1. ਮੁੱਖ ਪੰਨਾ
  2. ਸਿਹਤ
  3. ਜਨਤਕ ਸਿਹਤ

ਵਿਸ਼ਵ ਸਿਹਤ ਸੰਗਠਨ ਨੇ ਨਵੇਂ ਕੋਵਿਡ ਵੇਰੀਐਂਟ ਦਾ ਨਾਂ ‘ਓਮੀਕਰੌਨ’ ਰੱਖਿਆ

ਨਵਾਂ ਵੇਰੀਐਂਟ ਚਿੰਤਾਜਨਕ ਵੇਰੀਐਂਟ ਦੀ ਸ਼੍ਰੇਣੀ ਵਿਚ ਸ਼ਾਮਲ

ਸਾਊਥ ਅਫਰੀਕਾ ਦੇ ਵਿਗਿਆਨੀਆਂ ਨੇ ਮੁਲਕ ਵਿਚ ਨਵੇਂ ਕੋਵਿਡ ਵੇਰੀਐਂਟ ਦਾ ਪਤਾ ਲਗਾਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਵੇਰੀਐਂਟ ਨੂੰ ਓਮੀਕਰੌਨ ਦਾ ਨਾਂ ਦਿੱਤਾ ਹੈ।

ਸਾਊਥ ਅਫਰੀਕਾ ਦੇ ਵਿਗਿਆਨੀਆਂ ਨੇ ਮੁਲਕ ਵਿਚ ਨਵੇਂ ਕੋਵਿਡ ਵੇਰੀਐਂਟ ਦਾ ਪਤਾ ਲਗਾਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਇਸ ਵੇਰੀਐਂਟ ਨੂੰ ਓਮੀਕਰੌਨ ਦਾ ਨਾਂ ਦਿੱਤਾ ਹੈ।

ਤਸਵੀਰ: iStock / angelhell

RCI

ਵਿਸ਼ਵ ਸਿਹਤ ਸੰਗਠਨ ਨੇ ਸਾਊਥ ਅਫ਼ਰੀਕਾ ਵਿਚ ਪਾਏ ਗਏ ਨਵੇਂ ਕੋਵਿਡ ਵੇਰੀਐਂਟ ਨੂੰ ”ਓਮੀਕਰੌਨ” ਦਾ ਨਾਂ ਦਿੰਦਿਆਂ ਇਸ ਵੇਰੀਐਂਟ ਨੂੰ ਚਿੰਤਾਜਨਕ ਵੇਰੀਐਂਟ (variant of concern) ਐਲਾਨਿਆ ਹੈ।

ਸੰਗਠਨ ਦੇ ਟੈਕਨੀਕਲ ਵਰਕਿੰਗ ਗਰੁੱਪ ਵੱਲੋਂ ਸ਼ੁੱਕਰਵਾਰ ਨੂੰ ਇਸ ਨਵੇਂ B.1.1.529 ਵੇਰੀਐਂਟ ਨੂੰ ਚਿੰਤਾਜਨਕ ਵੇਰੀਐਂਟ ਦੀ ਸ਼੍ਰੇਣੀ ਵਿਚ ਸ਼ਾਮਲ ਕੀਤੇ ਜਾਣ ਬਾਰੇ ਮੀਟਿੰਗ ਕੀਤੀ ਗਈ ਸੀ। ਕਿਸੇ ਵੇਰੀਐਂਟ ਦੇ ਵਧੇਰੇ ਗੰਭੀਰ ਹੋਣ ‘ਤੇ ਉਸ ਨੂੰ ਉਕਤ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਂਦਾ ਹੈ। ਕੈਨੇਡਾ ਸਮੇਤ ਦੁਨੀਆ ਭਰ ਵਿਚ ਮੌਜੂਦ ਕੋਵਿਡ ਦੇ ਡੈਲਟਾ ਵੇਰੀਐਂਟ ਨੂੰ ਵੀ ਚਿੰਤਾਜਨਕ ਵੇਰੀਐਂਟ ਐਲਾਨਿਆ ਜਾ ਚੁੱਕਾ ਹੈ।

ਦੂਸਰੀ ਸ਼੍ਰੇਣੀ ਵੇਰੀਐਂਟ ਆਫ਼ ਇੰਟਰਸਟ ਹੁੰਦੀ ਹੈ। ਇਸ ਸ਼੍ਰੇਣੀ ਵਿਚ ਉਹਨਾਂ ਵੇਰੀਐਂਟਸ ਨੂੰ ਸ਼ਾਮਲ ਕੀਤਾ ਜਾਂਦਾ ਹੈ, ਜਿਹਨਾਂ ਅੰਦਰ ਜਨੈਟਿਕ ਤਬਦੀਲੀ ਕਰਨ ਦੀ ਸੰਭਾਵਨਾ ਹੁੰਦੀ ਅਤੇ ਊਹ ਵਾਇਰਸ ਦੇ ਫ਼ੈਲਾਅ ਅਤੇ ਵੈਕਸੀਨ ਦੇ ਅਸਰ ਨੂੰ ਪ੍ਰਭਾਵਿਤ ਕਰ ਸਕਦੇ ਹਨ। ਪਰ ਇੱਕ ਵੇਰੀਐਂਟ, ਚਿੰਤਾਜਨਕ ਵੇਰੀਐਂਟ ਵਿਚ ਉਦੋਂ ਤਬਦੀਲ ਹੋ ਜਾਂਦਾ ਹੈ ਜਦੋਂ ਉਸ ਨਾਲ ਸਬੰਧਤ ਵਾਇਰਸ ਦੇ ਫ਼ੈਲਣ ਦੇ ਮਾਮਲੇ ਤੇਜ਼ ਹੋ ਜਾਂਦੇ ਹਨ ਅਤੇ ਸਬੰਧਤ ਬਿਮਾਰੀਆਂ ਦੀ ਗੰਭੀਰਤਾ ਵਧ ਜਾਂਦੀ ਹੈ; ਜਾਂ ਜਦੋਂ ਮੌਜੂਦਾ ਪਬਲਿਕ ਹੈਲਥ ਉਪਾਅ, ਵੈਕਸੀਨਾਂ ਅਤੇ ਇਲਾਜ, ਕਿਸੇ ਵੇਰੀਐਂਟ ਨੂੰ ਰੋਕਣ ਵਿਚ ਘੱਟ ਅਸਰਦਾਰ ਹੋ ਜਾਂਦੇ ਹਨ, ਤਾਂ ਉਸ ਵੇਰੀਐਂਟ ਨੂੰ ਵੀ ਚਿੰਤਾਜਨਕ ਵੇਰੀਐਂਟ ਦੀ ਸ਼੍ਰੇਣੀ ਵਿਚ ਸ਼ਾਮਲ ਕੀਤਾ ਜਾਂਦਾ ਹੈ। 

ਕੈਨੇਡੀਅਨ ਹੈਲਥ ਮਾਹਰਾਂ ਨੇ ਵੀ ਇਸ ਵੇਰੀਐਂਟ ਨੂੰ ਲੈਕੇ ਚੌਕਸੀ ਵਧਾ ਦਿੱਤੀ ਹੈ। ਉਹਨਾਂ ਕਿਹਾ ਹੈ ਕਿ ਇਸ ਵੇਰੀਐਂਟ ਦੇ ਸੰਭਾਵੀ ਅਸਰ ਦੀ ਸਮੀਖਿਆ ਕਰਨ ਵਿਚ ਕੁਝ ਸਮਾਂ ਲੱਗ ਸਕਦਾ ਹੈ। ਮੌਜੂਦਾ ਵੈਕਸੀਨਾਂ ਦੇ ਇਸ ਨਵੇਂ ਵੇਰੀਐਂਟ ਉੱਪਰ ਬੇਅਸਰ ਹੋਣ ਦਾ ਫ਼ਿਲਹਾਲ ਕੋਈ ਸਬੂਤ ਨਹੀਂ ਮਿਲੀਆ ਹੈ। 

ਟੋਰੌਂਟੋ ਦੇ ਇੰਫੈਕਸ਼ਸ ਡਿਸੀਜ਼ ਮਾਹਰ, ਡਾ ਇਸਾਕ ਬੋਗੋਚ ਨੇ ਕੈਨੇਡੀਅਨਜ਼ ਨੂੰ ਆਪਣੀ ਵੈਕਸੀਨੇਸ਼ਨ ਪੂਰੀ ਕਰਾਉਣ ਦੀ ਗੱਲ ਆਖੀ ਹੈ। 

ਨਾਲ ਹੀ ਉਹਨਾਂ ਕਿਹਾ ਕਿ ਨਵੇਂ ਵੇਰੀਐਂਟ ਨੇ ਇਸ ਪੱਖ ਨੂੂੰ ਵੀ ਉਜਾਗਰ ਕੀਤਾ ਹੈ ਕਿ ਹਰੇਕ ਸ਼ਖ਼ਸ ਲਈ ਵੈਕਸੀਨੇਸ਼ਨ ਸੁਨਿਸ਼ਚਿਤ ਕਰਨ ਦੀ ਕਿੰਨੀ ਜ਼ਰੂਰਤ ਹੈ, ਕਿਉਂਕਿ ਨਵੇਂ ਵੇਰੀਐਂਟ ਬਗ਼ੈਰ ਵੈਕਸੀਨ ਵਾਲਿਆਂ ਚੋਂ ਹੀ ਸ਼ੁਰੂ ਹੁੰਦੇ ਹਨ। 

ਸਾਊਥ ਅਫਰੀਕਾ ਵਿਚ ਓਮੀਕਰੌਨ ਦੇ ਤਕਰੀਬਨ 100 ਮਾਮਲੇ ਰਿਪੋਰਟ ਹੋ ਚੁੱਕੇ ਹਨ। ਜ਼ਿਆਦਾਤਰ ਮਾਮਲੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ, ਗੁਆਟੈਂਗ ਤੋਂ ਰਿਪੋਰਟ ਹੋਏ ਹਨ, ਜਿੱਥੇ ਵਿਗਿਆਨੀ ਜਨੈਟਿਕ ਸੀਕੁਐਂਸਿੰਗ ‘ਤੇ ਕੰਮ ਕਰ ਰਹੇ ਸਨ।

ਬੁੱਧਵਾਰ ਨੂੰ ਸਾਊਥ ਅਫ਼ਰੀਕਾ ਦੇ ਵਿਗਿਆਨੀਆਂ ਨੇ ਸਰਕਾਰ ਨੂੰ ਸੂਚਿਤ ਕੀਤਾ ਸੀ, ਕਿ ਉਹ ਨਵੇਂ ਵੇਰੀਐਂਟ ਦੀਆਂ ਵੱਡੀ ਤਾਦਾਦ ਵਿਚ ਹੋ ਰਹੀਆਂ ਮਿਊਟੇਸ਼ਨਾਂ ਤੋਂ ਚਿੰਤਤ ਹਨ। ਇਹ ਵੇਰੀਐਂਟ ਸਪਾਈਕ ਪ੍ਰੋਟੀਨ ਨੂੰ ਵੀ ਪ੍ਰਭਾਵਿਤ ਕਰਦਾ ਹੈ, ਜਿਸ ਦਾ ਅਰਥ ਹੈ ਕਿ ਇਹ ਤੇਜ਼ੀ ਨਾਲ ਫ਼ੈਲ ਸਕਦਾ ਹੈ।

ਉਹਨਾਂ ਨੇ ਵਿਸ਼ਵ ਸਿਹਤ ਸੰਗਠਨ ਦੇ ਟੈਕਨੀਕਲ ਵਰਕਿੰਗ ਗਰੁੱਪ ਨੂੰ ਇਸ ਵਾਇਰਸ ਦੀ ਸਮੀਖਿਆ ਕਰਨ ਲਈ ਮੀਟਿੰਗ ਕਰਨ ਲਈ ਆਖਿਆ ਸੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਵੇਰੀਐਂਟ ਗੁਆਟੈਂਗ ਸੂਬੇ ਵਿਚ ਤੇਜ਼ੀ ਨਾਲ ਫ਼ੈਲਿਆ ਹੈ ਅਤੇ ਇਸ ਸਮੇਂ ਬਾਕੀ ਅੱਠ ਸੂਬਿਆਂ ਵਿਚ ਵੀ ਇਹ ਵੇਰੀਐਂਟ ਮੌਜੂਦ ਹੋ ਸਕਦਾ ਹੈ।

ਵੈਕਸੀਨੇਸ਼ਨ ਦੀ ਧੀਮੀ ਦਰ

ਸਾਊਥ ਅਫ਼ਰੀਕਾ ਵਿਚ ਰੁਜ਼ਾਨਾ ਰਿਪੋਰਟ ਹੋਣ ਵਾਲੇ ਕੋਵਿਡ ਕੇਸਾਂ ਦੀ ਗਿਣਤੀ ਵੀਰਵਾਰ ਨੂੰ ਦੁੱਗਣੀ ਹੋ ਗਈ ਸੀ। ਮੁਲਕ ਦੇ ਸਰਕਾਰੀ ਅਦਾਰੇ (National Institute for Communicable Diseases ) ਨੇ ਕੇਸਾਂ ਦੇ ਇਸ ਵਾਧੇ ਨੂੰ ਫ਼ਿਲਹਾਲ ਨਵੇਂ ਵੇਰੀਐਂਟ ਨਾਲ ਨਹੀਂ ਜੋੜਿਆ ਹੈ, ਪਰ ਵਿਗਿਆਨੀਆਂ ਨੂੰ ਸ਼ੱਕ ਹੈ ਕਿ ਨਵੇਂ ਵੇਰੀਐਂਟ ਕਰਕੇ ਕੇਸਾਂ ਵਿਚ ਉਛਾਲ ਆਇਆ ਹੋ ਸਕਦਾ ਹੈ। 

ਜੌਨ ਹੌਪਕਿਨਜ਼ ਕੋਰੋਨਾਵਾਇਰਸ ਰਿਸਰਚ ਸੈਂਟਰ ਅਨੁਸਾਰ, ਸਾਊਥ ਅਫ਼ਰੀਕਾ ਦੀ ਕੁਲ ਆਬਾਦੀ ਦੇ ਸਿਰਫ਼ 24 ਫ਼ੀਸਦੀ ਹਿੱਸੇ ਦੀ ਹੀ ਵੈਕਸੀਨੇਸ਼ਨ ਪੂਰੀ ਹੋਈ ਹੈ। ਟੀਕਾਰਕਨ ਦੀ ਪ੍ਰਤੀ ਦਿਨ ਦੀ ਦਰ ਵੀ ਖ਼ਾਸੀ ਧੀਮੀ ਹੈ ਅਤੇ ਰੁਜ਼ਾਨਾ ਤਕਰੀਬਨ 130,000 ਡੋਜ਼ਾਂ ਦਿੱਤੀਆਂ ਜਾ ਰਹੀਆਂ ਹਨ। ਸਰਕਾਰ ਨੇ ਹਰ ਰੋਜ਼ 300,000 ਡੋਜ਼ਾਂ ਦਾ ਟੀਚਾ ਮਿੱਥਿਆ ਸੀ। 

ਓਮੀਕਰੌਨ ਵੇਰੀਐਂਟ ਸਾਊਥ ਅਫ਼ਰੀਕਾ ਤੋਂ ਬੋਟਸਵਾਨਾ ਅਤੇ ਹੌਂਗਕੌਂਗ ਗਏ ਯਾਤਰੀਆਂ ਵਿਚ ਵੀ ਪਾਇਆ ਗਿਆ ਹੈ। ਵਿਸ਼ਵ ਸਿਹਤ ਸੰਗਠਨ ਦੁਆਰਾ ਚਿੰਤਾਜਨਕ ਵੇਰੀਐਂਟ ਐਲਾਨਿਆ ਜਾਣ ਵਾਲਾ, ਓਮੀਕਰੌਨ ਚੌਥਾ ਕੋਵਿਡ ਵੇਰੀਐਂਟ ਹੈ। ਇਸ ਤੋਂ ਪਹਿਲਾਂ ਅਲਫ਼ਾ, ਬੀਟਾ, ਗਾਮਾ ਅਤੇ ਡੈਲਟਾ ਨੂੰ ਵੇਰੀਐਂਟ ਆਫ਼ ਕਨਸਰਨ ਐਲਾਨਿਆ ਜਾ ਚੁੱਕਾ ਹੈ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ