1. ਮੁੱਖ ਪੰਨਾ
  2. ਵਿਗਿਆਨ
  3. ਦਵਾਈ

ਮੌਡਰਨਾ ਨੇ ਕੀਤੀ ਬੱਚਿਆਂ ਲਈ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਮੰਗ

ਫ਼ਾਈਜ਼ਰ-ਬਾਇਉਐਨਟੈਕ ਦੀ ਅਰਜ਼ੀ ਦੀ ਵੀ ਹੋ ਰਹੀ ਹੈ ਸਮੀਖ਼ਿਆ

ਹੈੱਲਥ ਕੈਨੇਡਾ ਨੇ ਮੌਡਰਨਾ ਵੱਲੋਂ ਤਿਆਰ ਕੋਵਿਡ ਵੈਕਸੀਨ ਦੇ ਬੂਸਟਰ ਸ਼ੌਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ।

ਹੈੱਲਥ ਕੈਨੇਡਾ ਨੇ ਮੌਡਰਨਾ ਵੱਲੋਂ ਤਿਆਰ ਕੋਵਿਡ ਵੈਕਸੀਨ ਦੇ ਬੂਸਟਰ ਸ਼ੌਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ।

ਤਸਵੀਰ: Reuters / Hassene Dridi

RCI

ਮੌਡਰਨਾ ਵੱਲੋਂ ਹੈੱਲਥ ਕੈਨੇਡਾ ਤੋਂ 6 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਆਪਣੀ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ I

ਬੱਚਿਆਂ ਲਈ ਵਰਤੇ ਜਾਣ ਦੀ ਮਨਜ਼ੂਰੀ ਦੀ ਮੰਗ ਵਾਲੀ ਇਹ ਦੂਜੀ ਕੋਵਿਡ-19 ਵੈਕਸੀਨ ਹੈ। ਇਸਤੋਂ ਪਹਿਲਾਂ ਹੈੱਲਥ ਕੈਨੇਡਾ ਵੱਲੋਂ ਫ਼ਾਈਜ਼ਰ-ਬਾਇਉਐਨਟੈਕ ਦੀ ਅਰਜ਼ੀ ਦੀ ਵੀ ਸਮੀਖ਼ਿਆ ਕੀਤੀ ਜਾ ਰਹੀ ਹੈ I 

ਹੈੱਲਥ ਕੈਨੇਡਾ ਨੂੰ 18 ਅਕਤੂਬਰ ਨੂੰ ਫ਼ਾਈਜ਼ਰ ਦੀ ਅਰਜ਼ੀ ਪ੍ਰਾਪਤ ਹੋਈ ਸੀ I  ਇਹ ਡੋਜ਼, ਬਾਲਗਾਂ ਅਤੇ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਡੋਜ਼ ਦਾ ਇੱਕ ਤਿਹਾਈ ਹੋਵੇਗੀ।

ਫਾਈਜ਼ਰ ਦੀ ਕੋਵਿਡ ਵੈਕਸੀਨ ਨੂੰ ਹੁਣ ਅਧਿਕਾਰਤ ਤੌਰ 'ਤੇ ਕੌਮਿਰਨਾਟੀ ਕਿਹਾ ਜਾਂਦਾ ਹੈ ਜਦੋਂ ਕਿ ਮੌਡਰਨਾ ਦੀ ਕੋਵਿਡ-19 ਵੈਕਸੀਨ ਨੂੰ ਸਪਾਈਕਵੈਕਸ ਨਾਮ ਹੇਠ ਵੇਚਿਆ ਜਾਂਦਾ ਹੈ। ਹੈੱਲਥ ਕੈਨੇਡਾ ਵੱਲੋਂ ਫ਼ਾਈਜ਼ਰ ਦੀ ਅਰਜ਼ੀ ਦੀ ਸਮੀਖ਼ਿਆ ਇੱਕ ਤੋਂ ਦੋ ਹਫ਼ਤਿਆਂ ਵਿੱਚ ਪੂਰੀ ਹੋਣ ਦੀ ਗੱਲ ਕਹੀ ਗਈ ਸੀ I

ਭਾਵੇਂ ਕਿ ਹੈੱਲਥ ਕੈਨੇਡਾ ਦੁਆਰਾ ਮੌਡਰਨਾ ਵੱਲੋਂ ਬੱਚਿਆਂ ਲਈ ਵਰਤੀ ਜਾਣ ਵਾਲੀ ਡੋਜ਼ ਦੀ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਹੈ ਪਰ ਕੰਪਨੀ ਦੇ ਕਲੀਨਿਕਲ ਟ੍ਰਾਇਲਜ਼ ਵਿੱਚ ਇੱਕ ਮਹੀਨੇ ਦੇ ਅੰਤਰਾਲ ਨਾਲ ਬੱਚਿਆਂ ਵਿੱਚ ਬਾਲਗਾਂ ਦੇ ਮੁਕਾਬਲੇ ਅੱਧੀ ਡੋਜ਼ ਵਰਤੀ ਗਈ I 

ਜ਼ਿਕਰਯੋਗ ਹੈ ਕਿ ਹੈੱਲਥ ਕੈਨੇਡਾ ਨੇ ਫ਼ਾਈਜ਼ਰ-ਬਾਇਉਐਨਟੈਕ ਦੁਆਰਾ ਤਿਆਰ ਕੀਤੀ ਗਈ ਕੋਵਿਡ ਵੈਕਸੀਨ ਦੇ ਬੂਸਟਰ ਸ਼ੌਟਸ , 18 ਸਾਲ ਅਤੇ ਉਸਤੋਂ ਵੱਧ ਉਮਰ ਦੇ ਲੋਕਾਂ ਨੂੰ ਦਿੱਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਹੈੱਲਥ ਕੈਨੇਡਾ ਨੇ ਮੌਡਰਨਾ ਵੱਲੋਂ ਤਿਆਰ ਕੋਵਿਡ ਵੈਕਸੀਨ ਦੇ ਬੂਸਟਰ ਸ਼ੌਟ ਨੂੰ ਵੀ ਮਨਜ਼ੂਰੀ ਦੇ ਦਿੱਤੀ ਸੀ।

ਬੂਸਟਰ ਡੋਜ਼ ਦਾ ਮਕਸਦ , ਕੋਵਿਡ ਤੋਂ ਬਿਮਾਰ ਹੋਣ ਦੀ ਵਧੇਰੇ ਸੰਭਾਵਨਾ ਵਾਲੇ ਲੋਕਾਂ ਨੂੰ ਕੋਵਿਡ ਤੋਂ ਸੁਰੱਖਿਅਤ ਰੱਖਣਾ ਹੈ I ਬੂਸਟਰ ਸ਼ੌਟ ਆਮ ਫ਼ਾਈਜ਼ਰ ਵੈਕਸੀਨ ਵਰਗਾ ਹੀ ਹੈ ਅਤੇ ਇਸਨੂੰ ਲਗਵਾਉਣ ਤੋਂ ਪਹਿਲਾਂ, ਵੈਕਸੀਨ ਦੀ ਦੂਸਰੀ ਡੋਜ਼ ਪ੍ਰਾਪਤ ਕੀਤੇ ਹੋਣ ਨੂੰ ਘੱਟੋ ਘੱਟ ਛੇ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੋਣਾ ਚਾਹੀਦਾ ਹੈ।

ਨੈਸ਼ਨਲ ਐਡਵਾਇਜ਼ਰੀ ਕਮੇਟੀ ਔਨ ਇਮਿਉਨਾਇਜ਼ੇਸ਼ਨ (NACI) ਨੇ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਅਤੇ ਫ਼੍ਰੰਟ ਲਾਈਨ ਹੈਲਥ-ਵਰਕਰਾਂ, ਜਿਹਨਾਂ ਦੇ ਦੋਵੇਂ ਖ਼ੁਰਾਕਾਂ ਲੈਣ ਦਰਮਿਆਨ ਛੋਟਾ ਵਕਫ਼ਾ ਸੀ, ਲਈ ਬੂਸਟਰ ਸ਼ੌਟ ਦਿੱਤੇ ਜਾਣ ਦੀ ਸਿਫ਼ਾਰਿਸ਼ ਕੀਤੀ ਸੀ। ਰਿਸਰਚ ਅਨੁਸਾਰ ਵੈਕਸੀਨ ਦੀਆਂ ਖ਼ੁਰਾਕਾਂ ਵਿਚਕਾਰ ਲੰਬਾ ਵਕਫ਼ਾ, ਬਿਮਾਰੀ ਤੋਂ ਬਿਹਤਰ ਸੁਰੱਖਿਆ ਪ੍ਰਦਾਨ ਕਰਦਾ ਹੈ।

ਹੈੱਲਥ ਕੈਨੇਡਾ ਮੁਤਾਬਿਕ ਬੱਚਿਆਂ ਵਿੱਚ ਸਪਾਈਕਵੈਕਸ ਦੀ ਵਰਤੋਂ ਨੂੰ ਕੇਵਲ ਤਾਂ ਹੀ ਮਨਜ਼ੂਰੀ ਦਿੱਤੀ ਜਾਵੇਗੀ ਜੇਕਰ ਅੰਕੜਿਆਂ ਮੁਤਾਬਿਕ ਵੈਕਸੀਨ ਦੇ ਲਾਭ, ਬੱਚਿਆਂ ਨੂੰ ਹੋਣ ਵਾਲੇ ਜ਼ੋਖਮਾਂ ਤੋਂ ਵਧੇਰੇ ਹੋਣਗੇ I

ਨਿਕੋਲ ਆਇਰਲੈਂਡ
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ