1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਰੋਮ ਤੋਂ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਰਿਕਾਰਡ ਮੰਗਵਾਉਣ ਲਈ ਫ਼ੈਡਰਲ ਸਰਕਾਰ ਉੱਤੇ ਦਬਾਅ ਵਧਿਆ

ਐਨਡੀਪੀ ਦੇ ਦੋ ਐਮਪੀਜ਼ ਨੇ ਫ਼ੈਡਰਲ ਸਰਕਾਰ ਨੂੰ ਪੱਤਰ ਲਿਖ ਕੇ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਹੈ

ਨੂਨਾਵੂਟ ਦੇ ਚੈਸਟਰਫ਼ੀਲਡ ਇਨਲੈਟ ਵਿਚ ਸਥਿਤ ਕੈਥਲਿਕ ਚਰਚ ਵੱਲੋਂ ਚਲਾਏ ਗਏ ਇੱਕ ਸਕੂਲ ਦੀ 1954 ਦੀ ਇੱਕ ਤਸਵੀਰ।

ਨੂਨਾਵੂਟ ਦੇ ਚੈਸਟਰਫ਼ੀਲਡ ਇਨਲੈਟ ਵਿਚ ਸਥਿਤ ਕੈਥਲਿਕ ਚਰਚ ਵੱਲੋਂ ਚਲਾਏ ਗਏ ਇੱਕ ਸਕੂਲ ਦੀ 1954 ਦੀ ਇੱਕ ਤਸਵੀਰ।

ਤਸਵੀਰ: NCTR

RCI

ਕੈਥਲਿਕ ਚਰਚ ਅਤੇ ਸਬੰਧਤ ਅਦਾਰਿਆਂ ਕੋਲੋਂ, ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਨਾਲ ਸਬੰਧ ਦਸਤਾਵੇਜ਼ ਕੈਨੇਡੀਅਨ ਜਾਂਚ ਅਧੀਕਾਰੀਆਂ ਨੂੰ ਸੌਂਪਣ ਮੁਤੱਲਕ, ਫ਼ੈਡਰਲ ਸਰਕਾਰ ਉੱਪਰ ਦਬਾਅ ਵਧਣਾ ਸ਼ੁਰੂ ਹੋ ਗਿਆ ਹੈ। 

ਰੈਜ਼ੀਡੈਂਸ਼ੀਅਲ ਸਕੂਲਾਂ ਨਾਲ ਜੁੜੇ ਕੁਝ ਦਸਤਾਵੇਜ਼ਾਂ ਦੇ ਰੋਮ ਵਿੱਖੇ ਮੌਜੂਦ ਹੋਣ ਦੇ ਤਾਜ਼ਾ ਖ਼ੁਲਾਸੇ ਤੋਂ ਬਾਅਦ, ਉਹਨਾਂ ਦਸਤਾਵੇਜ਼ਾਂ ਨੂੰ ਕੈਨੇਡਾ ਲੈਕੇ ਆਉਣ ਬਾਬਤ, ਦੋ ਐਨਡੀਪੀ ਐਮਪੀਜ਼ ਨੇ ਪਿਛਲੇ ਹਫ਼ਤੇ ਕੈਨੇਡਾ ਦੇ ਜਸਟਿਸ ਮਿਨਿਸਟਰ ਡੇਵਿਡ ਲੇਮੈਟੀ ਨੂੰ ਚਿੱਠੀ ਲਿਖ ਕੇ ਤੁਰੰਤ ਲੋੜੀਂਦੇ ਕਦਮ ਚੁੱਕਣ ਦੀ ਮੰਗ ਕੀਤੀ ਹੈ। 

ਸੀਬੀਸੀ ਨਿਊਜ਼ ਦੀ ਲਾਪਤਾ ਹੋਏ ਦਸਤਾਵੇਜ਼ਾਂ ਬਾਰੇ ਇੱਕ ਰਿਪੋਰਟ ਦਾ ਹਵਾਲਾ ਦਿੰਦਿਆਂ  (ਨਵੀਂ ਵਿੰਡੋ)ਐਨਡੀਪੀ ਐਮਪੀਜ਼ ਨੇ ਲਿਖਿਆ, “ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਨਾਲ ਜੁੜੇ ਦਸਤਾਵੇਜ਼ਾਂ ਨੂੰ ਓਬਲੇਟ  ਦੇ ਫ਼ਰਮਾਨਾਂ ਤੋਂ ਬਾਅਦ ਕੇਨੇਡਾ ਤੋਂ ਵੈਟੀਕਨ ਭੇਜੇ ਜਾਣ ਦੀਆਂ ਰਿਪੋਰਟਾਂ ਬਾਰੇ, ਇਹ ਪੱਤਰ ਲਿਖ ਕੇ ਅਸੀਂ ਆਪਣੀ ਮਾਯੂਸੀ ਦਾ ਇਜ਼ਹਾਰ ਕਰ ਰਹੇ ਹਾਂ”।

ਇਹ ਪੱਤਰ ਉਨਟੇਰਿਉ ਤੋਂ ਐਮਪੀ ਚਾਰਲੀ ਐਂਗਸ ਅਤੇ ਨੂਨਾਵੂਟ ਤੋਂ ਐਮਪੀ ਅਤੇ ਮੂਲਨਿਵਾਸੀ ਮਾਮਲਿਆਂ ਦੀ ਕ੍ਰਿਟਿਕ ਲੋਰੀ ਇਡਲੁ ਨੇ ਸਾਈਨ ਕੀਤਾ ਸੀ।

Close up shot ni Lori Idlout.

ਨੂਨਾਵੂਟ ਤੋਂ ਐਮਪੀ ਅਤੇ ਮੂਲਨਿਵਾਸੀ ਮਾਮਲਿਆਂ ਦੀ ਕ੍ਰਿਟਿਕ ਲੋਰੀ ਇਡਲੁ ਨੇ ਕਿਹਾ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਨਾਲ ਸਬੰਧਤ ਦਸਤਾਵੇਜ਼ ਕੈਨੇਡਾ ਵਾਪਸ ਪਹੁੰਚਣੇ ਬਹੁਤ ਜ਼ਰੂਰੀ ਹਨ।

ਤਸਵੀਰ: Radio-Canada / Matisse Harvey

ਓਬਲੇਟ, ਇੱਕ ਕੈਥਲਿਕ ਸੰਗਠਨ ਹੈ, ਜਿਸ ਅਧੀਨ ਕੈਨੇਡਾ ਭਰ ਵਿਚ 48 ਰੈਜ਼ੀਡੈਂਸ਼ੀਅਲ ਸਕੂਲ ਚਲਾ ਗਏ ਸਨ। ਨੂਨਾਵੂਟ ਦੇ ਚੈਸਟਰਫ਼ੀਲਡ ਇਨਲੈਟ ਵਿਚ ਸਥਿਤ, ਸਰ ਜੋਜ਼ੇਫ਼ ਬਰਨੀਏ ਫ਼ੈਡਰਲ ਡੇਅ ਸਕੂਲ ਵੀ, ਓਬਲੇਟ ਦੀ ਨਿਗਰਾਨੀ ਹੇਠ ਚਲਾਇਆ ਗਿਆ ਸੀ। ਇਸੇ ਸਕੂਲ ਵਿਚ ਇਡਲੁ ਦੇ ਮਾਪੇ ਵੀ ਭੇਜੇ ਗਏ ਸਨ।

ਚੈਸਟਰਫ਼ੀਲਡ ਇਨਲੈਟ ਸਕੂਲ ਦੇ ਸਾਬਕਾ ਵਿਦਿਆਰਥੀਆਂ ਅਤੇ ਇੱਥੋਂ ਦੇ ਰੈਜ਼ੀਡੈਂਟਸ ਨੇ, ਸਕੂਲ ਵਿਚ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਹੋਣ ਦਾ ਜ਼ਿਕਰ ਕੀਤਾ ਸੀ। 

ਇਡਲੁ ਨੇ ਕਿਹਾ, ਰੈਜ਼ੀਡੈਂਸ਼ੀਅਲ ਸਕੂਲਾਂ ਦੇ ਹੌਲਨਾਕ ਤਜਰਬੇ ਅਤੇ ਉਹਨਾਂ ਦਾ ਕਈ ਪੀੜ੍ਹੀਆਂ ‘ਤੇ ਪ੍ਰਭਾਵ, ਇਹ ਪ੍ਰਮਾਣ ਹੈ ਕਿ ਰੈਜ਼ੀਡੈਂਸ਼ੀਅਲ ਸਕੂਲ ਇੱਕ ਅਪਰਾਧ ਸਨ

ਉਹਨਾਂ ਕਿਹਾ, ਸਾਨੂੰ ਇਹਨਾਂ ਸਬੂਤਾਂ ਦਾ ਕੈਨੇਡਾ ਵਿਚ ਮੌਜੂਦ ਹੋਣਾ ਯਕੀਨੀ ਬਣਾਉਣਾ ਪਏਗਾ, ਤਾਂ ਕਿ ਫ਼ਸਟ ਨੇਸ਼ਨਜ਼, ਮੇਟਿਸ ਅਤੇ ਇਨੁਇਟ ਲੋਕ, ਇਹ ਸੁਨਿਸ਼ਚਿਤ ਕਰਨ ਲਈ ਇਹਨਾਂ ਦੀ ਵਰਤੋਂ ਕਰ ਸਕਣ, ਕਿ ਉਹਨਾਂ ਨੂੰ ਉਹ ਨਿਆਂ ਮਿਲ ਰਿਹਾ ਹੈ, ਜਿਸਦੇ ਉਹ ਹੱਕਦਾਰ ਹਨ

ਇਤਿਹਾਸਕ ਦਸਤਾਵੇਜ਼ਾਂ ਨੂੰ ਤਰਤੀਬਬੱਧ ਕਰਨਾ

ਇਤਿਹਾਸਕਾਰਾਂ ਨੇ ਹਾਲ ਹੀ ਵਿਚ ਸੀਬੀਸੀ ਨੂੰ ਦੱਸਿਆ, ਕਿ ਕੁਝ ਨਵੇਂ ਸਬੂਤ ਇਸ ਗੱਲ ਦਾ ਇਸ਼ਾਰਾ ਦਿੰਦੇ ਹਨ, ਕਿ ਸਸਕੈਚਵਨ ਵਿਚਲੇ ਰੈਜ਼ੀਡੈਂਸ਼ੀਅਲ ਸਕੂਲਾਂ ਨਾਲ ਸਬੰਧਤ ਕਈ ਅਹਿਮ ਦਸਤਾਵੇਜ਼, ਸਿਰਫ਼ ਰੋਮ ਵਿਚ ਹੀ ਉਪਲਬਧ ਹਨ। 

ਯੂਨੀਵਰਸਿਟੀ ਔਫ਼ ਔਟਵਾ ਵਿਚ ਪ੍ਰੋਫ਼ੈਸਰ ਅਤੇ ਮੂਲਨਿਵਾਸੀ ਰਿਵਾਇਤਾਂ ਦੇ ਖੋਜ ਵਿਭਾਗ ਦੀ ਚੇਅਰ ਬ੍ਰੈਂਡਾ ਮੈਕਡਗਲ ਨੇ ਕਿਹਾ, ਕਿ ਉਹਨਾਂ ਨੂੰ ਜਿਹੜੇ ਦਸਤਾਵੇਜ਼ਾਂ ਦੀ ਭਾਲ ਸੀ ਉਹ ਕੈਨੇਡਾ ਵਿਚ ਮੌਜੂਦ ਨਹੀਂ ਹਨ। 

ਸਤੰਬਰ ਵਿਚ ਹੋਈਆਂ ਫ਼ੈਡਰਲ ਚੋਣਾਂ ਦੌਰਾਨ, ਇਡਲੁ, ਜੋ ਕਿ ਪੇਸ਼ੇ ਵੱਜੋਂ ਵਕੀਲ ਹਨ, ਨੇ ਕਿਹਾ ਸੀ ਉਹਨਾਂ ਨੇ ਲੋਕਾਂ ਕੋਲੋਂ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਬਹੁਤ ਖ਼ੌਫ਼ਨਾਕ ਅਤੇ ਦਿਲ ਚੀਰਨ ਵਾਲਿਆਂ ਕਹਾਣੀਆਂ ਸੁਣੀਆਂ ਹਨ। 

ਉਹਨਾਂ ਨੇ ਉਮੀਦ ਜਤਾਈ ਹੈ ਕਿ ਸਰਕਾਰ ਉਹਨਾਂ ਵੱਲੋਂ ਭੇਜੀ ਅਰਜ਼ੀ ‘ਤੇ ਗ਼ੌਰ ਕਰੇਗੀ ਅਤੇ ਇਹਨਾਂ ਦਸਤਾਵੇਜ਼ਾਂ ਨੂੰ ਵਾਪਸ ਕੈਨੇਡਾ ਮੰਗਵਾਇਆ ਜਾਵੇਗਾ। 

ਔਟਵਾ ਵਿਚ ਓਬਲੇਟ ਲੀਡਰ, ਫ਼ਾਦਰ ਕੈਨ ਥੋਰਸਨ ਨੇ ਸੀਬੀਸੀ ਨੂੰ ਦੱਸਿਆ, ਕਿ ਉਹਨਾਂ ਦਾ ਸੰਗਠਨ ਆਪਣੇ ਦਸਤਾਵੇਜ਼ਾਂ ਦੇ ਅਰਕਾਈਵ ਨਾਲ ਸਬੰਧਤ ਨੀਤੀਆਂ ਨੂੰ ਨਵਿਆ ਰਿਹਾ ਹੈ। 

ਉਹਨਾਂ ਕਿਹਾ, ਇਸ ਵਿਚ ਅਸਲ ਦਸਤਾਵੇਜ਼ ਦੇ ਕਿਤੇ ਹੋਰ ਮੌਜੂਦ ਹੋਣ ‘ਤੇ, ਡੁਪਲੀਕੇਟ (ਨਕਲ) ਦਸਤਾਵੇਜ਼ਾਂ ਦੀ ਇਕਸਾਰਤਾ ਵੀ ਸ਼ਾਮਲ ਹੈ। ਜੇ ਖੋਜੀਆਂ ਨੂੰ ਰੋਮ ਦਾ ਰਾਹ ਦਿਖ ਰਿਹਾ ਹੈ, ਤਾਂ ਇਸ ਦਾ ਅਰਥ ਹੈ ਕਿ ਅਸਲ ਸ੍ਰੋਤ ਉੱਥੇ ਮੌਜੂਦ ਹੈ

ਕ੍ਰਾਊਨ-ਇੰਡੀਜਿਨਸ ਰਿਲੇਸ਼ਨਜ਼ ਮਿਨਿਸਟਰ ਮਾਰਕ ਮਿਲਰ ਦੇ ਦਫ਼ਤਰ ਤੋਂ ਫ਼ਿਲਹਾਲ ਇਹਨਾਂ ਖ਼ੁਲਾਸਿਆਂ ਬਾਰੇ ਕੋਈ ਟਿੱਪਣੀ ਨਹੀਂ ਦਿੱਤੀ ਗਈ ਹੈ। 

ਪਰ ਮਿਲਰ ਦੇ ਦਫ਼ਤਰ ਨੇ ਕਿਹਾ, ਕਿ ਲਿਬਰਲ ਸਰਕਾਰ ਅਤੇ ਪ੍ਰਧਾਨ ਮੰਤਰੀ, ਜਨਤਕ ਤੌਰ ‘ਤੇ ਕੈਥਲਿਕ ਚਰਚ ਨੂੰ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਆਖ ਚੁੱਕੇ ਹਨ। 

ਪਰ ਐਨਡੀਪੀ ਹੋਰ ਕਾਰਵਾਈ ਚਾਹੁੰਦੀ ਹੈ। 

ਐਮਪੀਜ਼ ਨੇ ਪੱਤਰ ਵਿਚ ਲਿਖਿਆ, ਅਸੀਂ ਤੁਹਾਨੂੰ ਉਹਨਾਂ ਦਸਤਾਵੇਜ਼ਾਂ ਨੂੰ ਕੈਨੇਡਾ ਵਾਪਸ ਲਿਆਉਣ ਲਈ ਕਦਮ ਚੁੱਕਣ ਲਈ ਕਹਿ ਰਹੇ ਹਾਂ। ਵੈਟੀਕਨ ਕੂਟਨੀਤਕ ਛੋਟ ਦਾ ਦਾਅਵਾ ਕਰ ਸਕਦਾ ਹੈ, ਪਰ ਇਸ ਛੋਟ ਦੀ ਵਰਤੋਂ, ਬੱਚਿਆਂ ਵਿਰੁੱਧ ਅਪਰਾਧਾਂ ਦੀ ਜਾਂਚ ਦੌਰਾਨ ਨਹੀਂ ਕੀਤੀ ਜਾ ਸਕਦੀ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ