1. ਮੁੱਖ ਪੰਨਾ
  2. ਸਮਾਜ
  3. ???

ਪੱਗਾਂ ਦੀ ਵਰਤੋਂ ਕਰਕੇ ਜਾਨ ਬਚਾਉਣ ਵਾਲੇ ਪੰਜਾਬੀ ਨੌਜਵਾਨਾਂ ਦਾ ਪੁਲਿਸ ਵੱਲੋਂ ਸਨਮਾਨ

ਵੱਡੀ ਪੱਧਰ 'ਤੇ ਹੋ ਰਹੀ ਹੈ ਨੌਜਵਾਨਾਂ ਦੀ ਸ਼ਲਾਘਾ

ਨੌਜਵਾਨਾਂ ਦੇ ਸਨਮਾਨ ਮੌਕੇ ਦੀ ਤਸਵੀਰ

ਨੌਜਵਾਨਾਂ ਦੇ ਸਨਮਾਨ ਮੌਕੇ ਦੀ ਤਸਵੀਰ

ਤਸਵੀਰ: CBC

RCI

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਗੋਲਡਨ ਈਅਰਜ਼ ਪਾਰਕ ਵਿੱਚ ਪੱਗਾਂ ਨੂੰ ਰੱਸੀ ਵਜੋਂ ਵਰਤ ਕੇ 2 ਨੌਜਵਾਨਾਂ ਦੀ ਜਾਨ ਬਚਾਉਣ ਵਾਲੇ ਪੰਜਾਬੀ ਮੂਲ ਦੇ 5 ਨੌਜਵਾਨਾਂ ਦਾ ਰਿੱਜ ਮੀਡੋਜ਼ ਆਰਸੀਐਮਪੀ , ਮੇਪਲ ਰਿੱਜ ਅਤੇ ਪਿਟ ਮੀਡੋਜ਼ ਸਿਟੀਜ਼ ਵੱਲੋਂ ਸਨਮਾਨ ਕੀਤਾ ਗਿਆ ਹੈ I

ਕੁਝ ਦਿਨ ਪਹਿਲਾਂ ਵਾਪਰੀ ਇਸ ਘਟਨਾ ਵਿੱਚ ਕਰੀਬ 20 ਸਾਲ ਦਾ ਇਕ ਨੌਜਵਾਨ ਪੈਰ ਤਿਲਕਣ ਨਾਲ ਚੱਟਾਨ ਤੋਂ ਥੱਲੇ ਜਾ ਡਿੱਗਾ I ਅਜੈ ਕੁਮਾਰ, ਅਰਵਿੰਦਜੀਤ ਸਿੰਘ, ਗਗਨਦੀਪ ਸਿੰਘ, ਕੁਲਜਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਮੀ ਨੌਜਵਾਨਾਂ ਨੇ ਆਪਣੀਆਂ ਪੱਗਾਂ ਅਤੇ ਜੈਕਟਾਂ ਨੂੰ ਇਕੱਠੇ ਬੰਨ੍ਹ ਕੇ 10 ਮੀਟਰ ਲੰਬੀ ਰੱਸੀ ਬਣਾ ਕੇ ਉਸਨੂੰ ਬਹੁਤ ਤੇਜ਼ ਗਤੀ ਵਾਲੇ ਪਾਣੀ ਵਿੱਚੋਂ ਬਾਹਰ ਕੱਢਿਆ I

ਇਸ ਮੌਕੇ ਗੁਰਪ੍ਰੀਤ ਸਿੰਘ ਨੇ ਕਿਹਾ, ਮੈਂ ਬੇਹੱਦ ਖੁਸ਼ ਮਹਿਸੂਸ ਕਰ ਰਿਹਾ ਹਾਂ ਅਤੇ ਮੈਂ ਇਸਨੂੰ ਬਿਆਨ ਨਹੀਂ ਕਰ ਸਕਦਾ। ਮੈਨੂੰ ਸੱਚਮੁੱਚ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਕੋਲ ਪੱਗ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਨੌਜਵਾਨ ਅੰਤਰ ਰਾਸ਼ਟਰੀ ਵਿਦਿਆਰਥੀ ਹਨ I ਇਸ ਸਨਮਾਨ ਮੌਕੇ ਰਿੱਜ ਮੀਡੋਜ਼ ਆਰਸੀਐਮਪੀ ਦੇ ਅਧਿਕਾਰੀ ਵੈਂਡੀ ਮਹਿਤ ਨੇ ਨੌਜਵਾਨਾਂ ਦੀ ਸਰਾਹਨਾ ਕਰਦਿਆਂ ਸਿੱਖ ਧਰਮ ਅਤੇ ਪੱਗ ਦੀ ਮਹੱਤਤਾ ਬਾਰੇ ਵੀ ਗੱਲ ਕੀਤੀ I

ਮਹਿਤ ਨੇ ਕਿਹਾ, ਮੈਂ 21 ਸਾਲਾਂ ਤੋਂ ਪੁਲਿਸ ਅਫ਼ਸਰ ਹਾਂ ਅਤੇ ਮੈਂ ਅਜਿਹਾ ਕਦੇ ਨਹੀਂ ਦੇਖਿਆ ਹੈ। ਸਿੱਖ ਧਰਮ ਨਾਲ ਜੁੜੇ ਹੋਣ ਕਰਕੇ ਇਸ ਤਰ੍ਹਾਂ ਦੀ ਬਹਾਦਰੀ 'ਤੇ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ I

ਗੁਰਪ੍ਰੀਤ ਸਿੰਘ ਨੇ ਕਿਹਾ ਇਹ ਸਾਡੇ ਅਤੇ ਸਾਡੇ ਧਰਮ ਲਈ ਬੇਹੱਦ ਚੰਗੀ ਗੱਲ ਹੈ I ਉਸਨੇ ਕਿਹਾ ਸਾਨੂੰ ਆਪਣੇ ਦੇਸ਼ ਵਿੱਚ ਵੀ ਬਹੁਤ ਪ੍ਰਸ਼ੰਸਾ ਮਿਲੀ ਹੈ।

ਕਾਰੀਨ ਲਾਰਸੈਨ ਸੀ ਬੀ ਸੀ ਨਿਊਜ਼
ਪੰਜਾਬੀ ਅਨੁਵਾਦ ਸਰਬਮੀਤ ਸਿੰਘ

ਸੁਰਖੀਆਂ