1. ਮੁੱਖ ਪੰਨਾ
  2. ???

ਟੋਰੌਂਟੋ ਨਜ਼ਦੀਕ ਇੱਕ ਜਹਾਜ਼ ਨੇ ਹਾਈਵੇ ‘ਤੇ ਕੀਤੀ ਐਮਰਜੈਂਸੀ ਲੈਂਡਿੰਗ

ਪੁਲਿਸ ਮੁਤਾਬਕ ਕੋਈ ਜ਼ਖ਼ਮੀ ਨਹੀਂ ਹੋਇਆ

ਟੋਰੌਂਟੋ ਨਜ਼ਦੀਕ ਮਾਰਖਮ ਦੇ ਬਟਨਵਿਲ ਏਅਰਪੋਰਟ ਤੋਂ ਇੱਕ ਨਿੱਕੇ ਜਹਾਜ਼ ਨੇ ਬੁੱਧਵਾਰ ਸਵੇਰੇ ਉਡਾਣ ਭਰੀ ਸੀ, ਪਰ ਕੁਝ ਚਿਰ ਬਾਅਦ ਤਕਨੀਕੀ ਖ਼ਰਾਬੀ ਕਾਰਨ, ਜਹਾਜ਼ ਨੂੰ ਮਜਬੂਰਨ ਹਾਈਵੇ ਉੱਤੇ ਹੀ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਟੋਰੌਂਟੋ ਨਜ਼ਦੀਕ ਮਾਰਖਮ ਦੇ ਬਟਨਵਿਲ ਏਅਰਪੋਰਟ ਤੋਂ ਇੱਕ ਨਿੱਕੇ ਜਹਾਜ਼ ਨੇ ਬੁੱਧਵਾਰ ਸਵੇਰੇ ਉਡਾਣ ਭਰੀ ਸੀ, ਪਰ ਕੁਝ ਚਿਰ ਬਾਅਦ ਤਕਨੀਕੀ ਖ਼ਰਾਬੀ ਕਾਰਨ, ਜਹਾਜ਼ ਨੂੰ ਮਜਬੂਰਨ ਹਾਈਵੇ ਉੱਤੇ ਹੀ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਤਸਵੀਰ: (Michael Cole/CBC)

RCI

ਬੁੱਧਵਾਰ ਸਵੇਰੇ ਇੱਕ ਛੋਟੇ ਜਹਾਜ਼ ਨੂੰ ਟੋਰੌਂਟੋ ਦੇ ਉੱਤਰ ਵਿਚ ਪੈਂਦੇ ਇੱਕ ਮਸਰੂਫ਼ ਹਾਈ ਉੱਪਰ ਹੀ ਲੈਡਿੰਗ ਕਰਨ ਲਈ ਮਜਬੂਰ ਹੋਣਾ ਪਿਆ। 

ਟੋਰੌਂਟੋ ਦੇ ਨਾਲ ਲਗਦੇ ਸ਼ਹਿਰ ਮਾਰਖਮ ਦੇ ਬਟਨਵਿਲ ਮਿਉਂਸਿਪਲ ਏਅਰਪੋਰਟ ਤੋਂ ਉੱਡੇ ਇਸ ਨਿੱਕੇ ਜਹਾਜ਼ ਵਿਚ, ਇੱਕ ਪਾਇਲਟ ਅਤੇ ਇਕ ਇੰਸਟਰੱਕਟਰ ਸਵਾਰ ਸਨ। ਉਨਟੇਰਿਉ ਪ੍ਰੋਵਿੰਸ਼ੀਅਲ ਪੁਲਿਸ ਦੇ ਸਾਰਜੈਂਟ ਕੈਰੀ ਸ਼ਮਿਡ ਮੁਤਾਬਕ, ਜਹਾਜ਼ ਨੇ ਜਦੋਂ ਉਡਾਣ ਭਰੀ ਸੀ ਉਦੋਂ ਤੱਕ ਉਸ ਵਿਚ ਕੋਈ ਖ਼ਰਾਬੀ ਮਹਿਸੂਸ ਨਹੀਂ ਹੋਈ ਸੀ। 

ਪਰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ, ਜਹਾਜ਼ ਨੂੰ ਖੱਬੇ ਫ਼ਿਊਲ ਟੈਂਕ ਤੋਂ ਸੱਜੇ ਪਾਸੇ ਦੇ ਫ਼ਿਊਲ ਟੈਂਕ ਵਿਚ ਸਵਿੱਚ ਹੋਣ ਵੇਲੇ ਤਕਨੀਕੀ ਖ਼ਰਾਬੀ ਆ ਗਈ, ਜਿਸ ਕਰਕੇ ਜਹਾਜ਼ ਨੂੰ ਹਾਈਵੇ 407 ਉੱਤੇ ਹੀ ਲੈਂਡ ਕਰਨਾ ਪਿਆ। 

ਸਾਰਜੈਂਟ ਸ਼ਮਿਡ ਨੇ ਕਿਹਾ, ਇਹ ਕਾਫ਼ੀ ਤਣਾਅਪੂਰਨ ਹੁੰਦਾ ਹੈ, ਖ਼ਾਸ ਤੌਰ ਤੇ ਜਦੋਂ ਤੁਸੀਂ ਆਬਾਦੀ ਵਾਲੇ ਪੱਕੇ ਇਲਾਕੇ ਦੇ ਉੱਪਰ ਉੱਡ ਰਹੇ ਹੋਵੋਂ। ਹਾਈਵੇ 407 ਉਹਨਾਂ ਦੇ ਨੀਚੇ ਸੀ ਅਤੇ ਉਹਨਾਂ ਨੇ ਪਰਫ਼ੈਕਟ ਲੈਂਡਿੰਗ ਕੀਤੀ

ਜਹਾਜ਼ ਕੋਲ ’ਸੁਰੱਖਿਅਤ’ ਹੋਣ ਦੀ ਪੁਸ਼ਟੀ ਸੀ 

ਜਦੋਂ ਜਹਾਜ਼ ਵਿਚ ਇਹ ਸਮੱਸਿਆ ਆਈ, ਉਸ ਵੇਲੇ ਪਾਇਲਟ ਅਤੇ ਇੰਸਟਰੱਕਟਰ ਉਨਟੇਰਿਉ ਦੇ ਗ੍ਰਿਮਜ਼ਬੀ ਸ਼ਹਿਰ ਵੱਲ ਜਾ ਰਹੇ ਸਨ। 

ਸਾਰਜੈਂਟ ਸ਼ਮਿਡ ਨੇ ਦੱਸਿਆ ਕਿ ਖ਼ਰਾਬੀ ਆਉਂਦਿਆਂ ਹੀ ਉਹਨਾਂ ਨੇ ਵਾਪਸ ਏਅਰਪੋਰਟ ਜਾਣ ਦੀ ਵੀ ਸੋਚੀ, ਪਰ ਉਹਨਾਂ ਮਹਿਸੂਸ ਕੀਤਾ ਕਿ ਉੱਥੇ ਪਹੁੰਚਣਾ ਸੰਭਵ ਨਹੀਂ ਸੀ, ਕਿਉਂਕਿ ਉਹ ਦੂਰ ਆ ਗਏ ਸਨ। ਇਸ ਕਰਕੇ ਉਹਨਾਂ ਨੇ ਜਹਾਜ਼ ਨੂੰ ਨੀਚੇ ਹਾਈਵੇ ਤੇ ਲੈਂਡ ਕਰਨ ਦਾ ਫ਼ੈਸਲਾ ਲਿਆ। 

ਪੁਲਿਸ ਮੁਤਾਬਕ 1970 ਵਿਆਂ ਦੇ ਸਟਾਈਲ ਦੇ ਇਸ ਪਾਇਪਰ ਵਾਰੀਅਰ PA-28 ਜਹਾਜ਼ ਦੀ, ਹਾਲ ਹੀ ਵਿਚ ਮੁਰੰਮਤ ਹੋਈ ਸੀ ਅਤੇ ਇਸਦੇ ਬਿਲਕੁਲ ਦੁਰੁਸਤ ਅਤੇ ਸੁਰੱਖਿਅਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। 

ਪੁਲਿਸ ਦਾ ਕਹਿਣਾ ਹੈ ਕਿ ਜਾਂਚ ਅਤੇ ਮੁਰੰਮਤ ਤੋਂ ਬਾਅਦ, ਜਹਾਜ਼ ਦੀ ਇਹ ਪਹਿਲੀ ਉਡਾਣ ਸੀ, ਇਸ ਕਰਕੇ ਇਸਦੀ ਜਾਂਚ ਕੀਤੀ ਜਾਵੇਗੀ ਕਿ ਕਿੱਥੇ ਗੜਬੜ ਹੋਈ ਹੈ। 

ਕੋਈ ਜ਼ਖ਼ਮੀ ਨਹੀਂ

ਸਾਰਜੈਂਟ ਸ਼ਮਿਡ ਨੇ ਕਿਹਾ ਕਿ ਪਾਇਲਟਸ ਲਈ ਬਿਨਾ ਸ਼ੱਕ ਇਹ ਇੱਕ ਤਣਾਅਪੂਰਨ ਤਜਰਬਾ ਸੀ, ਕਿਉਂਕਿ ਨੀਚੇ ਆਉਣ ਤੋਂ ਬਿਨਾ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਸੀ। ਪਰ ਉਹਨਾਂ ਨੇ ਕਮਾਲ ਕਰ ਦਿੱਤਾ।

ਸ਼ਮਿਡ ਨੇ ਕਿਹਾ ਕਿ ਹਾਈਵੇ ‘ਤੇ ਗੱਡੀਆਂ ਚ ਜਾ ਰਹੇ ਲੋਕਾਂ ਲਈ ਵੀ ਇਹ ਇੱਕ ਅਚੰਭੇ ਵਾਲੀ ਘਟਨਾ ਸੀ, ਕਿਉਂਕਿ ਅਜਿਹਾ ਮੰਜ਼ਰ ਆਮ ਦੇਖਣ ਨੂੰ ਨਹੀਂ ਮਿਲਦਾ। 

ਪੁਲਿਸ ਮੁਤਾਬਕ ਇਸ ਘਟਨਾ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ ਅਤੇ ਕਿਸੇ ਨੂੰ ਵੀ ਚਾਰਜ ਕੀਤੇ ਜਾਣ ਦੀ ਉਮੀਦ ਵੀ ਨਹੀਂ ਹੈ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ