1. ਮੁੱਖ ਪੰਨਾ
  2. ਰਾਜਨੀਤੀ
  3. ਇਮੀਗ੍ਰੇਸ਼ਨ

ਕੈਨੇਡਾ ਵੱਲੋਂ 2021 ਲਈ ਮਿੱਥੇ ਸ਼ਰਨਾਰਥੀਆਂ ਦੇ ਟੀਚੇ ਪੂਰੇ ਕਰਨ ਲਈ ਜੱਦੋ-ਜਹਿਦ ਜਾਰੀ

ਇਮਿਗ੍ਰੇਸ਼ਨ ਵਿਭਾਗ ਮੁਤਾਬਕ ਕੋਵਿਡ ਮਹਾਮਾਰੀ ਕਾਰਨ ਗਲੋਬਲ ਪ੍ਰਵਾਸ ਪ੍ਰਭਾਵਿਤ

Bashar Jazmati, his wife Noor and their daughter Julia in Kuwait, where they have been waiting for years for news on their application to come to Canada as refugees. (Submitted by Heidi Honegger)

ਬਸ਼ਰ ਜਜ਼ਮਾਤੀ ਆਪਣੀ ਪਤਨੀ ਜੁਲੀਆ ਅਤੇ ਬੇਟੀ ਨੂਰ ਨਾਲ। ਇਹ ਪਰਿਵਾਰ ਕਈ ਸਾਲਾਂ ਤੋਂ ਕੁਵੇਤ ਵਿਚ ਹੈ ਅਤੇ ਕੈਨੇਡਾ ਵਿਚ ਸ਼ਰਨਾਰਥੀ ਵੱਜੋਂ ਆਉਣ ਲਈ ਲੰਬੇ ਅਰਸੇ ਤੋਂ ਇੰਤਜ਼ਾਰ ਕਰ ਰਿਹਾ ਹੈ।

ਤਸਵੀਰ: (Submitted by Heidi Honegger)

RCI

ਕੈਨੇਡਾ ਨੇ ਸਾਲ 2021 ਲਈ 81,000 ਨਵੇਂ ਸ਼ਰਨਾਰਥੀਆਂ ਨੂੰ ਮੁਲਕ ਵਿਚ ਬੁਲਾਉਣ ਦਾ ਟੀਚਾ ਮਿੱਥਿਆ ਸੀ, ਪਰ ਨਵੇਂ ਅੰਕੜਿਆਂ ਮੁਤਾਬਕ ਇਹ ਟੀਚਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। 

ਇਮਿਗ੍ਰੇਸ਼ਨ, ਰਿਫ਼ੀਊਜੀਜ਼ ਐਂਡ ਸਿਟਿਜ਼ਨਸ਼ਿਪ ਕੈਨੇਡਾ (IRCC) ਦੇ ਅੰਕੜਿਆਂ ਅਨੁਸਾਰ, 31 ਅਕਤੂਬਰ ਤੱਕ ਉਕਤ ਗਿਣਤੀ ਤੋਂ ਅੱਧੇ ਰਿਫ਼ੀਉਜੀ (ਸ਼ਰਨਾਰਥੀ) ਵੀ ਕੈਨੇਡਾ ਨਹੀਂ ਆਏ ਹਨ।

ਕੈਨੇਡਾ ਵਿਚ 7,800 ਸਰਕਾਰੀ-ਮਦਦ ਨਾਲ ਪਹੁੰਚੇ ਸ਼ਰਨਾਰਥੀ ਦਾਖ਼ਲ ਹੋਏ ਹਨ, ਜਦਕਿ ਸਰਕਾਰ ਨੇ ਅਜਿਹੇ 12,500 ਸ਼ਰਨਾਰਥੀਆਂ ਦਾ ਟੀਚਾ ਮਿੱਥਿਆ ਸੀ। ਕੈਨੇਡਾ ਨੇ ਨਿੱਜੀ ਤੌਰ ‘ਤੇ ਸਪੌਂਸਰ (privately sponsored) ਕੀਤੇ ਗਏ ਰਿਫ਼ੀਊਜੀਆਂ ਦਾ 22,500 ਦਾ ਟਾਰਗੇਟ ਰੱਖਿਆ ਸੀ, ਪਰ ਇਸ ਨਾਲੋਂ ਕਿਤੇ ਘੱਟ ਸਿਰਫ਼ 4,500 ਨਿੱਜੀ ਤੌਰ ‘ਤੇ ਸਪੌਂਸਰ ਕੀਤੇ ਰਿਫ਼ੀਊਜੀ ਕੈਨੇਡਾ ਪਹੁੰਚੇ ਹਨ। 

ਇਮਿਗ੍ਰੇਸ਼ਨ ਵਿਭਾਗ ਵੱਲੋਂ 32,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਵਿਅਕਤੀ (protected person) ਦੀ ਸ਼੍ਰੇਣੀ ਵਿਚ ਦਰਜ ਕੀਤਾ ਗਿਆ ਹੈ। ਕੈਨੇਡਾ ਦਾਖ਼ਲ ਹੋਣ ਤੋਂ ਬਾਅਦ ਜੋ ਲੋਕ ਪਨਾਹ ਮੰਗਦੇ ਹਨ, ਉਹਨਾਂ ਪਨਾਹਗੀਰਾਂ/ਰਿਫ਼ੀਊਜੀਆਂ ਨੂੰ ਇਸ ਸ਼੍ਰੇਣੀ ਵਿਚ ਦਰਜ ਕੀਤਾ ਜਾਂਦਾ ਹੈ। ਇਸ ਸ਼੍ਰੇਣੀ ਲਈ ਵੀ ਫ਼ੈਡਰਲ ਸਰਕਾਰ ਨੇ 45,000 ਸ਼ਰਨਾਰਥੀਆਂ ਦਾ ਟੀਚਾ ਮਿੱਥਾ ਸੀ।

IRCC ਨੇ ਇੱਕ ਬਿਆਨ ਵਿਚ ਕਿਹਾ ਕਿ ਕੋਵਿਡ ਮਹਾਮਾਰੀ ਕਰਕੇ ਪ੍ਰਵਾਸ ਬਹੁਤ ਪ੍ਰਭਾਵਿਤ ਹੋਇਆ ਹੈ ਅਤੇ ਪੁਨਰਵਾਸ ਦਾ ਪੂਰਾ ਸਿਸਟਮ ਹੀ ਆਪਣੀ ਸਮਰੱਥਾ ਤੋਂ ਘੱਟ ਦੇ ਪੱਧਰ ‘ਤੇ ਕੰਮ ਕਰ ਰਿਹਾ ਹੈ।

ਵਿਭਾਗ ਮੁਤਾਬਕ, ਹੁਣ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਵਿਚ ਵਧੇਰੇ ਸਖ਼ਤ ਯਾਤਰਾ ਸਬੰਧੀ ਰੋਕਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਉਹਨਾਂ ਦਾ ਉੱਥੋਂ ਨਿਕਲਣਾ ਵੀ ਦੁਸ਼ਵਾਰ ਹੋ ਗਿਆ ਹੈ। ਨਾਲ ਹੀ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਅਤੇ ਸੰਯੁਕਤ ਰਾਸ਼ਟਰ ਰਿਫ਼ੀਊਜੀ ਏਜੰਸੀ ਵਰਗੇ ਅੰਤਰਰਾਸ਼ਟਰੀ ਅਦਾਰਿਆਂ ਦਾ ਕੰਮਕਾਰ ਵੀ, ਕੋਵਿਡ ਮਹਾਮਾਰੀ ਕਰਕੇ ਪ੍ਰਭਾਵਿਤ ਰਿਹਾ ਹੈ। 

IRCC ਨੇ ਕਿਹਾ, ਇਸ ਉਥਲ-ਪੁਥਲ ਦੇ ਦੌਰ ਵਿਚ, ਅਸੀਂ ਆਪਣੇ ਸਮਰਪਣ, ਵਕਾਰ ਅਤੇ ਫ਼ਰਜ਼ ਨੂੰ ਨਿਭਾਉਂਦਿਆਂ, ਦੁਨੀਆ ਦੇ ਸਭ ਤੋਂ ਕਮਜ਼ੋਰ ਲੋਕਾਂ ਲਈ ਸ਼ਰਨ ਲੱਭਣ ਵਿਚ ਮਦਦ ਕਰਨਾ ਜਾਰੀ ਰੱਖਾਂਗੇ। ਵਿਭਾਗ ਮੁਤਾਬਕ ਸਾਲ 2020 ਵਿਚ ਗਲੋਬਲ ਸ਼ਰਨਾਰਥੀਆਂ ਦੀ ਕੁਲ ਗਿਣਤੀ ਦਾ ਇੱਕ-ਤਿਹਾਈ ਹਿੱਸਾ ਕੈਨੇਡਾ ਵਿਚ ਸੈਟਲ ਕੀਤਾ ਗਿਆ ਸੀ। 

ਅਸੁਰੱਖਿਅਤ ਜ਼ਿੰਦਗੀਆਂ

ਬਸ਼ਰ ਜਜ਼ਮਾਤੀ 2019 ਤੋਂ ਆਪਣੇ ਪਰਿਵਾਰ ਸਮੇਤ ਸ਼ਰਨਾਰਥੀ ਦੇ ਤੌਰ ‘ਤੇ ਕੈਨੇਡਾ ਆਉਣ ਦੀ ਆਗਿਆ ਦੀ ਉਡੀਕ ਕਰ ਰਿਹਾ ਹੈ। ਲੰਬੇ ਇੰਤਜ਼ਾਰ ਨੇ ਉਸਦਾ ਡਰ ਅਤੇ ਅਨਿਸ਼ਚਿਤਤਾ ਵਧਾ ਦਿੱਤੀ ਹੈ। 

ਨਿੱਤ ਦੇ ਖ਼ੂਨ ਖ਼ਰਾਬੇ ਤੋਂ ਬਚ ਕੇ, ਬਸ਼ਰ 2015 ਵਿਚ ਸੀਰੀਆ ਤੋਂ ਕੁਵੇਤ ਚਲਾ ਗਿਆ ਸੀ। 2017 ਵਿਚ ਉਸਦਾ ਪਰਿਵਾਰ ਵੀ ਉਸ ਕੋਲ ਪਹੁੰਚ ਗਿਆ ਸੀ। ਜੰਗ ਦੇ ਮਾਹੌਲ ਵਿਚ ਬੱਚੇ ਦੀ ਔਖੀ ਪਰਵਰਿਸ਼ ਦੇ ਵੇਰਵੇ ਦਿੰਦਿਆਂ ਉਸਨੇ ਦੱਸਿਆ, ਕਿ ਅਕਸਰ ਜਦੋਂ ਉਹ ਆਪਣੀ ਛੋਟੀ ਜਿਹੀ ਬੇਟੀ ਨਾਲ ਘਰੋਂ ਬਾਹਰ ਨਿਕਲਦਾ ਸੀ, ਤਾਂ ਉਹਨਾਂ ਦੇ ਕੰਨਾਂ ਵਿਚ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਪੈਂਦੀਆਂ ਸਨ।

ਮੈਂ ਗੋਲੀਆਂ ਅਤੇ ਧਮਾਕਿਆਂ ਦੀ ਆਵਾਜ਼ਾਂ ਦੌਰਾਨ ਕੁਝ ਗੁਣਗੁਣਾਉਣ ਦੀ ਕੋਸ਼ਿਸ਼ ਕਰਦਾ ਸੀ, ਤਾਂ ਕਿ ਕਿਸੇ ਤਰੀਕੇ ਇਹ ਆਵਾਜ਼ ਮੇਰੀ ਬੇਟੀ ਦੇ ਕੰਨਾਂ ਵਿਚ ਨਾ ਪਹੁੰਚੇ। ਇਹ ਸਬ ਬਹੁਤ ਅਜੀਬ ਸੀ

ਬਸ਼ਰ ਅਤੇ ਉਸਦਾ ਪਰਿਵਾਰ ਕੁਵੇਤ ਵਿਚ ਵੀ ਅਸੁਰੱਖਿਅਤ ਜੀਵਨ ਬਤੀਤ ਕਰ ਰਿਹਾ ਹੈ। ਉਸਨੂੰ ਹਰ ਥੋੜੇ ਵਕਫ਼ੇ ਤੋਂ ਬਾਅਦ ਆਪਣਾ ਵੀਜ਼ਾ ਰੀਨਿਊ ਕਰਵਾਉਣਾ ਪੈਂਦਾ ਹੈ। ਕਿਉਂਕਿ ਉਹ ਕੁਵੇਤ ਦਾ ਨਾਗਰਿਕ ਨਹੀਂ ਹੈ, ਇਸ ਲਈ ਉਸਨੂੰ ਡਰ ਹੈ ਕਿ ਜੇੇ ਉਸਦਾ ਵੀਜ਼ਾ ਰੀਨਿਊ ਨਹੀਂ ਹੋਇਆ ਤਾਂ ਉਸਨੂੰ ਕੰਮ ਕਰਨ ਦਾ ਵੀ ਅਧਿਕਾਰ ਨਹੀਂ ਹੋਵੇਗਾ। ਬਸ਼ਰ ਦੇ ਕਾਰ ਖ਼ਰੀਦਣ ਜਾਂ ਇੱਕ ਹੋਰ ਸੰਤਾਨ ਪੈਦਾ ਕਰਨ ਵਰਗੇ ਨਿੱਜੀ ਫ਼ੈਸਲੇ ਵੀ, ਇਸ ਅਨਿਸ਼ਚਿਤਤਾ ਕਰਕੇ ਕਈ ਸਾਲਾਂ ਤੋਂ ਲਟਕੇ ਹੋਏ ਹਨ। 

ਉਸਨੇ ਕਿਹਾ, ਮੈਂ ਆਲੋਚਨਾ ਨਹੀਂ ਕਰ ਰਿਹਾ। ਮੈਂ ਸਿਰਫ਼ ਆਪਣੇ ਨਜ਼ਰੀਏ ਤੋਂ ਕਹਿ ਰਿਹਾ ਹਾਂ ਕਿ ਇਹ ਬਹੁਤ ਔਖਾ ਹੈ, ਕਿਉਂਕਿ ਤੁਹਾਨੂੰ ਘੱਟੋ-ਘੱਟ ਇੱਕ ਸੁਰੱਖਿਅਤ ਨੌਕਰੀ ਦੀ ਲੋੜ ਹੁੰਦੀ ਹੈ, ਪਰ ਨਾਲ ਹੀ ਤੁਹਾਨੂੰ ਪਤਾ ਹੋਵੇ ਕਿ ਤੁਸੀਂ ਇੱਥੇ ਦੋ ਜਾਂ ਤਿੰਨ ਸਾਲ ਰਹਿ ਸਕਦੇ ਹੋ

A young girl holds a flag as she takes part in an IRCC citizenship ceremony on Parliament Hill in Ottawa on April 17, 2019.

ਇਮਿਗ੍ਰੇਸ਼ਨ ਵਿਭਾਗ ਅਨੁਸਾਰ ਪਿਛਲੇ ਕੁਝ ਮਹੀਨਿਆਂ ਵਿਚ ਸ਼ਰਨਾਰਥੀ ਅਰਜ਼ੀਆਂ ਦੀ ਪ੍ਰਕਿਰਿਆ ਵਿਚ ਤੇਜ਼ੀ ਆਈ ਹੈ, ਪਰ ਮਹਾਮਰੀ ਕਰਕੇ ਅਜੇ ਵੀ ਪ੍ਰੋਸੈਸਿੰਗ ਟਾਈਮ ਵਿਚ ਦੇਰੀ ਚਲ ਰਹੀ ਹੈ।

ਤਸਵੀਰ: (Sean Kilpatrick/The Canadian Press)

ਬਸ਼ਰ ਮੁਤਾਬਕ 1 ਮਾਰਚ ਨੂੰ  IRCC ਨਾਲ ਉਸਦੀ ਇੰਟਰਵਿਊ ਹੋਈ ਸੀ, ਅਤੇ ਉਸਤੋਂ ਬਾਅਦ ਵਿਭਾਗ ਵੱਲੋਂ ਉਸ ਨਾਲ ਕੋਈ ਸੰਪਰਕ ਨਹੀਂ ਕੀਤਾ ਗਿਆ ਹੈ।

ਇਸ ਪਰਿਵਾਰ ਦੀ ਸਪੌਂਸਰ, ਹੀਦੀ ਹੌਨੇਗਰ, ਕਿਉਬੈਕ ਦੇ ਚੈਲਸੀ ਵਿਚ ਰਹਿੰਦੀ ਹੈ। ਉਸਨੇ ਦੱਸਿਆ ਕਿ ਫ਼ੈਡਰਲ ਚੋਣਾਂ ਵੀ ਉਸਦੀ ਅਰਜ਼ੀ ਵਿਚ ਦੇਰੀ ਦਾ ਸਬਬ ਬਣੀਆਂ। 

ਉਸਨੇ ਕਿਹਾ, ਮੈਂ ਜਾਣਦੀ ਹਾਂ ਕਿ ਸਰਕਾਰ ਦਾ ਚੱਕਾ ਹੌਲੀ ਘੁੰਮਦਾ ਹੈ। ਹੀਦੀ ਨੇ ਆਪਣੇ ਲੋਕਲ ਲਿਬਰਲ ਐਮਪੀ ਵਿਲ ਐਮੌਸ ਨਾਲ ਸੰਪਰਕ ਕੀਤਾ ਅਤੇ ਉਸਨੂੰ ਦੱਸਿਆ ਗਿਆ ਕਿ ਉਹਨਾਂ ਦਾ ਦਫ਼ਤਰ ਇਸ ਬਾਬਤ ਜਾਣਕਾਰੀ ਜੁਟਾ ਰਿਹਾ ਹੈ। ਪਰ ਕੁਝ ਦਿਨਾਂ ਬਾਅਦ ਉਸਨੂੰ ਪਤਾ ਲੱਗਿਆ ਕਿ ਵਿਲ ਐਮੌਸ ਚੋਣਾਂ ਵਿਚ ਖੜੇ ਹੀ ਨਹੀਂ ਹੋ ਰਹੇ। ਹੀਦੀ ਮੁਤਾਬਕ ਐਮੌਸ ਤੋਂ ਬਾਅਦ ਨਵੀਂ ਐਮਪੀ ਸੋਫ਼ੀ ਚੈਟੇਲ ਕੋਲੋਂ, ਇਸ ਬਾਬਤ ਕੋਈ ਜਾਣਕਾਰੀ ਨਹੀਂ ਮਿਲੀ ਹੈ। 

ਉਡੀਕ ਸੂਚੀ ਵਿਚ ਖੜੋਤ

ਸ਼ਰਨਾਰਥੀਆਂ ਦੀਆਂ 130 ਸੰਸਥਾਵਾਂ ਦੀ ਨੁਮਾਇੰਦਗੇ ਕਰਦੇ ਸੰਗਠਨ, ਕੈਨੇਡੀਅਨ ਰਿਫ਼ੀਊਜੀ ਸਪੌਂਸਰਸ਼ਿਪ ਅਗਰੀਮੈਂਟ ਹੋਲਡਰਜ਼ ਅਸੋਸੀਏਸ਼ਨ ਕੌਂਸਿਲ, ਨੇ ਸੀਬੀਸੀ ਨੂੰ ਦੱਸਿਆ ਕਿ ਸ਼ਰਨਾਰਥੀਆਂ ਦੀਆਂ ਅਰਜ਼ੀਆਂ ਦੇ ਪ੍ਰੋਸੈਸ ਹੋਣ ਦੀ ਧੀਮੀ ਰਫ਼ਤਾਰ ਕਾਰਨ, ਉਹਨਾਂ ਸ਼ਰਨਾਰਥੀਆਂ ਲਈ ਉਡੀਕ ਸਮਾਂ ਹੋਰ ਵੀ ਵਧ ਜਾਂਦਾ ਹੈ, ਜਿਹਨਾਂ ਦਾ ਨਾਂ ਅਜੇ ਸੂਚੀ ਵਿਚ ਸ਼ਾਮਲ ਕੀਤਾ ਜਾਣਾ ਹੈ। 

ਕੌਂਸਿਲ ਦੀ ਚੇਅਰ ਕੇਲੀ ਪੇਰੇਜ਼ ਨੇ ਕਿਹਾ, ਪਿਛਲੇ ਕਈ ਸਾਲਾਂ ਤੋਂ ਅਰਜ਼ੀਆਂ ਤਾਂ ਲਗਾਤਾਰ ਜਮਾਂ ਹੋ ਰਹੀਆਂ ਹਨ, ਪਰ ਬਹੁਤ ਥੋੜੇ ਸ਼ਰਨਾਰਥੀ ਹੀ ਕੈਨੇਡਾ ਪਹੁੰਚ ਸਕੇ ਹਨ

ਊਹਨਾਂ ਦੱਸਿਆ ਕਿ ਹਾਲ ਹੀ ਵਿਚ IRCC ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ ਹੈ, ਕਿ 70,000 ਤੋਂ ਵੱਧ, ਨਿੱਜੀ ਤੌਰ ਤੇ ਸਪੌਂਸਰ ਕੀਤੇ ਜਾਣ ਵਾਲ ਸ਼ਰਨਾਰਥੀਆਂ ਦੇ ਨਾਂ, ਉਡੀਕ ਸੂਚੀ ਵਿਚ ਹਨ। ਪੇਰੇਜ਼ ਨੇ ਇਸ ਨੂੰ ਇੱਕ ਇਤਿਹਾਸਕ ਬੈਕਲੌਗ ਗਰਦਾਨਿਆ ਹੈ।

ਪੇਰੇਜ਼ ਮੁਤਾਬਕ, 2021 ਲਈ ਸ਼ਰਨਾਰਥੀਆਂ ਦਾ ਟੀਚਾ ਪੂਰਾ ਨਾ ਹੋਣ ਦੀ ਸੰਭਾਵਨਾ ਦੇ ਚਲਦਿਆਂ, ਕੈਨੇਡਾ ਸਰਕਾਰ ਨੂੰ ਭਵਿੱਖ ਵਿਚ ਵੀ ਸ਼ਰਨਾਰਥੀਆਂ ਦੀ ਤਾਦਾਦ ਦੇ ਟੀਚਿਆਂ ਨੂੰ ਘੱਟ ਨਹੀਂ ਕਰਨਾ ਚਾਹੀਦਾ। 

ਸਿਆਸੀ ਟੀਚਾ

ਇਸ ਟੀਚੇ ਦਾ ਇੱਕ ਸਿਆਸੀ ਪੱਖ ਵੀ ਹੈ। ਪੇਰੇਜ਼ ਨੇ ਕਿਹਾ, ਕਿ ਜਦੋਂ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ ਸ਼ਰਨਾਰਥੀਆਂ ਨੂੰ ਸਵੀਕਾਰ ਨਹੀਂ ਕਰ ਰਹੇ, ਅਜਿਹੇ ਵਿਚ ਸ਼ਰਨਾਰਥੀਆਂ ਦੇ ਟੀਚੇ ਵਿਚ ਵਾਧਾ ਕਰਨਾ, ਉਹਨਾਂ ਦੇ ਪੁਨਰਵਾਸ ਲਈ ਇੱਕ ਮਜ਼ਬੂਤ ਵਨਬੱਧਤਾ ਦਾ ਇਜ਼ਹਾਰ ਕਰਦਾ ਹੈ।

IRCC ਦੇ ਹਵਾਲੇ ਨਾਲ ਉਹਨਾਂ ਦੱਸਿਆ, ਕਿ 2022 ਦੀ ਸ਼ੁਰੂਆਤ ਵਿਚ ਇੱਕ ਸੈਮੀ-ਪ੍ਰਾਈਵੇਟ ਪ੍ਰੋਗਰਾਮ ਵੀ ਦੁਬਾਰਾ ਸ਼ੁਰੂ ਕਰਨ ਦੀ ਸੰਭਾਵਨਾ ਹੈ, ਤਾਂ ਕਿ ਬਿਨੈਕਾਰਾਂ ਦੀ ਪੁਨਰਵਾਸ ਫ਼ੀਸ ਵਿਚ ਕਟੌਤੀ ਹੋ ਸਕੇ।

ਬਲੈਂਡੇਡ ਵੀਜ਼ਾ ਆਫ਼ਿਸ-ਰਿਫ਼ਰਡ ਪ੍ਰੋਗਰਾਮ (BVOR) ਅਧੀਨ ਸ਼ਰਨਾਰਥੀ ਬਿਨੈਕਾਰਾਂ ਦੀ ਪੁਨਰਵਾਸ ਫ਼ੀਸ, ਕੈਨੇਡਾ ਸਰਕਾਰ ਅਤੇ ਪ੍ਰਾਈਵੇਟ ਸਪੌਂਸਰ ਦਰਮਿਆਨ ਵੰਡੀ ਹੁੰਦੀ ਹੈ। ਭਾਵੇਂ ਕਿ ਇਹ ਪ੍ਰੋਗਰਾਮ ਮਹਾਮਰੀ ਦੌਰਾਨ ਸਸਪੈਂਡ ਕੀਤਾ ਗਿਆ ਹੈ, ਪਰ 2021 ਲਈ ਇਸ ਦਾ ਅਜੇ ਵੀ 1000 ਅਰਜ਼ੀਆਂ ਦਾ ਟੀਚਾ ਬਰਕਰਾਰ ਹੈ। 

Minister of Immigration, Refugees and Citizenship Sean Fraser answers a question at a news conference after the federal cabinet was sworn in, in Ottawa, on Tuesday, Oct. 26, 2021. THE CANADIAN PRESS/Justin Tang

26 ਅਕਤੂਬਰ ਨੂੰ ਔਟਵਾ ਵਿਚ ਇੱਕ ਨਿਊਜ਼ ਕਾਨਫ਼੍ਰੰਸ ਦੌਰਾਨ, ਕੈਨੇਡਾ ਦੇ ਇਮਿਗ੍ਰੇਸ਼ਨ ਮੰਤਰੀ ਸ਼ੌਨ ਫ਼ਰੇਜ਼ਰ।

ਤਸਵੀਰ: The Canadian Press / Justin Tang

IRCC ਨੇ ਸੀਬੀਸੀ ਨੂੰ ਇਹ ਨਹੀਂ ਦੱਸਿਆ ਕਿ ਇਸ BVOR ਪ੍ਰੋਗਰਾਮ ਤਹਿਤ ਕਿੰਨੇ ਲੋਕ ਇਸ ਸਾਲ ਕੈਨੇਡਾ ਪਹੁੰਚੇ ਜਾਂ ਪਹੁੰਚ ਰਹੇ ਹਨ। ਵਿਭਾਗ ਵੱਲੋਂ ਇਮਿਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨਾਲ ਇੰਟਰਵਿਊ ਦਾ ਵੀ ਪ੍ਰਬੰਧ ਨਹੀਂ ਕਰਵਾਇਆ ਗਿਆ। 

ਕੈਨੇਡੀਅਨ ਕਾਉਂਸਿਲ ਫ਼ੌਰ ਰਿਫ਼ੀਊਜੀਜ਼ ਦੀ ਕਾਰਜਕਾਰੀ ਨਿਰਦੇਸ਼ਕ ਜੈਨੇਟ ਡੈਂਚ ਨੇ ਕਿਹਾ, ਇਹ ਕੈਨੇਡੀਅਨਜ਼ ਲਈ ਵਧੇਰੇ ਸ਼ਰਨਾਰਥੀਆਂ ਲਈ ਹੱਲ ਲੱਭਣ ਦਾ ਇੱਕ ਮੌਕਾ ਹੈ, ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ BVOR ਪ੍ਰੋਗਰਾਮ ਦੁਬਾਰਾ ਸ਼ੁਰੂ ਹੋਵੇ ਅਤੇ ਸਫ਼ਲ ਹੋਵੇ

ਪੇਰੇਜ਼ ਅਤੇ ਜੈਨੇਟ ਦੋਵੇਂ ਹੀ, ਰਿਫ਼ੀਊਜੀ ਬਿਨੈਕਾਰਾਂ ਅਤੇ ਫ਼ੈਡਰਲ ਸਰਕਾਰ ਦਰਮਿਆਨ ਬਿਹਤਰ ਸੰਪਰਕ ਪੈਦਾ ਕੀਤੇ ਜਾਣ ਦੀ ਮੰਗ ਕਰਦੇ ਹਨ। 

ਜੈਨੇਟ ਨੇ ਕਿਹਾ, ਯਕੀਨਨ, ਇਸ ਦੇ ਵਾਜਿਬ ਕਾਰਨ ਹੋਣਗੇ ਕਿ ਕਿਸੇ ਦੀ ਅਰਜ਼ੀ ਕਿਉਂ ਅੱਗੇ ਵਧੀ ਅਤੇ ਫ਼ੇਰ ਰੁਕ ਗਈ, ਪਰ ਲੋਕਾਂ ਨੂੰ ਨਹੀਂ ਪਤਾ, ਇਸ ਲਈ ਉਹਨਾਂ ਦੇ ਬਹੁਤ ਸਾਰੇ ਸਵਾਲ ਹੁੰਦੇ ਹਨ। 

ਪਰ ਘੱਟੋ ਘੱਟ ਜੇ ਤੁਹਾਨੂੰ ਦੇਰੀ ਦਾ ਕਾਰਨ ਪਤਾ ਹੋਵੇ ਅਤੇ ਤੁਹਾਨੂੰ ਇਸ ਉਡੀਕ ਦੇ ਖ਼ਤਮ ਹੋਣ ਦਾ ਅੰਦਾਜ਼ਾ ਹੋਵੇ, ਤਾਂ ਇਸ ਸਥਿਤੀ ਨਾਲ ਨਜਿੱਠਣਾ ਥੋੜਾ ਸੌਖਾ ਹੋ ਜਾਂਦਾ ਹੈ

ਬਸ਼ਰ ਅਜੇ ਵੀ ਕੁਵੇਤ ਵਿਚ ਆਪਣੇ ਪਰਿਵਾਰ ਨਾਲ, ਕੈਨੇਡਾ ਆਉਣ ਦੀ ਉਮੀਦ ਵਿਚ ਸਮਾਂ ਬਿਤਾ ਰਿਹਾ ਹੈ। 2019 ਵਿਚ ਹੀਦੀ ਬਸ਼ਰ ਨੂੰ ਮਿਲਣ ਕੁਵੇਤ ਗਈ ਸੀ। ਬਸ਼ਰ ਦੀ ਧੀ, ਹੀਦੀ ਵੱਲੋਂ ਲਿਆਏ ਖਿਡੌਣਿਆਂ ਨਾਲ ਹੁਣ ਵੀ ਖੇਡਦੀ ਹੈ।

ਰਫ਼ੀ ਬੁਦਜੀਕਾਨੀਆਨ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ