1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਇਮੀਗ੍ਰੇਸ਼ਨ

ਕਿਊਬੈਕ ਦੇ ਕਾਰੋਬਾਰੀਆਂ ਵੱਲੋਂ ਵਿੱਤ ਮੰਤਰੀ ਨੂੰ ਕਾਮਿਆਂ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਣ ਦੀ ਗੁਜ਼ਾਰਿਸ਼

ਇਮਿਗ੍ਰੇਸ਼ਨ ਵਿਚ ਵਾਧਾ ਅਤੇ ਪੁਰਾਣੇ ਕਾਮਿਆਂ ਨੂੰ ਪ੍ਰੋਸਤਾਹਨ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਲਈ ਜ਼ਰੂਰੀ

ਕਿਊਬੈਕ ਮੈਨੂਫ਼ੈਕਚਰਰਜ਼ ਐਂਡ ਐਕਸਪੋਰਟਰਜ਼ ਅਸੋਸੀਏਸ਼ਨ ਮੁਤਾਬਕ, ਮੈਨੁਫ਼ੈਕਚਰਿੰਗ ਸੈਕਟਰ ਵਿਚ 18,000 ਦੇ ਕਰੀਬ ਅਸਾਮੀਆਂ ਖ਼ਾਲੀ ਪਈਆਂ ਹਨ ਅਤੇ ਅਰਥਚਾਰੇ ਦੇ ਸਾਰੇ ਸੈਕਟਰਾਂ ਨੂੰ ਮਿਲਾਕੇ ਕਈਬ ਦੋ ਲੱਖ ਨੌਕਰੀਆਂ ਲਈ ਭਰਤੀ ਦੀ ਜ਼ਰੂਰਤ ਹੈ।

ਕਿਊਬੈਕ ਮੈਨੂਫ਼ੈਕਚਰਰਜ਼ ਐਂਡ ਐਕਸਪੋਰਟਰਜ਼ ਅਸੋਸੀਏਸ਼ਨ ਮੁਤਾਬਕ, ਮੈਨੁਫ਼ੈਕਚਰਿੰਗ ਸੈਕਟਰ ਵਿਚ 18,000 ਦੇ ਕਰੀਬ ਅਸਾਮੀਆਂ ਖ਼ਾਲੀ ਪਈਆਂ ਹਨ ਅਤੇ ਅਰਥਚਾਰੇ ਦੇ ਸਾਰੇ ਸੈਕਟਰਾਂ ਨੂੰ ਮਿਲਾਕੇ ਕਈਬ ਦੋ ਲੱਖ ਨੌਕਰੀਆਂ ਲਈ ਭਰਤੀ ਦੀ ਜ਼ਰੂਰਤ ਹੈ।

ਤਸਵੀਰ: Ryan Remiorz/Canadian Press

RCI

ਕਿਊਬੈਕ ਦੇ ਬਿਜ਼ਨਸ ਗਰੁੱਪਸ ਨੇ ਸੂਬੇ ਦੇ ਵਿੱਤ ਮੰਤਰੀ ਐਰਿਕ ਜਿਰਾਰਡ ਨੂੰ ਕਾਮਿਆਂ ਦੀ ਘਾਟ ਦੀ ਵਿਗੜਦੀ ਸਮੱਸਿਆ ਦਾ ਹੱਲ ਲੱਭਣ ਦੀ ਗੁਜ਼ਾਰਸ਼ ਕੀਤੀ ਹੈ। ਜਲਦੀ ਹੀ ਸੂਬੇ ਦੀ ਆਰਥਿਕ ਸਥਿਤੀ ਬਿਆਨ ਕਰਨ ਵਾਲੀ ਇਕਨੌਮਿਕ ਅਪਡੇਟ ਜਾਰੀ ਕੀਤੀ ਜਾਣੀ ਹੈ। ਕਾਰੋਬਾਰੀ ਚਾਹੁੰਦੇ ਹਨ ਕਿ ਲੇਬਰ ਸ਼ੌਰਟੇਜ ਦਾ ਮਸਲਾ ਵੀ ਇਸ ਅਪਡੇਟ ਵਿਚ ਸ਼ਾਮਲ ਕੀਤਾ ਜਾਵੇ।

ਕਿਊਬੈਕ ਮੈਨੂਫ਼ੈਕਚਰਰਜ਼ ਐਂਡ ਐਕਸਪੋਰਟਰਜ਼ ਅਸੋਸੀਏਸ਼ਨ ਦੇ ਸੀ ਈ ਓ ਵੈਰੋਨਿਕ ਪ੍ਰੌਲਕਸ ਨੇ ਕਿਹਾ, ਅਰਥਚਾਰੇ ਨੂੰ ਦੁਬਾਰਾ ਲੀਹ ‘ਤੇ ਲਿਆਉਣ ਅਤੇ ਸੂਬੇ ਦੇ ਬਜਟ ਨੂੰ ਸੰਤੁਲਿਤ ਕਰਨ ਵਿਚ ਸਭ ਤੋੋਂ ਵੱਡੀ ਰੁਕਾਵਟ ਕਾਮਿਆਂ ਦੀ ਕਮੀ ਹੈ

ਵੈਰੋਨਿਕ ਦਾ ਅਨੁਮਾਨ ਹੈ ਕਿ ਉਦਪਾਦਨ ਨਾਲ ਜੁੜੇ ਕਾਰੋਬਾਰੀਆਂ ਨੂੰ ਲੇਬਰ ਸ਼ੌਰਟੇਜ ਕਾਰਨ, ਪਿਛਲੇ ਦੋ ਸਾਲਾਂ ਵਿਚ ਤਕਰੀਬਨ 18 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। 

ਉਹਨਾਂ ਕਿਹਾ, ਕਈਆਂ ਨੂੰ ਅੰਤਰਰਾਸ਼ਟਰੀ ਕਾਨਟ੍ਰੈਕਟ ਵੀ ਗੁਆਣੇ ਪੈ ਰਹੇ ਹਨ, ਕਿਉਂਕਿ ਕਾਮਿਆਂ ਦੀ ਘਾਟ ਕਾਰਨ ਉੇਹ ਆਰਡਰ ਸਮੇਂ ਸਿਰ ਪੂਰਾ ਕਰਨ ਵਿਚ ਅਸਮਰੱਥ ਹਨ, ਕਈਆਂ ਨੂੰ ਆਪਣੇ ਪੁਰਾਣੇ ਪੱਕੇ ਕਲਾਇੰਟ ਗੁਆਣੇ ਪਏ ਹਨ, ਕਿਉਂਕਿ ਉਹ ਸਪਲਾਈ ਪੂਰੀ ਨਹੀਂ ਕਰ ਪਾ ਰਹੇ

ਕਿਊਬੈਕ ਫ਼ੈਡਰੇਸ਼ਨ ਔਫ਼ ਚੈਂਬਰਜ਼ ਔਫ਼ ਕੌਮਰਸ ਦੇ ਪ੍ਰੈਜ਼ੀਡੈਂਟ ਚਾਰਲਜ਼ ਮਿਲਰਡ ਨੇ ਬੁੱਧਵਾਰ ਨੂੰ ਇੱਕ ਬਿਆਨ ਵਿਚ ਕਿਹਾ ਸੀ, ਕਿ ਲੇਬਰ ਦੀ ਘਾਟ, ਪੂਰੇ ਅਰਥਚਾਰੇ ‘ਤੇ ਬ੍ਰੇਕਾਂ ਲਗਾ ਰਹੀ ਹੈ। 

ਉਹਨਾਂ ਕਿਹਾ, ਸਰਕਾਰ ਕੋਲ ਕਿਊਬੈਕ ਦੇ ਕਾਰੋਬਾਰੀਆਂ ਨੂੰ ਲੇਬਰ ਸ਼ੌਰਟੇਜ ਦੇ ਸਬੰਧ ਵਿਚ ਭਰੋਸਾ ਦਵਾਉਣ ਦਾ ਸੁਨਹਿਰੀ ਮੌਕਾ ਹੇੈ, ਅਤੇ ਇਸ ਦਾ ਲਾਭ ਲੈਣਾ ਚਾਹੀਦਾ ਹੈ

ਵੈਰੋਨਿਕ ਨੇ ਦੱਸਿਆ ਕਿ ਕੋਵਿਡ ਮਹਾਮਰੀ ਤੋਂ ਪਹਿਲਾਂ ਵੀ ਲੇਬਰ ਦੀ ਘਾਟ ਦੀ ਸਮੱਸਿਆ ਮੌਜੂਦ ਸੀ, ਪਰ ਸੂਬੇ ਦੀ ਕੋਲੀਸ਼ਨ ਐਵੇਨਿਰ ਕਿਉਬੈਕ (CAQ)  ਸਰਕਾਰ ਨੇ ਇਸ ਨੂੰ ਸੰਜੀਦਗੀ ਨਾਲ ਨਹੀਂ ਲਿਆ। 

ਉਹਨਾਂ ਕਿਹਾ ਕਿ ਮਹਾਮਾਰੀ ਤੋਂ ਪਹਿਲਾਂ ਮੈਨੂਫ਼ੈਕਚਰਿੰਗ (ਉਤਪਾਦਨ) ਸੈਕਟਰ ਵਿਚ 19,000 ਅਸਾਮੀਆਂ ਖ਼ਾਲੀ ਸਨ, ਪਰ ਹੁਣ ਇਹ ਗਿਣਤੀ 25,000 ‘ਤੇ ਪਹੁੰਚ ਗਈ ਹੈ। 

ਕਿਊਬੈਕ ਦੇ ਅਰਥਚਾਰੇ ਵਿਚ ਇਸ ਸਮੇਂ ਤਕਰੀਬਨ 200,000 ਨੌਕਰੀਆਂ ਖ਼ਾਲੀ ਪਈਆਂ ਹਨ।

Eric Girard.

ਕਿਊਬੈਕ ਦੇ ਫ਼ਾਇਨੈਂਸ ਮਿਨਿਸਟਰ ਐਰਿਕ ਜਿਰਾਰਡ ਵੀਰਵਾਰ ਨੂੰ ਇਕਨੌਮਿਕ ਅਪਡੇਟ ਜਾਰੀ ਕਰਨਗੇ।

ਤਸਵੀਰ: La Presse canadienne / Jacques Boissinot

ਪੁਰਾਣੇ ਕਾਮਿਆਂ ਨੂੰ ਪ੍ਰੋਤਸਾਹਨ

ਮਿਲਰਡ ਅਤੇ ਵੈਰੋਨਿਕ ਦੋਵਾਂ ਦਾ ਮੰਨਣਾ ਹੈ ਕਿ ਪੁਰਾਣੇ ਕਾਮਿਆਂ ਨੂੰ ਨੌਕਰੀ ‘ਤੇ ਬਰਕਰਾਰ ਰੱਖਣਾ ਅਤੇ ਰਿਟਾਇਰ ਹੋ ਚੁੱਕੇ ਮੁਲਾਜ਼ਮਾਂ ਨੂੰ ਦੁਬਾਰਾ ਵਰਕਫ਼ੋਰਸ ਵਿਚ ਸ਼ਾਮਲ ਕਰਵਾਉਣਾ ਅਹਿਮ ਕਦਮ ਸਾਬਤ ਹੋ ਸਕਦੇ ਹਨ।

ਵੈਰੋਨਿਕ ਨੇ ਦੱਸਿਆ ਕਿ ਜੇ ਰਿਟਾਇਰ ਹੋ ਚੁੱਕੇ ਵਰਕਰ ਦੁਬਾਰਾ ਨੌਕਰੀ ਸ਼ੁਰੁ ਕਰਦੇ ਹਨ, ਤਾਂ ਉਹਨਾਂ ਨੂੰ ਤਕਰੀਬਨ 4000 ਡਾਲਰ ਦਾ ਟੈਕਸ ਕ੍ਰੈਡਿਟ ਪ੍ਰਾਪਤ ਹੁੰਦਾ ਹੈ। ਉਹਨਾਂ ਕਿਹਾ ਕਿ ਪ੍ਰੋਤਸਾਹਨ ਲਈ ਇਹ ਰਾਸ਼ੀ ਹੁਣ ਕਾਫ਼ੀ ਨਹੀਂ ਹੈ। 

ਮਿਲਰਡ ਦਾ ਕਹਿਣਾ ਹੈ ਕਿ ਸੂਬੇ ਦਾ ਰਿਟਾਇਰਮੈਂਟ ਪਲਾਨ ਵੀ ਰਿਟਾਇਰ ਹੋ ਚੁੱਕੇ ਲੋਕਾਂ ਨੂੰ ਮੁੜ ਨੌਕਰੀ ਸ਼ੁਰੂ ਕਰਨ ਤੋਂ ਰੋਕਦਾ ਹੈ। 

ਉਹਨਾਂ ਕਿਹਾ ਕਿ ਰਿਟਾਇਰ ਹੋ ਚੁੱਕੇ ਕਾਮਿਆਂ ਕੋਲ ਸ਼ੁਰੂਆਤੀ ਰਿਟਾਇਰਮੈਂਟ ਤੋਂ ਬਾਅਦ, ਸਿਰਫ਼ ਛੇ ਮਹੀਨਿਆਂ ਲਈ ਆਪਣੀ ਪੈਨਸ਼ਨ ਸਸਪੈਂਡ ਕਰਕੇ ਦੁਬਾਰਾ ਨੌਕਰੀ ਸ਼ੁਰੂ ਕਰਨ ਦਾ ਵਿਕਲਪ ਹੁੰਦਾ ਹੈ।

ਉਹਨਾਂ ਨੇ ਇਸ ਛੇ ਮਹੀਨਿਆਂ ਦੇ ਪੀਰੀਅਡ ਨੂੰ ਬਹੁਤ ਛੋਟਾ ਅਤੇ ਬੇਲੋੜਾ ਸਖ਼ਤ ਆਖਿਆ। 

ਇਮਿਗ੍ਰੇਸ਼ਨ ਵਿਚ ਵਾਧਾ

ਵੈਰੋਨਿਕ ਨੇ ਕਿਹਾ ਕਿ ਕਾਮਿਆਂ ਦੀ ਘਾਟ ਦੀ ਸਮੱਸਿਆ ਦਾ ਹੱਲ ਕਰਨ ਲਈ ਇਮਿਗ੍ਰੈਂਟਸ ਦੀ ਤਾਦਾਦ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਹੈ। 

ਸਾਲ 2018 ਵਿਚ ਸੱਤਾ ਵਿਚ ਆਊਣ ਤੋਂ ਬਾਅਦ CAQ ਸਰਕਾਰ ਨੇ ਨਵੇਂ ਇਮਿਗ੍ਰੈਂਟਸ ਦੀ ਗਿਣਤੀ ਵਿਚ 20 ਫ਼ੀਸਦੀ ਕਟੌਤੀ ਕਰ ਦਿੱਤੀ ਸੀ। ਬਿਜ਼ਨਸ ਗਰੁੱਪਾਂ ਵਿਚ ਇਸ ਫ਼ੈਸਲੇ ਨੇ ਬੇਚੈਨੀ ਪੈਦਾ ਕਰ ਦਿੱਤੀ ਸੀ ਕਿਉਂਕਿ ਉਹਨਾਂ ਸਮਿਆਂ ਵਿਚ ਹੀ ਲੇਬਰ ਸ਼ੌਰਟੇਜ ਸ਼ੁਰੂ ਹੋ ਰਹੀ ਸੀ। 

2019 ਵਿਚ, ਸਿਰਫ਼ 40,000 ਨਵੇਂ ਇਮਿਗ੍ਰੈਂਟਸ ਹੀ ਕਿਉਬੈਕ ਵਿਚ ਸੈਟਲ ਹੋਏ ਸਨ। 

ਪਿਛਲੇ ਮਹੀਨੇ ਕਿਉਬੈਕ ਸਰਕਾਰ ਸਾਲ ਵੱਲੋਂ 2022 ਵਿਚ 50,000 ਨਵੇਂ ਇਮਿਗ੍ਰੈਂਟਸ ਬੁਲਾਉਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਬੈਕਲੌਗ ਵਿਚ ਅਟਕੀਆਂ ਹੋਈਆਂ ਹਜ਼ਾਰਾਂ ਹੋਰ ਅਰਜ਼ੀਆਂ ਨੂੰ ਵੀ ਪ੍ਰੌਸੈਸ ਕਰਨ ਦਾ ਤਹੱਈਆ ਕੀਤਾ ਗਿਆ ਹੈ। 

ਪਰ ਵੈਰੋਨਿਕ ਮੁਤਾਬਕ ਇਹ ਟੀਚਾ 70,000 ਇਮਿਗ੍ਰੈਂਟਸ ਦਾ ਹੋਣਾ ਚਾਹੀਦਾ ਸੀ।

ਉਹਨਾਂ ਕਿਹਾ, ਲੇਬਰ ਸ਼ੌਰਟੇਜ ਦੇ ਮਾਮਲੇ ਵਿਚ ਇਮਿਗ੍ਰੇਸ਼ਨ ਕਾਫ਼ੀ ਅਹਿਮ ਹੈ। ਸਰਕਾਰ ਸਾਨੂੰ ਕਹਿੰਦੀ ਹੈ ਕਿ ਇਮਿਗ੍ਰੇਸ਼ਨ ਇਸ ਮਸਲੇ ਦਾ ਹੱਲ ਨਹੀਂ ਹੈ - ਇਹ ਸੱਚ ਹੈ, ਪਰ ਹੱਲ ਲਈ ਚੁੱਕੇ ਕਦਮਾਂ ਦਾ ਹਿੱਸਾ ਜ਼ਰੂਰ ਹੋਣੀ ਚਾਹੀਦੀ ਹੈ

ਮਿਨਿਸਟਰ ਜਿਰਾਰਡ ਨੇ ਸਪਰਿੰਗ ਦੌਰਾਨ ਕਿਹਾ ਸੀ ਕਿ 2027-28 ਤੱਕ ਕਿਊਬੈਕ ਦੇ ਮਹਾਮਾਰੀ ਤੋਂ ਉੱਭਰ ਸਕਣ ਅਤੇ ਇੱਕ ਸੰਤੁਲਿਤ ਬਜਟ ਕਾਇਮ ਕਰਨ ਦੀ ਉਮੀਦ ਹੈ।

ਇਸ ਸਾਲ ਲਈ ਕਿਊਬੈਕ ਦਾ ਬਜਟ ਘਾਟਾ 12.3 ਬਿਲੀਅਨ ਡਾਲਰ ਅਨੁਮਾਨਿਆ ਗਿਆ ਹੈ, ਪਰ ਜਿਰਾਰਡ ਮੁਤਾਬਕ ਇਸ ਵਿਚ ਕਮੀ ਵੀ ਆ ਸਕਦੀ ਹੈ।

ਸਟੀਵ ਰੁਕਾਵਿਨਾ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ