1. ਮੁੱਖ ਪੰਨਾ
  2. ਅਰਥ-ਵਿਵਸਥਾ
  3. ਤੇਲ ਉਦਯੋਗ

2018 ਦੇ ਤੇਲ ਰਿਸਾਅ ਮਾਮਲੇ ਵਿਚ ਹਸਕੀ ਐਨਰਜੀ ‘ਤੇ ਤਿੰਨ ਦੋਸ਼ ਆਇਦ

250,000 ਲੀਟਰ ਕੱਚਾ ਤੇਲ ਅਟਲਾਂਟਿਕ ਮਹਾਂਸਾਗਰ ਵਿਚ ਲੀਕ ਹੋ ਗਿਆ ਸੀ

La plateforme pétrolière flottante SeaRose.

ਸੀਰੋਜ਼ ਨਾਲ ਜੁੜੀ ਇੱਕ ਫ਼ਲੋਅ ਕੇਬਲ ਵਿਚਲੇ ਨੁਕਸ ਕਾਰਨ 250,000 ਲੀਟਰ ਕੱਚਾ ਤੇਲ ਲੀਕ ਹੋ ਗਿਆ ਸੀ।

ਤਸਵੀਰ: La Presse canadienne / Husky Energy

RCI

ਨਵੰਬਰ 2018 ਵਿਚ ਵਾਪਰੇ ਤੇਲ ਰਿਸਾਅ ਮਾਮਲੇ ਵਿਚ ਹਸਕੀ ਐਨਰਜੀ ਨੂੰ ਤਿੰਨ ਦੋਸ਼ਾਂ ਲਈ ਚਾਰਜ ਕੀਤਾ ਗਿਆ ਹੈ। 

ਨਿਊਫ਼ੰਡਲੈਂਡ ਐਂਡ ਲੈਬਰਾਡੌਰ ਸੂਬੇ ਦੇ ਇਤਿਹਾਸ ਵਿਚ ਵਾਪਰੀ ਸਭ ਤੋਂ ਵੱਡੀ ਤੇਲ ਲੀਕ ਦੀ ਘਟਨਾ ਵਿਚ 250,000 ਲੀਟਰ ਕੱਚਾ ਤੇਲ ਅਟਲਾਂਟਿਕ ਮਹਾਂਸਾਗਰ ਵਿਚ ਰਿਸ ਗਿਆ ਸੀ। ਇਹ ਕੱਚਾ ਤੇਲ ਸੀਰੋਜ਼ ਐਫ਼ਪੀਐਸਉ (SeaRose FPSO) ਚੋਂ ਲੀਕ ਹੋਇਆ ਸੀ।

ਸੀਰੋਜ਼ ਇੱਕ ਵੱਡਾ ਸਮੁੰਦਰੀ ਜਹਾਜ਼ ਹੈ ਜਿਸ ਰਾਹੀਂ ਕੱਛੇ ਤੇਲ ਦਾ ਉਤਪਾਦਨ, ਉਸਦੀ ਸਟੋਰੇਜ ਅਤੇ ਹੋਰ ਜਹਾਜ਼ਾਂ ‘ਤੇ ਢੁਹਾਈ ਕੀਤੀ ਜਾਂਦੀ ਹੈ। ਅਟਲਾਂਟਿਕ ਮਹਾਸਾਗਰ ਵਿਚ ਇਹ ਵਿਸ਼ੇਸ਼ ਸਮੁੰਦਰੀ ਜਹਾਜ਼ ਸੇਂਟ ਜੌਨ ਤੋਂ ਕਰੀਬ 350 ਕਿਲੋਮੀਟਰ ਦੂਰ ਮੌਜੂਦ ਹੈ। 

ਇਸ ਖੇਤਰ ਦੇ ਰੈਗੁਲੇਟਰ, (C-NLOPB) ਕੈਨੇਡਾ-ਨਿਉਫ਼ੰਡਲੈਂਡ ਐਂਡ ਲੈਬਰਾਡੌਰ ਔਫ਼ਸ਼ੋਰ ਪੈਟਰੋਲੀਅਮ ਬੋਰਡ ਨੇ ਇਲਜ਼ਾਮ ਲਗਾਏ ਹਨ ਕਿ ਕੰਪਨੀ ਨੇ ਪ੍ਰਦੂਸ਼ਣ ਨੂੰ ਰੋਕਣ ਦੇ ਉਪਰਾਲਿਆਂ ਨੂੰ ਸੁਨਿਸ਼ਚਿਤ ਨਹੀਂ ਕੀਤਾ, ਨਾ ਹੀ ਕੰਪਨੀ ਨੇ ਇਹ ਸੁਨਿਸ਼ਚਿਤ ਕੀਤਾ ਕਿ ਬਿਨਾ ਪ੍ਰਦੂਸ਼ਣ ਕੀਤਿਆਂ ਕੰਮ ਬਹਾਲ ਕਰਨ ਸੁਰੱਖਿਅਤ ਸੀ ਜਾਂ ਨਹੀਂ ਅਤੇ ਕੰਪਨੀ ਹੀ ਸਮੁੰਦਰੀ ਤੱਟ ਨਜ਼ਦੀਕ ਤੇਲ ਰਿਸਾਅ ਦਾ ਕਾਰਨ ਬਣੀ ਤੇ ਜਾਂ ਫ਼ਿਰ ਕੰਪਨੀ ਨੇ ਇਸ ਦੀ ਆਗਿਆ ਦਿੱਤੀ ਸੀ। 

C-NLOPB ਦੇ ਅਧਿਕਾਰੀਆਂ ਨੇ ਸੂਬਾਈ ਅਦਾਲਤ ਵਿਚ ਕੰਪਨੀ ‘ਤੇ ਇਲਜ਼ਾਮ ਲਗਾਏ ਹਨ ਅਤੇ 22 ਨਵੰਬਰ ਨੂੰ ਕੰਪਨੀ ਦੇ ਨੁਮਾਇੰਦੇ ਅਦਾਲਤੀ ਸੁਣਵਾਈ ਦੌਰਾਨ ਪੇਸ਼ ਹੋਣਗੇ। 

16 ਨਵੰਬਰ 2018 ਨੂੰ ਇਹ ਤੇਲ ਰਿਸਾਅ ਦੀ ਘਟਨਾ ਵਾਪਰੀ ਸੀ। ਇੱਕ ਦਿਨ ਪਹਿਲਾਂ ਤੇਜ਼ ਹਵਾਵਾਂ ਕਾਰਨ ਬੰਦ ਹੋਏ ਤੇਲ ਉਤਪਾਦਨ ਨੂੰ ਕ੍ਰੂ ਮੈਂਬਰ ਦੁਬਾਰਾ ਸ਼ੁਰੂ ਕਰ ਰਹੇ ਸਨ। 

ਪਾਣੀ ਦੇ ਹੇਠਾਂ, ਸੀਰੋਜ਼ ਨਾਲ ਜੁੜੇ ਹਸਕੀ ਦੇ ਇੱਕ ਨੁਕਸਦਾਰ ਕੇਬਲ ਨੂੰ ਇਸ ਤੇਲ ਰਿਸਾਅ ਦਾ ਕਾਰਨ ਮੰਨਿਆ ਗਿਆ ਸੀ। ਹਸਕੀ ‘ਤੇ ਇਹ ਸਵਾਲ ਵੀ ਉਠੇ ਸਨ ਕਿ ਖ਼ਰਾਬ ਮੌਸਮ ਕਰਕੇ ਬੰਦ ਹੋਏ ਉਤਪਾਦਨ ਤੋਂ ਬਾਅਦ ਹਸਕੀ ਹੀ ਪਹਿਲੀ ਕੰਪਨੀ ਕਿਊਂ ਸੀ ਜਿਸ ਨੇ ਤੇਲ ਦੀ ਖੁਦਾਈ ਦੁਬਾਰਾ ਸ਼ੁਰੂ ਕੀਤੀ ਸੀ।

ਪਾਣੀ ਦੀਆਂ ਛੱਲਾਂ ਉਸ ਵੇਲੇ ਤਕਰੀਬਨ 30 ਫ਼ੁੱਟ ਉਚੀਆਂ ਸਨ ਜਦੋਂ ਹਸਕੀ ਨੇ ਸੀਰੋਜ਼ ਰਾਹੀਂ ਉਤਪਾਦਨ ਦੁਬਾਰਾ ਸ਼ੁਰੂ ਕਰ ਦਿੱਤਾ ਸੀ। 

ਤੇਲ ਰਿਸਾਅ ਕਰਕੇ ਅਟਲਾਂਟਿਕ ਮਹਾਸਾਗਰ ਵਿਚ 21 ਕਿਲੋਮੀਟਰ ਲੰਬੀ ਅਤੇ 8 ਕਿਲੋਮੀਟਰ ਚੌੜੀ ਤੇਲ ਦੀ ਪਰਤ ਜੰਮ ਗਈ ਸੀ। 

ਬੋਰਡ ਨੇ ਇਸ ਮਾਮਲੇ ਤੇ ਵਧੇਰੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ। ਅਜਿਹਾ ਤੀਸਰੀ ਵਾਰੀ ਹੋਇਆ ਹੈ ਕਿ ਕਿਸੇ ਕੰਪਨੀ ਨੂੰ ਪੈਟਰੋਲੀਅਮ ਬੋਰਡ ਨੇ ਚਾਰਜ ਕੀਤਾ ਹੋਵੇ। 

2021 ਵਿਚ ਹਸਕੀ ਐਨਰਜੀ ਦੀ ਮਲਕੀਅਤ ਖ਼ਰੀਦਣ ਵਾਲੀ ਕੰਪਨੀ ਸੈਨੋਵਸ ਨੇ ਇੱਕ ਬਿਆਨ ਵਿਚ ਕਿਹਾ, ਕਿ ਕੰਪਨੀ ਇਸ ਤੇਲ ਲੀਕ ਦੀ ਪੂਰੀ ਜ਼ਿੰਮੇਵਾਰੀ ਲੈਂਦੀ ਹੈ। 

ਕੰਪਨੀ ਦੇ ਬੁਲਾਰੇ ਕੌਲੀਨ ਮੱਕੌਨਲ ਨੇ ਕਿਹਾ ਅਸੀਂ ਆਪਣੇ ਸਿੱਖੇ ਸਬਕ ਬਾਕੀ ਉਪਰੇਟਰਾਂ ਨਾਲ ਵੀ ਸਾਂਝੇ ਕੀਤੇ ਹਨ ਤਾਂ ਕਿ ਉਹ ਇਹ ਵਿਚਾਰ ਸਕਣ ਕਿ ਉਹਨਾਂ ਦੀਆਂ ਗਤੀਵਿਧੀਆਂ ਤੇ ਇਹ ਕਿਵੇਂ ਲਾਗੂ ਹੋ ਸਕਦੇ ਹਨ। ਅਸੀਂ ਬੇਸਿਨ ਦੇ ਦੂਜੇ ਉਪਰੇਟਰਾਂ ਨਾਲ ਵੀ ਵਾਤਾਵਰਣ ਅਤੇ ਸੁਰੱਖਿਆ ਵਿਚ ਨਿਰੰਤਰ ਸੁਧਾਰ ਵਿਚ ਸਰਗਰਮ ਭੂਮਿਕਾ ਨੂੰ ਜਾਰੀ ਰੱਖਾਂਗੇ। ਇਹ ਮਾਮਲਾ ਅਦਾਲਤ ਵਿਚ ਹੋਣ ਕਰਕੇ ਇਸ ਬਾਰੇ ਹੋਰ ਟਿਪੱਣੀ ਕਰਨਾ ਉਚਿਤ ਨਹੀਂ ਹੋਵੇਗਾ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ