1. ਮੁੱਖ ਪੰਨਾ
  2. ਅੰਤਰਰਾਸ਼ਟਰੀ
  3. ਇਮੀਗ੍ਰੇਸ਼ਨ

ਇਮੀਗ੍ਰੇਸ਼ਨ ਮਹਿਕਮੇ ਵਿੱਚ ਮੁਲਾਜ਼ਮਾਂ ਦੇ ਨਸਲੀ ਵਿਤਕਰੇ ਦਾ ਸ਼ਿਕਾਰ ਹੋਣ ਦੀ ਗੱਲ ਆਈ ਸਾਹਮਣੇ

ਮਹਿਕਮੇ ਨੇ ਕਾਰਵਾਈ ਕਰਨ ਦੀ ਗੱਲ ਆਖੀ

ਆਈਆਰਸੀਸੀ ਨਾਗਰਿਕਤਾ ਸਮਾਰੋਹ ਵਿੱਚ ਹਿੱਸਾ ਲੈਣ ਸਮੇਂ ਇਕ ਛੋਟੀ ਕੁੜੀ

ਆਈਆਰਸੀਸੀ ਨਾਗਰਿਕਤਾ ਸਮਾਰੋਹ ਵਿੱਚ ਹਿੱਸਾ ਲੈਣ ਸਮੇਂ ਇਕ ਛੋਟੀ ਕੁੜੀ

ਤਸਵੀਰ: Sean Kilpatrick/The Canadian Press

RCI

ਇਕ ਸਰਵੇ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ, ਰਫ਼ਿਊਜੀ ਅਤੇ ਸਿਟੀਜ਼ਨਸ਼ਿਪ (ਆਈਆਰਸੀਸੀ) ਮਹਿਕਮੇ ਦੇ ਮੁਲਾਜ਼ਮਾਂ ਨਾਲ ਕੰਮ ਵਾਲੀ ਥਾਂ 'ਤੇ ਨਸਲੀ ਵਿਤਕਰਾ ਹੋਣ ਦੀ ਗੱਲ ਸਾਹਮਣੇ ਆਈ ਹੈ I

ਪਬਲਿਕ ਓਪੀਨੀਅਨ ਰਿਸਰਚ ਕੰਪਨੀ , ਪੋਲਾਰਾ ਸਟ੍ਰੇਟਿਜਿਕ ਇਨਸਾਈਟਸ ਦੁਆਰਾ ਤਿਆਰ ਕੀਤੀ ਗਈ 20 ਪੰਨਿਆਂ ਦੀ ਇਹ ਰਿਪੋਰਟ ਜੂਨ ਵਿੱਚ ਆਈਆਰਸੀਸੀ ਨੂੰ ਪੇਸ਼ ਕੀਤੀ ਗਈ ਸੀ ਅਤੇ ਹਾਲ ਹੀ ਵਿੱਚ ਇਸਨੂੰ ਔਨਲਾਈਨ ਪੋਸਟ ਕੀਤਾ ਗਿਆ ਹੈ I  

ਕਈ ਕਰਮਚਾਰੀਆਂ ਨੇ ਪੋਲਾਰਾ ਨੂੰ , ਆਪਣੇ ਕੰਮ ਵਾਲੀ ਥਾਂ 'ਤੇ ਨਸਲਵਾਦੀ ਭਾਸ਼ਾ ਸੁਣੇ ਹੋਣ ਦੀ ਗੱਲ ਆਖੀI ਇਸ ਸਰਵੇ ਮੁਤਾਬਿਕ ਕੰਮ ਵਾਲੀ ਥਾਂ 'ਤੇ, ਕੁਝ ਕਰਮਚਾਰੀਆਂ ਦੇ ਵਾਲਾਂ ਦਾ ਮਜ਼ਾਕ ਉਡਾਉਣ , ਮੂਲਨਿਵਾਸੀਆਂ ਨੂੰ ਸੁਸਤ ਕਹਿਣ ਅਤੇ ਬਸਤੀਵਾਦ ਨੂੰ ਚੰਗਾ ਕਹਿਣ ਦੀਆਂ ਗੱਲਾਂ ਹੁੰਦੀਆਂ ਹਨ I

ਕੁਝ ਕਰਮਚਾਰੀਆਂ ਨੇ ਪੋਲਾਰਾ ਨੂੰ ਦੱਸਿਆ ਕਿ ਉਹ ਕੰਮ ਵਾਲੀ ਥਾਂ 'ਤੇ ਹਾਸ਼ੀਏ ਤੇ ਹਨ I  ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਲੰਮੇ ਸਮੇਂ ਲਈ ਅਸਥਾਈ ਕੰਟਰੈਕਟ ਅਹੁਦਿਆਂ 'ਤੇ ਰੱਖਿਆ ਜਾਂਦਾ ਹੈ ਤਾਂ ਜੋ ਉਹ ਨਸਲਵਾਦੀ ਘਟਨਾਵਾਂ ਬਾਰੇ ਆਵਾਜ਼ ਨਾ ਉਠਾ ਸਕਣ I

ਸਰਵੇ ਵਿੱਚ ਹਿੱਸਾ ਲੈਣ ਵਾਲੇ ਕਰਮਚਾਰੀਆਂ ਨੇ ਕਿਹਾ ਕਿ ਕੁਝ ਦੇਸ਼ਾਂ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਲਈ ਪੱਖਪਾਤੀ ਨਿਯਮ ਹਨ I

ਸਰਵੇ ਵਿੱਚ ਹਿੱਸਾ ਲੈਣ ਵਾਲੇ ਕਰਮਚਾਰੀਆਂ ਨੇ ਕਿਹਾ ਕਿ ਕੁਝ ਦੇਸ਼ਾਂ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਲਈ ਪੱਖਪਾਤੀ ਨਿਯਮ ਹਨ I

ਤਸਵੀਰ: Sean Kilpatrick/The Canadian Press

ਪੋਲਾਰਾ ਮੁਤਾਬਿਕ ਸਰਵੇ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੇ ਕਿਹਾ ਕਿ ਕੰਮ ਵਾਲੀ ਥਾਂ 'ਤੇ ਨਸਲਵਾਦ , ਕੇਸ ਪ੍ਰੋਸੈਸਿੰਗ ਨੂੰ ਪ੍ਰਭਾਵਿਤ ਕਰ ਸਕਦਾ ਹੈ I ਸਰਵੇ ਵਿੱਚ ਸ਼ਾਮਲ ਕਰਮਚਾਰੀਆਂ ਨੇ ਨਾਈਜੀਰੀਆ ਤੋਂ ਅਪਲਾਈ ਕਰਨ ਵਾਲਿਆਂ ਲਈ ਵਾਧੂ ਵਿੱਤੀ ਦਸਤਾਵੇਜ਼ ਦੀ ਲਾਜ਼ਮੀ ਸ਼ਰਤ ਹੋਣ ਦਾ ਹਵਾਲਾ ਦੇ ਕੇ ਕਿਹਾ ਕਿ ਕੁਝ ਦੇਸ਼ਾਂ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਲਈ ਪੱਖਪਾਤੀ ਨਿਯਮ ਹਨ I  

ਆਈਆਰਸੀਸੀ ਨੇ ਇਹਨਾਂ ਵਿਚਾਰਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਕਰਨ ਦੀ ਗੱਲ ਕਹੀ ਹੈI ਆਈਆਰਸੀਸੀ ਦੁਆਰਾ ਜੁਲਾਈ 2020 ਵਿੱਚ ਨਸਲਵਾਦ ਨੂੰ ਖ਼ਤਮ ਕਰਨ ਲਈ ਟਾਸਕ ਫੋਰਸ ਵੀ ਸ਼ੁਰੂ ਕੀਤੀ ਗਈ ਹੈI

ਸੀਬੀਸੀ ਨੇ ਦੋ ਦਿਨ ਪਹਿਲਾਂ ਇਮੀਗ੍ਰੇਸ਼ਨ ਮਨਿਸਟਰ ਮਾਰਕੋ ਮੈਂਡੀਚੀਨੋ ਨਾਲ ਇੱਕ ਇੰਟਰਵਿਊ ਦੀ ਬੇਨਤੀ ਕੀਤੀ ਸੀ ਪਰ ਵਿਭਾਗ ਵੱਲੋਂ ਮਨਿਸਟਰ ਦੇ ਰੁਝੇ ਹੋਣ ਦੀ ਗੱਲ ਆਖੀ ਗਈ ਹੈ I

ਵਿਭਾਗ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਇਸ ਸਮੱਸਿਆ ਦੀ ਜੜ ਤੱਕ ਜਾਣ ਅਤੇ ਇਸਦੇ ਹੱਲ ਲਈ ਸਲਾਹ ਮਸ਼ਵਰੇ ਲਏ ਜਾ ਰਹੇ ਹਨ I  ਆਈਆਰਸੀਸੀ ਵੱਲੋਂ ਵਿਤਕਰੇ ਬਾਬਤ ਕਰਮਚਾਰੀਆਂ ਦੀ ਟ੍ਰੇਨਿੰਗ ਦੀ ਗੱਲ ਵੀ ਆਖੀ ਜਾ ਰਹੀ ਹੈ I  ਵਿਭਾਗ ਵੱਲੋਂ ਹਰ ਸੈਕਸ਼ਨ ਲਈ ਨਸਲਵਾਦ ਵਿਰੋਧੀ ਪ੍ਰਤੀਨਿਧੀ ਵੀ ਥਾਪਿਆ ਗਿਆ ਹੈI ਆਈਆਰਸੀਸੀ ਦਾ ਕਹਿਣਾ ਹੈ ਕਿ ਵਿਭਾਗ , ਇਮੀਗ੍ਰੇਸ਼ਨ ਅਰਜ਼ੀਆਂ ਦੇ ਨਿਰਪੱਖ ਨਿਪਟਾਰੇ ਲਈ ਵਚਨਬੱਧ ਹੈ I

ਇਮੀਗ੍ਰੇਸ਼ਨ ਮਨਿਸਟਰ ਮਾਰਕੋ ਮੈਂਡੀਚੀਨੋ

ਇਮੀਗ੍ਰੇਸ਼ਨ ਮਨਿਸਟਰ ਮਾਰਕੋ ਮੈਂਡੀਚੀਨੋ

ਤਸਵੀਰ: Sean Kilpatrick

ਐਨਡੀਪੀ ਲੀਡਰ ਜਗਮੀਤ ਸਿੰਘ ਨੇ ਇਸ ਰਿਪੋਰਟ 'ਤੇ ਚਿੰਤਾ ਜਾਹਰ ਕੀਤੀ ਹੈ I ਜਗਮੀਤ ਸਿੰਘ ਨੇ ਕਿਹਾ ਵਿਭਾਗ ਵਿੱਚ ਨਸਲਵਾਦ ਦੇ ਮਾਮਲੇ ਚਿੰਤਤ ਕਰਨ ਵਾਲੇ ਹਨ ਇਹ ਬੰਦ ਹੋਣੇ ਚਾਹੀਦੇ ਹਨI

ਦੱਸਣਯੋਗ ਹੈ ਕਿ ਕੰਮ ਵਾਲੀ ਥਾਂ 'ਤੇ ਨਸਲਵਾਦ ਨਾਲ ਨਜਿੱਠਣ ਦੀ ਆਈਆਰਸੀਸੀ ਦੀ ਇਹ ਪਹਿਲੀ ਕੋਸ਼ਿਸ਼ ਨਹੀਂ ਹੈ I  ਇਸ ਮਾਮਲੇ 'ਤੇ ਵਿਭਾਗ ਨੇ ਪਿਛਲੇ ਸਾਲ 2,712 ਕਰਮਚਾਰੀਆਂ ਉੱਪਰ ਕੀਤੇ ਇਕ ਸਰਵੇਖਣ ਦੀ ਚਰਚਾ ਕਰਨ ਲਈ ਫ਼ਰਵਰੀ 2021 ਵਿੱਚ ਇੱਕ ਟਾਊਨਹਾਲ ਦਾ ਆਯੋਜਨ ਕੀਤਾ ਸੀI

ਸੀਬੀਸੀ ਨਿਊਜ਼ ਦੁਆਰਾ ਪ੍ਰਾਪਤ ਕੀਤੇ ਗਏ ਸਰਵੇਖਣ ਦੇ ਸੰਖੇਪ ਦੇ ਅਨੁਸਾਰ, ਸਿਆਹ ਰੰਗ ਦੇ  65 % ਮੁਲਾਜ਼ਮਾਂ ਅਤੇ ਘੱਟ ਗਿਣਤੀ ਦੇ 55 ਪ੍ਰਤੀਸ਼ਤ ਕਾਮਿਆਂ ਨੇ ਅੱਖੜ ਵਤੀਰੇ ਦਾ ਅਨੁਭਵ ਕੀਤਾ ਜਦਕਿ ਹੋਰਨਾਂ ਕਰਮਚਾਰੀਆਂ ਵਿੱਚ ਇਹ ਗਿਣਤੀ ਸਿਰਫ਼ 13 ਪ੍ਰਤੀਸ਼ਤ ਸੀ I  

ਘੱਟ ਗਿਣਤੀ ਦੇ 55 ਪ੍ਰਤੀਸ਼ਤ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਕੋਲ ਹੋਰਨਾਂ ਮੁਕਾਬਲੇ ਭਵਿੱਖ ਵਿੱਚ ਅੱਗੇ ਵਧਣ ਦੇ ਬਰਾਬਰ ਮੌਕੇ ਹਨ ਜਦਕਿ 48 ਫ਼ੀਸਦੀ ਮੂਲਨਿਵਾਸੀ ਕਾਮੇ ਅਜਿਹਾ ਸੋਚਦੇ ਹਨ I  

ਸਰਵੇ ਵਿੱਚ ਸ਼ਾਮਲ ਇਕ ਤਿਹਈ ਤੋਂ ਵਧੇਰੇ ਘੱਟ ਗਿਣਤੀ ਅਤੇ ਮੂਲਨਿਵਾਸੀ ਕਰਮਚਾਰੀ , ਕੰਮ ਵਾਲੀ ਥਾਂ 'ਤੇ ਵਿਤਕਰਾ ਖ਼ਤਮ ਕਰਨ ਲਈ ਆਈਆਰਸੀਸੀ ਦੀ ਲੀਡਰਸ਼ਿਪ ਦੀ ਯੋਗਤਾ ਵਿੱਚ ਵਿਸ਼ਵਾਸ ਰੱਖਦੇ ਹਨ I

ਰਫ਼ੀ ਬੌਡਜਿਕਾਨੀਅਨ
ਪੰਜਾਬੀ ਅਨੁਵਾਦ : ਸਰਬਮੀਤ ਸਿੰਘ

ਸੁਰਖੀਆਂ