1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ-ਚੀਨ ਤਣਾਅ ਦੇ ਦਰਮਿਆਨ ਭਾਰਤ ਵੱਲੋਂ ਕੈਨੇਡਾ ਨਾਲ ਨਵੀਂ ਵਪਾਰਕ ਵਾਰਤਾ ਸ਼ੁਰੂ ਕਰਨ ਦੀ ਤਿਆਰੀ

ਭਾਰਤੀ ਡਿਪਟੀ ਹਾਈ ਕਮਿਸ਼ਨਰ ਅਨੁਸਾਰ ਦੋਵੇਂ ਦੇਸ਼ਾਂ ਵਿਚ ਕਈ ਸਮਾਨਤਾਵਾਂ

1 ਨਵੰਬਰ ਨੂੰ ਗਲਾਸਗੋ ਵਿਚ ਕਲਾਈਮੇਟ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ।

1 ਨਵੰਬਰ ਨੂੰ ਗਲਾਸਗੋ ਵਿਚ ਕਲਾਈਮੇਟ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ।

ਤਸਵੀਰ: (Alberto Pezzali/The Associated Press)

RCI

ਮੈਂਗ ਵੌਨਜ਼ੂ ਅਤੇ ਦੋਵੇਂ ਮਾਈਕਲਜ਼ ਦੇ ਮਾਮਲੇ ਤੋਂ ਬਾਅਦ ਕੈਨੇਡਾ ਅਤੇ ਚੀਨ ਦਰਮਿਆਨ ਰਿਸ਼ਤਿਆਂ ਵਿਚ ਪਈ ਫਿੱਕ ਕਾਰਨ ਜਸਟਿਨ ਟ੍ਰੂਡੋ ਵੀ ਕੋਈ ਵਪਾਰਕ ਬਦਲ ਦੀ ਤਲਾਸ਼ ਵਿਚ ਹਨ। ਅਜਿਹੇ ਵਿਚ ਭਾਰਤ ਅਤੇ ਕੈਨੇਡਾ ਆਪਸ ਵਿਚ ਸੁਤੰਤਰ ਵਪਾਰ ਸਮਝੌਤੇ (ਫ਼੍ਰੀ ਟ੍ਰੇਡ ਅਗਰੀਮੈਂਟ) ਬਾਰੇ ਰਸਮੀ ਤੌਰ ‘ਤੇ ਗੱਲਬਾਤ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ। 

ਦੋਵੇਂ ਦੇਸ਼ਾਂ ਦੇ ਵਪਾਰ ਨਾਲ ਮੁਤੱਲਕ ਅਧਿਕਾਰੀ ਹੁਣ ਤੱਕ ਚਾਰ ਮੀਟਿੰਗਾਂ ਕਰ ਚੁੱਕੇ ਹਨ, ਜਿਹਨਾਂ ਵਿਚੋਂ ਇੱਕ ਤਾਜ਼ਾ ਬੈਠਕ ਲੰਘੇ ਅਕਤੂਬਰ ਮਹੀਨੇ ਆਯੋਜਿਤ ਕੀਤੀ ਗਈ ਸੀ। ਇਸ ਮੀਟਿੰਗ ਵਿਚ ਦੋਵੇਂ ਮੁਲਕਾਂ ਦੇ ਅਧਿਕਾਰੀਆਂ ਨੇ ਇੱਕ ਦੂਸਰੇ ਦੇ ਸ਼ੁਰੂਆਤੀ ਪ੍ਰਸਤਾਵਾਂ ‘ਤੇ ਗ਼ੌਰ ਕੀਤਾ।

ਕੈਨੇਡਾ ਲਈ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਅਨਸ਼ੁਮਨ ਗੌਰ ਨੇ ਦੱਸਿਆ, ਉਹਨਾਂ ਨੇ ਆਪਸੀ ਪਹੁੰਚ ਅਤੇ ਭਵਿੱਖ ਵਿਚ ਸੰਭਾਵਿਤ ਦਿਸ਼ਾ ਬਾਰੇ ਗੱਲਬਾਤ ਕੀਤੀ

ਭਾਰਤ ਹੁਣ ਜੁਝਾਰੂ ਪੈਮਾਨੇ ‘ਤੇ ਆਪਣੀ ਨਵੀਂ ਵਪਾਰ ਨੀਤੀ ਨਾਲ ਅੱਗੇ ਵਧ ਰਿਹਾ ਹੈ। ਭਾਰਤ ਵੱਲੋਂ ਬ੍ਰਿਟੇਨ, ਯੂਰਪੀਅਨ ਯੂਨੀਅਨ, ਆਸਟ੍ਰੇਲੀਆ, ਯੂ ਏ ਈ ਅਤੇ ਹੁਣ ਕੈਨੇਡਾ ਨਾਲ ਮੁਕੰਮਲ ਤੌਰ ‘ਤੇ ਸੁਤੰਤਰ ਵਪਾਰ ਸਮਝੌਤੇ ਤੈਅ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 

ਕੈਨੇਡਾ ਵੀ ਇਸ ਸਮੇਂ ਚੀਨ ਨਾਲ ਰਿਸ਼ਤਿਆਂ ਵਿਚ ਕੁੜੱਤਣ ਦੇ ਦੌਰ ਚੋਂ ਗੁਜ਼ਰ ਰਿਹਾ ਹੈ। ਚੀਨ ਦੀ ਟੈਕ ਕੰਪਨੀ ਵੁਆਵੀ ਦੀ ਐਗਜ਼ੈਕਟਿਵ ਦੀ 2018 ਵਿਚ ਹੋਈ ਗ੍ਰਿਫ਼ਤਾਰੀ ਅਤੇ ਇਸ ਗ੍ਰਿਫ਼ਤਾਰੀ ਦੇ ਕਥਿਤ ਤੌਰ ਤੇ ਬਦਲੇ ਦੇ ਰੂਪ ਵਿਚ ਮਾਈਕਲ ਸਪੈਵਰ ਅਤੇ ਮਾਈਕਲ ਕੋਵਰਿਗ ਦੀ ਚੀਨ ਵਿਚ ਗ੍ਰਿਫ਼ਤਾਰੀ ਨੇ ਕੈਨੇਡਾ-ਚੀਨ ਰਿਸ਼ਤਿਆਂ ਵਿਚ ਤਣਾਅ ਬਹੁਤ ਵਧਾ ਦਿੱਤਾ ਹੈ। ਵੌਨਜ਼ੂ ਦੀ ਰਿਹਾਈ ਤੋਂ ਬਾਅਦ ਦੋਵੇਂ ਮਾਈਕਲਜ਼ ਵੀ 1,000 ਤੋਂ ਵੱਧ ਦਿਨ ਚੀਨ ਦੀਆਂ ਜੇਲਾਂ ਵਿਚ ਕੱਟਣ ਤੋਂ ਬਾਅਦ ਕੁਝ ਹਫ਼ਤਿਆਂ ਪਹਿਲਾਂ ਹੀ ਕੈਨੇਡਾ ਵਾਪਸ ਆ ਗਏ ਹਨ।

25 ਸਤੰਬਰ ਨੂੰ ਚੀਨ ਦੀ ਟੈਕ ਕੰਪਨੀ ਵੁਆਵੀ ਦੀ ਐਗਜ਼ੈਕਟਿਵ ਮੈਂਗ ਵੌਨਜ਼ੂ ਦੀ ਕੈਨੇਡੀਅਨ ਨਜ਼ਰਬੰਦੀ ਤੋਂ ਰਿਹਾਅ ਹੋਕੇ ਚੀਨ ਵਾਪਸ ਪਹੁੰਚਣ ਸਮੇਂ ਦੀ ਤਸਵੀਰ।

25 ਸਤੰਬਰ ਨੂੰ ਚੀਨ ਦੀ ਟੈਕ ਕੰਪਨੀ ਵੁਆਵੀ ਦੀ ਐਗਜ਼ੈਕਟਿਵ ਮੈਂਗ ਵੌਨਜ਼ੂ ਦੀ ਕੈਨੇਡੀਅਨ ਨਜ਼ਰਬੰਦੀ ਤੋਂ ਰਿਹਾਅ ਹੋਕੇ ਚੀਨ ਵਾਪਸ ਪਹੁੰਚਣ ਸਮੇਂ ਦੀ ਤਸਵੀਰ।

ਤਸਵੀਰ: Xinhua via Reuters

ਪਰ ਇਸ ਸਭ ਦੇ ਚਲਦਿਆਂ, ਹੁਣ ਕੈਨੇਡਾ ਚੀਨ ਉੱਤੇ ਨਿਰਭਰਤਾ ਘਟਾਕੇ, ਹੋਰ ਏਸ਼ੀਆਈ ਦੇਸ਼ਾਂ ਨਾਲ ਵਪਾਰਕ ਸਾਂਝ ਪਾਉਣ ਦੀ ਫ਼ਿਰਾਕ ਵਿਚ ਹੈ। ਹਾਲ ਹੀ ਵਿਚ ਕੈਨੇਡਾ ਨੇ 10 ਸਾਊਥ ਏਸ਼ੀਆਈ ਦੇਸ਼ਾਂ ਦੇ ਸਮੂਹ (ASEAN) ਜਿਸ ਵਿਚ ਫ਼ਿਲਪੀਨ, ਇੰਡੋਨੇਸ਼ੀਆ ਅਤੇ ਥਾਈਲੈਂਡ ਵੀ ਸ਼ਾਮਲ ਹਨ, ਨਾਲ ਰਸਮੀ ਤੌਰ ‘ਤੇ ਵਪਾਰਕ ਵਾਰਤਾ ਸ਼ੁਰੂ ਕੀਤੀ ਹੈ। 

23 ਨਵੰਬਰ ਦੀ ਥ੍ਰੋਨ ਸਪੀਚ ਵਿਚ ਵੀ ਇਸ ਨਵੀਂ ਤਰਜੀਹ ਨੂੰ ਉਜਾਗਰ ਕੀਤਾ ਗਿਆ ਸੀ। ਥ੍ਰੋਨ ਸਪੀਚ ਵਿਚ ਕੈਨੇਡਾ ਦੇ ਕੂਟਨੀਤਿਕ ਰਿਸ਼ਤਿਆਂ ਵਿਚ ਪਸਾਰ ਅਤੇ ਆਪਣੇ ਮੁੱਖ ਭਾਈਵਾਲ ਦੇਸ਼ਾਂ ਤੋਂ ਇਲਾਵਾ ਇੰਡੋ-ਪੈਸਿਫ਼ਿਕ ਖ਼ਿੱਤੇ ਵਿਚ ਵੀ ਰਿਸ਼ਤੇ ਮਜ਼ਬੂਤ ਕਰਨ ਦਾ ਤਹੱਈਆ ਕੀਤਾ ਗਿਆ ਸੀ। 

ਲੰਘੀਆਂ ਗਰਮੀਆਂ ਦੌਰਾਨ, ਰੋਮ ਵਿਚ ਆਯੋਜਿਤ ਜੀ-20 ਦੇਸ਼ਾਂ ਦੀ ਬੈਠਕ ਵਿਚ, ਕੈਨੇਡਾ ਦੀ ਟ੍ਰੇਡ ਮਿਨਿਸਟਰ ਮੈਰੀ ਇੰਗ ਨੇ ਆਪਣੇ ਭਾਰਤੀ ਹਮਰੁਤਬਾ ਮਿਨਿਸਟਰ ਪੀਯੂਸ਼ ਗੋਇਲ ਨਾਲ ਸੰਭਾਵਿਤ ਸਮਝੌਤੇ ਬਾਰੇ ਗੱਲਬਾਤ ਕੀਤੀ ਸੀ। 

ਮਿਨਿਸਟਰ ਇੰਗ ਨੇ ਇੱਕ ਇੰਟਰਵਿਊ ਵਿਚ ਕਿਹਾ, ਮੈਨੂੰ ਬਿਲਕੁਲ ਲੱਗਦਾ ਹੈ ਕਿ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰਕ ਅਤੇ ਤਿਜਾਰਤੀ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਮੌਕੇ ਹਨ

ਵਪਾਰ ਵਾਰਤਾ ਦੀ ਸ਼ੁਰੂਆਤ 

ਕੈਨੇਡਾ ਨੇ ਭਾਰਤ ਨਾਲ ਵਪਾਰ ਵਾਰਤਾ ਦੀ ਸ਼ੁਰੂਆਤ ਇੱਕ ਦਹਾਕੇ ਤੋਂ ਵੀ ਪਹਿਲਾਂ, ਸਟੀਫ਼ਨ ਹਾਰਪਰ ਦੀ ਕੰਜ਼ਵੇਟਿਵ ਸਰਕਾਰ ਦੌਰਾਨ ਕੀਤੀ ਸੀ। ਪਰ 2018 ਵਿਚ ਡੌਨਲਡ ਟ੍ਰੰਪ ਵੱਲੋਂ ਕੈਨੇਡਾ-ਯੂਐਸ-ਮੈਕਸਿਕੋ ਦਰਮਿਆਨ ਨਾਫ਼ਟਾ ਸਮਝੌਤੇ ਨੂੰ ਨਵੇਂ ਸਿਰਿਓਂ ਵਿਚਾਰਨ ਦੇ ਸਿਲਸਿਲੇ ਵਿਚ ਕੈਨੇਡਾ ਉਲਝ ਗਿਆ ਸੀ, ਅਤੇ ਇਸ ਵਾਰਤਾ ਨੂੰ ਰੋਕਣਾ ਪਿਆ ਸੀ।

ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ (ਖੱਬੇ), 2012 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਭਾਰਤ ਦੇ ਇੱਕ ਬਿਜ਼ਨਸ ਡੈਲੀਗੇਸ਼ਨ ਨਾਲ ਮਿਲਦਿਆਂ।

ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ (ਖੱਬੇ), 2012 ਵਿਚ ਭਾਰਤ ਦੀ ਰਾਜਧਾਨੀ ਦਿੱਲੀ ਵਿਚ ਭਾਰਤ ਦੇ ਇੱਕ ਬਿਜ਼ਨਸ ਡੈਲੀਗੇਸ਼ਨ ਨਾਲ ਮਿਲਦਿਆਂ।

ਤਸਵੀਰ: La Presse canadienne / Sean Kilpatrick

ਟ੍ਰੂਡੋ ਵੱਲੋਂ ਭਾਰਤ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਸਵਾਲ ਨੂੰ ਨਕਾਰਦਿਆਂ ਗੌਰ ਨੇ ਕਿਹਾ ਕਿ ਭਾਰਤ ਇਸ ਗੱਲ ਨੂੰ ਸਮਝਦਾ ਹੈ ਕਿ ਉਦੋਂ ਕੈਨੇਡਾ ਵੱਲੋਂ ਯੂ ਐਸ ਅਤੇ ਮੈਕਸਿਕੋ ‘ਤੇ ਤਵੱਜੋ ਦੇਣਾ ਕਿੰਨਾ ਜ਼ਰੂਰੀ ਸੀ।

ਇੰਡੋ-ਪੈਸਿਫ਼ਿਕ ਰਣਨੀਤੀ ਵਿਚ ਸੁਧਾਰ

ਚੀਨ ਦੇ ਆਗੂ ਵਾਂਗ ਹੀ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਵੀ ਮਨੱਖੀ ਅਧਿਕਾਰਾਂ ਦੇ ਘਾਣ ਨੂੰ ਲੈਕੇ ਆਲੋਚਨਾ ਹੁੰਦੀ ਰਹੀ ਹੈ। ਸਤੰਬਰ ਵਿਚ ਹਿਊਮਨ ਰਾਈਟਸ ਵਾਚ ਦੀ ਇੱਕ ਰਿਪੋਰਟ ਨੇ ਭਾਰਤ ਸਰਕਾਰ ਉੱਪਰ ਆਪਣੇ ਵਿਰੋਧੀਆਂ ਦੀ ਸਰਵੀਲੈਂਸ ਕਰਨ, ਜਾਣ ਬੁੱਝ ਕੇ ਮੁਕੱਦਮੇ ਦਾਇਰ ਕਰਨ, ਟੈਕਸ ਛਾਪੇ ਮਾਰਨ ਅਤੇ ਕਈ ਹੋਰ ਪੱਖੋਂ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਗਾਇਆ ਸੀ। 

ਗੌਰ ਦਾ ਕਹਿਣਾ ਹੈ ਕਿ ਕੈਨੇਡਾ ਅਤੇ ਭਾਰਤ ਦਰਮਿਆਨ ਇੱਕ ਅਜਿਹੀ ਸਮਾਨਤਾ ਹੈ, ਜੋ ਇਹ ਦੇਸ਼ ਚੀਨ ਨਾਲ ਸਾਂਝੀ ਨਹੀਂ ਕਰਦੇ : ਬ੍ਰਿਟਿਸ਼ ਕਾਨੂੰਨ ਪ੍ਰਣਾਲੀ ਦੀ ਵਿਰਾਸਤ। 

ਕੈਨੇਡਾ ਦੀ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮੈਰੀ ਇੰਗ

ਕੈਨੇਡਾ ਦੀ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮੈਰੀ ਇੰਗ

ਤਸਵੀਰ: La Presse canadienne / Justin Tang

ਗੌਰ ਨੇ ਕਿਹਾ, ਪਾਰਲੀਮਾਨੀ ਲੋਕਤੰਤਰਿਕ ਦੇਸ਼ਾਂ ਨੂੰ ਇੱਕ ਦੂਸਰੇ ਦੀ ਵਧੇਰੇ ਸਮਝ ਹੁੰਦੀ ਹੈ। ਉਹਨਾਂ ਦਰਮਿਆਨ ਆਪਸੀ ਭਰੋਸੇਯੋਗਤਾ ਹੋਰ ਵੀ ਵਧਣੀ ਚਾਹੀਦੀ ਹੈ। ਕਾਨੂੰਨ ਅਤੇ ਵਿਧਾਨ ਮੁਤਾਬਕ ਚੱਲਣ ਵਾਲੇ ਦੇਸ਼, ਅਤੇ ਲੋਕਤੰਤਰਿਕ ਦੇਸ਼ ਹੋਣ ਦਾ ਇਤਬਾਰ ਹੋਣ ਦੇ ਕਾਰਨ, ਹੋਰ ਦੇਸ਼ ਵੀ ਭਾਰਤ ਨੂੰ ਇੱਕ ਸੰਭਾਵੀ ਵਪਾਰਕ ਭਾਈਵਾਲ ਵੱਜੋਂ ਦੇਖਦੇ ਹਨ

ਗੌਰ ਨੇ ਚੀਨ ਦੀ ਉਤਪਾਦਨ ਕਰਨ ਦੀ ਜ਼ਬਰਦਸਤ ਸਮਰੱਥਾ ਅਤੇ ਵੱਡੇ ਬਜ਼ਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਚੀਨ ਵੀ ਇੱਕ ਮਹੱਤਵਪੂਰਨ ਵਪਾਰਕ ਭਾਈਵਾਲ ਬਰਕਰਾਰ ਰਹੇਗਾ। ਉਹਨਾਂ ਕਿਹਾ ਕਿ ਕਿਸੇ ਹੋਰ ਨਾਲ ਰਿਸ਼ਤੇ ਵਧਾਉਣ ਦਾ ਅਰਥ ਇਹ ਨਹੀਂ ਹੁੰਦਾ ਕਿ ਮੌਜੂਦਾ ਰਿਸ਼ਤਿਆਂ ਨੂੰ ਛੋਟਾ ਜਾਂ ਸੀਮਤ ਕੀਤਾ ਜਾ ਰਿਹਾ ਹੈ। 

ਮਿਨਿਸਟਰ ਇੰਗ ਨੇ ਕਿਹਾ ਸੀ ਕਿ ਕੈਨੇਡਾ ਹਮੇਸ਼ਾ ਕੈਨੇਡੀਅਨ ਕਦਰਾਂ -ਕੀਮਤਾਂ ‘ਤੇ ਅਧਾਰਤ ਵਪਾਰ ਅਤੇ ਕੈਨੇਡੀਅਨ ਹਿੱਤਾਂ ਨੂੰ ਤਰਜੀਹ ਦਵੇਗਾ।

ਭਾਰਤ ਵਪਾਰਕ ਸਾਂਝ ਵਧਾਉਣ ਲਈ ਇੱਕ ਚੰਗਾ ਵਿਕਲਪ : ਬਿਜ਼ਨਸ ਗਰੁੱਪਸ

ਕੈਨੇਡਾ ਦੀਆਂ ਟਾਪ ਦੀਆਂ ਕੰਪਨੀਆਂ ਦੇ ਮੁਖੀਆਂ ਦੀ ਨੁਮਾਇੰਦਗੀ ਕਰਦੀ ਸੰਸਥਾ, ਬਿਜ਼ਨਸ ਕੌਂਸਿਲ ਔਫ਼ ਕੈਨੇਡਾ ਵੀ ਭਾਰਤ ਨੂੰ ਲੈਕੇ ਆਸਵੰਦ ਹੈ ਅਤੇ ਉਸ ਵੱਲੋਂ ਵਪਾਰਕ ਰਿਸ਼ਤਿਆਂ ਦੀ ਮਜ਼ਬੂਤੀ ਦੇ ਸੰਭਾਵੀ ਨਤੀਜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ। 

ਕੌਂਸਿਲ ਵਿਚ ਵਪਾਰ ਅਤੇ ਅੰਤਰਰਾਸ਼ਟਰੀ ਨੀਤੀ ਦੇ ਡਾਇਰੈਕਟਰ ਟ੍ਰੈਵਰ ਕੈਨੇਡੀ ਨੇ ਕਿਹਾ,ਭਾਰਤ ਗੱਲਬਾਤ ਕਰਨ ਲਈ ਇੱਕ ਗੁੰਝਲਦਾਰ ਦੇਸ਼ ਹੈ ਕਿਉਂਕਿ ਇਹ ਖੇਤਰੀ ਹਿੱਤਾਂ ਦਾ ਸੰਘ ਹੈ। ਪਰ ਇਸਦੇ ਵੱਡੇ ਆਕਾਰ ਅਤੇ ਉੱਚ ਪੱਧਰੀ ਵਿਕਾਸ ਦਾ ਮਤਲਬ ਹੈ ਕਿ ਕੈਨੇਡਾ ਨੂੰ ਇੱਕ ਠੋਸ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਹ ਗੱਲ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਦੂਸਰੇ ਦੇਸ਼ ਭਾਰਤ ਨਾਲ ਵਪਾਰਕ ਸਮਝੌਤੇ ਕਰ ਰਹੇ ਹਨ।

ਉਹਨਾਂ ਕਿਹਾ ਕਿ ਯੂ ਐਸ ਦੀ ਪ੍ਰੋਟੈਕਸ਼ਨਿਜ਼ਮ (ਆਪਣੇ ਵਪਾਰਕ ਹਿੱਤਾਂ ਦੀ ਰਾਖੀ) ਦੀ ਨੀਤੀ ਅਤੇ ਚੀਨ ਨਾਲ ਮੌਜੂਦਾ ਹਾਲਾਤ ਨੂੰ ਦੇਖਦਿਆਂ, ਕੈਨੇਡਾ ਲਈ ਭਾਰਤ ਵਰਗੇ ਵਿਕਲਪ ਮਹੱਤਵਪੂਰਨ ਹੋ ਸਕਦੇ ਹਨ। ਉਹਨਾਂ ਕਿਹਾ ਕਿ ਕੈਨੇਡਾ ਨੂੰ ਬਾਕੀ ਦੇਸ਼ਾਂ ਤੋਂ ਪਿੱਛੇ ਨਹੀਂ ਰਹਿਣਾ ਚਾਹੀਦਾ। 

ਕੈਨੇਡੀ ਦਾ ਕਹਿਣਾ ਹੈ ਕਿ ਖੇਤੀਬਾੜੀ ਉਤਪਾਦਾਂ ਅਤੇ ਕੁਦਰਤੀ ਸ੍ਰੋਤਾਂ (ਕੈਨੇਡੀਅਨ ਯੂਰੇਨੀਅਮ ਭਾਰਤ ਦੇ ਨਿਊਕਲੀਅਰ ਰੀਐਕਟਰਾਂ ਦੀ ਊਰਜਾ ਦਾ ਮੁੱਖ ਸ੍ਰੋਤ ਹੈ) ਤੋਂ ਇਲਾਵਾ, ਭਾਰਤ ਅਤੇ ਕੈਨੇਡਾ ਦਰਮਿਆਨ ਵਿੱਤੀ ਸੇਵਾਵਾਂ ਦੇ ਖੇਤਰ ਵਿਚ ਵੀ ਸਹਿਯੋਗ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਉਹਨਾਂ ਨੇ ਕੈਨੇਡਾ ਪੈਨਸ਼ਨ ਪਲਾਨ ਅਤੇ ਮੈਨੂਲਾਈਫ਼ ਵਰਗੀਆਂ ਕੰਪਨੀਆਂ ਵੱਲੋਂ ਕੀਤੇ ਨਿਵੇਸ਼ ਦਾ ਹਵਾਲਾ ਵੀ ਦਿੱਤਾ। 

ਬੀਤੇ ਹਫ਼ਤੇ ਭਾਰਤ ਦੀਆਂ 40 ਆਈ ਟੀ ਕੰਪਨੀਆਂ ਦੇ ਵਫ਼ਦ ਨੇ ਕੈਨੇਡਾ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਇਹ ਵਫ਼ਦ ਟੋਰੌਂਟੋ, ਮੌਂਟ੍ਰੀਅਲ, ਮੈਰੀਟਾਈਮਜ਼, ਔਟਵਾ ਅਤੇ ਵਾਟਰਲੂ ਵੀ ਗਿਆ ਸੀ।

ਗੌਰ ਨੇ ਕਿਹਾ ਕਿ ਕੈਨੇਡਾ ਸਰਕਾਰ ਨੇ ਆਰਟੀਫ਼ੀਸ਼ਲ ਇੰਟੈਲਿਜੈਂਸ ਦੇ ਖੇਤਰ ਵਿਚ ਖ਼ਾਸਾ ਨਿਵੇਸ਼ ਕੀਤਾ ਹੈ, ਅਤੇ ਹੁਣ ਭਾਰਤੀ ਕੰਪਨੀਆਂ ਨਾਲ ਪਾਰਟਨਰਸ਼ਿਪ ਕਰਕੇ ਆਪਣੇ ਨਿਵੇਸ਼ਾਂ ਦਾ ਲਾਭ ਲੈਣ ਦਾ ਸਮਾਂ ਹੈ। 

ਗੌਰ ਮੁਤਾਬਕ ਦੋਵੇਂ ਦੇਸ਼ ਇੱਕ ਦੂਸਰੇ ਦੀ ਮੌਜੂਦਾ ਸਥਿਤੀ ਅਤੇ ਤਰਜੀਹਾਂ ਨੂੰ ਬਿਹਤਰ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕ੍ਰਿਸਮਸ ਤੋਂ ਪਹਿਲਾਂ ਕੈਨੇਡਾ ਵੱਲੋਂ ਭਾਰਤ ਨੂੰ ਕੋਈ ਸੰਕੇਤ ਦਿੱਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ।

ਮਾਈਕ ਬਲੈਂਚਫ਼ੀਲਡ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ