1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਬੀਸੀ ਸਰਕਾਰ ਮੁਤਾਬਕ ਨਵੇਂ ਤੁਫ਼ਾਨਾਂ ਦੀ ਸੰਭਾਵਨਾ ਕਾਰਨ ਅਗਲੇ ਦਸ ਦਿਨ ਸੂਬੇ ਲਈ ਚੁਣੌਤੀਪੂਰਨ

ਲਗਾਤਾਰ ਮੀਂਹ ਕਾਰਨ ਨਦੀਆਂ ਵਿਚ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ

ਸੋਮਵਾਰ ਨੂੰ ਐਬਟਸਫ਼ੋਰਡ ਦੇ ਹੜ੍ਹ ਪ੍ਰਭਾਵਿਤ ਇਲਾਕੇ ਸੁਮਰ ਪ੍ਰੇਰੀ ਦਾ ਦ੍ਰਿਸ਼। ਬੀਸੀ ਵਿਚ ਅਗਲੇ ਦਸ ਦਿਨਾਂ ਵਿਚ ਤੁਫ਼ਾਨ ਕਰਕੇ ਹਾਲਾਤ ਹੋਰ ਵੀ ਨਾਜ਼ੂਕ ਹੋਣ ਦੀ ਸੰਭਾਵਨਾ ਹੈ।

22 ਨਵੰਬਰ ਨੂੰ ਐਬਟਸਫ਼ੋਰਡ ਦੇ ਹੜ੍ਹ ਪ੍ਰਭਾਵਿਤ ਇਲਾਕੇ ਸੁਮਸ ਪ੍ਰੇਰੀ ਦਾ ਦ੍ਰਿਸ਼। ਬੀਸੀ ਵਿਚ ਅਗਲੇ ਦਸ ਦਿਨਾਂ ਵਿਚ ਤੁਫ਼ਾਨ ਕਰਕੇ ਹਾਲਾਤ ਹੋਰ ਵੀ ਨਾਜ਼ੂਕ ਹੋਣ ਦੀ ਸੰਭਾਵਨਾ ਹੈ।

ਤਸਵੀਰ:  (Ben Nelms/CBC)

RCI

ਬੀਤੇ ਕੁਝ ਦਿਨਾਂ ਦੌਰਾਨ ਆਏ ਤੇਜ਼ ਮੀਂਹ ਅਤੇ ਹੜ੍ਹਾਂ ਕਾਰਨ ਬੀਸੀ ਸੂਬਾ ਅਜੇ ਵੀ ਜੂਝ ਰਿਹਾ ਹੈ, ਪਰ ਸੂਬਾ ਸਰਕਾਰ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਨਵੇਂ ਤੁਫ਼ਾਨਾਂ ਦੀ ਸੰਭਾਵਨਾ, ਵਧੇਰੇ ਚੁਣੌਤੀਆਂ ਪੈਦਾ ਕਰ ਸਕਦੀ ਹੈ। 

ਬੁੱਧਵਾਰ ਦੀ ਸਵੇਰ ਤੋਂ ਹੀ ਮੈਟਰੋ ਵੈਨਕੂਵਰ, ਹੋਵ ਸਾਊਂਡ, ਵਿਸਲਰ ਅਤੇ ਫ਼੍ਰੇਜ਼ਰ ਵੈਲੀ ਇਲਾਕੇ ਵਿਚ 80 ਮਿਲੀਮੀਟਰ ਤੱਕ ਦੀ ਬਾਰਿਸ਼ ਪੈਣ ਦਾ ਅਨੁਮਾਨ ਲਗਾਇਆ ਗਿਆ ਹੈ। 

ਪਾਣੀ ਦੇ ਨਜ਼ਦੀਕ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਦੇ ਨਾਲ ਨਾਲ, ਪਹਾੜਾਂ ਦੀ ਸਿੱਖਰ ਤੇ ਤਾਪਮਾਨ ਵਧਣ ਦਾ ਅਨੁਮਾਨ ਹੈ, ਜਿਸ ਨਾਲ ਬਰਫ਼ ਪਿਘਲ ਸਕਦੀ ਹੈ ਅਤੇ ਹੜ੍ਹਾਂ ਦੀ ਸਥਿਤੀ ਹੋਰ ਵੀ ਵਿਗੜ ਸਕਦੀ ਹੈ। 

ਫ਼੍ਰੇਜ਼ਰ ਵੈਲੀ ਅਤੇ ਹੋਪ ਇਲਾਕੇ ਲਈ ਰਿਵਰ ਫ਼ੋਰਕਾਸਟ ਸੈਂਟਰ ਵੱਲੋਂ ਨਦੀਆਂ ਦੇ ਤੇਜ਼ ਵਹਾਅ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਲਗਾਤਾਰ ਬਾਰਿਸ਼ ਦੇ ਚਲਦਿਆਂ ਵੀਰਵਾਰ ਤੱਕ ਨਦੀਆਂ ਦਾ ਪਾਣੀ ਦਾ ਪੱਧਰ ਵੀ ਉੱਪਰ ਹੋਣ ਦੀ ਸੰਭਾਵਨਾ ਹੈ। 

ਵੈਨਕੂਵਰ ਆਇਲੈਂਡ, ਸੈਂਟਰਲ ਕੋਸਟ ਅਤੇ ਨੌਰਥ ਕੋਸਟ ਦੇ ਇਲਾਕਿਆਂ ਵਿਚ ਤੇਜ਼ ਹਵਾਵਾਂ, ਮੀਂਹ ਅਤੇ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। 

ਪਰ ਇਸ ਤੁਫ਼ਾਨ ਦੇ ਨਿਕਲਣ ਤੋਂ ਬਾਅਦ, ਸ਼ਨੀਵਾਰ ਨੂੰ ਇੱਕ ਹੋਰ ਤੁਫ਼ਾਨ ਦੀ ਆਮਦ ਦੀ ਸੰਭਾਵਨਾ ਜਤਾਈ ਜਾ ਰਹੀ ਹੈ। 

ਬੀਸੀ ਦੇ ਪਬਲਿਕ ਸੇਫ਼ਟੀ ਮਿਨਿਸਟਰ ਮਾਈਕ ਫ਼ਾਰਨਵਰਥ ਨੇ ਕਿਹਾ, ਅਗਲੇ 9 ਜਾਂ 10 ਦਿਨ ਕਾਫ਼ੀ ਚੁਣੌਤੀਪੂਰਨ ਹੋ ਸਕਦੇ ਹਨ। ਉਹਨਾਂ ਬੀਸੀ ਨਿਵਾਸੀਆਂ ਨੂੰ ਆਉਂਦੇ ਕੁਝ ਦਿਨਾਂ ਦੇ ਮੌਸਮ ਦੇ ਹਾਲ ‘ਤੇ ਲਗਾਤਾਰ ਨਜ਼ਰ ਬਣਾਈ ਰੱਖਣ ਲਈ ਆਖਿਆ ਹੈ। 

ਐਬਟਸਫ਼ੋਰਡ ਦੇ ਮੇਅਰ ਹੈਨਰੀ ਬ੍ਰੌਨ ਨੇ ਤੁਫ਼ਾਨ ਦੇ ਖ਼ਦਸ਼ੇ ਦੇ ਚਲਦਿਆਂ ਰੈਜ਼ੀਡੈਂਟਸ ਨੂੰ ਐਮਰਜੈਂਸੀ ਕਿੱਟ ਤਿਆਰ ਰੱਖਣ ਦੀ ਸਲਾਹ ਦਿੱਤੀ ਹੈ। 

ਗ਼ੈਰ-ਜ਼ਰੂਰੀ ਯਾਤਰਾ ਲਈ ਹਾਈਵੇਜ਼ ਬੰਦ

ਹੜ੍ਹਾਂ ਕਰਕੇ ਬਰਬਾਦ ਹੋਏ ਹਾਈਵੇਜ਼ ਅਜੇ ਵੀ ਠੱਪ ਪਏ ਹਨ, ਪਰ ਕੁਝ ਇਲਾਕਿਆਂ ਵਿਚ ਜ਼ਰੂਰੀ ਯਾਤਰਾ ਲਈ ਇਹਨਾਂ ਨੂੰ ਖੋਲਿਆ ਗਿਆ ਹੈ। 

ਟ੍ਰਾਂਸਪੋਰਟੇਸ਼ਨ ਮਿਨਿਸਟਰ ਰੌਬ ਫ਼ਲੇਮਿੰਗ ਨੇ ਲੋਕਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਹਾਈਵੇਜ਼ ਬਾਰੇ ਪਤਾ ਕਰਨ ਲੈਣ ਦਾ ਮਸ਼ਵਰਾ ਦਿੱਤਾ ਹੈ, ਕਿਉਂਕਿ ਗ਼ੈਰ-ਜ਼ਰੂਰੀ ਯਾਤਰਾ ਲਈ ਕਈ ਹਾਈਵੇਜ਼ ਨੂੰ ਬੰਦ ਰੱਖਿਆ ਗਿਆ ਹੈ। 

15 ਨਵੰਬਰ ਨੂੰ ਬੀਸੀ ਦੇ ਲਿਟਨ ਨਜ਼ਦੀਕ ਇੱਕ ਟੁੱਟੇ ਮਾਰਗ ਦਾ ਦ੍ਰਿਸ਼।

15 ਨਵੰਬਰ ਨੂੰ ਬੀਸੀ ਦੇ ਲਿਟਨ ਨਜ਼ਦੀਕ ਇੱਕ ਟੁੱਟੇ ਮਾਰਗ ਦਾ ਦ੍ਰਿਸ਼।

ਤਸਵੀਰ: (B.C. Ministry of Transportation/Reuters

ਮੰਗਲਵਾਰ ਨੂੰ ਹੋਪ ਅਤੇ ਮਿਸ਼ਨ ਦੇ ਦਰਮਿਆਨ ਹਾਈਵੇ 7 ਨੂੰ ਨੌਨ-ਅਸੈਂਸ਼ੀਅਲ ਯਾਤਰਾ ਲਈ ਬੰਦ ਕਰ ਦਿੱਤਾ ਗਿਆ ਹੈ। ਪਰ ਅਸੈਂਸ਼ੀਅਲ ਟ੍ਰੈਵਲ ਦੀ ਪਰਿਭਾਸ਼ਾ ਨੂੰ ਅਪਡੇਟ ਕਰਕੇ ਇਸ ਵਿਚ ਚਾਰਟਰ ਬੱਸਾਂ, ਸਕੂਲ ਬੱਸਾਂ, ਅਤੇ ਪਬਲਿਕ ਟ੍ਰਾਂਜ਼ਿਟ ਵਾਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਕਿ ਲੋਕ ਸਕੂਲ ਜਾਂ ਕੰਮ ‘ਤੇ ਜਾ ਸਕਣ। 

ਮਿਨਿਸਟਰ ਫ਼ਲੇਮਿੰਗ ਨੇ ਕਿਹਾ, ਪਹਿਲਾ ਨਿਯਮ ਹੈ ਕਿ ਆਪਣੇ ਆਪ ਨੂੰ ਪੁੱਛੋ, ਕੀ ਮੇਰਾ ਉੱਥੇ ਜਾਣਾ ਜ਼ਰੂਰੀ ਹੈ? ਜਦ ਤੱਕ ਬਹੁਤ ਜ਼ਰੂਰੀ ਨਾ ਹੋਵੇ ਯਾਤਰਾ ਨਾ ਕੀਤੀ ਜਾਵੇ

ਜੇ ਤੁਸੀਂ ਡਰਾਈਵ ਕਰ ਰਹੇ ਹੋ, ਤਾਂ ਟ੍ਰੈਫ਼ਿਕ ਕੰਟਰੋਲ ਕਰਮਚਾਰੀ ਦੇ ਨਿਰਦੇਸ਼ਾਂ ਦਾ ਪਾਲਨ ਕਰੋ। ਜੇ ਤੁਸੀਂ ਲੋਅਰ ਮੇਨਲੈਂਡ ਤੋਂ ਬਾਹਰ ਨਿਕਲ ਰਹੇ ਹੋ, ਤਾਂ ਸਰਦੀਆਂ ਦੀ ਸਥਿਤੀ ਲਈ ਤਿਆਰ ਰਹੋ

ਰੀਸਾਇਕਲ ਕੂੜਾ ਘਰ ਵਿਚ ਰੱਖੋ

ਬੀਸੀ ਵਿਚ ਸੜਕਾਂ ਦੀ ਮੌਜੂਦਾ ਸਥਿਤੀ ਨੇ ਕਈ ਇਲਾਕਿਆਂ ਵਿਚ ਰੀਸਾਇਕਲਿੰਗ ਲਈ ਜਾਣ ਵਾਲੇ ਕੂੜੇ ਦੀ ਕੁਲੈਕਸ਼ਨ ਨੂੰ ਰੋਕਣਾ ਪਿਆ ਹੈ। ਰੀਸਾਈਕਲ ਬੀਸੀ (ਇਸ ਕਾਰਜ ਨਾਲ ਸਬੰਧਤ ਵਿਭਾਗ) ਨੇ ਲੋਕਾਂ ਨੂੰ ਆਪਣਾ ਕੁਝ ਰੀਸਾਇਕਲ ਕੂੜਾ ਫ਼ਿਲਹਾਲ ਆਪਣੇ ਘਰ ਵਿਚ ਹੀ ਰੱਖਣ ਲਈ ਆਖਿਆ ਹੈ। 

ਵਿਭਾਗ ਮੁਤਾਬਕ ਕੰਟੇਨਰਜ਼ ਅਤੇ ਕਾਗਜ਼ ਵਗ਼ੈਰਾ ਇਕੱਠੇ ਕੀਤੇ ਜਾਣਗੇ, ਕਿਉਂਕਿ ਉਹਨਾਂ ਨੂੰ ਲਪੇਟ ਕੇ ਰੱਖਣਾ ਸੌਖਾ ਹੁੰਦਾ ਹੈ ਅਤੇ ਇਹ ਜਗ੍ਹਾ ਵੀ ਘੱਟ ਘੇਰਦੇ ਹਨ। 

ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਰੀਸਾਇਕਲ ਕੁਲੈਕਸ਼ਨ ਕਦੋਂ ਤੱਕ ਸਸਪੈਂਡ ਰਹੇਗੀ, ਕਿਉਂਕਿ ਸੂਬੇ ਵਿਚ ਆਵਾਜਾਈ ਦੀ ਸਥਿਤੀ ਲਗਾਤਾਰ ਬਦਲ ਰਹੀ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ