1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੋਵਿਡ ਸਹਾਇਤਾ ਪ੍ਰੋਗਰਾਮਾਂ ਦੇ “ਆਖ਼ਰੀ ਪੜਾਅ” ਦੀ ਸ਼ੁਰੂਆਤ ਬਾਬਤ ਲਿਬਰਲਾਂ ਵੱਲੋਂ ਨਵਾਂ ਬਿਲ ਪੇਸ਼

ਨਵੇਂ ਚੋਣਵੇਂ ਬੈਨਿਫ਼ਿਟ ਪ੍ਰੋਗਰਾਮ ਘੱਟੋ ਘੱਟ ਅਗਲੇ ਸਪਰਿੰਗ ਸੀਜ਼ਨ ਤੱਕ ਜਾਰੀ ਰਹਿਣਗੇ

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ।

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ।

ਤਸਵੀਰ: (Blair Gable/Reuters)

RCI

ਪਾਰਲੀਮੈਂਟ ਦੀ ਕਾਰਵਾਈ ਮੁੜ ਸ਼ੁਰੁ ਹੋਣ ਦੇ ਨਾਲ ਹੀ ਫ਼ੈਡਰਲ ਸਰਕਾਰ ਨੇ ਮਹਾਮਰੀ ਸਹਾਇਤਾ ਪ੍ਰੋਗਰਾਮਾਂ ਦੀ ਲੜੀ ਵਿਚ ਕੁਝ ਨਵੇਂ ਚੋਣਵੇਂ ਪ੍ਰੋਗਰਾਮ ਸ਼ੁਰੂ ਕਰਨ ਬਾਬਤ ਬਿਲ ਪੇਸ਼ ਕੀਤਾ ਹੈ। 

ਸਰਕਾਰ ਦਾ ਕਹਿਣਾ ਹੈ ਕਿ ਬੈਨਿਫ਼ਿਟਸ ਵਿਚ ਇਹ ਨਵੀਂ ਤਬਦੀਲੀ ਕੈਨੇਡਾ ਨੂੰ ਆਰਥਿਕ ਰਿਕਵਰੀ ਦੇ ਰਾਹ ‘ਤੇ ਬਿਹਤਰ ਰੂਪ ਵਿਚ ਲੈਕੇ ਜਾਵੇਗੀ। 

ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ਼੍ਰੀਲੈਂਡ ਨੇ ਕਿਹਾ, ਮੈਂ ਇਸ ਲਜਿਸਲੇਸ਼ਨ ਨੂੰ ਕੋਵਿਡ ਸਹਾਇਤਾ ਪ੍ਰੋਗਰਾਮਾਂ ਨਾਲ ਸਬੰਧਤ ਆਖ਼ਰੀ ਪੜਾਅ ਵੱਜੋਂ ਦੇਖ ਰਹੀ ਹਾਂ

ਫ਼੍ਰੀਲੈਂਡ ਨੇ ਕਿਹਾ ਕਿ ਮੁਲਕ ਵਿਚ ਵੈਕਸੀਨੇਸ਼ਨ ਦਰ ਦੀ ਮਜ਼ਬੂਤ ਸਥਿਤੀ, ਬੱਚਿਆਂ ਦੀ ਸਕੂਲਾਂ ਨੂੰ ਵਾਪਸੀ ਅਤੇ ਮੁਲਕ ਦੀ ਲਗਾਤਾਰ ਹੋ ਰਹੀ ਇਕਨੌਮਿਕ ਰਿਕਵਰੀ, ਇਸ ਗੱਲ ਦਾ ਸੰਕੇਤ ਹਨ, ਕਿ ਹੁਣ ਪਹਿਲਾਂ ਵਾਂਗੂ ਵੱਡੇ ਪੱਧਰ ‘ਤੇ ਰਾਹਤ ਪ੍ਰੋਗਰਾਮਾਂ ਦੀ ਜ਼ਰੂਰਤ ਨਹੀਂ ਹੈ। 

ਕੈਨੇਡਾ ਸਰਕਾਰ ਮੁਤਾਬਕ 24 ਅਕਤੂਬਰ, 2021 ਤੋਂ 7 ਮਈ, 2022 ਤੱਕ ਤੈਅ ਕੀਤੇ ਨਵੇਂ ਰਾਹਤ ਉਪਾਅ ਲਈ 7.4 ਬਿਲੀਅਨ ਡਾਲਰ ਦੀ ਲਾਗਤ ਆਏਗੀ।

ਕੋਵਿਡ ਮਹਾਮਾਰੀ ਦੀ ਸ਼ੁਰੂਆਤ ਤੋਂ ਅਕਤੂਬਰ 2021 ਤੱਕ, ਫ਼ੈਡਰਲ ਸਰਕਾਰ ਬੈਨਿਫ਼ਿਟ ਪ੍ਰੋਗਰਾਮਾਂ ‘ਤੇ 289 ਬਿਲੀਅਨ ਡਾਲਰ ਖ਼ਰਚ ਕਰ ਚੁੱਕੀ ਹੈ। 

22 ਅਕਤੂਬਰ ਨੂੰ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਸੀ। 

ਕਾਮਿਆਂ ਅਤੇ ਕਾਰੋਬਾਰਾਂ ਲਈ ਮਦਦ ਜਾਰੀ ਰਹੇਗੀ

ਨਵੇਂ ਰਾਹਤ ਪ੍ਰੋਗਰਾਮਾਂ ਅਧੀਨ ਕੋਵਿਡ ਤੋਂ ਸਭ ਤੋਂ ਵੱਧ ਪ੍ਰਭਾਵਿਤ ਲੋਕਾਂ ਅਤੇ ਕਾਰੋਬਾਰਾਂ ਦੀ ਮਦਦ ਕੀਤੀ ਜਾਵੇਗੀ। 

ਭਵਿੱਖ ਵਿਚ ਕਿਸੇ ਲੌਕਡਾਊਨ ਤੋਂ ਪ੍ਰਭਾਵਿਤ ਹੋਣ ਵਾਲੇ ਕਾਮਿਆਂ ਲਈ ਨਵਾਂ ਕੈਨੇਡਾ ਵਰਕਰ ਲੌਕਡਾਉਨ ਬੈਨਿਫ਼ਿਟ ਚਲਾਇਆ ਜਾਵੇਗਾ, ਜਿਸ ਤਹਿਤ ਉਹਨਾਂ ਨੂੰ 300 ਡਾਲਰ ਪ੍ਰਤੀ ਹਫ਼ਤੇ ਦੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ। ਇਹ ਪ੍ਰੋਗਰਾਮ 7 ਮਈ 2022 ਤੱਕ ਚਲਾਏ ਜਾਣ ਦੀ ਯੋਜਨਾ ਹੈ। 

ਸਰਕਾਰ ਵੱਲੋਂ ਕੈਨੇਡਾ ਰਿਕਵਰੀ ਕੇਅਰਗਿਵਿੰਗ ਬੈਨਿਫ਼ਿਟ ਅਤੇ ਕੈਨੇਡਾ ਰਿਕਵਰੀ ਸਿਕਨੈਸ ਬੈਨਿਫ਼ਿਟ ਪ੍ਰੋਗਰਾਮਾਂ ਨੂੰ 7 ਮਈ 2022 ਤੱਕ ਵਧਾਏ ਜਾਣ ਦੀ ਯੋਜਨਾ ਉਲੀਕੀ ਗਈ ਹੈ। 

ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ ਵਧੇਰੇ ਨੁਕਸਾਨ ਝੱਲ ਰਹੇ ਕਾਰੋਬਾਰਾਂ ਲਈ ਵੀ ਕਈ ਪ੍ਰੋਗਰਾਮਾਂ ਤਹਿਤ ਮਦਦ ਪ੍ਰਾਪਤ ਕਰਨ ਦਾ ਵਿਕਲਪ ਮੌਜੂਦ ਹੋਵੇਗਾ। 

ਦੇਖੋ। ਮਹਾਮਰੀ ਸਹਾਇਤਾ ਪ੍ਰੋਗਰਾਮਾਂ ਵਿਚ ਅਬਦੀਲੀ ਦਾ ਐਲਾਨ ਕਰਦਿਆਂ ਕ੍ਰਿਸਟੀਆ ਫ਼੍ਰੀਲੈਂਡ

ਟੂਰਿਜ਼ਮ ਅਤੇ ਹੌਸਪਿਟੈਲਟੀ ਸੈਕਟਰ ਲਈ 75 % ਤੱਕ ਦੀ ਸਬਸਿਡੀ ਉਪਲਬਧ ਹੋਵੇਗੀ। ਸਰਕਾਰ ਦਾ ਕਹਿਣਾ ਹੈ ਕਿ ਇਸ ਅਧੀਨ ਹੋਟਲਾਂ, ਟੂਰ ਉਪਰੇਟਰਾਂ, ਟ੍ਰੈਵਲ ਏਜੰਸੀਆਂ ਅਤੇ ਰੈਸਟੋਰੈਂਟਾਂ ਨੂੰ ਇਹ ਸਬਸਿਡੀ ਮਦਦ ਮਿਲ ਸਕੇਗੀ। 

ਬਾਕੀ ਕੋਵਿਡ ਪ੍ਰਭਾਵਿਤ ਕਾਰੋਬਾਰਾਂ ਨੂੰ 50 % ਤੱਕ ਦੀ ਵੇਜ ਅਤੇ ਰੈਂਟ ਸਬਸਿਡੀ ਦਿੱਤੇ ਜਾਣ ਦੀ ਵੀ ਯੋਜਨਾ ਹੈ। 

ਕੈਨੇਡੀਅਨ ਚੈਂਬਰ ਔਫ਼ ਕੌਮਰਸ ਨੇ ਇਹਨਾਂ ਨਵੇਂ ਪ੍ਰੋਗਰਾਮਾਂ ਦਾ ਸਵਾਗਤ ਕੀਤਾ ਹੈ। 

ਚੈਂਬਰ ਦੀ ਸਪੋਪਕਸਪਰਸਨ ਐਲਾ ਡਰਿਗੋਲਾ ਬਿਰਕ ਨੇ ਕਿਹਾ, ਅਸੀਂ ਬਹੁਤ ਖ਼ੁਸ਼ ਹਾਂ ਕਿ ਸਭ ਤੋਂ ਵੱਧ ਪ੍ਰਭਾਵਿਤ ਕਾਰੋਬਾਰਾਂ ਲਈ ਵਿੱਤੀ ਮਦਦ ਨੂੰ ਜਾਰੀ ਰੱਖਣਾ, ਨਵੀਂ ਪਾਰਲੀਮੈਂਟ ਵਿਚ ਸਰਕਾਰ ਦੀ ਪਹਿਲੀ ਤਰਜੀਹ ਸੀ

ਪਰ ਕੈਨੇਡੀਅਨ ਫ਼ੈਡਰੇਸ਼ਨ ਔਫ ਇੰਡੀਪੈਨਡੈਂਟ ਬਿਜ਼ਨਸ (CFIB) ਦੇ ਪ੍ਰੈਜ਼ੀਡੈਂਟ ਡੈਨ ਕੈਲੀ ਨੇ ਇਸ ਗੱਲ ਲਈ ਚਿੰਤਾ ਪ੍ਰਗਟਾਈ ਹੈ, ਕਿ ਨਵੇਂ ਪ੍ਰੋਗਰਾਮਾਂ ਵਿਚ ਯੋਗਤਾ ਦੇ ਪੈਮਾਨੇ ਕਰਕੇ ਕਈ ਬਿਜ਼ਨਸ ਮਦਦ ਤੋਂ ਮਹਿਰੂਮ ਨਾ ਰਹਿ ਜਾਣ, ਕਿਉਂਕਿ ਕੁਝ ਕਾਰੋਬਾਰਾਂ ਨੂੰ ਮਦਦ ਦੇ ਯੋਗ ਹੋਣ ਲਈ 40 ਤੋਂ 50 ਫ਼ੀਸਦੀ ਤੱਕ ਦੇ ਘਾਟੇ ਦਾ ਪ੍ਰਮਾਣ ਦਿਖਾਉਣਾ ਜ਼ਰੂਰੀ ਹੈ। 

ਕੈਨੇਡਾ ਦੀਆਂ ਯੂਨੀਅਨਾਂ ਦੀ ਨੁਮਾਇੰਦਗੀ ਕਰਦੇ ਇੱਕ ਹੋਰ ਰਾਸ਼ਟਰੀ ਸੰਗਠਨ ਨੇ ਵੀ ਸਰਕਾਰ ਵੱਲੋਂ ਪੇਸ਼ ਕੀਤੇ ਬਿਲ ਦੀ ਨਿਖੇਧੀ ਕੀਤੀ ਹੈ। 

ਕੈਨੇਡੀਅਨ ਲੇਬਰ ਕਾਂਗਰਸ ਦਾ ਕਹਿਣਾ ਹੈ ਕਿ ਇਸ ਬਿਲ ਵਿਚ ਕਾਮਿਆਂ ਲਈ ਲੋੜੀਂਦੀ ਸੁਰੱਖਿਆ ਸ਼ਾਮਲ ਨਹੀਂ ਕੀਤੀ ਗਈ ਹੈ। 

ਸੰਗਠਨ ਦੇ ਪ੍ਰੈਜ਼ੀਡੈਂਟ ਬੀਅ ਬਰੱਸਕ ਨੇ ਐਲਬਰਟਾ ਦੀ ਮਿਸਾਲ ਦਿੰਦਿਆਂ ਕਿਹਾ, ਕਿ ਜੇ ਸੂਬਾ ਸਰਕਾਰਾਂ ਲੌਕਡਾਊਨ ਨਾ ਲਗਾਉਣ ਦਾ ਫ਼ੈਸਲਾ ਕਰਦੀਆਂ ਹਨ, ਤਾਂ ਅਜਿਹੀ ਸਥਿਤੀ ਵਿਚ ਉਕਤ ਲਜਿਸਲੇਸ਼ਨ ਕਾਮਿਆਂ ਦੀ ਸੁਰੱਖਿਆ ਸੁਨਿਸ਼ਚਿਤ ਨਹੀਂ ਕਰਦਾ। 

ਦੇਖੋ। ਇੰਪਲੋਇਮੈਂਟ ਮਿਨਿਸਟਰ ਨੂੰ ਮਇਸ ਬਿਲ ਦੇ ਪਾਸ ਹੋਣ ਦੀ ਉਮੀਦ

ਹਾਊਸ ਔਫ਼ ਕੌਮਨਜ਼ ਵਿਚ ਹੋ ਸਕਦਾ ਹੈ ਵਿਰੋਧ

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਅਜਿਹੇ ਬਿਲ ਨੂੰ ਸਮਰਥਨ ਨਹੀਂ ਦਵੇਗੀ ਜਿਸ ਵਿਚ ਕਾਮਿਆਂ ਲਈ ਮਦਦ ਵਿਚ ਕਟੌਤੀ ਕੀਤੀ ਗਈ ਹੋਵੇ। ਉਹ ਚਾਹੁੰਦੇ ਹਨ ਕਿ ਸਰਕਾਰ ਪਿਛਲੇ ਸਾਲ ਮਦਦ ਪ੍ਰਾਪਤ ਕਰਨ ਵਾਲੇ ਘੱਟ-ਆਮਦਨ ਵਾਲੇ ਬਜ਼ੁਰਗਾਂ ਅਤੇ ਪਰਿਵਾਰਾਂ ਲਈ, ਆਮਦਨ ਅਧਾਰਤ ਬੇਨਿਫ਼ਿਟਸ ਵਿਚ ਕੀਤੀ ਕਟੌਤੀ ਨੂੰ ਵਾਪਸ ਲਵੇ। 

ਐਨਡੀਪੀ ਦੇ ਫ਼ਾਇਨੈਂਸ ਕ੍ਰਿਟਿਕ ਡੇਨੀਅਲ ਬਲੇਕੀ ਨੇ ਹਾਊਸ ਸਪੀਕਰ ਐਂਥਨੀ ਰੋਟਾ ਨੂੰ, ਇਹਨਾਂ ਵਿੱਤੀ ਤੌਰ ‘ਤੇ ਕਮਜ਼ੋਰ ਲੋਕਾਂ ਦੇ ਇਸ ਮਸਲੇ ‘ਤੇ ਹਾਊਸ ਵਿਚ ਐਮਰਜੈਂਸੀ ਡਿਬੇਟ ਦੀ ਇਜਾਜ਼ਤ ਦੇਣ ਲਈ ਵੀ ਆਖਿਆ ਸੀ।

ਘੱਟ ਗਿਣਤੀ ਲਿਬਰਲ ਸਰਕਾਰ ਨੂੰ ਇਹ ਬਿਲ ਪਾਸ ਕਰਵਾਉਣ ਲਈ ਵਿਰੋਧੀ ਐਮਪੀਜ਼ ਦੀ ਜ਼ਰੂਰਤ ਹੋਵੇਗੀ।

ਸਰਕਾਰ ਮਦਦ ਲਈ ਕੰਜ਼ਰਵੇਟਿਵਜ਼ ਅਤੇ ਬਲੌਕ ਦਾ ਰੁਖ਼ ਕਰ ਸਕਦਾੀ ਹੈ। ਕੰਜ਼ਰਵੇਟਿਵਜ਼ ਇਸ ਲਈ ਬਿਲ ਦਾ ਸਮਰਥਨ ਕਰ ਸਕਦੇ ਹਨ ਕਿਉਂਕਿ ਜਿੱਥੇ ਇਸ ਸਮੇਂ ਸਭ ਨਾਲੋਂ ਵੱਧ ਲੋੜ ਹੈ, ਇਸ ਬਿਲ ਵਿਚ ਉੱਥੇ ਬੈਨਿਫ਼ਿਟਸ ਉਪਲਬਧ ਕਰਵਾਉਣਾ ਸ਼ਾਮਲ ਹੈ। ਬਲੌਕ ਕਲਚਰਲ ਕਾਮਿਆਂ ਲਈ ਮਦਦ ਦੇ ਮੱਦੇਨਜ਼ਰ ਇਸ ਬਿਲ ਦੇ ਹੱਕ ਵਿਚ ਭੁਗਤ ਸਕਦਾ ਹੈ।

ਨਿੱਕ ਬੋਇਸਵਰਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ