1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਕੰਜ਼ਰਵੇਟਿਵ ਲੀਡਰ ਐਰਿਨ ਉ’ਟੂਲ ਨੇ ਟ੍ਰੂਡੋ ਦੀ ਨਵੀਂ ਕੈਬਿਨੇਟ ਦੀ ਕੀਤੀ ਨਿਖੇਧੀ

‘ਤਜਰਬਾਹੀਣ’ ਕੈਬਿਨੇਟ ਨੂੰ ਮੁਲਕ ਦੀ ਏਕਤਾ ਲਈ ਖ਼ਤਰਾ ਦੱਸਿਆ

Un homme photographié en gros plan devant une rangée de drapeaux.

ਕੰਜ਼ਰਵੇਟਿਵ ਲੀਡਰ ਐਰਿਨ ਉ'ਟੂਲ ਨੇ ਨਵੀਂ ਕੈਬਿਨੇਟ ਦੀ ਨਿਖੇਦੀ ਕਰਦਿਆਂ ਕਿਹਾ ਹੈ ਕਿ 'ਤਜਰਬੇਹੀਣ' ਮਿਨਿਸਟਰਜ਼ ਮੁਲਕ ਨੂੰ ਰਿਕਵਰੀ ਦੇ ਰਾਹ ਪਾਉਣ ਦੇ ਯੋਗ ਨਹੀਂ ਹਨ।

ਤਸਵੀਰ: La Presse canadienne / Adrian Wyld

RCI

ਕੰਜ਼ਰਵੇਟਿਵ ਲੀਡਰ ਨੇ ਅੱਜ ਨਵੀਂ ਫ਼ੈਡਰਲ ਕੈਬਿਨੇਟ ਬਾਰੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਹੈ ਕਿ ਜਸਟਿਨ ਟ੍ਰੂਡੋ ਨੇ ਆਪਣੀ ਕੈਬਿਨੇਟ ਵਿਚ ਅਜਿਹੇ ਲੋਕ ਸ਼ਾਮਲ ਕੀਤੇ ਹਨ ਜਿਹਨਾਂ ਵਿਚੋਂ ਜ਼ਿਆਦਾਤਰ ‘ਤਜਰਬਾਹੀਣ’ ਹਨ। ਉਹਨਾਂ ਕਿਹਾ ਕਿ ਅਜਿਹੇ ਲੋਕਾਂ ਦੀ ਚੋਣ ਮੁਲਕ ਦੀ ਏਕਤਾ ਅਤੇ ਇਕਨੌਮਿਕ ਰਿਕਵਰੀ ਲਈ ਖ਼ਤਰਾ ਹੈ। 

ਅੱਜ ਕੈਬਿਨੇਟ ਵਿਚ ਕੀਤੀਆਂ ਤਬਦੀਲੀਆਂ ਇਸ ਗੱਲ ਦੀ ਮਿਸਾਲ ਹਨ, ਕਿ ਪ੍ਰਧਾਨ ਮੰਤਰੀ ਨੇ ਇੱਕ ਵਾਰੀ ਫ਼ੇਰ ਉਹਨਾਂ ਮਿਨਿਸਟਰਾਂ ਨੂੰ ਨਵਾਜ਼ਿਆ ਹੈ, ਜੋ ਪਹਿਲਾਂ ਵੀ ਆਪਣੀ ਅਯੋਗਤਾ ਅਤੇ ਜਵਾਬਦੇਹੀ ਦੀ ਘਾਟ ਦਾ ਸਬੂਤ ਦੇ ਚੁੱਕੇ ਹਨ।
ਵੱਲੋਂ ਇੱਕ ਕਥਨ ਐਰਿਨ ਉ’ਟੂਲ, ਕੰਜ਼ਰਵੇਟਿਵ ਲੀਡਰ

ਨਵੀਂ ਕੈਬਿਨੇਟ ਦੇ ਗਠਨ ਤੋਂ ਪਹਿਲਾਂ, ਕੈਨੇਡੀਅਨ ਫ਼ੌਜ ਵਿਚ ਜਿਨਸੀ ਸ਼ੋਸ਼ਣ ਦੇ ਕਈ ਮਾਮਲਿਆਂ ਦੇ ਉਜਾਗਰ ਹੋਣ ਦੇ ਮੱਦੇਨਜ਼ਰ, ਉ’ਟੂਲ ਨੇ ਹਰਜੀਤ ਸੱਜਣ ਨੂੰ ਡਿਫ਼ੈਂਸ ਮਿਨਿਸਟਰੀ ਤੋਂ ਹਟਾਉਣ ਦੀ ਮੰਗ ਕੀਤੀ ਸੀ। ਉ’ਟੂਲ ਨੇ ਸੋਮਵਾਰ ਨੂੰ ਇੱਕ ਬਿਆਨ ਵਿਚ ਕਿਹਾ ਸੀ ਹਰਜੀਤ ਸੱਜਣ ਨੂੰ ਕੈਬਿਨੇਟ ਤੋਂ ਹੀ ਬਾਹਰ ਕੀਤਾ ਜਾਣਾ ਚਾਹੀਦਾ ਹੈ। 

ਭਾਵੇਂ ਹਰਜੀਤ ਸੱਜਣ ਨੂੰ ਰੱਖਿਆ ਮੰਤਰਾਲੇ ਤੋਂ ਪਾਸੇ ਕਰ ਦਿੱਤਾ ਗਿਆ ਹੈ ਪਰ ਉਹਨਾਂ ਨੂੰ  ਮਿਨਿਸਟਰ ਔਫ਼ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਪੈਸਿਫ਼ਿਕ ਇਕਨੌਮਿਕ ਡਿਵੈਲਪਮੈਂਟ ਕੈਨੇਡਾ ਵਿਭਾਗ ਦਾ ਜ਼ਿੰਮਾ ਸੌਂਪਿਆ ਗਿਆ ਹੈ। ਉਨਟੇਰਿਉ ਦੇ ਉਕਵਿਲ ਸ਼ਹਿਰ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਪਬਲਿਕ ਸਰਵਿਸੇਜ਼ ਐਂਡ ਪ੍ਰੋਕਿਉਰਮੈਂਟ ਮਿਨਿਸਟਰ ਅਨੀਤਾ ਅਨੰਦ ਵੱਲੋਂ ਰੱਖਿਆ ਮੰਤਰਾਲੇ ਦਾ ਕਾਰਜਭਾਰ ਸਾਂਭਿਆ ਗਿਆ ਹੈ।

ਅਨੀਤਾ ਅਨੰਦ ਕੈਨੇਡਾ ਦੀ ਨਵੀਂ ਡਿਫ਼ੈਨਸ ਮਿਨਿਸਟਰ ਬਣੇ ਹਨ।

ਅਨੀਤਾ ਅਨੰਦ ਕੈਨੇਡਾ ਦੀ ਨਵੀਂ ਡਿਫ਼ੈਨਸ ਮਿਨਿਸਟਰ ਬਣੇ ਹਨ।

ਤਸਵੀਰ: La Presse canadienne / Sean Kilpatrick

ਮੇਲੈਨੀ ਜੋਲੀ ਨੂੰ 2018 ਵਿਚ ਅਖੌਤੇ ‘ਨੈਟਫ਼ਲਿਕਸ ਟੈਕਸ’ ਨਾਲ ਨਜਿੱਠਣ ਦੇ ਮਾਮਲੇ ਵਿਚ ਆਲੋਚਨਾ ਦੇ ਚਲਦਿਆਂ, ਹੈਰਿਟੇਜ ਮਿਨਿਸਟਰ ਤੋਂ ਹਟਾ ਕੇ ਟੂਰਿਜ਼ਮ ਮਿਨਿਸਟਰ ਬਣਾ ਦਿੱਤਾ ਗਿਆ ਸੀ। ਪਰ ਨਵੀਂ ਕੈਬਿਨੇਟ ਵਿਚ ਉਹਨਾਂ ਨੂੰ ਇੱਕ ਬਹੁਤ ਹੀ ਅਹਿਮ ਅਹੁਦਾ ਦਿੱਤਾ ਗਿਆ ਹੈ - ਕੈਨੇਡਾ ਦੀ ਨਵੀਂ ਫ਼ੌਰਨ ਅਫ਼ੇਅਰਜ਼ ਮਿਨਿਸਟਰ ਦਾ। 

ਉ’ਟੂਲ ਨੇ ਕੌਮੀ ਏਕਤਾ ਨੂੰ ਖ਼ਤਰਾ ਵਾਲਾ ਇਸ਼ਾਰਾ ਨਵੇਂ ਐਨਵਾਇਰਨਮੈਂਟ ਮਿਨਿਸਟਰ ਸਟੀਵਨ ਗਿਲਬੌ ਵੱਲ ਕੀਤਾ ਹੈ। ਸਟੀਵਨ ਕਿਉਬੈਕ ਦੇ ਨਾਮਵਰ ਕਲਾਇਮੇਟ ਕਾਰਕੁੰਨ ਰਹੇ ਹਨ। ਕੰਜ਼ਰਵੇਟਿਵਜ਼ ਦਾ ਕਹਿਣਾ ਹੈ ਕਿ ਸਟੀਵਨ ਗਿਲਬੌ ਦਾ ਐਨਵਾਇਰਨਮੈਂਟ ਮਿਨਸਟਰ ਬਣਨਾ ਇਸ ਗੱਲ ਦੀ ਤਸਦੀਕ ਹੈ, ਕਿ ਜਸਟਿਨ ਟ੍ਰੂਡੋ ਤੇਲ ਅਤੇ ਗੈਸ ਸੈਕਟਰ ਦੇ ਵਿਰੋਧੀ ਹਨ, ਜਿਹੜਾ ਸੈਕਟਰ ਹਜ਼ਾਰਾਂ ਨੌਕਰੀਆਂ ਦੀ ਬੁਨਿਆਦ ਹੈ ਅਤੇ ਸਰਕਾਰੀ ਖ਼ਜ਼ਾਨੇ ਵਿਚ ਹਰ ਸਾਲ ਕਈ ਬਿਲੀਅਨ ਡਾਲਰ ਜਮਾਂ ਕਰਦਾ ਹੈ।

Steven Guilbault assis devant une rangée de drapeaux canadiens.

ਸਟੀਵਨ ਗਿਲਬੌ ਕੈਨੇਡਾ ਦੇ ਨਵੇਂ ਐਨਵਾਇਰਨਮੈਂਟ ਮਿਨਿਸਟਰ ਹਨ।

ਤਸਵੀਰ: La Presse canadienne / Adrian Wyld

ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਸਟੀਵਨ ਗਿਲਬੌ ਨੇ, ਐਕੁਈਟੇਅਰ ਨਾਂ ਦੀ ਇੱਕ ਵਾਤਾਵਰਨ ਸਬੰਧੀ ਸੰਸਥਾ ਦੀ ਸਥਾਪਨਾ ਕੀਤੀ ਸੀ ਅਤੇ ਉਹ ਗ੍ਰੀਨਪੀਸ ਦੇ ਕਿਉਬੈਕ ਚੈਪਟਰ ਦੇ ਵੀ ਡਾਇਰੈਕਟਰ ਰਹਿ ਚੁੱਕੇ ਹਨ। 

ਗ੍ਰੀਨਪੀਸ ਨਾਲ ਜੁੜੇ ਹੋਣ ਦੌਰਾਨ, ਸਟੀਵਨ ਗਿਲਬੌ ਨੂੰ 340 ਮੀਟਰ ਇੱਕ ਟਾਵਰ ‘ਤੇ ਚੜ੍ਹਨ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਸਟੀਵਨ ਇੱਕ ਬੈਨਰ ਲੈਕੇ ਇਸ ਟਾਵਰ ‘ਤੇ ਚੜ੍ਹ ਗਏ ਸਨ ਜਿਸ ਉੱਪਰ ‘ਕੈਨੇਡਾ ਅਤੇ ਅਮਰੀਕਾ ਨੂੰ ਕਲਾਈਮੇਟ ਦਾ ਕਾਤਿਲ’ ਲਿਖਿਆ ਹੋਇਆ ਸੀ। ਇਸ ਨਾਫ਼ਰਮਾਨੀ ਦਾ ਮਕਸਦ ਕੈਨੇਡਾ ਅਤੇ ਯੂ ਐਸ ਦੇ ਕਯੋਟੋ ਪ੍ਰੋਟੋਕੋਲ ਕਲਾਇਮੇਟ ਸਮਝੌਤੇ ਬਾਬਤ ਕਥਿਤ ਸੁਸਤ ਰਵੱਈਏ ਨੂੰ ਉਜਾਗਰ ਕਰਨਾ ਸੀ। 

ਸਟੀਵਨ ਗਿਲਬੌ, ਪਾਈਪਲਾਈਨ ਦੀ ਉਸਾਰੀ ਦੇ ਵੀ ਕੱਟੜ ਵਿਰੋਧੀ ਰਹੇ ਹਨ, ਜਿਸ ਵਿਚ ਟ੍ਰਾਂਸ-ਮਾਉਂਟੇਨ ਪਾਈਪਲਾਈਨ ਵੀ ਸ਼ਾਮਲ ਹੈ। ਫ਼ਿਲਹਾਲ ਇੱਕ ਕ੍ਰਾਉਨ-ਕਾਰਪੋਰੇਸ਼ਨ (ਸਰਕਾਰੀ ਕੰਪਨੀ) ਟ੍ਰਾਂਸ-ਮਾਉਂਟੇਨ ਪਾਈਪਲਾਈਨ ਦੇ ਵਿਸਤਾਰ ਦਾ ਕੰਮ ਕਰ ਰਹੀ ਹੈ।

ਗ੍ਰੀਨਪੀਸ ਨੇ ਗਿਲਬੌ ਦੇ ਮੰਤਰੀ ਬਣਨ ਤੇ ਖ਼ੁਸ਼ੀ ਪ੍ਰਗਟਾਉਂਦਿਆਂ ਕਿਹਾ , ਉਹ [ਗਿਲਬੌ] ਚੰਗੀ ਤਰ੍ਹਾਂ ਜਾਣਦੇ ਹਨ ਕਿ ਮੁੱਦਾ ਕੀ ਹੈ ਅਤੇ ਦਾਅ ‘ਤੇ ਕੀ ਲੱਗਿਆ ਹੈ।

ਟ੍ਰੂਡੋ ਨੇ 2019 ਵਿਚ, ਇਹ ਕਹਿ ਕੇ ਗਿਲਬੌ ਦੇ ਲਿਬਰਲ ਪਾਰਟੀ ਉਮੀਦਵਾਰ ਐਲਾਨੇ ਜਾਣ ਦੀ ਸਫ਼ਾਈ ਦਿੱਤੀ ਸੀ, ਕਿ ਲਿਬਰਲ ਪਾਰਟੀ ਕਈ ਮੁੱਦਿਆਂ ਤੇ ਵੱਖਰੇ ਵਿਚਾਰ ਰੱਖਣ ਵਾਲਿਆਂ ਦਾ ਵੀ ਸਵਾਗਤ ਕਰਦੀ ਹੈ। 

ਟ੍ਰਾਂਸ-ਮਾਉਂਟੇਨ ਪਾਈਪਲਾਈਨ ਦੀ ਕੰਸਟ੍ਰਕਸ਼ਨ ਜਾਰੀ ਹੈ ਅਤੇ ਬੀਸੀ ਅਤੇ ਐਲਬਰਟਾ ਵਿਚ 9400 ਤੋਂ ਵੱਧ ਲੋਕ ਇਸ ਪ੍ਰਾਜੈਕਟ ਕਰਕੇ ਰੁਜ਼ਗਾਰ ਨਾਲ ਜੁੜੇ ਹੋਏ ਹਨ। 

ਇਸ ਤੋਂ ਇਲਾਵਾ ੳ’ਟੂਲ ਨੇ ਮੁਲਕ ਦੀ ਕੋਵਿਡ ਤੋਂ ਇਕਨੌਮਿਕ ਰਿਕਵਰੀ ਨੂੰ ਲੈਕੇ ਵੀ ਚਿੰਤਾ ਦਾ ਇਜ਼ਹਾਰ ਕੀਤਾ ਹੈ। ਉਹਨਾਂ ਕਿਹਾ ਕਿ ਟ੍ਰੂਡੋ ਦੀ ਕੈਬਿਨੇਟ ਕੋਵਿਡ ਸਬੰਧਤ ਮਸਲਿਆਂ ਨਾਲ ਨਜਿੱਠਣ ਦੇ ਯੋਗ ਨਹੀਂ ਹੈ। 

ਮਹਿੰਗਾਈ ਦੇ 25 ਸਾਲਾਂ ਦੇ ਰਿਕਾਰਡ ਅੰਕੜੇ, ਗੈਸ ਅਤੇ ਗ੍ਰੋਸਰੀ ਦੀਆਂ ਕੀਮਤਾਂ ਵਿਚ ਵਾਧਾ, ਅਸਮਾਨ ਛੂਹੁੰਦੀਆਂ ਘਰਾਂ ਦੀਆਂ ਕੀਮਤਾਂ, ਕਾਰੋਬਾਰਾਂ ਨੂੰ ਸਪਲਾਈ ਵਿਚ ਆਉਂਦੀਆਂ ਦਿੱਕਤਾਂ - ਅੱਜ ਦੀ ਨਵੀਂ ਕੈਬਿਨੇਟ ਤੋਂ ਇਹ ਸਪਸ਼ਟ ਹੋ ਗਿਆ ਹੈ, ਕਿ ਟ੍ਰੂਡੋ ਸਰਕਾਰ ਇਹਨਾਂ ਮਸਲਿਆਂ ਅਤੇ ਕੈਨੇਡਾ ਦੀਆਂ ਆਰਥਿਕ ਚੁਣੌਤੀਆਂ ਨਾਲ ਨਜਿੱਠਣ ਲਈ ਸੰਜੀਦਾ ਨਹੀਂ ਹੈ

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਵੀ ਨਵੀਂ ਕੈਬਿਨੇਟ ਬਾਰੇ ਨਮੋਸ਼ੀ ਦਾ ਇਜ਼ਹਾਰ ਕੀਤਾ ਹੈ। ਉਹਨਾਂ ਨੇ ਕੈਰੋਲੀਨ ਬੈਨੇਟ ਅਤੇ ਮਾਰਕ ਮਿਲਰ ਨੂੰ ਕੈਬਿਨੇਟ ਵਿਚ ਸ਼ਾਮਲ ਕੀਤੇ ਜਾਣ ਦੀ ਆਲੋਚਨਾ ਕੀਤੀ। 

ਮੂਲਨਿਵਾਸੀ ਮਾਮਲਿਆਂ ਦੀ ਮਿਨਿਸਟਰ ਕੈਰੋਲਿਨ ਬੈਨਟ ਨੂੰ ਮਿਨਿਸਟਰ ਔਫ਼ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਅਤੇ ਅਸੋਸੀਏਟ ਮਿਨਿਸਟਰ ਔਫ਼ ਹੈਲਥ ਦਾ ਕਾਰਜਭਾਰ ਸੌਂਪਿਆ ਗਿਆ ਹੈ ਅਤੇ ਮਾਰਕ ਮਿਲਰ ਨਵੇਂ ਕ੍ਰਾਉਨ-ਇੰਡੀਜੀਨਸ ਰਿਲੇਸ਼ਨਜ਼ ਮਿਨਿਸਟਰ ਬਣੇ ਹਨ। 

ਫ਼ਸਟ ਨੇਸ਼ਨ ਬੱਚਿਆਂ ਨੂੰ ਮੁਆਵਜ਼ਾ ਦਿੱਤੇ ਜਾਣ ਦੇ ਅਦਾਲਤੀ ਨਿਰਦੇਸ਼ਾਂ ਖ਼ਿਲਾਫ਼ ਮਿਲਰ ਅਤੇ ਬੈਨੇਟ ਅਧੀਨ ਆਉਂਦੇ ਮੰਤਾਰਲਿਆਂ ਨੇ ਅਦਾਲਤ ਵਿਚ ਅਪੀਲ ਕੀਤੀ ਸੀ। ਐਨਡੀਪੀ, ਲਿਬਰਲ ਸਰਕਾਰ ਦੇ ਇਸ ਫ਼ੈਸਲੇ ਦੀ ਤਿੱਖੀ ਆਲੋਚਨਾ ਕਰਦੀ ਰਹੀ ਹੈ। 

ਹਿਊਮਨ ਰਾਇਟਸ ਟ੍ਰਿਬਿਊਨਲ ਨੇ ਫ਼ੈਡਰਲ ਸਰਕਾਰ ਨੂੰ ਫ਼ਸਟ ਨੇਸ਼ਨਜ਼ ਦੇ ਤਕਰੀਬਨ 50,000 ਬੱਚਿਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ, ਪ੍ਰਤੀ ਬੱਚਾ 40,000 ਡਾਲਰ ਦਾ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਸਨ। ਫ਼ੈਡਰਲ ਸਰਕਾਰ ਨੇ ਟ੍ਰਿਬਿਊਨਲ ਦੇ ਇਸ ਫ਼ੈਸਲੇ ਖ਼ਿਲਾਫ਼ ਅਪੀਲ ਕੀਤੀ ਸੀ।

ਜੇ ਜਸਟਿਨ ਟ੍ਰੂਡੋ ਨੂੰ ਸਾਬਕਾ ਮੰਤਰਿਆਂ ਦੀ ਕੰਮਕਾਜ ਅਤੇ ਪਹੁੰਚ ‘ਤੇ ਇਤਰਾਜ਼ ਸੀ, ਤਾਂ ਉਹ ਕੈਬਿਨੇਟ ਵਿਚ ਨਹੀਂ ਹੋਣੇ ਚਾਹੀਦੇ ਸਨ। ਪਰ ਉਹ ਅਜੇ ਵੀ ਕੈਬਿਨੇਟ ਵਿਚ ਹਨ, ਇਸਦਾ ਮਤਲਬ ਹੈ ਕਿ ਉਹ ਉਹਨਾਂ ਦੀ ਪਹੁੰਚ ਨਾਲ ਸਹਿਮਤ ਹਨ। ਇਹ ਠੀਕ ਨਹੀਂ ਹੈ। ਜੇ ਕਿਸੇ ਨੇ ਕੁਝ ਗ਼ਲਤ ਕੀਤਾ ਹੈ ਤਾਂ ਉਸਨੂੰ ਇੱਥੇ ਨਹੀਂ ਹੋਣਾ ਚਾਹੀਦਾ।
ਵੱਲੋਂ ਇੱਕ ਕਥਨ ਜਗਮੀਤ ਸਿੰਘ, ਲੀਡਰ, ਐਨਡੀਪੀ

ਜਗਮੀਤ ਸਿੰਘ ਦਾ ਕਹਿਣਾ ਹੈ ਕਿ ਪਾਰਲੀਮੈਂਟ ਦੇ ਅਗਲੇ ਸੈਸ਼ਨ ਦੌਰਾਨ ਪੇਡ ਸਿਕ ਲੀਵ ਲਾਗੂ ਕਰਨਾ, ਹੈਲਥ ਕੇਅਰ ਫ਼ੰਡਿੰਗ ਵਧਾਉਣਾ, ਨੈਸ਼ਨਲ ਚਾਇਲਡ ਕੇਅਰ ਅਤੇ ਫ਼ਰਮਾਕੇਅਰ ਪਲਾਨ ਲਿਆਉਣਾ, ਮੁੱਖ ਤਰਜੀਹਾਂ ਹਨ। ਉਹਨਾਂ ਇਸ ਗੱਲ ਦੀ ਫ਼ਿਕਰ ਜਤਾਈ ਕਿ ਨਵੀਂ ਕੈਬਿਨੇਟ ਇਸ ਸਭ ਨੂੰ ਯਕੀਨੀ ਬਣਾਉਣ ਵਿਚ ਅਸਫ਼ਲ ਰਹੇਗੀ। 

ਉਹਨਾਂ ਕਿਹਾ ਕਿ ਮਹਿਜ਼ ਮੰਤਰਾਲੇ ਬਦਲਣ ਨਾਲ ਕੋਈ ਬਹੁਤਾ ਫ਼ਰਕ ਨਹੀਂ ਆਉਣਾ ਅਤੇ ਮੂਲਨਿਵਾਸੀਆਂ ਦੇ ਮਾਮਲੇ ਵਿਚ ਠੋਸ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। 

ਜੌਨ ਪੌਲ ਟਸਕਰ - ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ