1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਉਨਟੇਰਿਉ ਵੱਲੋਂ ਮਾਰਚ 2022 ਤੱਕ ਵੈਕਸੀਨੇਸ਼ਨ ਪ੍ਰਮਾਣ ਅਤੇ ਮਾਸਕ ਸਮੇਤ ਸਾਰੀਆਂ ਰੋਕਾਂ ਹਟਾਉਣ ਦੀ ਯੋਜਨਾ

25 ਅਕਤੂਬਰ ਤੋਂ ਕਪੈਸਿਟੀ ਲਿਮਿਟ ਹਟਾਏ ਜਾਣ ਦਾ ਸਿਲਸਿਲਾ ਸ਼ੁਰੂ

Isang babae na nagse-serve ng pizza sa mga kostumer ng restaurant.

25 ਅਕਤੂਬਰ ਤੋਂ ਉਨਟੇਰਿਉ ਵਿਚ ਰੈਸਟੋਰੈਂਟ, ਬਾਰ, ਜਿੰਮ ਅਤੇ ਵੈਕਸੀਨ ਦੇ ਸਬੂਤ ਦੀ ਜ਼ਰੂਰਤ ਵਾਲੀਆਂ ਇੰਡੋਰ ਥਾਵਾਂ ਤੇ ਕਪੈਸਿਟੀ ਲਿਮਿਟ ਹਟਾਈ ਜਾ ਰਹੀ ਹੈ।

ਤਸਵੀਰ: Radio-Canada / Olivier Plante

RCI

ਉਨਟੇਰਿਉ ਪ੍ਰੀਮੀਅਰ ਡਗ ਫ਼ੋਰਡ ਨੇ ਸੂਬੇ ਵਿਚ ਕੋਵਿਡ ਰੋਕਾਂ ਨੂੰ ਨਰਮ ਕੀਤੇ ਜਾਣ ਦੀ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਮਾਰਚ 2022 ਤੱਕ ਉਨਟੇਰਿਉ ਵਿਚ ਵੈਕਸੀਨੇਸ਼ਨ ਪ੍ਰਮਾਣ ਸਮੇਤ ਇੰਡੋਰ ਥਾਵਾਂ ‘ਤੇ ਮਾਸਕ ਪਹਿਨਣ ਵਰਗੀਆਂ ਰੋਕਾਂ ਨੂੰ ਵੀ ਹਟਾਏ ਜਾਣ ਦੀ ਯੋਜਨਾ ਉਲੀਕੀ ਗਈ ਹੈ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਰੋਕਾਂ ਨੂੰ ਹੌਲੀ ਹੌਲੀ, ਲਗਾਤਾਰ ਨਿਗਰਾਨੀ ਕਰਦਿਆਂ, ਅਗਲੇ 6 ਮਹੀਨਿਆਂ ਦਰਮਿਆਨ ਹਟਾਇਆ ਜਾਵੇਗਾ। 

ਨਵੇਂ ਕੋਵਿਡ ਕੇਸਾਂ ਦੀ ਸਥਿਤੀ, ਹਸਪਤਾਲ ਦਾਖਲਿਆਂ, ਆਈ ਸੀ ਯੂ ਵਿਚ ਮਰੀਜ਼ਾਂ ਦੀ ਗਿਣਤੀ ਅਤੇ ਇੱਕ ਦਮ ਬਿਮਾਰੀ ਦੇ ਦੁਬਾਰਾ ਫ਼ੈਲਣ ਵਰਗੀਆਂ ਸਥਿਤੀਆਂ ‘ਤੇ ਖ਼ਾਸ ਨਜ਼ਰ ਰੱਖੀ ਜਾਵੇਗੀ। 

25 ਅਕਤੂਬਰ ਤੋਂ : ਨਵੇਂ ਪਲੈਨ ਅਧੀਨ ਰੈਸਟੋਰੈਂਟਾਂ,ਕਸੀਨੋਜ਼, ਜਿਮ ਅਤੇ ਹੋਰ ਜਿਹੜੀਆਂ ਵੀ ਥਾਂਵਾਂ ’ਤੇ ਵੈਕਸੀਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਹੈ, ਉੱਥੇ ਕਪੈਸਿਟੀ ਲਿਮਿਟ ਹਟਾਈ ਜਾ ਰਹੀ ਹੈ। ਇਸ ਤੋਂਂ ਇਲਾਵਾ ਪਰਸਨਲ ਕੇਅਰ ਸੇਵਾਵਾਂ ਜਿਵੇਂ ਬਾਰਬਰ ਸ਼ੌਪਸ, ਸੈਲੂਨ ਆਦਿ ਵੀ, ਜੇ ਵੈਕਸੀਨ ਪ੍ਰਮਾਣ ਨੂੰ ਜ਼ਰੂਰੀ ਕਰਦੇ ਹਨ ਤਾਂ ਉਹ ਵੀ ਕਪੈਸਿਟੀ ਲਿਮਿਟ ਨੂੰ ਹਟਾ ਸਕਦੇ ਹਨ। 

ਕਪੈਸਿਟੀ ਲਿਮਿਟ ਤੋਂ ਭਾਵ ਹੈ, ਮਸਲਨ ਕਿਸੇ ਜਗ੍ਹਾ ‘ਤੇ ਇੱਕ ਸਮੇਂ ਤੇ 100 ਲੋਕ ਮੌਜੂਦ ਹੋ ਸਕਦੇ ਹਨ ਤਾਂ 50 ਫ਼ੀਸਦੀ ਕਪੈਸਟੀ ਲਿਮਿਟ ਅਨੁਸਾਰ ਉਥੇ ਇੱਕ ਵਕ਼ਤ ਵਿਚ ਵੱਧ ਤੋਂ ਵੱਧ 50 ਲੋਕ ਇਕੱਠੇ ਹੋ ਸਕਦੇ ਹਨ। 

15 ਨਵੰਬਰ ਤੋਂ : ਬਾਕੀ ਬਚੀਆਂ ਵੱਧ ਹਾਈ-ਰਿਸਕ ਥਾਵਾਂ ਜਿੱਥੇ ਵੈਕਸੀਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਹੈ, ਉੱਥੇ ਕਪੈਸਿਟੀ ਲਿਮਿਟ ਹਟਾਈ ਜਾ ਰਹੀ ਹੈ। ਇਹਨਾਂ ਥਾਵਾਂ ਵਿਚ ਨਾਇਟ-ਕਲੱਬ, ਸਟ੍ਰਿਪ ਕਲੱਬ, ਸੈਕਸ ਕਲੱਬ, ਅਤੇ ਡਾਂਸ ਦੀ ਇਜਾਜ਼ਤ ਵਾਲੀਆਂ ਵਿਆਹ ਦੇ ਰਿਸੈਪਸ਼ਨ ਦੀਆਂ ਥਾਵਾਂ ਸ਼ਾਮਲ ਹਨ।

17 ਜਨਵਰੀ ਤੋਂ : ਇਹ ਮੰਨਦੇ ਹੋਇਆਂ ਕਿ ਛੁੱਟੀਆਂ ਕਰਕੇ ਕੋਈ ਚਿੰਤਾਜਨਕ ਸਥਿਤੀ ਪੈਦਾ ਨਹੀਂ ਹੋਵੇਗੀ, ਜਿਹੜੀਆਂ ਥਾਵਾਂ ਤੇ ਵੈਕਸੀਨ ਦਾ ਸਬੂਤ ਦਿਖਾਉਣਾ ਜ਼ਰੂਰੀ ਨਹੀਂ ਵੀ ਹੈ, ਉੱਥੇ ਵੀ ਕਪੈਸਿਟੀ ਲਿਮਿਟ ਹਟਾ ਦਿੱਤੀ ਜਾਵੇਗੀ। ਇਸੇ ਸਮੇਂ ਦੌਰਾਨ ਰੈਸਟੋਰੈਂਟ, ਬਾਰ ਅਤੇ ਸਪੋਰਟਸ ਦੀਆਂ ਥਾਵਾਂ ਵਿਚ ਵੈਕਸੀਨੇਸ਼ਨ ਦਾ ਸਬੂਤ ਦਿਖਾਉਣ ਦੀ ਜ਼ਰੂਰਤ ਵੀ ਹਟਾਈ ਜਾ ਸਕਦੀ ਹੈ। 

7 ਫ਼ਰਵਰੀ ਤੋਂ : ਨਾਇਟ-ਕਲੱਬ, ਸਟ੍ਰਿਪ ਕਲੱਬ, ਸੈਕਸ ਕਲੱਬ, ਅਤੇ ਬਾਕੀ ਬਚੀਆਂ ਵੱਧ ਖ਼ਤਰੇ ਵਾਲੀਆਂ ਥਾਵਾਂ ਤੋਂ ਵੀ ਵੈਕਸੀਨੇਸ਼ਨ ਪ੍ਰਮਾਣ ਦਿਖਾਉਣ ਦੀ ਜ਼ਰੂਰਤ ਖ਼ਤਮ ਕੀਤੀ ਜਾ ਸਕਦੀ ਹੈ।

28 ਮਾਰਚ ਤੋਂ : ਇੰਡੋਰ ਪਬਲਿਕ ਥਾਂਵਾਂ 'ਤੇ ਮਾਸਕ ਪਹਿਨਣ ਦੀ ਜ਼ਰੂਰਤ ਵੀ ਖ਼ਤਮ ਕੀਤੀ ਜਾ ਸਕਦੀ ਹੈ ਅਤੇ ਸਾਰੀਆਂ ਥਾਂਵਾਂ ਤੇ ਵੈਕਸੀਨ ਦਾ ਪ੍ਰਮਾਣ ਦਿਖਾਏ ਜਾਣ ਦੇ ਨਿਯਮ ਵੀ ਹਟਾਏ ਜਾਣ ਦੀ ਯੋਜਨਾ ਹੈ।

ਸਕੂਲਾਂ ਵਿਚ ਵੀ ਮਾਰਚ ਦੌਰਾਨ ਮਾਸਕ ਦੀ ਜ਼ਰੂਰਤ ਨੂੰ ਹਟਾਏ ਜਾਣ ਦੀ ਸੰਭਾਵਨਾ ਦਾ ਫ਼ੋਰਡ ਨੇ ਸਪਸ਼ਟ ਜਵਾਬ ਨਾ ਦਿੰਦਿਆਂ ਕਿਹਾ, ਕਿ ਹੈਲਥ ਐਕਸਪਰਟਸ ਦੀ ਸਲਾਹ ਅਤੇ ਕੋਵਿਡ ਦੀ ਸਥਿਤੀ ਦੇ ਮੁਤਾਬਕ ਹੀ ਨਿਗਰਾਨੀ ਜਾਰੀ ਰਹੇਗੀ। 

ਆਉਂਦੇ ਮਹੀਨਿਆਂ ਵਿਚ ਸਾਵਧਾਨੀ ਦੀ ਜ਼ਰੂਰਤ : ਡਾ ਮੂਅਰ

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਆਉਂਦੇ ਦਿਨਾਂ ਦੇ ਜਨਤਕ ਆਯੋਜਨਾਂ ਜਿਵੇਂ ਰਿਮੈਂਮਬ੍ਰੈਂਸ ਡੇਅ ਅਤੇ ਸੈਂਟਾ ਕਲੌਜ਼ ਪਰੇਡ ਦੌਰਾਨ, ਵਧੇਰੇ ਲੋਕਾਂ ਦੇ ਇਕੱਠ ਦੀ ਇਜਾਜ਼ਤ ਦੀ ਯੋਜਨਾ ਬਣਾਈ ਜਾ ਰਹੀ ਹੈ। ਅਗਲੇ ਕੁਝ ਦਿਨਾਂ ਵਿਚ ਇਸਦੇ ਵੇਰਵੇ ਜਾਰੀ ਕੀਤੇ ਜਾਣਗੇ। 

ਸੂਬੇ ਦੇ ਚੀਫ਼ ਮੈਡਿਕਲ ਔਫ਼ਿਸਰ ਡਾ ਕੀਅਰਨ ਮੂਅਰ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰੋਕਾਂ ਵਿਚ ਕੁਝ ਨਰਮਾਈ ਕੀਤੀ ਜਾ ਸਕਦੀ ਹੈ। 

ਉਹਨਾਂ ਕਿਹਾ, ਆਉਣ ਵਾਲੇ ਕੁਝ ਮਹੀਨਿਆਂ ਦੌਰਾਨ ਨਿਰੰਤਰ ਸਾਵਧਾਨੀ ਦੀ ਜ਼ਰੂਰਤ ਹੈ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਦੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਬੇਲੋੜੀਆਂ ਰੁਕਾਵਟਾਂ ਦੁਬਾਰਾ ਪੈਦਾ ਹੋਣ

ਡਾ ਮੂਅਰ ਦਾ ਕਹਿਣਾ ਹੈ ਕਿ ਉਨਟੇਰਿਉ ਵਿਚ ਹੁਣ ਤੱਕ 87.7 ਫ਼ੀਸਦੀ ਯੋਗ ਉਨਟੇਰਿਅਨਜ਼ ਕੋਵਿਡ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਪ੍ਰਾਪਤ ਕਰ ਚੁੱਕੇ ਹਨ ਅਤੇ 83.6 ਫ਼ੀਸਦੀ ਯੋਗ ਉਨਟੇਰਿਅਨਜ਼ ਪੂਰੀ ਵੈਕਸੀਨੇਸ਼ਨ ਕਰਵਾ ਚੁੱਕੇ ਹਨ। 

ਗ਼ੌਰਲਤਬ ਹੈ ਕਿ ਉਨਟੇਰਿਉ ਦੀ ਸਾਇੰਸ ਐਡਵਾਇਜ਼ਰੀ ਟੇਬਲ ਨੇ ਸ਼ੁੱਕਰਵਾਰ ਨੂੰ ਕਿਹਾ ਹੈ, ਕਿ ਉਨਟੇਰਿਉ ਵਿਚ ਕੋਵਿਡ ਦੀ ਚੌਥੀ ਵੇਵ ਘਟ ਰਹੀ ਹੈ ਪਰ ਕੁਝ ਰੋਕਾਂ ਨੂੰ ਬਰਕਰਾਰ ਰੱਖਦਿਆਂ, ਬੱਚਿਆਂ ਵਿਚ ਵੈਕਸੀਨੇਸ਼ਨ ਦਰ ਵਧਾਉਣ ਨਾਲ ਹੀ ਸਥਿਤੀ ਕਾਬੂ ਵਿਚ ਰਹੇਗੀ। ਇਸ ਗਰੁੱਪ ਮੁਤਾਬਕ ਇੰਡੋਰ ਥਾਵਾਂ ਤੇ ਮਾਸਕ, ਵੈਕਸੀਨ ਸਰਟੀਫ਼ਿਕੇਟ ਅਤੇ ਵੈਂਟੀਲੇਸ਼ਨ ਨੂੰ ਸੁਨਿਸ਼ਚਿਤ ਕਰਨ ਨਾਲ ਹੀ, ਚੌਥੀ ਲਹਿਰ ਵਿਚ ਆ ਰਹੀ ਇਹ ਕਮੀ ਜਾਰੀ ਰਹੇਗੀ। 

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ