ਼ਾਂ ਦੇ ਯਾਤਰੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਵੇਰੀਐਂਟ ਦੇ ਜ਼ਿਆਦਾ ਤੇਜ਼ੀ ਨਾਲ ਫ਼ੈਲਣ ਦਾ ਵੀ ਡਰ ਪੈਦਾ ਹੋ ਗਿਆ ਹੈ। 

ਇਹ ਵੇਰੀਐਂਟ ਕਿੰਨੀ ਤੇਜ਼ੀ ਨਾਲ ਫ਼ੈਲਦਾ ਹੈ ਅਤੇ ਕਿੰਨਾ ਕੁ ਖ਼ਤਰਨਾਕ ਹੈ, ਪਬਲਿਕ ਹੈਲਥ ਮਾਹਰਾਂ ਅਤੇ ਵਿਗਿਆਨੀਆਂ ਕੋਲ ਫ਼ਿਲਹਾਲ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਪਰ ਸਾਊਥ ਅਫ਼ਰੀਕਾ ਵਿਚ ਬੀਤੇ ਕੁਝ ਦਿਨਾਂ ਵਿਚ ਆਈ ਕੋਵਿਡ ਕੇਸਾਂ ਦੀ ਤੇਜ਼ੀ ਨੂੰ ਇਸ ਨਵੇ ਵੇਰੀਂਐਂਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਵੇਰੀਐਂਟ ਨੂੰ ਚਿੰਤਾਜਨਕ ਵੇਰੀਐਂਟ (variant of concern) ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਹੈ।

ਕੈਨੇਡਾ ਆਉਣ ਵਾਲੇ ਸਾਰੇ ਯਾਤਰੀਆਂ ਜਾਂ ਮੁਲਕ ਦੇ ਅੰਦਰ ਹੀ ਹਵਾਈ ਜਾਂ ਰੇਲ ਯਾਤਰਾ ਕਰਨ ਵਾਲੇ ਲੋਕਾਂ ਦੀ ਮੁਕੰਮਲ ਵੈਕਸੀਨੇਸ਼ਨ ਹੋਣਾ ਜ਼ਰੂਰੀ ਹੈ। ਦੱਖਣੀ ਅਫ਼ਰੀਕੀ ਦੇਸ਼ਾਂ ਦੇ ਜ਼ਰੀਏ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ ਛੱਡ ਕੇ, ਫ਼ਿਲਹਾਲ ਮੁਲਕ ਵਿਚ ਕਿਸੇ ਯਾਤਰੀ ਲਈ ਕੁਆਰੰਟੀਨ ਦੀ ਜ਼ਰੂਰਤ ਨਹੀਂ ਹੈ। 

ਹਾਲਾਂਕਿ ਬਹੁਤ ਸਾਰੀਆਂ ਏਅਰਲਾਈਨਜ਼ ਯਾਤਰੀਆਂ ਦੇ ਵੈਕਸੀਨੇਟੇਡ ਹੋਣ ਨੂੰ ਸੁਨਿਸ਼ਚਿਤ ਕਰਨ ਲਈ, ਅਕਸਰ ਉਹਨਾਂ ਤੋਂ ਗ਼ੈਰ-ਤਰਤੀਬਬੱਧ ਤੌਰ ‘ਤੇ ਵੈਕਸੀਨ ਪ੍ਰਮਾਣ ਮੰਗਦੀਆਂ ਰਹੀਆਂ ਹਨ। ਪਰ ਏਅਰ ਕੈਨੇਡਾ ਅਤੇ ਵੈਸਟਜੈੱਟ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਵੱਲੋਂ ਹਰੇਕ ਯਾਤਰੀ ਤੋਂ ਵੈਕਸੀਨੇਸ਼ਨ ਦਾ ਸਬੂਤ ਮੰਗਿਆ ਜਾਵੇਗਾ। 

ਬਾਕੀ ਪਬਲਿਕ ਹੈਲਥ ਉਪਾਅ ਬਰਕਰਾਰ

ਮਾਸਕ ਅਤੇ ਹੈਲਥ ਸਕਰੀਨਿੰਗ ਵਰਗੇ ਬਾਕੀ ਉਪਾਅ ਬਰਕਰਾਰ ਰਹਿਣਗੇ। 

ਸਰਕਾਰੀ ਵੈੱਬਸਾਈਟ ਮੁਤਾਬਕ, ਜੇ ਤੁਸੀਂ ਆਪਣੀ ਏਅਰਲਾਈਨ ਜਾਂ ਰੇਲਵੇ ਕੰਪਨੀ ਨੂੰ ਦੱਸਦੇ ਹੋ ਕਿ ਤੁਸੀਂ ਯਾਤਰਾ ਲਈ ਯੋਗ ਹੋ, ਪਰ ਆਪਣੀ ਵੈਕਸੀਨੇਸ਼ਨ ਦਾ ਪ੍ਰਮਾਣ ਜਾਂ ਕੋਵਿਡ ਦਾ ਟੈਸਟ ਨਤੀਜਾ ਦਿਖਾਉਣ ਵਿਚ ਅਯੋਗ ਹੁੰਦੇ ਹੋ, ਤਾਂ ਤੁਹਾਨੂੰ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਤੁਹਾਨੂੰ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ

ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਵੀ ਚਿਤਾਵਨੀਆਂ ਜਾਰੀ ਕੀਤੀਆਂ ਹਨ, ਕਿ ਬਗ਼ੈਰ ਵੈਕਸੀਨ ਵਾਲੇ ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਵੀ ਕੈਨੇਡਾ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।

ਵਾਜਬ ਮੈਡਿਕਲ ਕਾਰਨ ਕਰਕੇ ਵੈਕਸੀਨ ਨਾ ਲਗਵਾ ਸਕਣ ਵਾਲੇ ਯਾਤਰੀਆਂ, ਦੂਰ ਦੁਰਾਡੇ ਦੇ ਅਜਿਹੇ ਇਲਾਕੇ ਵਿਚ ਰਹਿਣ ਵਾਲੇ ਲੋਕ ਜਿੱਥੇ ਸਿਰਫ਼ ਹਵਾਈ ਸਫ਼ਰ ਰਾਹੀਂ ਪਹੁੰਚਿਆ ਜਾ ਸਕਦਾ ਹੈ, ਜਾਂ ਕਿਸੇ ਹੋਰ ਦੇਸ਼ ਜਾਣ ਲਈ ਕੈਨੇਡਾ ਵਿਚ ਟ੍ਰਾਂਜ਼ਿਟ ਲਈ ਰੁਕੇ ਯਾਤਰੀਆਂ ਨੂੰ, ਨਵੇਂ ਨਿਯਮਾਂ ਤਹਿਤ ਛੋਟ ਦਿੱਤੀ ਗਈ ਹੈ।

ਵੈਕਸੀਨ ਤੋਂ ਛੋਟ ਵਾਲੇ ਜ਼ਿਆਦਾਤਰ ਯਾਤਰੀਆਂ ਲਈ ਕੋਵਿਡ ਟੈਸਟ ਦੀ ਨੈਗਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਹੋਵੇਗੀ।

ਕੈਨੇਡਾ ਦੀ ਏਅਰਲਾਈਨ ਇੰਡਸਟਰੀ ਨੇ ਅਕਤੂਬਰ ਵਿਚ ਲਾਜ਼ਮੀ ਵੈਕਸੀਨ ਦੀ ਇਸ ਨੀਤੀ ਐਲਾਨੇ ਜਾਣ ਦਾ ਸਵਾਗਤ ਕੀਤਾ ਸੀ। ਹਾਲਾਂਕਿ ਕੁਝ ਕੰਪਨੀਆਂ ਨੇ ਘੱਟ ਸਮੇਂ ਵਿਚ ਲੋੜੀਂਦੇ ਪ੍ਰਬੰਧ ਕਰਨ ਬਾਬਤ ਚਿੰਤਾ ਵੀ ਪ੍ਰਗਟਾਈ ਸੀ। 

ਉਦੋਂ ਫ਼ੈਡਰਲ ਸਰਕਾਰ ਨੇ ਇੱਕ ਮਿਆਰੀ ਵੈਕਸੀਨੇਸ਼ਨ ਪ੍ਰਮਾਣ ਦਾ ਵੀ ਐਲਾਨ ਕੀਤਾ ਸੀ, ਜਿਹੜਾ ਸੂਬਾ ਸਰਕਾਰਾਂ ਵੱਲੋਂ ਘਰੇਲੂ ਅਤੇ ਅੰਤਰਰਾਸ਼ਟਰੀ ਯਾਤਰਾ ਲਈ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਲੌਰਾ ਓਸਮਾਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ