1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੈਨੇਡਾ ਵਿਚ ਕੋਵਿਡ ਦੇ ਨਵੇਂ ਓਮੀਕਰੌਨ ਵੇਰੀਐਂਟ ਦੇ ਦੋ ਮਾਮਲਿਆਂ ਦੀ ਪੁਸ਼ਟੀ

ਨਵੇਂ ਵੇਰੀਂਐਟ ਦੇ ਵਧੇਰੇ ਖ਼ਤਰਨਾਕ ਜਾਂ ਤੇਜ਼ੀ ਨਾਲ ਫ਼ੈਲਣ ਬਾਰੇ ਫ਼ਿਲਹਾਲ ਕੋਈ ਜਾਣਕਾਰੀ ਨਹੀਂ

ਸਾਊਥ ਅਫ਼ਰੀਕਾ ਦੇ ਓ ਆਰ ਟੈਂਬੋ ਹਵਾਈਅੱਡੇ 'ਤੇ ਕੋਵਿਡ ਟੈਸਟ ਕਰਵਾਉਣ ਦੀ ਲਾਈਨ ਵਿਚ ਲੱਗੇ ਲੋਕ। ਸਾਊਥ ਅਫ਼ੀਕਾ ਵਿਚ ਹੀ ਇਸ ਨਵੇਂ ਓਮੀਕਰੌਨ ਵੇਰੀਐਂਟ ਦੇ ਮਾਮਲੇ ਰਿਪੋਰਟ ਹੋਏ ਹਨ। ਐਤਵਾਰ ਨੂੰ ਔਟਵਾ ਵਿਚ ਵੀ ਨਵੇਂ ਵੇਰੀਐਂਟ ਦੇ ਦੋ ਮਾਮਲਿਆਂ ਦਿ ਪੁਸ਼ਟੀ ਕੀਤੀ ਗਈ ਹੈ।

ਸਾਊਥ ਅਫ਼ਰੀਕਾ ਦੇ ਓ ਆਰ ਟੈਂਬੋ ਹਵਾਈਅੱਡੇ 'ਤੇ ਕੋਵਿਡ ਟੈਸਟ ਕਰਵਾਉਣ ਦੀ ਲਾਈਨ ਵਿਚ ਲੱਗੇ ਲੋਕ। ਸਾਊਥ ਅਫ਼ੀਕਾ ਵਿਚ ਹੀ ਇਸ ਨਵੇਂ ਓਮੀਕਰੌਨ ਵੇਰੀਐਂਟ ਦੇ ਮਾਮਲੇ ਰਿਪੋਰਟ ਹੋਏ ਹਨ। ਐਤਵਾਰ ਨੂੰ ਔਟਵਾ ਵਿਚ ਵੀ ਨਵੇਂ ਵੇਰੀਐਂਟ ਦੇ ਦੋ ਮਾਮਲਿਆਂ ਦਿ ਪੁਸ਼ਟੀ ਕੀਤੀ ਗਈ ਹੈ।

ਤਸਵੀਰ: Associated Press / Jerome Delay

RCI

ਉਨਟੇਰਿਉ ਸਰਕਾਰ ਨੇ ਐਤਵਾਰ ਨੂੰ ਔਟਵਾ ਵਿਚ ਕੋਵਿਡ ਦੇ ਨਵੇਂ ਵੇਰੀਐਂਟ ਦੇ ਦੋ ਮਾਮਲੇ ਰਿਪੋਰਟ ਹੋਣ ਦੀ ਪੁਸ਼ਟੀ ਕੀਤੀ ਹੈ।

ਸੂਬਾ ਸਰਕਾਰ ਨੇ ਦੱਸਿਆ ਕਿ ਕੋਵਿਡ ਦੇ ਇਸ ਨਵੇਂ ਵੇਰੀਐਟ ਦੇ ਦੋਵੇਂ ਮਰੀਜ਼ ਹਾਲ ਹੀ ਵਿਚ ਨਾਈਜੀਰੀਆ ਦੀ ਯਾਤਰਾ ਕਰਕੇ ਪਰਤੇ ਸਨ। ਔਟਵਾ ਪਬਲਿਕ ਹੈਲਥ ਯੂਨਿਟ ਮੁਤਾਬਕ ਦੋਵੇਂ ਮਰੀਜ਼ ਆਈਸੋਲੇਸ਼ਨ ਵਿਚ ਹਨ ਅਤੇ ਕਾਨਟੈਕਟ ਟ੍ਰੇਸਿੰਗ ਜਾਰੀ ਹੈ। 

ਕੈਨੇਡਾ ਵਿਚ ਓਮੀਕਰੌਨ ਵੇਰੀਂਐਟ ਦੇ ਇਹ ਪਹਿਲੇ ਮਾਮਲੇ ਹਨ। ਹਾਲ ਹੀ ਵਿਚ ਫ਼ੈਡਰਲ ਸਰਕਾਰ ਨੇ ਇਸ ਨਵੇਂ ਵੇਰੀਐਂਟ ਦੇ ਮੱਦੇਨਜ਼ਰ ਉਹਨਾਂ ਸਾਰੇ ਵਿਦੇਸ਼ੀ ਯਾਤਰੀਆਂ ‘ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ, ਜਿਹਨਾਂ ਨੇ ਪਿਛਲੇ 14 ਦਿਨਾਂ ਵਿਚ ਦੱਖਣੀ ਅਫ਼ਰੀਕੀ ਦੇਸ਼ਾਂ ਦਾ ਸਫ਼ਰ ਕੀਤਾ ਹੋਵੇ। 

ਇਹ ਪਾਬੰਦੀ ਬੀਤੇ ਸ਼ੁੱਕਰਵਾਰ ਤੋਂ ਲਾਗੂ ਹੋ ਗਈ ਹੈ। ਸਾਊਥ ਅਫ਼ਰੀਕਾ ਦੇ ਵਿਗਿਆਨੀਆਂ ਨੇ ਸਭ ਤੋਂ ਪਹਿਲਾਂ ਇਸ ਨਵੇਂ ਕੋਵਿਡ ਵੇਰੀਐਂਟ ਦਾ ਪਤਾ ਲਗਾਇਆ ਸੀ ਅਤੇ ਪੂਰੀ ਦੁਨੀਆ ਵਿਚ ਹੀ ਇਹ ਵੇਰੀਐਂਟ ਚਿੰਤਾ ਦਾ ਵਿਸ਼ਾ ਬਣ ਗਿਆ ਹੈ। 

ਇਹ ਵੇਰੀਐਂਟ ਕਿੰਨੀ ਤੇਜ਼ੀ ਨਾਲ ਫ਼ੈਲਦਾ ਹੈ ਅਤੇ ਕਿੰਨਾ ਕੁ ਖ਼ਤਰਨਾਕ ਹੈ, ਫ਼ਿਲਹਾਲ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ। ਪਰ ਸਾਊਥ ਅਫ਼ਰੀਕਾ ਵਿਚ ਬੀਤੇ ਕੁਝ ਦਿਨਾਂ ਵਿਚ ਆਈ ਕੋਵਿਡ ਕੇਸਾਂ ਦੀ ਤੇਜ਼ੀ ਨੂੰ ਇਸ ਨਵੇ ਵੇਰੀਂਐਂਟ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਵੇਰੀਐਂਟ ਨੂੰ ਚਿੰਤਾਜਨਕ ਵੇਰੀਐਂਟ (variant of concern) ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਹੈ।

ਉਨਟੇਰਿਉ ਦੇ ਚੀਫ਼ ਮੈਡਿਕਲ ਔਫ਼ਿਸਰ ਔਫ਼ ਹੈਲਥ ਡਾ ਕੀਅਰਨ ਮੂਅਰ ਅਤੇ ਸੂਬੇ ਦੀ ਹੈਲਥ ਮਿਨਿਸਟਰ ਕ੍ਰਿਸਟੀਨ ਐਲੀਅਟ ਨੇ ਬਿਆਨ ਜਾਰੀ ਕਰਦਿਆਂ ਕਿਹਾ, ਓਮੀਕਰੌਨ ਵੇਰੀਐਂਟ ਖ਼ਿਲਾਫ਼ ਸਭ ਤੋਂ ਬਿਹਤਰ ਬਚਾਅ ਹੈ ਕਿ ਇਸ ਨੂੰ ਸਰਹੱਦ ‘ਤੇ ਹੀ ਰੋਕਿਆ ਜਾਵੇ। ਹਾਲ ਹੀ ਵਿਚ ਐਲਾਨੇ ਗਏ ਉਪਾਵਾਂ ਤੋਂ ਇਲਾਵਾ ਵੀ, ਅਸੀਂ ਫ਼ੈਡਰਲ ਸਰਕਾਰ ਨੂੰ ਯਾਤਰੀਆਂ ਦੇ ਕੈਨੇਡਾ ਪਹੁੰਚਣ ‘ਤੇ, ਭਾਵੇਂ ਯਾਤਰੀ ਜਿਹੜੇ ਮਰਜ਼ੀ ਦੇਸ਼ ਤੋਂ ਕੈਨੇਡਾ ਪਹੁੰਚ ਰਹੇ ਹੋਣ, ਕੋਵਿਡ ਟੈਸਟਿੰਗ ਦੀ ਤਾਕੀਦ ਕਰਦੇ ਰਹਿੰਦੇ ਹਾਂ, ਤਾਂ ਕਿ ਇਸ ਨਵੇਂ ਵੇਰੀਐਂਟ ਦੇ ਫ਼ੈਲਾਅ ਨੂੰ ਰੋਕਿਆ ਜਾ ਸਕੇ

ਸੂਬਾ ਸਰਕਾਰ ਨੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਵਾਉਣ ਦੀ ਸਲਾਹ ਦਿੱਤੀ ਹੈ। 

ਉਨਟੇਰਿਉ ਇਸ ਨਵੇਂ ਵੇਰੀਐਂਟ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਹੈ।

ਵਧੇਰੇ ਕੇਸਾਂ ਦੀ ਪੁਸ਼ਟੀ ਹੋਣ ਦੀ ਸੰਭਾਵਨਾ : ਹੈਲਥ ਮਿਨਿਸਟਰ

ਫ਼ੈਡਰਲ ਹੈਲਥ ਮਿਨਿਸਟਰ  ਯੌਂ ਈਵ ਡਿਉਕਲੋ ਨੇ ਕਿਹਾ ਕਿ ਓਮੀਕਰੌਨ ਵੇਰੀਐਂਟ ਦੇ ਦੋ ਕੇਸਾਂ ਦੀ ਪੁਸ਼ਟੀ ਇਸ ਗੱਲ ਦਾ ਸਬੂਤ ਹੈ ਕਿ ਕੈਨੇਡਾ ਵੱਲੋਂ ਸਥਿਤੀ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ, ਪਰ ਉਹਨਾਂ ਹੋਰ ਵੀ ਕੇਸ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਹੈ। 

ਡਿਉਕਲੋ ਨੇ ਕਿਹਾ, ਸੂਬਿਆਂ ਅਤੇ ਟੈਰਿਟ੍ਰੀਜ਼ ਵਿਚ ਜਾਰੀ ਟੈਸਟਿੰਗ ਅਤੇ ਮਾਨਿਟਰਿੰਗ ਦੇ ਨਾਲ, ਕੈਨੇਡਾ ਵਿਚ ਇਸ ਵੇਰੀਐਂਟ ਦੇ ਹੋਰ ਮਾਮਲਿਆਂ ਦੀ ਪੁਸ਼ਟੀ ਹੋਣ ਦੀ ਸੰਭਾਵਨਾ ਹੈ

ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਨੇ ਕਿਹਾ ਕਿਹਾ ਕਿ ਓਮੀਕਰੌਨ ਵੇਰੀਐਂਟ ਦੇ ਦੋ ਕੇਸਾਂ ਦੀ ਪੁਸ਼ਟੀ ਇਸ ਗੱਲ ਦਾ ਸਬੂਤ ਹੈ ਕਿ ਕੈਨੇਡਾ ਵੱਲੋਂ ਸਥਿਤੀ ਦੀਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ, ਪਰ ਉਹਨਾਂਹੋਰ ਵੀ ਕੇਸ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਹੈ।

ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਨੇ ਕਿਹਾ ਕਿਹਾ ਕਿ ਓਮੀਕਰੌਨ ਵੇਰੀਐਂਟ ਦੇ ਦੋ ਕੇਸਾਂ ਦੀ ਪੁਸ਼ਟੀ ਇਸ ਗੱਲ ਦਾ ਸਬੂਤ ਹੈ ਕਿ ਕੈਨੇਡਾ ਵੱਲੋਂ ਸਥਿਤੀ ਦੀ ਲਗਾਤਾਰ ਨਜ਼ਰਸਾਨੀ ਕੀਤੀ ਜਾ ਰਹੀ ਹੈ, ਪਰ ਉਹਨਾਂ ਹੋਰ ਵੀ ਕੇਸ ਸਾਹਮਣੇ ਆਉਣ ਦੀ ਸੰਭਾਵਨਾ ਜਤਾਈ ਹੈ।

ਤਸਵੀਰ: (Adrian Wyld/The Canadian Press)

ਉਹਨਾਂ ਕਿਹਾ ਕਿ ਇਹ ਨਵਾਂ ਵੇਰੀਐਂਟ ਚਿੰਤਾਜਨਕ ਲਗ ਰਿਹਾ ਹੈ, ਪਰ ਵੈਕਸੀਨੇਸ਼ਨ ਅਤੇ ਪਬਲਿਕ ਹੈਲਥ ਉਪਾਵਾਂ ਨੇ ਕੋਵਿਡ ਦੇ ਫ਼ੈਲਾਅ ਨੂੰ ਰੋਕਣ ਵਿਚ ਮਦਦ ਕੀਤੀ ਹੈ। 

ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਅਨੁਸਾਰ ਸਥਿਤੀ ਦੇ ਅਨੁਕੂਲ ਬਾਰਡਰ ਰੋਕਾਂ ਵਿਚ ਹੋਰ ਤਬਦੀਲੀ ਵੀ ਕੀਤੀ ਜਾ ਸਕਦੀ ਹੈ। 

ਏਜੰਸੀ ਨੇ ਕਿਹਾ, ਕੈਨੇਡਾ ਸਰਕਾਰ ਬਦਲ ਰਹੀ ਸਥਿਤੀ ਦਾ ਲਗਾਤਾਰ ਜਾਇਜ਼ਾ ਲੈਂਦੀ ਰਹੇਗੀ ਅਤੇ ਜ਼ਰੂਰਤ ਮੁਤਾਬਕ ਬਾਰਡਰ ਉਪਾਵਾਂ ਵਿਚ ਤਬਦੀਲੀ ਕੀਤੀ ਜਾਵੇਗੀ

ਪਛਤਾਉਣ ਨਾਲੋਂ ਇਹਤਿਆਤ ਚੰਗਾ

ਫ਼ੈਲਣ ਵਾਲੀਆਂ ਬਿਮਾਰੀਆਂ ਦੇ ਮਾਹਰ ਡਾ ਕ੍ਰਿਸਟਫ਼ਰ ਲਾਬੋਸ ਨੇ ਇਸ ਨਵੇਂ ਵੇਰੀਐਂਟ ਬਾਰੇ ਉਪਲਬਧ ਸੀਮਤ ਜਾਣਕਾਰੀ ‘ਤੇ ਤਵੱਜੋ ਦਿੰਦਿਆਂ ਕਿਹਾ ਕਿ ਦੁਨੀਆ ਭਰ ਵਿਚ ਹੀ ਇਸ ਵਾਇਰਸ ਬਾਰੇ ਫਿਲਹਾਲ ਬਹੁਤਾ ਕੁਝ ਨਹੀਂ ਪਤਾ ਹੈ। 

ਡਾ ਕ੍ਰਿਸਟਫ਼ਰ ਨੇ ਕਿਹਾ ਕਿ ਭਾਵੇਂ ਇਸ ਬਾਰੇ ਬਹੁਤੀ ਜਾਣਕਾਰੀ ਨਹੀਂ ਹੈ ਕਿ ਇਹ ਵੇਰੀਐਂਟ ਹੋਰ ਵੇਰੀਐਂਟਸ ਨਾਲੋਂ ਵਧੇਰੇ ਖ਼ਤਰਨਾਕ ਹੈ ਜਾਂ ਨਹੀਂ, ਪਰ ਬਾਅਦ ਵਿਚ ਪਛਤਾਉਣ ਨਾਲੋਂ ਇਹਤਿਆਤ ਵਰਤਣਾ ਜ਼ਰੂਰੀ ਹੈ। ਪਰ ਨਾਲ ਹੀ ਉਹਨਾਂ ਕਿਹਾ ਕਿ ਨਵੇਂ ਵੇਰੀਐਂਟ ਨੂੰ ਲੈਕੇ ਓਵਰ-ਰੀਐਕਟ ਵੀ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਲੋਕਾਂ ਨੂੰ ਹੈਲਥ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਪਾਲਨ ਕਰਨ ਦੀ ਅਪੀਲ ਕਰਦਿਆਂ ਉਮੀਦ ਜਤਾਈ ਹੈ ਕਿ ਜਿਹੜੇ ਉਪਾਅ ਪਹਿਲਾਂ ਕਾਰਗਰ ਸਾਬਤ ਹੋਏ ਹਨ, ਉਹ ਹੁਣ ਵੀ ਪ੍ਰਭਾਵਸ਼ਾਲੀ ਸਾਬਤ ਹੋਣਗੇ। 

ਵਿਸ਼ਵ ਸਿਹਤ ਸੰਗਠਨ ਵੱਲੋਂ ਦੇਸ਼ਾਂ ਨੂੰ ਆਪਣੇ ਬਾਰਡਰ ਖੁੱਲੇ ਰੱਖਣ ਦੀ ਅਪੀਲ

ਵਿਸ਼ਵ ਸਿਹਤ ਸੰਗਠਨ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਓਮੀਕਰੌਨ ਵੇਰੀਐਂਟ ਦੇ ਵਧੇਰੇ ਤੇਜ਼ੀ ਨਾਲ ਫ਼ੈਲਣ ਦੀ ਸੰਭਾਵਨਾ ਜਾਂ ਇਸ ਦੇ ਵਧੇਰੇ ਖ਼ਤਰਨਾਕ ਹੋਣ ਬਾਰੇ ਅਧਿਐਨ ਕੀਤਾ ਜਾ ਰਿਹਾ ਹੈ।

ਸਾਊਥ ਅਫ਼ਰੀਕਾ ਵੱਲੋਂ ਟ੍ਰੈਵਲ ਰੋਕਾਂ ਨੂੰ ਗ਼ੈਰਵਾਜਬ ਆਖਿਆ ਗਿਆ ਹੈ। 

ਵਿਸ਼ਵ ਸਿਹਤ ਸੰਗਠਨ ਦੇ ਅਫ਼ਰੀਕਾ ਲਈ ਰੀਜਨਲ ਡਾਇਰੈਕਟਰ ਡਾ ਮੈਟਸ਼ੀਡੀਸੋ ਮੋਇਤੀ ਦਾ ਕਹਿਣਾ ਹੈ ਕਿ ਦੱਖਣੀ ਅਫ਼ਰੀਕੀ ਦੇਸ਼ਾਂ ਉੱਤੇ ਕੇਂਦਰਤ ਟ੍ਰੈਵਲ ਬੈਨ ਗਲੋਬਲ ਏਕਤਾ ‘ਤੇ ਹਮਲਾ ਹੈ। 

ਕੋਵਿਡ ਲਗਾਤਾਰ ਸਾਡੀਆਂ ਵੰਢੀਆਂ ਨੂੰ ਹੋਰ ਗਹਿਰਾ ਕਰ ਰਿਹਾ ਹੈ। ਅਸੀਂ ਸਿਰਫ਼ ਉਦੋਂ ਹੀ ਇਸ ਵਾਇਰਸ ਦਾ ਕੋਈ ਹੱਲ ਲੱਭ ਸਕਾਂਗੇ ਜੇਕਰ ਅਸੀਂ ਮਿਲਕੇ ਕੰਮ ਕਰਾਂਗੇ।”

ਐਤਵਾਰ ਨੂੰ ਸਰਕਾਰੀ ਐਲਾਨ ਤੋਂ ਪਹਿਲਾਂ ਪ੍ਰਸਾਰਿਤ ਕੀਤੇ ਗਏ ਰੋਜ਼ਮੇਰੀ ਬਾਰਟਨ ਲਾਈਵ 'ਤੇ ਇੱਕ ਇੰਟਰਵਿਊ ਵਿੱਚ, ਵਿਸ਼ਵ ਸਿਹਤ ਸੰਗਠਨ ਦੇ ਵਿਸ਼ੇਸ਼ ਸਲਾਹਕਾਰ ਡਾ. ਪੀਟਰ ਸਿੰਗਰ ਨੇ ਕਿਹਾ ਸੀ ਕਿ ਇਹ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਜੇਕਰ ਇਹ ਵੇਰੀਐਂਟ ਕੈਨੇਡਾ ਵਿਚ ਮੌਜੂਦ ਹੁੰਦਾ ਹੈ। 

ਉਹਨਾਂ ਕਿਹਾ ਕਿ ਏਜੰਸੀ ਦਾ ਮੰਨਣਾ ਹੈ ਕਿ ਯਾਤਰਾ ਪਾਬੰਦੀਆਂ ਨਵੇਂ ਵੇਰੀਐਂਟ ਦੇ ਖ਼ਤਰੇ ਨਾਲ ਨਜਿੱਠਣ ਲਈ ਇੱਕੋ ਇੱਕ ਉਪਾਅ ਦੀ ਬਜਾਏ, ‘ਜੋਖਮ-ਅਧਾਰਤ ਅਤੇ ਸੀਮਤ ਸਮੇਂ ਲਈ’ ਕੀਤੇ ਜਾਣ ਵਾਲੇ ਉਪਾਵਾਂ ਦਾ ਇੱਕ ਹਿੱਸਾ ਹੋਣੀਆਂ ਚਾਹੀਦੀਆਂ ਹਨ। 

ਉਹਨਾਂ ਕਿਹਾ, ਇਹ ਕੋਈ ਰਾਮਬਾਣ ਨਹੀਂ ਹਨ। ਸਿੰਗਰ ਮੁਤਾਬਕ ਮੁਲਕਾਂ ਨੂੰ ਅਜਿਹੀ ਸਥਿਤੀ ਨਹੀਂ ਪੈਦਾ ਕਰਨੀ ਚਾਹੀਦੀ ਕਿ ਕੁਝ ਦੇਸ਼ ਨਵੇਂ ਵੇਰੀਐਂਟਸ ਦੇ ਮਾਮਲਿਆਂ ਬਾਰੇ ਪਾਰਦਰਸ਼ੀ ਹੋਣ ਤੋਂ ਗੁਰੇਜ਼ ਕਰਨ ਲੱਗ ਜਾਣ। 

ਸਿੰਗਰ ਨੇ ਕਿਹਾ ਕਿ ਕੈਨੇਡੀਅਨਜ਼ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਭ ਤੋਂ ਮਹੱਤਵਪੂਰਨ ਚੀਜ਼ਾਂ ਉਹੀ ਕਰਦੇ ਰਹਿਣ ਜੋ ਉਹ ਪੂਰੀ ਕੋਵਿਡ-19 ਮਹਾਂਮਾਰੀ ਦੌਰਾਨ ਕਰਦੇ ਰਹੇ ਹਨ: ਟੀਕਾ ਲਗਵਾਓ ਅਤੇ ਜਨਤਕ ਸਿਹਤ ਉਪਾਵਾਂ ਦੀ ਪਾਲਣਾ ਕਰੋ।

ਸਿੰਗਰ ਨੇ ਕੈਨੇਡਾ ਅਤੇ ਹੋਰ ਦੇਸ਼ਾਂ ਨੂੰ ਗਲੋਬਲ ਵੈਕਸੀਨ ਮੁਹਿੰਮ ਵਿਚ ਆਪਣੇ ਯੋਗਦਾਨ ਵਿਚ ਵਾਧਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹਨਾਂ ਯਤਨਾਂ ਨਾਲ ਹੀ ਓਮੀਕਰੌਨ ਅਤੇ ਭਵਿੱਖ ਦੇ ਹੋਰ ਸੰਭਾਵਿਤ ਵੇਰੀਐਂਟਸ ਦੇ ਪਸਾਰ ਨੂੰ ਰੋਕਿਆ ਜਾ ਸਕਦਾ ਹੈ। 

ਕ੍ਰਿਸਟੀਅਨ ਪਾਸ-ਲੈਂਗ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ