1. ਮੁੱਖ ਪੰਨਾ
  2. ਵਾਤਾਵਰਨ
  3. ਘਟਨਾਵਾਂ ਅਤੇ ਕੁਦਰਤੀ ਆਫ਼ਤ

ਬੀਸੀ ਦੇ ਲਿਟਨ ਦੀ ਤਬਾਹਕੁੰਨ ਅੱਗ ਦੇ ਰੇਲ ਗੱਡੀਆਂ ਕਾਰਨ ਲੱਗੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ

ਰੇਲ ਕੰਪਨੀਆਂ ‘ਤੇ ਇਲਜ਼ਾਮ ਸੀ ਕਿ ਮਾਲ ਗੱਡੀ ਚੋਂ ਨਿਕਲਦੀਆਂ ਚੰਗਿਆੜੀਆਂ ਕਰਕੇ ਅੱਗ ਲੱਗੀ ਸੀ

Un train traverse un pont ferroviaire à Lytton, en C.-B.

ਬੀਸੀ ਦੇ ਲਿਟਨ ਵਿਚੋਂ ਮਾਲ ਗੱਡੀਆਂ ਆਮ ਹੀ ਗੁਜ਼ਰਦੀਆਂ ਹਨ। ਵੀਰਵਾਰ ਨੂੰ ਟ੍ਰਾਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਜਾਂਚ ਨਤੀਜੇ ਜਾਰੀ ਕਰਦਿਆਂ ਕਿਹਾ ਕਿ ਲਿਟਨ ਦੀ ਅੱਗ ਅਤੇ ਰੇਲ ਗੱਡੀਆਂ ਦੇ ਉਪਰੇਸ਼ਨਜ਼ ਦਾ ਆਪਸ ਵਿਚ ਕੋਈ ਸਬੰਧ ਨਹੀਂ ਹੈ।

ਤਸਵੀਰ: Radio-Canada / Matthew Muse

RCI

ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਨੇ ਐਲਾਨ ਕੀਤਾ ਹੈ ਕਿ ਜਾਂਚ ਅਧਿਕਾਰੀਆਂ ਨੂੰ ਕਿਸੇ ਰੇਲ ਗੱਡੀ ਦੀ ਵਜ੍ਹਾ ਕਰਕੇ ਲਿਟਨ ਵਿਚ ਅੱਗ ਲੱਗੇ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਜੂਨ ਮਹੀਨੇ ਵਿਚ ਬੀਸੀ ਦੇ ਲਿਟਨ ਪਿੰਡ ਵਿਚ ਭਿਆਨਕ ਅੱਗ ਲੱਗੀ ਸੀ,ਜਿਸ ਵਿਚ ਤਕਰੀਬਨ ਪੂਰਾ ਪਿੰਡ ਹੀ ਸੜ ਕੇ ਸੁਆਹ ਹੋ ਗਿਆ ਸੀ।

ਵੀਰਵਾਰ ਨੂੰ ਜਾਰੀ ਹੋਈ ਬੋਰਡ ਦੀ ਜਾਂਚ ਨੇ ਉਹਨਾਂ ਦਾਅਵਿਆਂ ਨੂੰ ਨਕਾਰ ਦਿੱਤਾ ਹੈ ਕਿ ਸੀਪੀ ਜਾਂ ਸੀਐਨ ਰੇਲ ਚੋਂ ਨਿਕਲਦੀਆਂ ਚੰਗਿਆੜੀਆਂ, ਲਿਟਨ ਵਿਚ ਅੱਗ ਲਗਣ ਦਾ ਕਾਰਨ ਸਨ। ਸਥਾਨਕ ਲੋਕਾਂ ਦਾ ਮੰਨਣਾ ਸੀ ਕਿ ਉਸ ਸਮੇਂ ਅੱਤ ਦੀ ਗਰਮੀ ਕਾਰਨ ਵੀ ਇਲਾਕੇ ਵਿਚ ਅੱਗ ਲਗਣ ਦੀ ਸੰਭਾਵਨਾ ਪੈਦਾ ਹੋ ਗਈ ਸੀ ਅਤੇ ਚੰਗਿਆੜੀਆਂ ਨੇ ਸੁੱਕੇ ਪਏ ਇਲਾਕੇ ਨੂੰ ਭਾਂਬੜ ਵਿਚ ਤਬਦੀਲ ਕਰ ਦਿੱਤਾ।

ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਬੋਰਡ ਨੂੰ ਇਹਨਾਂ ਦੋਵਾਂ ਦਾ ਆਪਸ ਵਿਚ ਕੋਈ ਸਬੰਧ ਨਹੀਂ ਮਿਲੀਆ। 

ਸੇਫ਼ਟੀ ਬੋਰਡ ਨੇ ਇਕ ਬਿਆਨ ਵਿਚ ਕਿਹਾ, ਟੀਐਸਬੀ ਨੂੰ ਰੇਲਵੇ ਦੇ ਉਪਰੇਸ਼ਨਜ਼ ਅਤੇ ਅੱਗ ਲਗਣ ਦੇ, ਆਪਸ ਵਿਚ ਸਬੰਧ ਹੋਣ ਦਾ ਕੋਈ ਸਬੂਤ ਨਹੀਂ ਮਿਲੀਆ ਹੈ

30 ਜੂਨ ਨੂੰ ਬੀਸੀ ਦੇ ਇੱਕ ਛੋਟੇ ਜਿਹੇ ਪਿੰਡ ਲਿਟਨ ਵਿਚ ਲੱਗੀ ਭਿਆਨਕ ਅੱਗ ਨੇ ਜ਼ਿਆਦਾਤਰ ਘਰਾਂ ਨੂੰ ਤਬਾਹ ਕਰ ਦਿੱਤਾ ਸੀ।ਲਿਟਨ ਅਤੇ ਨਜ਼ਦੀਕੀ ਇਲਾਕਿਆਂ ਵਿਚ ਰਹਿੰਦੇ 1000 ਤੋਂ ਵੱਧ ਲੋਕਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਪਿੰਡ ਛੱਡ ਕੇ ਭੱਜਣਾ ਪਿਆ ਸੀ।

ਅੱਗ ਵਿਚ ਜਿਹੜੇ ਲੋਕਾਂ ਦੇ ਘਰ ਤਬਾਹ ਹੋਏ ਸਨ ਜਾਂ ਜਿਹਨਾਂ ਨੇ ਆਪਣੇ ਕਾਰੋਬਾਰ ਗੁਆਏ ਸਨ, ਉਹਨਾਂ ਵੱਲੋਂ ਅਗਸਤ ਮਹੀਨੇ ਵਿਚ, ਕੈਨੇਡੀਅਨ ਪੈਸਿਫ਼ਿਕ (CP) ਅਤੇ ਕੈਨੇਡੀਅਨ ਨੈਸ਼ਨਲ (CN) ਰੇਲ ਕੰਪਨੀਆਂ ਤੇ ਮੁਕੱਦਮਾ ਦਾਇਰ ਕੀਤਾ ਗਿਆ ਸੀ। 

ਅਦਾਲਤ ਵਿਚ ਇਹ ਇਲਜ਼ਾਮ ਸਾਬਤ ਨਹੀਂ ਹੋਏ ਹਨ ਅਤੇ ਦੋਵਾਂ ਚੋਂ ਕਿਸੇ ਵੀ ਰੇਲ ਕੰਪਨੀ ਨੇ ਫ਼ਿਲਹਾਲ ਤੱਕ ਅਦਾਲਤ ਚ ਆਪਣੇ ਬਚਾਅ ਵਿਚ ਬਿਆਨ ਦਾਇਰ ਨਹੀਂ ਕੀਤਾ ਹੈ। 

ਸੇਫ਼ਟੀ ਬੋਰਡ ਨੇ ਰੇਲ ਅਤੇ ਲਿਟਨ ਦੀ ਅੱਗ ਵਿਚ ਕਿਸੇ ਸੰਭਾਵਿਤ ਸਬੰਧ ਹੋਣ ਦੀ ਜਾਂਚ ਲਈ, ਜੁਲਾਈ ਮਹੀਨੇ ਵਿਚ ਜਾਂਚ ਟੀਮ ਭੇਜੀ ਸੀ। 

ਕੈਨੇਡੀਅਨ ਪੈਸਿਫ਼ਿਕ ਰੇਲਵੇ ਨੇ ਜੁਲਾਈ ਵਿਚ ਇੱਕ ਬਿਆਨ ਵਿਚ ਕਿਹਾ ਸੀ ਕਿ ਘਟਨਾ ਵਾਲੇ ਦਿਨ ਲਿਟਨ ਇਲਾਕੇ ਚੋਂ ਲੰਘੀਆਂ ਟ੍ਰੇਨਾਂ ਦੀ ਜਾਂਚ ਕੀਤੀ ਗਈ ਹੈ ਅਤੇ ਅਜਿਹਾ ਕੁਝ ਨਹੀਂ ਮਿਲਿਆ ਹੈ ਜੋ ਅੱਗ ਲਗਣ ਦਾ ਕਾਰਨ ਹੋ ਸਕਦਾ ਹੈ। ਕੈਨੇਡੀਅਨ ਨੈਸ਼ਨਲ ਨੇ ਵੀ ਕਿਹਾ ਸੀ ਕਿ ਅੱਗ ਲੱਗਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਗਈ ਵੀਡਿਉ ਫ਼ੁਟੇਜ, ਲਿਟਨ ਨਾਲ ਸਬੰਧਤ ਨਹੀਂ ਸੀ।

ਵੀਰਵਾਰ ਨੂੰ ਆਏ ਜਾਂਚ ਨਤੀਜਿਆਂ ਤੋਂ ਬਾਅਦ ਟ੍ਰਾਂਸਪੋਰਟੇਸ਼ਨ ਬੋਰਡ ਵੱਲੋਂ ਇਸ ਮਾਮਲੇ ਦੀ ਜਾਂਚ ਮੁਕੰਮਲ ਹੋ ਗਈ ਹੈ। ਜਾਰੀ ਬਿਆਨ ਮੁਤਾਬਕ, ਜੇ ਅੱਗ ਅਤੇ ਰੇਲ ਗੱਡੀਆਂ ਦੇ ਆਪਸ ਵਿਚ ਜੁੜੇ ਹੋਣ ਦਾ ਕੋਈ ਸਬੂਤ ਮਿਲਦਾ ਹੈ, ਤਦ ਹੀ ਬੋਰਡ ਕਿਸੇ ਅਗਲੇਰੀ ਜਾਂਚ ਵਿਚ ਸ਼ਾਮਲ ਹੋਵੇਗਾ। 

ਬੀਸੀ ਦੀ ਵਾਇਲਡਲਾਇਫ਼ ਸਰਵਿਸ ਵੱਲੋਂ ਇਸ ਮਾਮਲੇ ਦੀ ਜਾਂਚ ਜਾਰੀ ਹੈ। ਆਰ ਸੀ ਐਮ ਪੀ ਵੱਲੋਂ ਵੀ ਇਕ ਸ਼ੁਰੂਆਤੀ ਪੁੱਛਗਿੱਛ ਸ਼ੁਰੂ ਕੀਤੀ ਗਈ ਹੈ ਤਾਂ ਕਿ ਇਹ ਨਿਰਧਾਰਿਤ ਕੀਤਾ ਜਾ ਸਕੇ ਕਿ ਇਸ ਮਾਮਲੇ ਵਿਚ ਅਪਰਾਧਕ ਜਾਂਚ ਜ਼ਰੂਰੀ ਹੈ ਜਾਂ ਨਹੀਂ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ