1. ਮੁੱਖ ਪੰਨਾ
  2. ਵਾਤਾਵਰਨ
  3. ਮੌਸਮ ਦੇ ਹਾਲਾਤ

ਤੁਫ਼ਾਨ ਕਾਰਨ ਬੀਸੀ ਦੇ ਦੱਖਣੀ ਤੱਟਵਰਤੀ ਇਲਾਕਿਆਂ ਚ ਸਥਿਤ ਹਜ਼ਾਰਾਂ ਘਰਾਂ ਦੀ ਬਿਜਲੀ ਠੱਪ

ਵੈਨਕੂਵਰ ਆਇਲੈਂਡ ਅਤੇ ਮੇਨਲੈਂਡ ਦਰਮਿਆਨ ਫ਼ੈਰੀ ਸੇਵਾਵਾਂ ਰੁਕੀਆਂ

ਬੀਸੀ ਦੇ ਰਿਚਮੰਡ ਵਿਚ ਸਮੁੰਦਰ ਦੇ ਨਾਲ ਬਣੀ ਪਗਡੰਡੀ ਤੇ ਤੁਰੀ ਜਾਂਦੀ ਇੱਕ ਔਰਤ ਦੀ ਤਸਵੀਰ। ਤੁਫਾਨੀ ਹਵਾਵਾਂ ਕਰਕੇ ਬੀਸੀ ਦੇ ਹਜ਼ਾਰਾਂ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ।

ਸੋਮਵਾਰ ਨੂੰ ਬੀਸੀ ਦੇ ਰਿਚਮੰਡ ਵਿਚ ਪਗਡੰਡੀ 'ਤੇ ਤੁਰੀ ਜਾਂਦੀ ਇੱਕ ਔਰਤ ਦੀ ਤਸਵੀਰ। ਤੁਫਾਨੀ ਹਵਾਵਾਂ ਕਰਕੇ ਬੀਸੀ ਦੇ ਹਜ਼ਾਰਾਂ ਘਰਾਂ ਦੀ ਬਿਜਲੀ ਠੱਪ ਹੋ ਗਈ ਹੈ।

ਤਸਵੀਰ: Bel Nelms

RCI

ਬ੍ਰਿਟਿਸ਼ ਕੋਲੰਬੀਆ ਦੇ ਦੱਖਣੀ ਤੱਟਵਰਤੀ ਇਲਾਕੇ ਵਿਚ ਆਏ ਤੇਜ਼ ਤੁਫ਼ਾਨ ਕਾਰਨ ਹਜ਼ਾਰਾਂ ਘਰਾਂ ਦੀ ਬਿਜਲੀ ਗੁਲ ਹੋ ਗਈ ਹੈ। ਤੇਜ਼ ਹਵਾਵਾਂ ਦੀ ਚਿਤਾਵਨੀ ਅਜੇ ਵੀ ਜਾਰੀ ਹੈ ਅਤੇ ਵੈਨਕੂਵਰ ਆਇਲੈਂਡ ਅਤੇ ਮੇਨਲੈਂਡ ਖੇਤਰ ਦਰਮਿਆਨ ਫ਼ੈਰੀ ਸਰਵਿਸ ਵੀ ਬੰਦ ਕਰ ਦਿੱਤੀ ਗਈ ਹੈ।

ਬੀਸੀ ਹਾਈਡ੍ਰੋ ਮੁਤਾਬਕ, ਐਤਵਾਰ ਰਾਤ ਨੂੰ ਆਏ ਤੇਜ਼ ਝੱਖੜਾਂ ਕਰਕੇ 11,000 ਤੋਂ ਵੱਧ ਘਰਾਂ ਵਿਚ ਬਿਜਲੀ ਸੇਵਾਵਾਂ ਠੱਪ ਹੋ ਗਈਆਂ ਹਨ। ਇਹਨਾਂ ਵਿਚੋਂ 3,000 ਤੋਂ ਵੱਧ ਪ੍ਰਭਾਵਿਤ ਪਰਿਵਾਰ ਵੈਨਕੂਵਰ ਆਇਲੈਂਡ ਵਿਚ ਹਨ ਅਤੇ ਤਕਰੀਬਨ 7,000 ਪਰਿਵਾਰ ਲੋਅਰ ਮੇਨਲੈਂਡ ਅਤੇ ਨਾਲ ਦੇ ਇਲਾਕਿਆਂ ਵਿਚ ਪ੍ਰਭਾਵਿਤ ਹੋਏ ਹਨ।

ਬੀਸੀ ਹਾਈਡ੍ਰੋ ਦੇ ਬੁਲਾਰੇ ਕੈਵਿਨ ਐਕੁਈਨੋ ਮੁਤਾਬਕ, ਬਿਜਲੀ ਦਾ ਨੈਟਵਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਾਡੇ ਕ੍ਰੂ ਮੈਂਬਰ ਬਿਜਲੀ ਦੀਆਂ ਤਾਰਾਂ ਤੋਂ ਦਰਖ਼ਤਾਂ ਦੀਆਂ ਟੁੱਟੀਆਂ ਟਾਹਣੀਆਂ ਹਟਾਉਣ, ਤਾਰਾਂ ਨੂੰ ਦੁਬਾਰਾ ਠੀਕ ਕਰਨ ਅਤੇ ਲੋੜ ਅਨੁਸਾਰ, ਬਿਜਲੀ ਦੇ ਖੰਬਿਆਂ ਤੱਕ ਨੂੰ ਪੂਰੀ ਤਰ੍ਹਾਂ ਬਦਲਣ ਦੇ ਕੰਮ ਕਰ ਰਹੇ ਹਨ

ਕੈਵਿਨ ਮੁਤਾਬਕ ਤੁਫ਼ਾਨੀ ਬਾਰਿਸ਼ ਅਤੇ ਝੱਖੜ ਨੇ ਲੋਅਰ ਮੇਨਲੈਂਡ ਵਿਚ ਉਮੀਦ ਨਾਲੋਂ ਘੱਟ ਨੁਕਸਾਨ ਕੀਤਾ ਹੈ ਅਤੇ ਸਨਸ਼ਾਇਨ ਕੋਸਟ ਇਲਾਕੇ ਵਿਚ ਪਹੁੰਚਣ ਤੋਂ ਬਾਅਦ ਤੁਫ਼ਾਨ ਹਲਕਾ ਹੋਣਾ ਵੀ ਸ਼ੁਰੂ ਹੋ ਗਿਆ ਸੀ।

ਪਰ ਸੋਮਵਾਰ ਨੂੰ ਵੀ ਬੇਹੱਦ ਤੇਜ਼ ਹਵਾਵਾਂ ਦੀ ਚਿਤਾਵਨੀ ਦੇ ਚਲਦਿਆਂ ਦੋ ਦਰਜਨ ਤੋਂ ਵੱਧ ਫ਼ੈਰੀ ਸੇਵਾਵਾਂ ਬੰਦ ਕੀਤੀਆਂ ਗਈਆਂ ਹਨ। ਮੈਟਰੋ ਵੈਨਕੂਵਰ ਅਤੇ ਵੈਨਕੂਵਰ ਆਇਲੈਂਡ ਨੂੰ ਜੋੜਨ ਵਾਲਾ ਆਵਾਜਾਈ ਮਾਧਿਅਮ ਬੰਦ ਕਰਨਾ ਪਿਆ ਹੈ। 

ਬੀਸੀ ਫ਼ੈਰੀਜ਼ ਦੀ ਸਪੋਕਸਪਰਸਨ ਡਿਬੋਰਾਹ ਮਾਰਸ਼ਲ ਨੇ ਕਿਹਾ, ਫ਼ੈਰੀ ਸੇਵਾਵਾਂ ਨੂੰ ਸਸਪੈਂਡ ਕਰਨ ਦਾ ਫ਼ੈਸਲਾ ਆਸਾਨੀ ਨਾਲ ਨਹੀਂ ਲਿਆ ਜਾਂਦਾ। ਅਸੀਂ ਮੰਨਦੇ ਹਾਂ ਕਿ ਲੋਕਾਂ ਲਈ ਕਈ ਥਾਵਾਂ ’ਤੇ ਪਹੁੰਚਣਾ ਬੇਹੱਦ ਜ਼ਰੂਰੀ ਹੁੰਦਾ ਹੈ, ਪਰ ਇਸ ਵੇਲੇ ਇਹੀ ਇੱਕ ਸੁਰੱਖਿਅਤ ਉਪਾਅ ਹੈ

ਚਿਤਾਵਨੀ ਜਾਰੀ

ਮੁਲਕ ਦੇ ਮੌਸਮ ਵਿਭਾਗ, ਐਨਵਾਇਰਨਮੈਂਟ ਕੈਨੇਡਾ, ਨੇ ਵੈਨਕੂਵਰ ਆਇਲੈਂਡ, ਗ੍ਰੇਟਰ ਵਿਕਟੋਰੀਆ, ਸਨਸ਼ਾਇਨ ਕੋਸਟ, ਗਲਫ਼ ਆਇਲੈਂਡ ਅਤੇ ਮੈਟਰੋ ਵੈਨਕੂਵਰ ਲਈ ਤੇਜ਼ ਹਵਾਵਾਂ ਦੀ ਚਿਤਾਵਨੀ ਜਾਰੀ ਰੱਖੀ ਹੈ। 

100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀਆਂ ਤੇਜ਼ ਹਵਾਵਾਂ, ਸੋਮਵਾਰ ਦੇਰ ਸ਼ਾਮ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। 

ਵੈਨਕੂਵਰ ਆਇਲੈਂਡ ਅਤੇ ਹੋਵ ਸਾਉਂਡ ਇਲਾਕਿਆਂ ਲਈ ਸਪੈਸ਼ਲ ਵੈਦਰ ਸਟੇਟਮੈਂਟ ਵੀ ਜਾਰੀ ਕੀਤੀ ਗਈ ਹੈ। 

ਸੀਬੀਸੀ ਦੀ ਮੈਟੀਰਿਉਲੌਜਿਸਟ (ਮੌਸਮ ਮਾਹਰ) ਜੋਹਾਨ ਵੈਗਸਟਾਫ਼ ਦਾ ਕਹਿਣਾ ਹੈ, ਕਿ ਸੋਮਵਾਰ ਸ਼ਾਮ ਤੱਕ ਤੇਜ਼ ਹਵਾਵਾਂ ਦੇ ਘਟਣ ਦੀ ਤਾਂ ਸੰਭਾਵਨਾ ਹੈ - ਪਰ ਲੋਕਾਂ ਨੂੰ ਵਧੇਰੇ ਬਿਜਲੀ ਸੇਵਾਵਾਂ ਠੱਪ ਹੋ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ, ਕਿਉਂਕਿ ਕਮਜ਼ੋਰ ਹੋ ਚੁੱਕੇ ਦਰਖ਼ਤਾਂ ਦੇ, ਆਉਂਦੇ ਤੁਫ਼ਾਨੀ ਮੌਸਮ ਵਿਚ ਆਸਾਨੀ ਨਾਲ ਡਿੱਗਣ ਦੀ ਸੰਭਾਵਨਾ ਬਣ ਗਈ ਹੈ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ