1. ਮੁੱਖ ਪੰਨਾ
  2. ਰਾਜਨੀਤੀ
  3. ਮੂਲਨਿਵਾਸੀ

ਪੋਪ ਫ਼੍ਰਾਂਸਿਸ ਕੈਨੇਡਾ ਆਉਣ ਲਈ ਸਹਿਮਤ, ਮੂਲਨਿਵਾਸੀ ਲੀਡਰਾਂ ਨਾਲ ਕਰਨਗੇ ਮੁਲਾਕਾਤ

ਚਰਚ ਦੀ ਰੈਜ਼ੀਡੈਂਸ਼ੀਅਲ ਸਕੂਲਾਂ ਚ ਭੁਮਿਕਾ ਅਤੇ ਮੂਲਨਿਵਾਸੀਆਂ ਨਾਲ ਸੁਲ੍ਹਾ ਦੇ ਪ੍ਰਸੰਗ ਵਿਚ ਪੋਪ ਦਾ ਦੌਰਾ ਮਹੱਤਵਪੂਰਨ

6 ਜੂਨ ਨੂੰ ਪੋਪ ਫ਼੍ਰੈਂਸਿਸ ਨੇ ਵੈਟੀਕਨ ਸਿਟੀ ਦੀ ਸੇਂਟ ਪੀਟਰਜ਼ ਬੈਸਿਲਿਕਾ ਵਿਚ ਕੈਨੇਡਾ ਦੇ ਮੂਲਨਿਵਾਸੀ ਲੋਕਾਂ ਦੀ ਤਕਲੀਫ਼ਾਂ ਪ੍ਰਤੀ ਦੁੱਖ ਦਾ ਇਜ਼ਹਾਰ ਕੀਤਾ ਸੀ।

6 ਜੂਨ ਨੂੰ ਪੋਪ ਫ਼੍ਰੈਂਸਿਸ ਨੇ ਵੈਟੀਕਨ ਸਿਟੀ ਦੀ ਸੇਂਟ ਪੀਟਰਜ਼ ਬੈਸਿਲਿਕਾ ਵਿਚ ਕੈਨੇਡਾ ਦੇ ਮੂਲਨਿਵਾਸੀ ਲੋਕਾਂ ਦੀ ਤਕਲੀਫ਼ਾਂ ਪ੍ਰਤੀ ਦੁੱਖ ਦਾ ਇਜ਼ਹਾਰ ਕੀਤਾ ਸੀ।

ਤਸਵੀਰ: (Giuseppe Lami/AFP/Getty Images)

RCI

ਬੁੱਧਵਾਰ ਨੂੰ ਵੈਟੀਕਨ ਨੇ ਪੁਸ਼ਟੀ ਕੀਤੀ ਹੈ ਕਿ ਇਸਾਈ ਧਰਮਗੁਰੁ ਪੋਪ ਫ਼੍ਰਾਸਿਸ ਕੈਨੇਡਾ ਵਿਚ ਮੂਲਨਿਵਾਸੀ ਲੀਡਰਾਂ ਨਾਲ ਮੁਲਾਕਾਤ ਕਰਨ ਲਈ ਸਹਿਮਤ ਹੋ ਗਏ ਹਨ। ਕੈਨੇਡਾ ਵਿਚ ਕੈਥਲਿਕ ਚਰਚ ਵੱਲੋਂ ਚਲਾਏ ਜਾਣ ਵਾਲੇ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਬੱਚਿਆਂ ਦੀਆਂ ਬੇਨਿਸ਼ਾਨ ਕਬਰਾਂ ਮਿਲਣ ਤੋਂ ਬਾਅਦ, ਮੂਲਨਿਵਾਸੀ ਭਾਈਚਾਰੇ ਨਾਲ ਸੁਲ੍ਹਾ ਵਾਸਤੇ ਪੋਪ ਨਾਲ ਮੁਲਾਕਾਤ ਦੀ ਮੰਗ ਕੀਤੀ ਜਾ ਰਹੀ ਸੀ। 

ਵੈਟੀਕਨ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਕੈਨੇਡੀਅਨ ਕਾਨਫ਼੍ਰੰਸ ਔਫ਼ ਕੈਥਲਿਕ ਬਿਸ਼ਪਸ ਨੇ ਇਕ ਧਾਰਮਿਕ ਸਫ਼ਰ ਅਤੇ ਮੂਲਨਿਵਾਸੀ ਲੋਕਾਂ ਨਾਲ ਸੁਲ੍ਹਾ ਦੇ ਪ੍ਰਸੰਗ ਵਿਚ ਵੀ, ਪੋਪ ਫ਼੍ਰਾਂਸਿਸ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ। 

ਵੈਟੀਕਨ ਮੁਤਾਬਕ ਪੋਪ ਫ਼੍ਰਾਂਸਿਸ ਨੇ ਕੈਨੇਡਾ ਆਉਣ ਲਈ ਹਾਮੀ ਭਰੀ ਹੈ, ਪਰ ਫ਼ਿਲਹਾਲ ਕੋਈ ਤਾਰੀਖ਼ ਨਿਸ਼ਚਿਤ ਨਹੀਂ ਹੋਈ ਹੈ। ਧਰਮ ਗੁਰੂ ਦੇ ਦੌਰੇ ਦੇ ਸਬੰਧ ਵਿਚ ਆਯੋਜਨਾਂ ਲਈ ਲੋੜੀਂਦੇ ਸਮੇਂ ਦੇ ਮੱਦੇਨਜ਼ਰ, ਇਸ ਸਾਲ ਤਾਂ ਪੋਪ ਦੇ ਆਉਣ ਦੀ ਸੰਭਾਵਨਾ ਘੱਟ ਹੀ ਲਗ ਰਹੀ ਹੈ। 

ਕੈਨੇਡੀਅਨ ਕਾਨਫ਼੍ਰੰਸ ਔਫ਼ ਕੈਥਲਿਕ ਬਿਸ਼ਪਸ (ਸੀ ਸੀ ਸੀ ਬੀ) ਦੇ ਪ੍ਰੈਜ਼ੀਡੈਂਟ ਰੈਵਰੈਂਡ ਰੇਮੰਡ ਪੋਇਸਨ ਨੇ ਕਿਹਾ, ਕੈਨੇਡਾ ਦੇ ਪਾਦਰੀ, ਮੂਲਨਿਵਾਸੀ ਲੋਕਾਂ ਅਤੇ ਖ਼ਾਸ ਤੌਰ ਤੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਪੀੜਤਾਂ, ਜਿਹਨਾਂ ਨੇ ਆਪਣੀ ਦਰਦਭਰੀ ਦਾਸਤਾਨ ਸਾਂਝੀ ਕੀਤੀ ਹੈ ਅਤੇ ਜਿਹੜੇ ਅਜੇ ਵੀ ਤਲਖ਼ ਤਜਰਬੇ ਮਹਿਸੂਸ ਕਰਦੇ ਹਨ, ਨਾਲ ਸਾਰਥਕ ਗੱਲਬਾਤ ਕਰਦੇ ਰਹੇ ਹਨ

ਅਸੀਂ ਦੁਆ ਕਰਦੇ ਹਾਂ ਕਿ ਪੋਪ ਫ਼੍ਰਾਂਸਿਸ ਦਾ ਕੈਨੇਡਾ ਦੌਰਾ, [ਮੂਲਨਿਵਾਸੀਆਂ ਨਾਲ] ਸੁਲ੍ਹਾ ਅਤੇ ਉਹਨਾਂ ਦੇ ਦੁੱਖਾਂ ਦੇ ਨਿਵਾਰਨ ਦੀ ਦਿਸ਼ਾ ਵਿਚ ਇੱਕ ਇਤਿਹਾਸਕ ਕਦਮ ਹੋਵੇਗਾ

ਮੂਲਨਿਵਾਸੀਆਂ ਦੇ ਨੁਕਾਸਨ ਨੂੰ ਪੋਪ ‘ਪੂਰੀ ਤਰ੍ਹਾਂ’ ਸਵੀਕਾਰ ਕਰਨ

ਕ੍ਰਾਊਨ-ਇੰਡੀਜਿਨਸ ਰਿਲੇਸ਼ਨਜ਼ ਮਿਨਿਸਟਰ ਮਾਰਕ ਮਿਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੋਪ ਦੇ ਕੈਨੇਡਾ ਆਉਣ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। 

ਮਿਨਿਸਟਰ ਮਿਲਰ ਨੇ ਕਿਹਾ ਕਿ ਪੋਪ ਦੇ ਕੈਨੇਡਾ ਦੌਰੇ ਦੌਰਾਨ ਮੂਲਨਿਵਾਸੀ ਲੋਕ ਚਾਹੁੰਦੇ ਹਨ ਕਿ ਪੋਪ, ਮੂਲਨਿਵਾਸੀ ਭਾਈਚਾਰਿਆਂ ਨਾਲ ਧੱਕੇ ਅਤੇ ਉਹਨਾਂ ਦੇ ਹੋਏ ਨੁਕਸਾਨ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ।

ਮੈਂ ਜਾਣਦਾ ਹਾਂ ਕਿ ਇਸ ਬਾਰੇ ਮਿਸ਼੍ਰਿਤ ਭਾਵਨਾਵਾਂ ਹੋ ਸਕਦੀਆਂ ਹਨ, ਅੱਡ-ਅੱਡ ਨਜ਼ਰੀਏ ਹੋ ਸਕਦੇ ਹਨ, ਪਰ ਮੂਲਨਿਵਾਸੀਆਂ ਨਾਲ ਸੁਲ੍ਹਾ ਲਈ, ਮੇਰੇ ਖ਼ਿਆਲ ਵਿਚ, ਪੋਪ ਵੱਲੋਂ ਮੂਲਨਿਵਾਸੀਆਂ ਦੀ ਹੋਈ ਹਾਨੀ ਨੂੰ ਪੂਰੀ ਤਰ੍ਹਾਂ ਨਾਲ ਸਵੀਕਾਰ ਕੀਤੇ ਜਾਣ ਦੀ, ਲੰਬੇ ਚਿਰ ਤੋਂ ਉਡੀਕ ਹੋਰ ਰਹੀ ਹੈ

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ, ਕਿ ਉਹ ਉਮੀਦ ਕਰਦੇ ਹਨ ਕਿ ਪੋਪ, ਕੈਥਲਿਕ ਚਰਚ ਵੱਲੋਂ ਮੂਲਨਿਵਾਸੀਆਂ ਨਾਲ ਕੀਤੀ ਜ਼ਿਆਦਤੀ ਲਈ ਮੁਆਫ਼ੀ ਮੰਗਣਗੇ। 

ਪਰ ਉਹਨਾਂ ਕਿਹਾ ਕਿ ਮਹਿਜ਼ ਮੁਆਫ਼ੀ ਹੀ ਕਾਫ਼ੀ ਨਹੀਂ ਹੈ ਅਤੇ ਪੀੜਤਾਂ ਨੂੰ ਮੁਆਵਜ਼ੇ ਵੀ ਦਿੱਤੇ ਜਾਣੇ ਚਾਹੀਦੇ ਹਨ। ਨਾਲ ਹੀ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਰਿਕਾਰਡ ਵੀ ਜਾਰੀ ਹੋਣੇ ਣਾਹੀਦੇ ਹਨ ਤਾਂ ਕਿ ਪਰਿਵਾਰਾਂ ਨੂੰ ਪਤਾ ਚੱਲ ਸਕੇ, ਕਿ ਉਹਨਾਂ ਦੇ ਬੱਚਿਆਂ ਨਾਲ ਕੀ ਵਾਪਰਿਆ ਸੀ। 

1870 ਅਤੇ 1996 ਦੇ ਵਿਚਕਾਰ 150,000 ਤੋਂ ਵੱਧ ਫਸਟ ਨੇਸ਼ਨਜ਼, ਮੈਟਿਸ ਅਤੇ ਇਨੁਇਟ ਮੂਲਨਿਵਾਸੀ ਭਾਈਚਾਰੇ ਦੇ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਰੱਖਿਆ ਗਿਆ ਸੀ। ਇਹਨਾਂ ਸਕੂਲਾਂ ਦਾ ਮਕਸਦ ਇਹਨਾਂ ਮੂਲਨਿਵਾਸੀਆਂ ਬੱਚਿਆਂ ਵਿਚੋਂ ‘ਮੂਲ’ ਨੂੰ ਖ਼ਤਮ ਕਰਕੇ, ਕੈਨੇਡੀਅਨ ਕਦਰਾਂ ਕੀਮਤਾਂ ਨਾਲ ਜੋੜਨਾ ਸੀ। ਇਹਨਾਂ ਸਕੂਲਾਂ ਵਿਚ ਹਜ਼ਾਰਾਂ ਬੱਚਿਆਂ ਦੀ ਮੌਤ ਹੋਈ ਸੀ ਅਤੇ ਹਜ਼ਾਰਾਂ ਹੀ ਕਦੇ ਵੀ ਆਪਣੇ ਘਰ ਵਾਪਸ ਨਹੀਂ ਮੁੜੇ ਸਨ। 

ਜੂਨ ਮਹੀਨੇ ਵਿਚ ਸੀ ਸੀ ਸੀ ਬੀ ਨੇ ਐਲਾਨ ਕੀਤਾ ਸੀ ਕਿ ਦਸੰਬਰ ਮਹੀਨੇ ਵਿਚ ਵੈਟਿਕਨ ਵਿਚ ਪੋਪ ਫ਼੍ਰੈਂਸਿਸ ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲ ਦੇ ਪੀੜਤਾਂ ਨਾਲ ਮੁਲਾਕਾਤ ਕਰਨਗੇ। 17 ਦਸੰਬਰ ਤੋਂ 20 ਦਸੰਬਰ ਦੇ ਦਰਮਿਆਨ,ਫ਼ਸਟ ਨੇਸ਼ਨਜ਼, ਮੀਟਿਸ ਅਤੇ ਇਨੁਇਟ ਭਾਈਚਾਰਿਆਂ ਦਾ ਇੱਕ ਵਫ਼ਦ, ਵੱਖਰੇ ਤੌਰ ਤੇ ਪੋਪ ਫ਼੍ਰਾਂਸਿਸ ਨਾਲ ਮੁਲਾਕਾਤ ਕਰੇਗਾ। 

ਫ਼ਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਪੋਪ ਦੇ ਕੈਨੇਡਾ ਦੌਰੇ ‘ਤੇ ਸਹਿਮਤੀ ਤੋਂ ਬਾਅਦ ਇਹ ਦਸੰਬਰ ਦੀ ਮੁਲਾਕਾਤ ਆਯੋਜਿਤ ਹੋਵੇਗੀ ਜਾਂ ਨਹੀਂ। 

ਸੁਸਤ ਰਵੱਈਏ ਤੋਂ ਨਿਰਾਸ਼ ਹਨ ਟ੍ਰੂਡੋ

ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਨੇ ਬੀਤੇ ਹਫ਼ਤੇ ਤਕੈਮਲੂਪਸ ਤੇ ਸੈਕਵੇਪੇਮਕ ਫ਼ਸਟ ਨੇਸ਼ਨ ਦੇ ਦੌਰੇ ‘ਤੇ ਕਿਹਾ ਸੀ, ਕਿ ਕੈਥਲਿਕ ਚਰਚ, ਰੈਜ਼ੀਡੈਂਸ਼ੀਅਲ ਸਕੂਲਾਂ ਦੇ ਮਾਮਲੇ ਵਿਚ, ਆਪਣੀ ਨੈਤਿਕ ਅਤੇ ਵਿੱਤੀ ਜ਼ਿੰਮੇਵਾਰੀ ਉਠਾਉਣ ਤੋਂ ਗੁਰੇਜ਼ ਕਰ ਰਿਹਾ ਹੈ। 

ਜੂਨ ਮਹੀਨੇ ਵਿਚ ਵੀ ਟ੍ਰੂਡੋ ਨੇ ਕਿਹਾ ਸੀ ਕਿ ਉਹ ਪਹਿਲਾਂ ਵੀ ਪੋਪ ਫ੍ਰਾੰਸਿਸ ਨੂੰ ਰਿਹਾਇਸ਼ੀ ਸਕੂਲਾਂ ਦੇ ਸਬੰਧ ਵਿਚ ਰਸਮੀ ਤੌਰ ਤੇ ਮੁਆਫੀ ਮੰਗਣ ਅਤੇ ਕੈਨੇਡਾ ਦੇ ਰਿਹਾਇਸ਼ੀ ਸਕੂਲਾਂ ਨਾਲ ਜੁੜੇ ਦਸਤਾਵੇਜ਼ਾਂ ਨੂੰ ਪ੍ਰਕਾਸ਼ਿਤ ਕਰਨ ਦੀ ਗੱਲ ਕਰ ਚੁੱਕੇ ਹਨ, ਪਰ ਚਰਚ ਵੱਲੋਂ ਅਜਿਹੀ ਕਿਸੇ ਵੀ ਬੇਨਤੀ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਪਿਛਲੇ ਮਹੀਨੇ ਕੈਨੇਡੀਅਨ ਕਾਨਫ਼੍ਰੰਸ ਔਫ਼ ਕੈਥਲਿਕ ਬਿਸ਼ਪਸ (ਸੀ ਸੀ ਸੀ ਬੀ) ਨੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਦੇ ਪੀੜਤਾਂ ਨੂੰ 30 ਮਿਲੀਅਨ ਡਾਲਰ ਦੀ ਮਦਦ ਦੇਣ ਦਾ ਅਹਿਦ ਕੀਤਾ ਸੀ। 

2005 ਵਿਚ ਚਰਚ ਨੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਜ਼ ਸੈਟਲਮੈਂਟ ਦੇ ਤਹਿਤ 29 ਮਿਲੀਅਨ ਕੈਸ਼ ਰਾਸ਼ੀ ਦੇਣ ਦਾ ਅਹਿਦ ਕੀਤਾ ਸੀ। ਪਰ ਸੀਬੀਸੀ ਨੂੰ ਪ੍ਰਾਪਤ ਦਸਤਾਵੇਜ਼ਾਂ ਮੁਤਾਬਕ ਜ਼ਿਆਦਾਤਰ ਰਾਸ਼ੀ ਵਕੀਲਾਂ, ਪ੍ਰਸ਼ਾਸਨ, ਇੱਕ ਪ੍ਰਾਇਵੇਟ ਫ਼ੰਡ ਇਕੱਠੇ ਕਰਨ ਵਾਲੀ ਕੰਪਨੀ ਅਤੇ ਗ਼ੈਰ-ਮੰਜ਼ੂਰਸ਼ੁਦਾ ਲੋਨਾਂ ’ਤੇ ਖ਼ਰਚ ਕੀਤੀ ਗਈ ਸੀ। 

ਮੁਆਫ਼ੀ, ਪ੍ਰਕਿਰਿਆ ਦੀ ਸਮਾਪਤੀ ਨਹੀਂ : ਫ਼ੌਨਟੇਨ

ਅਸੈਂਬਲੀ ਔਫ਼ ਫ਼ਸਟ ਨੇਸ਼ਨਜ਼ ਦੇ ਸਾਬਕਾ ਗ੍ਰੈਂਡ ਚੀਫ਼ ਫ਼ਿਲ ਫ਼ੌਨਟੇਨ ਵੀ ਪੋਪ ਨੂੰ ਵੈਟੀਕਨ ਵਿਚ ਮਿਲਣ ਵਾਲੇ ਵਫ਼ਦ ਲਈ ਚੁਣੇ ਗਏ ਸਨ। 

ਫ਼ੌਨਟੇਨ ਨੇ ਕਿਹਾ, ਅਸੀਂ ਮਾਣਯੋਗ ਫ਼ਾਦਰ ਨਾਲ ਮੁਲਾਕਾਤ ਵੇਲੇ ਕੁਝ ਬਹੁਤ ਮਹੱਤਵਪੂਰਨ ਕਰਨ ਲਈ ਕਾਰਜਸ਼ੀਲ ਹਾਂ - ਜਿਸ ਵਿਚ ਸਿਰਫ਼ ਮੁਆਫ਼ੀ ਨਹੀਂ - ਸਗੋਂ ਮੁਆਫ਼ੀ ਦੇ ਬਾਅਦ ਕੀ ਹੋਵੇ - ਵੀ ਸ਼ਾਮਲ ਹੈ। ਮੇਰੀ ਨਜ਼ਰ ਵਿਚ, ਕੈਥਲਿਕ ਚਰਚ ਅਤੇ ਉਹਨਾਂ ਦੇ ਬਾਕੀ ਅਦਾਰਿਆਂ ਨੂੰ ਸਾਡੇ ਲੋਕਾਂ ਲਈ ਮਹੱਤਵਪੂਰਨ ਕਦਮ ਚੁੱਕਣ ਦੀ ਜ਼ਰੂਰਤ ਹੈ

ਦਸ ਦਈਏ ਕਿ ਸਾਬਕਾ ਧਰਮਗੁਰੂ ਪੋਪ ਬੈਨਿਡਿਕਟ 16ਵੇਂ, ਨੇ 2009 ਵਿਚ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਕੁਝ ਪੀੜਤਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਹਨਾਂ ਦੀ ਤਕਲੀਫ਼ ਪ੍ਰਤੀ ‘ਨਿੱਜੀ ਦੁੱਖ’ ਪ੍ਰਗਟਾਇਆ ਸੀ। ਪਰ ਉਹਨਾਂ ਨੇ ਮੁਆਫ਼ੀ ਨਹੀਂ ਮੰਗੀ ਸੀ। 

ਕੈਨੇਡਾ ਵਿਚ ਬੀਤੇ ਕੁਝ ਮਹੀਨਿਆਂ ਦੌਰਾਨ ਸਾਬਕਾ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਅਹਾਤਿਆਂ ਚੋਂ ਸੈਂਕੜੇ ਬੇਨਿਸ਼ਾਨ ਕਬਰਾਂ ਮਿਲਣ ਤੋਂ ਬਾਅਦ ਰੈਜ਼ੀਡੈਂਸ਼ੀਅਲ ਸਕੂਲਾਂ ਵਿਚ ਜ਼ੁਲਮ ਦੀ ਦਾਸਤਾਨ ਦੁਬਾਰਾ ਸੁਰਖ਼ੀਆਂ ਵਿਚ ਆ ਗਈ ਹੈ, ਜਿਸ ਤੋਂ ਬਾਅਦ ਲੰਮੇ ਸਮੇਂ ਤੋਂ ਜਾਰੀ ਪੋਪ ਕੋਲੋਂ ਮੁਆਫ਼ੀ ਮੰਗੇ ਜਾਣ ਦੀ ਮੰਗ ਦੁਬਾਰਾ ਤੇਜ਼ ਹੋ ਗਈ ਹੈ। 

ਪੋਪ ਵੱਲੋਂ ਦੁੱਖ ਦਾ ਪ੍ਰਗਟਾਵਾ

ਪੋਪ ਫ਼੍ਰੈਂਸਿਸ ਨੇ ਕੈਨੇਡਾ ਵਿਚ ਸਾਬਕਾ ਰੈਜ਼ੀਡੈਂਸ਼ੀਅਲ ਸਕੂਲਾਂ ਤੋਂ ਕਬਰਾਂ ਮਿਲਣ ਦੀ ਦੁਖਦਾਈ ਖ਼ਬਰਾਂ ਤੇ ਅਫ਼ਸੋਸ ਪ੍ਰਗਟ ਕੀਤਾ ਸੀ। ਉਹਨਾਂ ਕਿਹਾ ਸੀ ਕਿ ਇਸ ਉਦਾਸ ਕਰਨ ਵਾਲੀ ਖੋਜ ਨੇ, ਇਤਿਹਾਸ ਵਿਚ ਵਾਪਰੀਆਂ ਤਕਲੀਫ਼ਾਂ ਅਤੇ ਦੁੱਖਾਂ ਨੂੰ ਉਜਾਗਰ ਕੀਤਾ ਹੈ। 

ਉਹਨਾਂ ਨੇ ਧਾਰਮਿਕ ਅਤੇ ਸਿਆਸੀ ਅਥੋਰਟੀਜ਼ ਵੱਲੋਂ ਦੁੱਖਾਂ ਦੇ ਨਿਵਾਰਨ ਦੇ ਰਾਹ ਤੇ ਮਿਲਕੇ ਕੰਮ ਕਰਦੇ ਰਹਿਣ ਦੀ ਵੀ ਉਮੀਦ ਜਤਾਈ ਸੀ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ