1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਨਵੇਂ ਐਨਵਾਇਰਨਮੈਂਟ ਮਿਨਿਸਟਰ ਦੀ ਨਿਯੁਕਤੀ ‘ਤੇ ਐਲਬਰਟਾ ਪ੍ਰੀਮੀਅਰ ਜੇਸਨ ਕੇਨੀ ਨੇ ਚਿੰਤਾ ਪ੍ਰਗਟਾਈ

ਕੈਨੇਡਾ ਦੇ ਨਵੇਂ ਐਨਵਾਇਰਨਮੈਂਟ ਮਿਨਿਸਟਰ ਸਟੀਵਨ ਗਿਲਬੌ ਵਾਤਾਵਰਨ ਕਾਰਕੁੰਨ ਵੀ ਰਹੇ ਹਨ

ਕੈਨੇਡਾ ਦੇ ਨਵੇਂ ਐਨਵਾਇਰਨਮੈਂਟ ਮਿਨਿਸਟਰ ਸਟੀਵਨ ਗਿਲਬੌ ਲੰਬੇ ਸਮੇਂ ਤੱਕ ਵਾਤਾਵਰਨ ਕਾਰਕੁੰਨ ਰਹੇ ਹਨ ਅਤੇ ਪਾਈਪਲਾਈਨ ਪ੍ਰੋਜੈਕਟਾਂ ਦੇ ਵਿਰੋਧੀ ਰਹੇ ਹਨ।

ਕੈਨੇਡਾ ਦੇ ਨਵੇਂ ਐਨਵਾਇਰਨਮੈਂਟ ਮਿਨਿਸਟਰ ਸਟੀਵਨ ਗਿਲਬੌ ਲੰਬੇ ਸਮੇਂ ਤੱਕ ਵਾਤਾਵਰਨ ਕਾਰਕੁੰਨ ਰਹੇ ਹਨ ਅਤੇ ਪਾਈਪਲਾਈਨ ਪ੍ਰੋਜੈਕਟਾਂ ਦੇ ਵਿਰੋਧੀ ਰਹੇ ਹਨ।

ਤਸਵੀਰ: Adrian Wyld

RCI

ਐਲਬਰਟਾ ਪ੍ਰੀਮੀਅਰ ਜੇਸਨ ਕੇਨੀ ਦਾ ਕਹਿਣਾ ਹੈ ਕਿ ਫ਼ੈਡਰਲ ਸਰਕਾਰ ਨੇ ਮਿਨਿਸਟਰ ਔਫ਼ ਐਨਵਾਇਰਨਮੈਂਟ ਐਂਡ ਕਲਾਇਮੇਟ ਚੇਂਜ ਦੇ ਅਹੁਦੇ ਲਈ ਜਿਸ ਸ਼ਖ਼ਸ ਨੂੰ ਚੁਣਿਆ ਹੈ, ਉਹ ਐਲਬਰਟਾ ਸੂਬੇ ਲਈ ਇੱਕ ਸਮੱਸਿਆ ਵਾਲਾ ਸੰਦੇਸ਼ ਹੈ। 

ਸਾਬਕਾ ਹੈਰਿਟੇਜ ਮਿਨਿਸਟਰ ਸਟੀਵਨ ਗਿਲਬੌ ਇੱਕ ਨਾਮਵਰ ਵਾਤਾਵਰਨ ਕਾਰਕੁੰਨ ਵੀ ਰਹੇ ਹਨ। ਲਿਬਰਲ ਸਰਕਾਰ ਨੇ 2030 ਤੱਕ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ 2005 ਦੇ ਪੱਧਰ ਤੋਂ 40 ਤੋਂ 45 ਫ਼ੀਸਦੀ ਕਟੌਤੀ ਕਰਨ ਦਾ ਟੀਚਾ ਮਿੱਥਿਆ ਹੈ, ਅਤੇ ਇਸ ਅਹਿਮ ਟੀਚੇ ਨੂੰ ਪ੍ਰਾਪਤ ਕਰਨ ਕਈ ਵਾਤਾਵਰਨ ਮਹਿਕਮੇ ਦਾ ਕਾਰਜਭਾਰ ਸਟੀਵਨ ਗਿਲਬੌ ਨੂੰ ਸੌਂਪਿਆ ਹੈ। 

ਸਟੀਵਨ ਗਿਲਬੌ ਕਿਊਬੈਕ ਤੋਂ ਮੈਂਬਰ ਪਾਰਲੀਮੈਂਟ ਹਨ ਅਤੇ 2001 ਵਿਚ ਟੋਰੌਂਟੋ ਦੇ ਸੀਐਨ ਟਾਵਰ ‘ਤੇ ਇੱਕ ਬੈਨਰ ਲੈਕੇ ਚੜ੍ਹ ਜਾਣ ਦੇ ਮਾਮਲੇ ਵਿਚ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਸਟੀਵਨ ਕਲਾਈਮੇਟ ਚੇਂਜ ਬਾਰੇ ਲੋਕਾਂ ਅਤੇ ਸਰਕਾਰਾਂ ਦਾ ਧਿਆਨ ਆਕਰਸ਼ਤ ਕਰਨਾ ਚਾਹੁੰਦੇ ਸਨ। 

ਦੇਖੋ : ਸਟੀਵਨ ਗਿਲਬੌ 2001 ਵਿਚ ਇੱਕ ਬੈਨਰ ਲੈਕੇ ਸੀਐਨ ਟਾਵਰ 'ਤੇ ਚੜ੍ਹੇ ਸਨ

ਗਿਲਬੌ ਪੁਰਜ਼ੋਰ ਤਰੀਕੇ ਨਾਲ ਪਾਈਪਲਾਈਨਾਂ ਦਾ ਵਿਰੋਧ ਕਰਦੇ ਰਹੇ ਹਨ ਅਤੇ ਉਹਨਾਂ ਨੇ ਇੱਕ ਨੌਨ-ਪ੍ਰੌਫ਼ਿਟ ਗਰੁੱਪ ਐਕੁਇਟੇਅਰ ਦੀ ਵੀ ਸਥਾਪਨਾ ਕੀਤੀ ਸੀ। ਯੂਨਾਇਟੇਡ ਕੰਜ਼ਰਵੇਟਿਵ ਪਾਰਟੀ ਦੇ ਵਿਵਾਦਿਤ ਐਲਨ ਪ੍ਰੋਜੈਕਟ (ਨਵੀਂ ਵਿੰਡੋ) ਖ਼ਿਲਾਫ਼ ਚੱਲੀਆਂ ਐਲਬਰਟਾ ਦੀ ਐਨਰਜੀ ਵਿਰੋਧੀ ਮੁਹਿੰਮਾਂ ਵਿਚ ਐਕੁਇਟੇਅਰ ਨੇ ਵੀ ਹਿੱਸਾ ਲਿਆ ਸੀ। ਰਿਪੋਰਟ ਵਿਚ ਗਿਲਬੌ ਦਾ ਨਾਂ ਵੀ 6 ਵਾਰੀ ਦਰਜ ਹੋਇਆ ਸੀ। 

ਮੰਗਲਵਾਰ ਨੂੰ ਜੇਸਨ ਕੇਨੀ ਨੇ ਗਿਲਬੌ ਦੇ ਨਵੇਂ ਐਨਵਾਇਰਨਮੈਂਟ ਮਿਨਿਸਟਰ ਬਣਨ ‘ਤੇ ਚਿੰਤਾ ਦਾ ਇਜ਼ਹਾਰ ਕੀਤਾ। 

ਉਹਨਾਂ ਕਿਹਾ, ਮੈਨੂੰ ਪੂਰੀ ਉਮੀਦ ਹੈ ਕਿ [ਗਿਲਬੌ]...ਐਲਬਰਟਾ ਅਤੇ ਐਨਰਜੀ ਉਪਤਾਦਨ ਵਾਲੇ ਹੋਰ ਸੂਬਿਆਂ ਨੂੰ ਜਲਦੀ ਹੀ ਇਹ ਯਕੀਨ ਦਵਉਣਗੇ, ਕਿ ਉਹ ਉਸਾਰੂ ਢੰਗ ਨਾਲ ਪ੍ਰੈਕਟੀਕਲ ਹੱਲ ਲੱਭਣ ਲਈ ਮਿਲਕੇ ਕੰਮ ਕਰਨਾ ਚਾਹੁੰਦੇ ਹਨ, ਤਾਂ ਕਿ ਹਜ਼ਾਰਾਂ ਨੌਕਰੀਆਂ ਖ਼ਤਮ ਨਾ ਕੀਤੀਆਂ ਜਾਣ

ਪਰ ਕੇਨੀ ਨੇ ਕਿਹਾ ਕਿ ਗਿਲਬੌ ਦਾ ਪਿਛੋਕੜ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਉਹਨਾਂ ਦੀ ਪਹੁੰਚ ਕੋਈ ਵਿਚਾਲੜਾ ਹੱਲ ਕੱਢਣ ਵਾਲੀ ਨਹੀਂ, ਸਗੋਂ ਇੱਕਪਾਸੜ ਵਿਚਾਰ ਵਾਲੀ ਹੈ। 

ਕੈਲਗਰੀ ਦੀ ਮਾਉਂਟ ਰੌਇਲ ਯੂਨੀਵਰਸੀਟੀ ਵਿਚ ਸਿਆਸੀ ਵਿਗਿਆਨੀ ਡੁਏਨ ਬ੍ਰੈਟ ਨੇ ਤਾਂ ਸਿੱਧਾ ਕਿਹਾ, ਕਿ ਇਸ ਨਿਯੁਕਤੀ ਨੇ ਕੇਨੀ ਦਾ ਦਿਮਾਗ਼ ਫਟਣ ਵਰਗਾ ਕਰ ਦਿੱਤਾ ਹੋਣਾ। 

ਬ੍ਰੈਟ ਮੁਤਾਬਕ, ਗਿਲਬੌ ਖ਼ੁਦ ਐਨਵਾਇਰਨਮੈਂਟ ਮਿਨਿਸਟਰ ਬਣਨ ਲਈ ਬੇਤਾਬ ਸਨ। 

ਜਸਟਿਨ ਟ੍ਰੂਡੋ ਵੱਲੋਂ ਸਟੀਵਨ ਗਿਲਬੌ ਨੂੰ ਰਸਮੀ ਤੌਰ ਤੇ ਲਿਬਰਲ ਉਮੀਦਵਾਰ ਐਲਾਨੇ ਜਾਣ ਵੇਲੇ ਦੀ ਤਸਵੀਰ।

ਜਸਟਿਨ ਟ੍ਰੂਡੋ ਵੱਲੋਂ ਸਟੀਵਨ ਗਿਲਬੌ ਨੂੰ ਰਸਮੀ ਤੌਰ ਤੇ ਲਿਬਰਲ ਉਮੀਦਵਾਰ ਐਲਾਨੇ ਜਾਣ ਵੇਲੇ ਦੀ ਤਸਵੀਰ।

ਤਸਵੀਰ: (Graham Hughes/The Canadian Press)

ਜੌਨਾਥਨ ਵਿਲਕਿਨਸਨ ਨੂੰ ਐਨਵਾਇਰਨਮੈਂਟ ਮਿਨਿਸਟਰੀ ਤੋਂ ਹਟਾਕੇ ਨੈਚਰਲ ਰਿਸੋਰਸੇਜ਼ ਮਿਨਿਸਟਰੀ ਸੌਂਪੀ ਗਈ ਹੈ, ਅਤੇ ਇਹ ਮਿਨਿਸਟਰੀ ਵੀ ਐਲਬਰਟਾ ਦੇ ਨੁਕਤੇ ਤੋਂ ਬਹੁਤ ਅਹਿਮ ਹੈ। 

ਕੇਨੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਵਿਲਕਿਨਸਨ ਦੇ ਐਨਵਾਇਰਨਮੈਂਟ ਮਿਨਿਸਟਰ ਦੇ ਕਾਰਜਕਾਲ ਵਿਚ ਉਹਨਾਂ ਨਾਲ ਹੋਈ ਗੱਲਬਾਤ ਕਾਫ਼ੀ ਉਸਾਰੂ ਰਹੀ ਸੀ। 

ਕੇਨੀ ਨੇ ਕਿਹਾ ਕਿ ਵਿਲਕਿਨਸਨ, ਐਲਬਰਟਾ ਨੂੰ, ਕਲਾਈਮੇਟ ਚੇਂਜ ਦੀ ਚੁਣੌਤੀ ਨਾਲ ਨਜਿੱਠਣ ਵਿਚ ਇੱਕ ਚੰਗਾ ਭਾਈਵਾਲ ਸਮਝਦੇ ਸਨ। 

ਜਿੱਥੇ ਤੱਕ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਕਟੌਤੀ ਦੀ ਗੱਲ ਹੈ, ਮੈਨੂੰ ਲੱਗਦਾ ਹੈ ਕਿ ਇਹ ਸ਼ਖ਼ਸ ਕਾਫ਼ੀ ਪ੍ਰਭਾਵੀ ਰਹੇਗਾ। ਪਰ ਜੇ ਸਿਆਸਤ ਦੇ ਨੁਕਤੇ ਨਜ਼ਰ ਤੋਂ ਦੇਖੀਏ ਤਾਂ ਇਹ ਮੁਸ਼ਕਲ ਸਾਬਤ ਹੋ ਸਕਦਾ ਹੈ। 
ਵੱਲੋਂ ਇੱਕ ਕਥਨ ਡੁਏਨ ਬ੍ਰੈਟ, ਸਿਆਸੀ ਵਿਗਿਆਨੀ, ਮਾਉਂਟ ਰੌਇਲ ਯੂਨੀਵਰਸੀਟੀ, ਕੈਲਗਰੀ

ਪਰ ਜਦੋਂ ਗਿਲਬੌ 2019 ਵਿਚ ਫ਼ੈਡਰਲ ਚੋਣਾਂ ਵਿਚ ਉੱਤਰੇ ਸਨ, ਤਾਂ ਉਹਨਾਂ ਕਿਹਾ ਸੀ ਕਿ ਉਹ ਪਾਈਪਲਾਈਨਾਂ ਬਾਰੇ ਪ੍ਰੈਕਟੀਕਲ ਪਹੁੰਚ ਅਪਨਾਉਣ ਲਈ ਤਿਆਰ ਹਨ, ਤਾਂ ਕਿ ਬਿਹਤਰ ਵਾਤਾਵਰਨ ਨੀਤੀਆਂ ਬਣਾਈਆਂ ਜਾ ਸਕਣ। ਉਹਨਾਂ ਨੇ ਕੁਝ ਮੁੱਦਿਆਂ ‘ਤੇ ਵੱਖਰੀ ਰਾਏ ਹੋਣ ਦੇ ਬਾਵਜੂਦ ਲਿਬਰਲ ਪਾਰਟੀ ਵੱਲੋਂ ਚੋਣ ਲੜਨ ਦੀ ਵੀ ਦਲੀਲ ਦਿੱਤੀ ਸੀ।

ਮੈਂ ਪਾਈਪਲਾਈਨ ਨਾਲ ਸਹਿਮਤ ਨਹੀਂ ਹਾਂ, ਉਹਨਾਂ ਨੇ ਸੀਬੀਸੀ ਨਿਊਜ਼ ਨੂੰ ਟ੍ਰਾਂਸ-ਮਾਉਨਟੇਨ ਪਾਈਪਲਾਈਨ ਬਾਰੇ ਕਿਹਾ ਸੀ, ਜਿਸਨੂੰ ਲਿਬਰਲਾਂ ਨੇ 2018 ਵਿਚ ਖ਼ਰੀਦਿਆ ਸੀ। ਅਗਲੇ ਸਾਲ 2019 ਵਿਚ ਇਸਦੇ ਵਿਸਤਾਰ ਨੂੰ ਮੰਜ਼ਰੂੀ ਮਿਲ ਗਈ ਸੀ। 

ਪਰ ਜਦੋਂ ਮੈਂ ਬਾਕੀ ਚੀਜ਼ਾਂ ਵੱਲ ਦੇਖਦਾ ਹਾਂ, ਜੋ ਕਲਾਈਮੇਟ ਚੇਂਜ ਨਾਲ ਨਜਿੱਠਣ ਲਈ, ਬੀਤੇ ਚਾਰ ਸਾਲਾਂ ਵਿਚ ਲਿਬਰਲ ਸਰਕਾਰ ਨੇ ਕੀਤਾ ਹੈ, ਤਾਂ ਅਜਿਹਾ ਬਹੁਤ ਕੁਝ ਹੈ ਜਿਸ ਕਰਕੇ, ਮੈਂ ਕੁਝ ਅਸਹਿਮਤੀਆਂ ਦੇ ਬਾਵਜੂਦ, ਉਹਨਾਂ ਦੇ ਨਾਲ ਹੋਣ ਦਾ ਫ਼ੈਸਲਾ ਕੀਤਾ ਹੈ

ਯੂਸੀਪੀ ਨੇ ਫ਼ੈਡਰਲ ਸਰਕਾਰ ਨਾਲ ਮਿਲਕੇ ਕੰਮ ਕਰਨ ਦੀ ਕੋਸ਼ਿਸ਼ ਕੀਤੀ : ਕੇਨੀ

ਕੇਨੀ ਨੇ ਮੰਗਲਵਾਰ ਨੂੰ ਕਿਹਾ ਕਿ 2019 ਦੀਆਂ ਚੋਣਾਂ ਤੋਂ ਬਾਅਦ ਹੀ, ਯੂਸੀਪੀ ਨੇ ਫ਼ੈਡਰਲ ਸਰਕਾਰ ਨਾਲ ਮਿਲਕੇ ਕੰਮ ਦੀ ਕੋਸ਼ਿਸ਼ ਕੀਤੀ ਹੈ, ਕਿ ਕਿਸ ਤਰ੍ਹਾਂ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ ਕਟੌਤੀ ਦੇ ਨਾਲ ਨਾਲ ਐਲਬਰਟਾ ਦੇ ਅਰਥਚਾਰੇ ਨੂੰ ਵੀ ਪ੍ਰਗਤੀ ਦੀ ਰਾਹ ‘ਤੇ ਬਰਕਰਾਰ ਰੱਖਿਆ ਜਾ ਸਕਦਾ ਹੈ। 

ਕੇਨੀ ਨੇ ਕਿਹਾ ਕਿ ਉਹਨਾਂ ਦੀ ਕਈ ਕੋਸ਼ਿਸ਼ਾਂ ਦੇ ਬਾਵਜੂਦ, ਫ਼ੈਡਰਲ ਸਰਕਾਰ ਲਗਾਤਾਰ ਅਜਿਹੇ ਟੀਚੇ ਮਿੱਥਦੀ ਰਹੀ ਹੈ,ਜਿਹੜੇ ਪੱਖਪਾਤੀ ਹਨ ਅਤੇ ਐਲਬਰਟਾ ਵਿਚ ਕੁਦਰਤੀ ਸਰੋਤਾਂ ਦੇ ਵਿਕਾਸ, ਨੌਕਰੀਆਂ ਅਤੇ ਇਕੌਨਮੀ ਲਈ ਨੁਕਸਾਨਦੇਹ ਹਨ। 

ਪਰ ਬ੍ਰੈਟ ਦਾ ਕਹਿਣਾ ਹੈ ਕਿ ਕੇਨੀ ਦੀਆਂ ਜਵਾਬੀ ਕਾਰਵਾਈਆਂ  (ਨਵੀਂ ਵਿੰਡੋ)ਨੇ ਐਲਬਰਟਾ ਦੇ ਪੱਖ ਵਿਚ ਕੋਈ ਬਹੁਤਾ ਫ਼ਾਇਦਾ ਨਹੀਂ ਕੀਤਾ ਹੈ। 

ਯੂ ਐਨ ਦੀ ਕਲਾਈਮੇਟ ਕਾਨਫ਼੍ਰੰਸ ਤੋਂ ਪਹਿਲਾਂ ਹੋਈ ਨਿਯੁਕਤੀ

ਐਲਬਰਟਾ ਦੀ ਐਨਰਜੀ ਇੰਡਸਟਰੀ ਨੇ ਗਿਲਬੌ ਦੀ ਨਿਯੁਕਤੀ ਪ੍ਰਤੀ ਸਹਿਜਤਾ ਦਿਖਾਈ ਹੈ। 

ਕੈਨੇਡੀਅਨ ਅਸੋਸੀਏਸ਼ਨ ਔਫ਼ ਐਨਰਜੀ ਕੰਟ੍ਰੈਕਟਰਜ਼, ਕੈਨੇਡੀਅਨ ਐਰਜੀ ਪਾਈਪਲਾਈਨ ਅਸੋਸੀਏਸ਼ਨ ਅਤੇ ਕੈਨੇਡੀਅਨ ਅਸੋਸੀਏਸ਼ਨ ਔਫ਼ ਪੈਟਰੋਲੀਅਮ ਪ੍ਰੋਡਿਉਸਰਜ਼ ਨੇ ਕਿਹਾ, ਕਿ ਉਹ ਫ਼ੈਡਰਲ ਸਰਕਾਰ ਨਾਲ ਮਿਲਕੇ ਕੰਮ ਕਰਨਾ ਜਾਰੀ ਰੱਖਣਗੇ। 

ਕੈਨੇਡੀਅਨ ਅਸੋਸੀਏਸ਼ਨ ਔਫ਼ ਪੈਟਰੋਲੀਅਮ ਪ੍ਰੋਡਿਉਸਰਜ਼ ਦੇ ਸੀਈਉ, ਟਿਮ ਮੈਕਮਿਲਨ ਨੇ ਕਿਹਾ, ਕਿ ਇੰਡਸਟਰੀ ਲਈ ਬਹੁਤ ਜ਼ਰੂਰੀ ਹੈ ਕਿ ਉਹ ਗਿਲਬੌ ਅਤੇ ਵਿਲਕਿਨਸਨ ਨਾਲ ਮਿਲਕੇ ਕੰਮ ਕਰੇ।

ਬ੍ਰੈਟ ਮੁਤਾਬਕ ਕੈਨੇਡਾ ਦੇ ਵਾਤਾਵਰਨ ਸਬੰਧੀ ਗਰੁੱਪ, ਗਿਲਬੌ ਦੀ ਨਿਯੁਕਤੀ ਤੋਂ ਕਾਫ਼ੀ ਖ਼ੁਸ਼ ਹੋਣਗੇ। 

ਸੰਯੁਕਤ ਰਾਸ਼ਟਰ ਦੀ ਕਲਾਈਮੇਟ ਚੇਂਜ ਕਾਨਫ਼੍ਰੰਸ ਤੋਂ ਕੁਝ ਦਿਨ ਪਹਿਲਾਂ ਗਿਲਬੌ ਨੂੰ ਐਨਵਾਇਰਨਮੈਂਟ ਮਿਨਿਸਟਰ ਬਣਾਇਆ ਗਿਆ ਹੈ। 

ਬ੍ਰੈਟ ਨੇ ਕਿਹਾ, ਟ੍ਰੂਡੋ ਇੱਕ ਅਜਿਹੇ ਸ਼ਖ਼ਸ ਨਾਲ ਹੋਣਗੇ ਜਿਹੜਾ ਵਾਤਾਰਵਨ ਦੀ ਸੁਰੱਖਿਆ ਲਈ ਕੀਤੇ ਮੁਜ਼ਾਹਰਿਆਂ ਕਾਰਨ ਗ੍ਰਿਫ਼ਤਾਰ ਅਤੇ ਚਾਰਜ ਤੱਕ ਹੋ ਚੁੱਕਿਆ ਹੈ

ਹੈਨਾ ਕੋਸਟ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ