1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਹੈਲਥ ਕੈਨੇਡਾ ਨੇ ਬੱਚਿਆਂ ਲਈ ਵੀ ਫਾਈਜ਼ਰ ਕੋਵਿਡ ਵੈਕਸੀਨ ਮੰਜ਼ੂਰ ਕੀਤੀ

5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਨੂੰ ਵੈਕਸੀਨ ਦਿੱਤੀ ਜਾ ਸਕੇਗੀ

A girl receives a dose of a COVID-19 vaccine at a public school in Chile in September. With Health Canada set to approve Pfizer-BioNTech's COVID-19 vaccine for Canadians aged five to 11, parents of these younger school-aged children must now decide whether they'll be queuing up to get their kids their shots.

ਚਿਲੀ ਦੇ ਇੱਕ ਸਰਕਾਰੀ ਸਕੂਲ ਵਿਚ ਇੱਕ ਛੋਟੀ ਬੱਚੀ ਕੋਵਿਡ ਵੈਕਸੀਨ ਪ੍ਰਾਪਤ ਕਰਦੀ ਹੋਈ। ਹੈਲਥ ਕੈਨੇਡਾ ਨੇ ਫ਼ਾਈਜ਼ਰ ਦੁਆਰਾ ਤਿਆਰ ਕੋਵਿਡ ਵੈਕਸੀਨ ਨੂੰ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਵੀ ਮੰਜ਼ੂਰੀ ਦੇ ਦਿੱਤੀ ਹੈ।

ਤਸਵੀਰ:  (Rodrigo Garrido/Reuters)

RCI

ਹੈਲਥ ਕੈਨੇਡਾ ਨੇ ਅਧਿਕਾਰਕ ਤੌਰ ‘ਤੇ, 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਵੀ ਫ਼ਾਈਜ਼ਰ ਦੀ ਕੋਵਿਡ ਵੈਕਸੀਨ ਨੂੰ ਮੰਜ਼ੂਰੀ ਦੇ ਦਿੱਤੀ ਹੈ।

ਸ਼ੁੱਕਰਵਾਰ ਨੂੰ ਜਾਰੀ ਇੱਕ ਰਿਲੀਜ਼ ਵਿਚ ਹੈਲਥ ਕੈਨੇਡਾ ਨੇ ਲਿਖਿਆ, ਤਫ਼ਸੀਲੀ ਅਤੇ ਸੁਤੰਤਰ ਵਿਗਿਆਨਕ ਸਮੀਖਿਆ ਕਰਨ ਤੋਂ ਬਾਅਦ, ਵਿਭਾਗ ਇਸ ਨਤੀਜੇ ‘ਤੇ ਪਹੁੰਚਿਆ ਹੈ ਕਿ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਇਸ ਵੈਕਸੀਨ ਦੇ ਫ਼ਾਇਦੇ, ਇਸ ਨਾਲ ਜੁੜੇ ਖ਼ਤਰਿਆਂ ਤੋਂ ਕਿਤੇ ਵੱਧ ਹਨ

ਕੈਨੇਡਾ ਵਿਚ ਇਸ ਉਮਰ ਵਰਗ ਲਈ ਮੰਜ਼ੂਰ ਹੋਣ ਵਾਲੀ ਇਹ ਪਹਿਲੀ ਵੈਕਸੀਨ ਹੈ ਅਤੇ ਕੋਵਿਡ ਖ਼ਿਲਾਫ਼ ਕੈਨੇਡਾ ਦੀ ਲੜਾਈ ਦਾ ਇਹ ਇੱਕ ਅਹਿਮ ਮੀਲਪੱਥਰ ਹੈ

12 ਸਾਲ ਅਤੇ ਵੱਧ ਉਮਰ ਦੇ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਡੋਜ਼ਾਂ ਦੇ ਮੁਕਾਬਲੇ, ਬੱਚਿਆਂ ਵਾਸਤੇ ਇਹਨਾਂ ਡੋਜ਼ਾਂ ਦੀ ਮਿਕਦਾਰ ਇੱਕ-ਤਿਹਾਈ ਹੋਵੇਗੀ। ਪਹਿਲੀ ਅਤੇ ਦੂਸਰੀ ਡੋਜ਼ ਦੇ ਦਰਮਿਆਨ ਤਿੰਨ ਹਫ਼ਤਿਆਂ ਦਾ ਵਕਫ਼ਾ ਹੋਵੇਗਾ।

ਹਾਲਾਂਕਿ ਨੈਸ਼ਨਲ ਐਡਵਾਇਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ (NACI) ਦੀ ਸਿਫ਼ਾਰਿਸ਼ ਹੈ ਕਿ ਦੋਵੇਂ ਖ਼ੁਰਾਕਾਂ ਦਰਮਿਆਨ ਅੰਤਰਾਲ ਨੂੰ ਘੱਟੋ ਘੱਟ 8 ਹਫ਼ਤੇ ਕੀਤਾ ਜਾਵੇ। ਰਿਸਰਚ ਆਧਾਰਤ ਜਾਣਕਾਰੀ ਮੁਤਾਬਕ ਡੋਜ਼ਾਂ ਵਿਚ ਲੰਬੇ ਵਕਫ਼ੇ ਬਿਹਤਰ ਸੁਰੱਖਿਆ ਪ੍ਰਦਾਨ ਕਰਦੇ ਹਨ।

ਵਿਭਾਗ ਦਾ ਕਹਿਣਾ ਹੈ ਕਿ ਕਲੀਨਿਕਲ ਟ੍ਰਾਇਲਜ਼ ਦੌਰਾਨ, 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਵਿਚ ਇਹ ਵੈਕਸੀਨ ਕੋਵਿਡ ਸੁਰੱਖਿਆ ਪ੍ਰਦਾਨ ਕਰਨ ਵਿਚ 90.7 ਫ਼ੀਸਦੀ ਪ੍ਰਭਾਵਸ਼ਾਲੀ ਰਹੀ ਸੀ ਅਤੇ ਇਸ ਦਾ ਕੋਈ ਗੰਭੀਰ ਸਾਈਡ-ਇਫ਼ੈਕਟ ਵੀ ਸਾਹਮਣੇ ਨਹੀਂ ਆਇਆ ਸੀ।

ਸਭ ਲਈ ਫ਼ਾਇਦੇਮੰਦ : ਡਾਕਟਰ

ਡਾ ਮਿਸ਼ੇਲ ਬਾਰਟਨ-ਫ਼ੋਰਬਜ਼ ਵੈਸਟਰਨ ਯੂਨੀਵਰਸਿਟੀ, ਲੰਡਨ ਵਿਚ ਅਸੋਸੀਏਟ ਪ੍ਰੋਫ਼ੈਸਰ ਹਨ ਅਤੇ ਬੱਚਿਆਂ ਵਿਚ ਫ਼ੈਲਣ ਵਾਲੀਆਂ ਬਿਮਾਰੀਆਂ ਦੇ ਮਾਹਰ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਉਮਰ ਵਰਗ ਵਿਚ ਵੈਕਸੀਨ ਦੀ ਮੰਜ਼ੂਰੀ ਕੈਨੇਡਾ ਲਈ ਗੇਮ ਚੇਂਜਰ ਸਾਬਤ ਹੋ ਸਕਦੀ ਹੈ।

ਉਹਨਾਂ ਕਿਹਾ, ਕਿ ਇਸ  ਨਾਲ ਬੱਚੇ ਨਾ ਸਿਰਫ਼ ਕੋਵਿਡ ਤੋਂ ਸੁਰੱਖਿਅਤ ਰਹਿਣਗੇ, ਸਗੋਂ ਇਹ ਉਹਨਾਂ ਦੀ ਸੰਪੂਰਨ ਸਿਹਤ ਲਈ ਵੀ ਚੰਗਾ ਹੋਵੇਗਾ, ਕਿਉਂਕਿ ਉਹ ਹੁਣ ਇਨ-ਪਰਸਨ ਕਲਾਸਾਂ ਅਤੇ ਹੋਰ ਗਤੀਵਿਧੀਆਂ ਵਿਚ ਵੀ ਸ਼ਾਮਲ ਹੋ ਸਕਣਗੇ।

ਡਾ ਮਿਸ਼ੇਲ ਨੇ ਕਿਹਾ, ਇਸ ਨਾਲ ਐਡਲਟਸ ਵਿਚ ਵੀ ਕੋਵਿਡ ਦੇ ਨਵੇਂ ਕੇਸਾਂ ਵਿਚ ਕਮੀ ਆਏਗੀ, ਜੋ ਅਕਸਰ ਬੱਚਿਆਂ ਦੇ ਸਕੂਲ ਵਿਚ ਵਾਇਰਸ ਦੀ ਪਲੇਟ ਵਿਚ ਆਉਣ ਕਰਕੇ ਬਿਮਾਰ ਹੋ ਸਕਦੇ ਸਨ। ਇਸ ਨਾਲ ਕੋਵਿਡ ਸਬੰਧਤ ਹਸਪਤਾਲ ਦਾਖ਼ਲਿਆਂ ਵਿਚ ਵੀ ਕਮੀ ਆਏਗੀ, ਖ਼ਾਸ ਤੌਰ ਤੇ ਅਜਿਹੇ ਸਮੇਂ ਵਿਚ ਜਦੋਂ ਹੋਰ ਵਾਇਰਸਾਂ ਕਰਕੇ ਬੱਚਿਆਂ ਦੇ ਹਸਪਤਾਲ ਦਾਖ਼ਲਿਆਂ ਵਿਚ ਵਾਧਾ ਹੋ ਰਿਹਾ ਹੈ

Eric Aviles, 6 ans, reçoit le vaccin de Pfizer contre la COVID-19.

9 ਨਵੰਬਰ ਨੂੰ ਕੈਲੀਫ਼ੋਰਨੀਆ ਦੇ ਇੱਕ ਸਕੂਲ ਵਿਚ ਛੇ ਸਾਲ ਦੇ ਐਰਿਕ ਐਵਲੇਸ ਨੇ ਫ਼ਾਈਜ਼ਰ ਦੀ ਕੋਵਿਡ ਵੈਕਸੀਨ ਪ੍ਰਾਪਤ ਕੀਤੀ।

ਤਸਵੀਰ: Associated Press / Jae C. Hong

NACI ਦੀ ਸਾਬਕਾ ਚੇਅਰ ਅਤੇ ਯੂਨੀਵਰਸਿਟੀ ਔਫ਼ ਮੌਂਟਰੀਅਲ ਵਿਚ ਬੱਚਿਆਂ ਦੀ ਬਿਮਾਰੀ ਦੀ ਮਾਹਰ ਕੈਰੋਲਿਨ ਕੁਆਚ ਨੇ ਕਿਹਾ, ਕਿ ਇਹ ਕੁਦਰਤੀ ਗੱਲ ਹੈ ਕਿ ਮਾਪਿਆਂ ਵਿਚ ਆਪਣੇ ਬੱਚਿਆਂ ਦੀ ਵੈਕਸੀਨੇਸ਼ਨ ਨੂੰ ਲੈਕੇ ਕਈ ਸ਼ੰਕੇ ਹੋਣਗੇ। ਪਰ ਟ੍ਰਾਇਲਜ਼ ਦੌਰਾਨ ਵੈਕਸੀਨ ਬਹੁਤ ਪ੍ਰਭਾਵਸ਼ਾਲੀ ਅਤੇ ਘੱਟ ਰਿਐਕਸ਼ਨ ਵਾਲੀ ਰਹੀ ਹੈ। 16 ਤੋਂ 25 ਸਾਲ ਦੀ ਉਮਰ ਵਰਗ ਦੇ ਮੁਕਾਬਲੇ, 5 ਤੋਂ 11 ਸਾਲ ਦੇ ਬੱਚਿਆਂ ਵਿਚ ਬੁਖ਼ਾਰ, ਥਕਾਵਟ ਅਤੇ ਮਾਸ-ਪੇਸ਼ੀਆਂ ਵਿਚ ਦਰਦ ਦੇ ਬਹੁਤ ਥੋੜੇ ਮਾਮਲੇ ਸਾਹਮਣੇ ਆਏ ਹਨ।

ਮੰਜ਼ੂਰੀ ਦਿੱਤੇ ਜਾਣ ਅਧੀਨ, ਹੈਲਥ ਕੈਨੇਡਾ ਨੇ ਫ਼ਾਈਜ਼ਰ-ਬਾਇਉਐਨਟੈਕ ਨੂੰ, ਬੱਚਿਆਂ ਵਿਚ ਵੈਕਸੀਨ ਦੀ ਸੁਰੱਖਿਆ ਅਤੇ ਕਾਰਗਰਤਾ ਬਾਰੇ, ਲਗਾਤਾਰ ਜਾਣਕਾਰੀ ਮੁਹੱਈਆ ਕਰਵਾਉਂਦੇ ਰਹਿਣ ਲਈ ਵੀ ਆਖਿਆ ਹੈ।

ਹੈਲਥ ਕੈਨੇਡਾ ਅਤੇ ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ, ਇਸ ਵੈਕਸੀਨ ਦੀ ਸੁਰੱਖਿਆ ਦਾ ਬੜੀ ਸਾਵਧਾਨੀ ਨਾਲ ਜਾਇਜ਼ਾ ਲੈਂਦੀ ਰਹੇਗੀ ਅਤੇ ਕਿਸੇ ਸੁਰੱਖਿਆ ਸਬੰਧੀ ਰਿਸਕ ਦਾ ਖ਼ਦਸ਼ਾ ਹੋਣ ਦੀ ਸਥਿਤੀ ਵਿਚ ਲੋੜੀਂਦੇ ਕਦਮ ਚੁੱਕੇ ਜਾਣਗੇ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ