1. ਮੁੱਖ ਪੰਨਾ
  2. ਰਾਜਨੀਤੀ
  3. ਨਗਰਨਿਗਮ ਰਾਜਨੀਤੀ

[ ਰਿਪੋਰਟ ] ਐਲਬਰਟਾ ਮਿਉਂਸਿਪਲ ਚੋਣਾਂ : ਮੁੱਢਲੀਆਂ ਜ਼ਰੂਰਤਾਂ ਹਨ ਚੋਣ ਮੁੱਦੇ

ਵੋਟਾਂ 18 ਨੂੰ , ਪੰਜਾਬੀ ਮੂਲ ਦੇ ਕਈ ਉਮੀਦਵਾਰ ਵੀ ਚੋਣ ਮੈਦਾਨ ਵਿੱਚ

ਚੋਣਾਂ 18 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ I

ਚੋਣਾਂ 18 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ I

ਤਸਵੀਰ: Jeff McIntosh/The Canadian Press

Sarbmeet Singh

ਐਲਬਰਟਾ ਸੂਬੇ ਵਿੱਚ ਮਿਉਂਸਿਪਲ ਚੋਣਾਂ ਲਈ ਚੋਣ ਪ੍ਰਚਾਰ ਆਖ਼ਰੀ ਪੜਾਅ 'ਤੇ ਹੈ ਅਤੇ ਵੋਟਾਂ 18 ਅਕਤੂਬਰ ਨੂੰ ਪੈਣਗੀਆਂ I

ਸੂਬੇ ਵਿੱਚ ਕੈਲਗਰੀ ਅਤੇ ਐਡਮੰਟਨ ਸ਼ਹਿਰਾਂ ਵਿੱਚ ਪੰਜਾਬੀ ਵਸੋਂ ਹੈ ਅਤੇ ਪੰਜਾਬੀ ਮੂਲ ਦੇ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਹਨ I ਵੋਟਰ ਅਤੇ ਉਮੀਦਵਾਰ, ਦੋਵੇਂ ਹੀ ਮੁੱਢਲੀਆਂ ਜ਼ਰੂਰਤਾਂ ਨੂੰ ਚੋਣਾਂ ਲਈ ਵੱਡਾ ਮੁੱਦਾ ਮੰਨਦੇ ਹਨI

ਪਾਰਕਾਂ ਵਿੱਚ ਸਹੂਲਤਾਂ ਦੀ ਅਣਹੋਂਦ ਤੋਂ ਬਜ਼ੁਰਗ ਪ੍ਰੇਸ਼ਾਨ

ਕੈਲਗਰੀ ਸ਼ਹਿਰ ਵਿੱਚ 5 ਨੰਬਰ ਵਾਰਡ ਵਿੱਚ ਇਕ ਪਾਰਕ ਵਿੱਚ ਬੈਠੇ ਬਜ਼ੁਰਗ ਸਤਵੰਤ ਸਿੰਘ ਗਿੱਲ , ਬਲਜੀਤ ਸਿੰਘ ਸੰਧੂ ਅਤੇ ਹਰਬੰਸ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਮੁੱਢਲੀਆਂ ਲੋੜਾਂ ਵੱਡੇ ਮੁੱਦੇ ਬਣ ਕੇ ਉੱਭਰ ਰਹੀਆਂ ਹਨI ਇਹਨਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਾਰਕਾਂ ਵਿੱਚ ਬੈਂਚਾਂ ਦੀ ਵੱਡੀ ਘਾਟ ਹੈ I ਸਤਵੰਤ ਸਿੰਘ ਅਤੇ ਬਲਜੀਤ ਸਿੰਘ ਦਾ ਕਹਿਣਾ ਹੈ ਕਿ ਪਾਰਕਾਂ ਵਿੱਚ ਵਾਸ਼ਰੂਮ ਦੀ ਸੁਵਿਧਾ ਵੀ ਨਹੀਂ ਹੈ ਜਿਸ ਕਾਰਨ ਬਹੁਤ ਦਿੱਕਤ ਆਉਂਦੀ ਹੈ I

ਵਾਰਡ ਨੰਬਰ 5 ਤੋਂ ਹੀ ਕੌਂਸਲਰ ਦੀ ਚੋਣ ਲੜ ਰਹੇ ਸਟੈਨ ਸਿੱਧੂ ਦਾ ਕਹਿਣਾ ਹੈ ਕਿ ਲੋਕਲ ਟਰੇਨ ਦੀ ਲਾਈਨ ਨੂੰ ਵਧਾ ਕੇ 5 ਨੰਬਰ ਵਾਰਡ ਤੱਕ ਲੈ ਕੇ ਆਉਣਾ , ਇਹਨਾਂ ਚੋਣਾਂ ਵਿੱਚ ਇਕ ਵੱਡਾ ਮੁੱਦਾ ਹੈ I ਸਿੱਧੂ ਨੇ ਕਿਹਾ ਇਹ ਟਰੇਨ ਇਸ ਵਾਰਡ ਤੱਕ ਆਉਣ ਨਾਲ ਨਿਵਾਸੀਆਂ ਨੂੰ ਵੱਡਾ ਲਾਭ ਮਿਲੇਗਾ I

ਪੰਜਾਬੀ ਮੂਲ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਮੁੱਢਲੀਆਂ ਲੋੜਾਂ ਵੱਡੇ ਮੁੱਦੇ ਬਣ ਕੇ ਉੱਭਰ ਰਹੀਆਂ ਹਨ

ਪੰਜਾਬੀ ਮੂਲ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਮੁੱਢਲੀਆਂ ਲੋੜਾਂ ਵੱਡੇ ਮੁੱਦੇ ਬਣ ਕੇ ਉੱਭਰ ਰਹੀਆਂ ਹਨ

ਤਸਵੀਰ: Radio-Canada / ਸਰਬਮੀਤ ਸਿੰਘ

ਵਾਰਡ ਨੰਬਰ 3 ਤੋਂ ਪਹਿਲੀ ਵਾਰ ਚੋਣ ਲੜ ਰਹੇ ਗੁਰਵੀਰ ਸਿੰਘ ਨਿੱਝਰ ਨੇ ਕਿਹਾ ਸ਼ਹਿਰ ਵਿੱਚ ਛੋਟੇ ਮੋਟੇ ਜ਼ੁਰਮ ਵਧੇ ਹਨ I ਇਸਤੋਂ ਇਲਾਵਾ ਵਪਾਰੀਆਂ ਨੂੰ ਪਰਮਿਟ ਲੈਣ ਵਿੱਚ ਦੇਰੀ ਹੁੰਦੀ ਹੈ , ਜੋ ਕਿ ਇਕ ਵੱਡੀ ਸਮੱਸਿਆ ਹੈI ਉਹਨਾਂ ਕਿਹਾ ਕੋਵਿਡ -19 ਅਤੇ ਆਰਥਿਕ ਮੰਦਵਾੜੇ ਦੇ ਚਲਦਿਆਂ ਬਹੁਤ ਸਾਰੇ ਦਫ਼ਤਰ ਖ਼ਾਲੀ ਪਏ ਹਨ ਅਤੇ ਬੀਤੇ ਕੁਝ ਸਾਲਾਂ ਦੌਰਾਨ ਰਿਹਾਇਸ਼ੀ ਮਕਾਨਾਂ 'ਤੇ ਟੈਕਸ ਵਧੇ ਹਨ ਜਿਸਨੂੰ ਲੈ ਕੇ ਲੋਕ ਪ੍ਰੇਸ਼ਾਨ ਹਨ I

ਐਡਮੰਟਨ ਸ਼ਹਿਰ ਵਿੱਚ ਮੇਅਰ ਦੀ ਚੋਣ ਲੜ ਰਹੇ ਪੰਜਾਬੀ ਮੂਲ ਦੇ ਸਾਬਕਾ ਮੰਤਰੀ ਅਮਰਜੀਤ ਸੋਹੀ ਵੀ ਪਰਮਿਟ ਵਿੱਚ ਦੇਰੀ ਦੀ ਸਮੱਸਿਆ ਨੂੰ ਪ੍ਰਮੁੱਖ ਦੱਸਦੇ ਹਨ ਅਤੇ ਚੁਣੇ ਜਾਣ 'ਤੇ ਪਰਮਿਟ ਲੈਣ ਦਾ ਸਮਾਂ ਨਿਰਧਾਰਿਤ ਕਰਨ ਦੀ ਗੱਲ ਆਖਦੇ ਹਨ I ਉਹਨਾਂ ਕਿਹਾ ਸਿਟੀ ਦਾ ਇਹ ਫਰਜ਼ ਬਣਦਾ ਹੈ ਕਿ ਸ਼ਹਿਰ ਵਿੱਚ ਬਿਜ਼ਨਸ ਕਰਨਾ ਸੌਖਾ ਅਤੇ ਸਸਤਾ ਹੋਵੇ I ਸਾਡਾ ਬਿਜ਼ਨਸ ਕਰਨ ਵਾਲਿਆਂ ਲਈ ਸਾਰੀਆਂ ਸਹੂਲਤਾਂ ਇੱਕੋ ਛੱਤ ਥੱਲੇ ਦੇਣ ਦਾ ਟੀਚਾ ਹੈ I

ਇਹ ਵੀ ਪੜੋ :

ਐਡਮੰਟਨ ਸ਼ਹਿਰ ਵਿੱਚੋਂ ਪੰਜਾਬੀ ਮੂਲ ਦੇ ਮੋ ਬੰਗਾ ਜੋ ਕਿ ਦੋ ਵਾਰ ਕੌਂਸਲਰ ਰਹਿ ਚੁੱਕੇ ਹਨ ਅਤੇ ਤੀਸਰੀ ਵਾਰ ਚੋਣ ਮੈਦਾਨ ਵਿੱਚ ਹਨ , ਦਾ ਕਹਿਣਾ ਹੈ ਕਿ ਬੱਸਾਂ ਅਤੇ ਲੋਕਲ ਟਰੇਨ ਦੀਆਂ ਸੇਵਾਵਾਂ ਹੋਰ ਬਿਹਤਰ ਬਣਾਉਣਾ ਚੋਣ ਮੁੱਦਾ ਹੈ I ਬੰਗਾ ਨੇ ਕਿਹਾ ਪਾਰਕਾਂ ਵਿੱਚ ਬੈਂਚਾਂ ਦੀ ਘਾਟ ਕਰਕੇ ਵੀ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ I

ਆਪਣੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਵੇਰਵਾ ਦਿੰਦਿਆਂ ਬੰਗਾ ਨੇ ਕਿਹਾ ਪੰਜਾਬੀ ਮੂਲ ਦੇ ਬਹੁਤ ਸਾਰੇ ਲੋਕਾਂ ਦੀ ਅਸਥੀਆਂ ਨੂੰ ਸ਼ਹਿਰ ਵਿੱਚ ਵਗਦੇ ਪਾਣੀ ਵਿੱਚ ਜਲ ਪ੍ਰਵਾਹ ਕਰਨ ਦੀ ਮੰਗ ਸੀ ਜਿਸ ਸੰਬੰਧੀ ਮੈਂ ਆਵਾਜ਼ ਬੁਲੰਦ ਕੀਤੀ I ਸ਼ਹਿਰ ਵਿੱਚ ਘੱਟ ਆਮਦਨ ਵਾਲੇ ਬਜ਼ੁਰਗਾਂ ਨੂੰ ਮੁਫ਼ਤ ਬੱਸ ਪਾਸ ਦੀ ਸਹੂਲਤ ਦਵਾਉਣ ਤੋਂ ਇਲਾਵਾ ਮੈਂ ਬਿੱਲ ਸੀ-21 ਦਾ ਵਿਰੋਧ ਕੀਤਾ I

ਕੌਂਸਲਰ , ਮੋ ਬੰਗਾ

ਕੌਂਸਲਰ ਮੋ ਬੰਗਾ

ਤਸਵੀਰ: Radio-Canada / ਸਰਬਮੀਤ ਸਿੰਘ

ਸਕੂਲਾਂ ਦੀ ਅਣਹੋਂਦ

ਕੈਲਗਰੀ ਨਿਵਾਸੀ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਸਕੂਲ ਦੀ ਘਾਟ ਇਕ ਵੱਡਾ ਮੁੱਦਾ ਹੈ I ਉਹਨਾਂ ਕਿਹਾ ਵਾਰਡ ਨੰਬਰ 5 ਨਜ਼ਦੀਕ ਇਕ ਹੀ ਸਕੂਲ ਹੈI ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਦੂਰ ਦੇ ਸਕੂਲਾਂ ਵਿੱਚ ਛੱਡ ਕੇ ਅਤੇ ਲੈ ਕੇ ਆਉਣਾ ਪੈਂਦਾ ਹੈ I

ਕੌਂਸਲਰ ਉਮੀਦਵਾਰ ਸਟੈਨ ਸਿੱਧੂ ਵੀ ਸਕੂਲ ਦੀ ਅਣਹੋਂਦ ਨੂੰ ਇਕ ਮੁੱਦਾ ਮੰਨਦੇ ਹਨ I ਉਹਨਾਂ ਕਿਹਾ ਸ਼ਹਿਰ ਵਿੱਚ ਸਕੂਲਾਂ ਦੀ ਘਾਟ ਹੀ ਨਹੀਂ ਸਗੋਂ ਅਧਿਆਪਕ-ਬੱਚਿਆਂ ਦੇ ਅਨੁਪਾਤ ਨੂੰ ਵੀ ਠੀਕ ਕਰਨ ਦੀ ਲੋੜ ਹੈ I ਦੂਰ ਦੂਰਾਡੇ ਦੇ ਸਕੂਲਾਂ ਵਿੱਚ ਛੱਡ ਕੇ ਆਉਣ ਨਾਲ ਮਾਪਿਆਂ ਦਾ ਕਾਫ਼ੀ ਸਮਾਂ ਖ਼ਰਾਬ ਹੁੰਦਾ ਹੈI ਸਿੱਧੂ , ਸਕੂਲਾਂ ਨੂੰ ਇਕ ਪ੍ਰੋਵਿੰਸ਼ੀਅਲ ਮੁੱਦਾ ਮੰਨਦੇ ਹਨ ਪਰ ਕੌਂਸਲਰ ਬਨਣ 'ਤੇ ਇਸ ਬਾਬਤ ਵਕਾਲਤ ਕਰਨ ਦੀ ਗੱਲ ਆਖਦੇ ਹਨ I

ਟਰਾਂਸਪੋਰਟ ਦੀ ਸਮੱਸਿਆ

ਵਾਰਡ ਨੰਬਰ 5 ਤੋਂ ਹੀ ਉਮੀਦਵਾਰ ਰਾਜ ਧਾਲੀਵਾਲ ਨੇ ਕਿਹਾ ਕਿ ਉਹ ਸ਼ਹਿਰ ਵਿੱਚ ਮੁਢਲੀਆਂ ਸਹੂਲਤਾਂ ਜਿਵੇਂ ਕਿ ਟਰਾਂਸਪੋਰਟ ਅਤੇ ਹੋਰ ਸਿਟੀ ਸੇਵਾਵਾਂ ਜਿਹੇ ਮੁੱਦਿਆਂ ਨੂੰ ਲੈ ਕੇ ਚੋਣ ਲੜ ਰਹੇ ਹਨ I

ਹਰਬੰਸ ਸਿੰਘ ਦਾ ਕਹਿਣਾ ਹੈ ਕਿ ਬੱਸ ਅੱਡਿਆਂ ਉੱਪਰ ਸ਼ੈੱਡ ਨਹੀਂ ਬਣੇ ਹੋਏ ਜਿਸ ਨਾਲ ਸਰਦੀਆਂ ਵਿੱਚ ਮੁਸ਼ਕਿਲ ਪੇਸ਼ ਆਉਂਦੀ ਹੈ I ਉਹਨਾਂ ਕਿਹਾ ਬੱਸ ਅੱਡਿਆਂ , ਟਰੇਨ ਸਟੇਸ਼ਨਾਂ ਅਤੇ ਪਾਰਕਾਂ ਵਿੱਚ ਵਾਸ਼ਰੂਮਾਂ ਦੀ ਘਾਟ ਹੈ ਜੋ ਕਿ ਪਹਿਲ ਦੇ ਅਧਾਰ 'ਤੇ ਹੱਲ ਹੋਣੀ ਚਾਹੀਦੀ ਹੈ I

ਸ਼ਹਿਰ ਦੇ ਵੋਟਰ ਸਰੂਪ ਸਿੰਘ ਦਾ ਕਹਿਣਾ ਹੈ ਕਿ ਕੈਲਗਰੀ ਸ਼ਹਿਰ ਵਿੱਚ ਸਰਦੀਆਂ ਵਿੱਚ ਕਾਫ਼ੀ ਬਰਫ਼ ਪੈਂਦੀ ਹੈ ਅਤੇ ਇਸਨੂੰ ਸਮੇਂ ਸਿਰ ਨਾ ਹਟਾਉਣਾ ਵੀ ਇਕ ਵੱਡਾ ਮੁੱਦਾ ਹੈ I ਉਹਨਾਂ ਕਿਹਾ ਸਿਟੀ ਦਾ ਧਿਆਨ ਵੱਡੀਆਂ ਸੜਕਾਂ 'ਤੇ ਹੀ ਰਹਿੰਦਾ ਹੈ I ਗਲੀਆਂ ਮੁਹੱਲਿਆਂ ਵਿੱਚ ਬਰਫ਼ ਨੂੰ ਜਲਦੀ ਨਹੀਂ ਹਟਾਇਆ ਜਾਂਦਾ ਜਿਸ ਨਾਲ ਆਮ ਲੋਕਾਂ ਨੂੰ ਦਿੱਕਤ ਹੁੰਦੀ ਹੈ I

ਵਾਰਡ ਨੰਬਰ 5 ਤੋਂ ਕੌਂਸਲਰ ਉਮੀਦਵਾਰ ਸਟੈਨ ਸਿੱਧੂ

ਵਾਰਡ ਨੰਬਰ 5 ਤੋਂ ਕੌਂਸਲਰ ਉਮੀਦਵਾਰ ਸਟੈਨ ਸਿੱਧੂ

ਤਸਵੀਰ: Radio-Canada / ਸਰਬਮੀਤ ਸਿੰਘ

ਕੈਲਗਰੀ ਦੇ ਮੇਅਰ ਲਈ 27 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਦਕਿ 14 ਕੁੱਲ ਵਾਰਡਾਂ ਤੋਂ 100 ਤੋਂ ਵਧੇਰੇ ਵਿਅਕਤੀ ਕੌਂਸਲਰ ਲਈ ਚੋਣ ਲੜ ਰਹੇ ਹਨI ਐਡਮੰਟਨ ਸ਼ਹਿਰ ਵਿੱਚ ਮੇਅਰ ਦੀ ਕੁਰਸੀ ਲਈ ਮੁਕਾਬਲਾ 11 ਉਮੀਦਵਾਰਾਂ ਦਰਮਿਆਨ ਹੈ ਜਦਕਿ 12 ਵਾਰਡਾਂ ਤੋਂ 74 ਵਿਅਕਤੀ ਕੌਂਸਲਰ ਦੀ ਸੀਟ ਲਈ ਚੋਣ ਮੈਦਾਨ ਵਿੱਚ ਹਨ I

Sarbmeet Singh

ਸੁਰਖੀਆਂ