1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਨਵੇਂ ਕੋਵਿਡ ਵੇਰੀਐਂਟ ਦੇ ਮੱਦੇਨਜ਼ਰ ਕੈਨੇਡਾ ਨੇ ਦੱਖਣੀ ਅਫ਼ਰੀਕੀ ਦੇਸ਼ਾਂ ਤੋਂ ਯਾਤਰਾ ਸੀਮਤ ਕੀਤੀ

ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਾਂ ਨੂੰ ਵਾਪਸੀ ‘ਤੇ ਟੈਸਟ ਕਰਵਾ ਕੇ ਕੁਆਰੰਟੀਨ ਹੋਣਾ ਪਏਗਾ

People line up to get on an overseas flight at OR Tambo's airport in Johannesburg, South Africa on Friday Nov. 26, 2021. Multiple nations moved to stop air travel from southern Africa on Friday in reaction to news of a new, potentially more transmissible COVID-19 variant detected in South Africa.

ਸਾਊਥ ਅਫ਼ਰੀਕਾ ਦੇ ਓ ਆਰ ਟੈਂਬੋ ਏਅਰਪੋਰਟ 'ਤੇ ਲਾਈਨ ਵਿਚ ਲੱਗੇ ਯਾਤਰੀ। ਨਵੇਂ ਕੋਵਿਡ ਵੇਰੀਐਂਟ ਦੇ ਸਾਹਮਣੇ ਆੳਣ ਤੋਂ ਬਾਅਦ ਕਈ ਦੇਸ਼ਾਂ ਨੇ ਦੱਖਣੀ ਅਫ਼ਰੀਕੀ ਦੇਸ਼ਾਂ ਤੋਂ ਫ਼ਲਾਈਟਸ 'ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ।

ਤਸਵੀਰ: (Jerome Delay/AP Photo)

RCI

ਕੋਵਿਡ 19 ਦੇ ਨਵੇਂ ਵੇਰੀਐਂਟ ਦੀ ਫ਼ਿਕਰਮੰਦੀ ਕਾਰਨ, ਕੈਨੇਡਾ ਨੇ ਪਿਛਲੇ 14 ਦਿਨਾਂ ਦੇ ਦਰਮਿਆਨ ਦੱਖਣੀ ਅਫ਼ਰੀਕਾ ਦੇ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀ ਯਾਤਰੀਆਂ ਦੀ ਕੈਨੇਡਾ ਵਿਚ ਐਂਟਰੀ ਬੈਨ ਕਰ ਦਿੱਤੀ ਹੈ। 

ਹੈਲਥ ਮਿਨਿਸਟਰ ਯੌਂ ਈਵ ਡਿਉਕਲੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ, ਦੱਖਣੀ ਅਫ਼ਰੀਕਾ ਦੇ ਸੱਤ ਦੇਸ਼ਾਂ - ਸਾਊਥ ਅਫ਼ਰੀਕਾ, ਨਮੀਬੀਆ, ਜ਼ਿੰਬਾਬਵੇ, ਬੋਟਸਵਾਨਾ, ਲਿਸੋਥੋ ਅਤੇ ਮੁਜ਼ੰਬੀਕ ਦੀ, ਬੀਤੇ 14 ਦਿਨਾਂ ਦੌਰਾਨ ਯਾਤਰਾ ਕਰਨ ਵਾਲੇ ਸਾਰੇ ਵਿਦੇਸ਼ੀਆਂ ਨੂੰ ਕੈਨੇਡਾ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।

ਡਿਉਕਲੋ ਮੁਤਾਬਕ, ਉਕਤ ਦੇਸ਼ਾਂ ਵਿਚ ਯਾਤਰਾ ਰੋਕਣ ਲਈ ਗਲੋਬਰ ਅਫ਼ੇਅਰਜ਼ ਕੈਨੇਡਾ ਵੱਲੋੋਂ ਟ੍ਰੈਵਲ ਐਡਵਾਇਜ਼ਰੀ ਵੀ ਜਾਰੀ ਕੀਤੀ ਜਾਵੇਗੀ। 

ਕੈਨੇਡੀਅਨ ਨਾਗਰਿਕਾਂ ਅਤੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਕੈਨੇਡਾ ਆਉਣ ਦੀ ਆਗਿਆ ਹੋਵੇਗੀ, ਪਰ ਉਹਨਾਂ ਨੂੰ ਕੋਵਿਡ ਦਾ ਮੌਲੀਕਿਊਲਰ ਟੈਸਟ ਕਰਵਾ ਕੇ ਆਉਣਾ ਹੋਵੇਗਾ।

ਦਸ ਦਈਏ ਕਿ ਕੈਨੇਡਾ ਅਤੇ ਦੱਖਣੀ ਅਫ਼ਰੀਕਾ ਦਰਮਿਆਾਨ ਸਿੱਧੀਆਂ ਉਡਾਣਾਂ ਦੀ ਵਿਵਸਥਾ ਨਹੀਂ ਹੈ, ਅਤੇ ਯਾਤਰੀ ਯੂਰਪ, ਅਰਬ ਦੇਸ਼ਾਂ ਜਾਂ ਯੂ ਐਸ ਰਾਹੀਂ ਕੁਨੈਕਟਿੰਗ ਫ਼ਲਾਈਟ ਲੈਕੇ ਕੈਨੇਡਾ ਲਈ ਯਾਤਰਾ ਕਰਦੇ ਹਨ।

ਕੈਨੇਡਾ ਵਾਪਸ ਆ ਰਹੇ ਕੈਨੇਡੀਅਨਜ਼ ਲਈ ਕੁਨੈਕਟਿੰਗ ਦੇਸ਼ ਤੋਂ ਕੋਵਿਡ ਟੈਸਟ ਕਰਵਾਕੇ ਆਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਕੈਨੇਡਾ ਪਹੁੰਚਣ ਤੋਂ ਬਾਅਦ ਵੀ ਇਹਨਾਂ ਯਾਤਰੀਆਂ ਨੂੰ ਕੋਵਿਡ ਟੈਸਟ ਕਰਵਾਉਣਾ ਪਵੇਗਾ, ਅਤੇ ਸਰਕਾਰ ਵੱਲੋਂ ਮੰਜ਼ੂਰਸ਼ੁਦਾ ਹੋਟਲ ਵਿਚ ਟੈਸਟ ਦੇ ਨਤੀਜਿਆਂ ਦੀ ਉਡੀਕ ਕਰਨੀ ਹੋਵੇਗੀ। 

ਟੈਸਟ ਰਿਪੋਰਟ ਨੈਗਟਿਵ ਆਉਣ ‘ਤੇ ਯਾਤਰੀ ਆਪਣੇ ਘਰ ਜਾ ਸਕਦੇ ਹਨ ਪਰ ਉਹਨਾਂ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਜ਼ਰੂਰੀ ਹੋਵੇਗਾ। ਕੁਅਰੰਟੀਨ ਦੇ 11ਵੇਂ ਦਿਨ ਉਹਨਾਂ ਨੂੰ ਇੱਕ ਵਾਰੀ ਫ਼ੇਰ ਕੋਵਿਡ ਟੈਸਟ ਕਰਵਾਉਣਾ ਹੋਵੇਗਾ। 

ਬੀਤੇ 14 ਦਿਨਾਂ ਵਿਚ ਜੋ ਵਿਅਕਤੀ ਵੀ ਦੱਖਣੀ ਅਫਰੀਕੀ ਦੇਸ਼ਾਂ ਦਾ ਦੌਰਾ ਕਰਕੇ ਮੁੜਿਆ ਹੈ, ਉਸਨੂੰ ਤੁਰੰਤ ਕੋਵਿਡ ਟੈਸਟ ਕਰਵਾਉਣ ਲਈ ਆਖਿਆ ਗਿਆ ਹੈ। ਟੈਸਟ ਦੇ ਨਤੀਜੇ ਆਉਣ ਤੱਕ ਉਹਨਾਂ ਨੂੰ ਵੀ ਘਰ ਵਿਚ ਕੁਆਰੰਟੀਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

ਬਹੁਤ ਸਾਰੇ ਦੇਸ਼ਾਂ ਨੇ ਦੱਖਣੀ ਅਫ਼ਰੀਕੀ ਦੇਸ਼ਾਂ ਨਾਲ ਯਾਤਰਾਵਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ ਵਿਚ ਉੱਥੇ ਮੌਜੂਦ ਲੋਕਾਂ ਦਾ ਆਪਣੇ ਮੁਲਕਾਂ ਨੂੰ ਵਾਪਸ ਪਰਤਣਾ ਹੋਰ ਵੀ ਮੁਸ਼ਕਲ ਹੋ ਸਕਦਾ ਹੈ। 

ਫ਼ਸੇ ਹੋਏ ਲੋਕਾਂ ਨੂੰ ਵਾਪਸ ਕੈਨੇਡਾ ਲਿਆਉਣ ਵਰਗੀ ਸਥਿਤੀ ਬਾਰੇ ਸੁਆਲ ਪੁੱਛੇ ਜਾਣ ‘ਤੇ ਟ੍ਰਾਂਸਪੋਰਟੇਸ਼ਨ ਮਿਨਿਸਟਰ ਉਮਰ ਅਲਗ਼ਬਰਾ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਕੈਨੇਡੀਅਨਜ਼ ਨੂੰ ਮਹਾਮਾਰੀ ਦੌਰਾਨ ਯਾਤਰਾ ਕਰਨ ਤੋਂ ਗੁਰੇਜ਼ ਕਰਨ ਲਈ ਆਖਿਆ ਜਾ ਰਿਹਾ ਹੈ। 

ਪਰ ਉਹਨਾਂ ਕਿਹਾ ਕਿ ਜੇ ਕੋਈ ਵਿਅਕਤੀ, ਕੋਈ ਕੈਨੇਡੀਅਨ ਸਿਟਿਜ਼ਨ, ਉਸ ਖ਼ਿੱਤੇ ਚੋਂ ਨਿਕਲਣ ਲੱਗਿਆਂ ਪਰੇਸ਼ਾਨੀ ਨਾਲ ਜੂ੍ਝਦਾ ਹੈ ਤਾਂ ਉਹ ਐਮਰਜੈਂਸੀ ਵਾਚ ਸੈਂਟਰ (ਨਵੀਂ ਵਿੰਡੋ) ਨਾਲ ਸੰਪਰਕ ਕਰ ਸਕਦਾ ਹੈ। ਉਹ ਉਸਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਵਿਚ ਮਦਦ ਕਰਨਗੇ। 

ਕੈਨੇਡਾ ਦੀ ਚੀਫ਼ ਪਬਲਿਕ ਔਫ਼ਿਸਰ ਔਫ਼ ਹੈਲਥ ਡਾ ਟ੍ਰੀਜ਼ਾ ਟੈਮ ਨੇ ਦੱਸਿਆ ਕਿ ਕੈਨੇਡਾ ਵਿਚ ਅਜੇ ਇਸ ਨਵੇਂ ਓਮੀਕਰੌਨ ਵੇਰੀਐਂਟ ਦਾ ਕੋਈ ਮਾਮਲਾ ਰਿਪੋਰਟ ਨਹੀਂ ਹੋਇਆ ਹੈ। 

ਯੂ ਕੇ ਦੀ ਹੈਲਥ ਸਿਕਿਊਰਟੀ ਏਜੰਸੀ ਨੇ ਇਸ ਨਵੇਂ ਵੇਰੀਐਂਟ ਦੇ ਵਧੇਰੇ ਪੇਚੀਦਾ ਹੋਰ ਚਿੰਤਾਜਨਕ ਹੋਣ ਦੀ ਚਿਤਾਵਨੀ ਦਿੱਤੀ ਹੈ। 

ਵਿਸ਼ਵ ਸਿਹਤ ਸੰਗਠਨ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ ਸਾਊਥ ਅਫ਼ਰੀਕਾ ਦੇ ਸਾਰੇ ਸੂਬਿਆਂ ਵਿਚ ਹੀ ਇਸ ਨਵੇਂ ਵੇਰੀਐਂਟ ਦੇ ਮਾਮਲੇ ਸਾਹਮਣੇ ਆਏ ਹਨ। 

ਹਾਲਾਂਕਿ ਡੈਲਟਾ ਵੇਰੀਐਂਟ ਕਰਕੇ ਆਈ ਤੀਜੀ ਵੇਵ ਤੋਂ ਬਾਅਦ ਸਤੰਬਰ ਅਤੇ ਅਕਤੂਬਰ ਵਿਚ ਸਾਊਥ ਅਫ਼ਰੀਕਾ ਵਿਚ ਕੋਵਿਡ ਕੇਸਾਂ ਵਿਚ ਕਮੀ ਆਈ ਸੀ, ਪਰ ਹੁਣ ਅਚਾਨਕ ਰੁਜ਼ਾਨਾ ਰਿਪੋਰਟ ਹੋ ਰਹੇ ਕੇਸਾਂ ਨੇ ਤੇਜ਼ੀ ਫ਼ੜ ਲਈ ਹੈ। 

ਬ੍ਰਿਟੇਨ, ਇਜ਼ਰਾਈਲ, ਸਿੰਗਾਪੋਰ ਅਤੇ ਕੁਝ ਹੋਰ ਦੇਸ਼ਾਂ ਨੇ ਸਾਊਥ ਅਫ਼ਰੀਕਾ ਅਤੇ ਹੋਰ ਗੁਆਂਢੀ ਦੇਸ਼ਾਂ ਤੋਂ ਆਉਂਦੀਆਂ ਫ਼ਲਾਈਟਸ ‘ਤੇ ਅਸਥਾਈ ਪਾਬੰਦੀ ਲਗਾ ਦਿੱਤੀ ਹੈ। 

ਯੂਰਪੀਅਨ ਕਮੀਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਦੇਰ ਲੇਅਨ ਨੇ ਵੀ ਵਾਇਰਸ ਦੇ ਫ਼ੈਲਾਅ ਨੂੰ ਰੋਕਣ ਲਈ ਕੁਝ ਅਫ਼ਰੀਕੀ ਦੇਸ਼ਾਂ ਤੋਂ ਯਾਤਰਾ ਨੂੰ ਸੀਮਤ ਕਰਨ ਦਾ ਪ੍ਰਸਤਾਵ ਰੱਖਿਆ ਹੈ। 

ਪਾਰਲੀਮੈਂਟ ਦੀ ਕਾਰਵਾਈ ਦੌਰਾਨ, ਕੰਜ਼ਰਵੇਟਿਵ ਐਮੀ ਲਕ ਬਰਥੌਲਡ (ਹੈਲਥ ਕ੍ਰਿਟਿਕ) ਨੇ ਫ਼ੈਡਰਲ ਸਰਕਾਰ ਕੋਲੋਂ ਇਸ ਮਾਮਲੇ ਵਿਚ ਤੁਰੰਤ ਠੋਸ ਕਦਮ ਉਠਾਉਣ ਦੀ ਮੰਗ ਕੀਤੀ ਸੀ। 

ਉਹਨਾਂ ਕਿਹਾ ਸੀ ਕਿ ਲਿਬਰਲ ਸਰਕਾਰ ਰੋਕਾਂ ਲਗਾਉਣ, ਬਾਰਡਰ ਬੰਦ ਕਰਨ ਅਤੇ ਵੈਕਸੀਨਾਂ ਵਰਗੇ ਹਰੇਕ ਮਾਮਲੇ ਵਿਚ ਹੀ ਢਿੱਲੀ ਰਹੀ ਹੈ। 

ਅਸੋਸੀਏਟ ਹੈਲਥ ਮਿਨਿਸਟਰ ਕੈਰੋਲੀਨ ਬੈਨਟ ਨੇ ਕਿਹਾ ਕਿ ਕੈਨੇਡਾ ਲਈ ਜਹਾਜ਼ ਚੜ੍ਹਨ ਤੋਂ ਪਹਿਲਾਂ ਪੀਸੀਆਰ ਟੈਸਟ ਦੀ ਜ਼ਰੂਰਤ ਮੌਜੂਦ ਹੈ, ਅਤੇ ਇਹ ਉਪਾਅ ਨਵੇਂ ਵੇਰੀਐਂਟ ਨੂੰ ਵੀ ਡਿਟੈਕਟ ਕਰਨ ਦੇ ਸਮਰੱਥ ਹੈ। 

ਉਹਨਾਂ ਕਿਹਾ ਕਿ ਦੁਨੀਆ ਭਰ ਵਿਚ ਹੀ ਕੋਵਿਡ ਦੀ ਸਥਿਤੀ ਲਗਾਤਾਰ ਬਦਲ ਰਹੀ ਹੈ ਅਤੇ ਸਰਕਾਰ ਉਸ ਮੁਤਾਬਕ ਹੀ ਸਥਿਤੀ ‘ਤੇ ਨਜ਼ਰ ਬਣਾਏ ਹੋਏ ਹੈ।

ਮਿਨਿਸਟਰ ਅਲਗ਼ਬਰਾ ਨੇ ਕਿਹਾ ਕਿ ਕੰਜ਼ਰਵੇਟਿਵਜ਼ ਨੂੰ ਸਰਕਾਰ ਨੂੰ ਮਹਾਮਾਰੀ ਬਾਰੇ ਪਾਠ ਨਹੀਂ ਪੜ੍ਹਾਉਣਾ ਚਾਹੀਦਾ, ਕਿਉਂਕਿ ਪਾਰਟੀ ਲੀਡਰ ਐਰਿਨ ੳ’ਟੂਲ ਤਾਂ ਆਪਣੇ ਹੀ ਐਮਪੀਜ਼ ਨੂੰ ਵੈਕਸੀਨੇਸ਼ਨ ਲਈ ਰਜ਼ਾਮੰਦ ਨਹੀਂ ਕਰ ਸਕੇ।

ਅਲਗ਼ਬਰਾ ਨੇ ਕਿਹਾ ਕਿ ਪਿਛਲੇ ਹਫ਼ਤੇ ਹੀ, ਕੰਜ਼ਰਵੇਟਿਵਜ਼ ਨੇ ਕੈਨੇਡਾ ਆਉਣ ਲੱਗਿਆਂ ਕੋਵਿਡ ਪੀਸੀਆਰ ਟੈਸਟ ਹਟਾਉਣ ਅਤੇ ਰੋਕਾਂ ਵਿਚ ਹੋਰ ਢਿੱਲ ਦੇਣ ਦੀ ਮੰਗ ਕੀਤੀ ਸੀ। 

ਯੂ ਐਸ ਵਿਚ ਇਨਫ਼ੈਕਸ਼ਸ ਡਿਜ਼ੀਜ਼ ਦੇ ਮਾਹਰ ਡਾ ਐਂਥਨੀ ਫ਼ਾਊਚੀ ਨੇ ਕਿਹਾ ਕਿ ਯੂ ਐਸ ਵੱਲੋਂ ਵੀ ਦੱਖਣੀ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੀਆਂ ਫ਼ਲਾਈਟਾਂ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ, ਪਰ ਫ਼ਿਲਹਾਲ ਇਸ ਬਾਰੇ ਫ਼ੈਸਲਾ ਨਹੀਂ ਲਿਆ ਗਿਆ ਹੈ।

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ