1. ਮੁੱਖ ਪੰਨਾ
  2. ਅਰਥ-ਵਿਵਸਥਾ

ਫ਼ੇਸਬੁਕ ਵੱਲੋਂ ਔਨਲਾਇਨ ਨਫ਼ਰਤ ਅਤੇ ਪ੍ਰੇਸ਼ਾਨਕੁੰਨ ਸਮੱਗਰੀ ਰੋਕਣ ਲਈ ਵਧੇਰੇ ਕਦਮ ਚੁੱਕਣ ਦਾ ਤਹੱਈਆ

ਹੇਟ ਸਪੀਚ ਨਾਲ ਨਜਿੱਠਣ ਵਿਚ ਕੰਪਨੀ ਦੀ ਕਾਰਗੁਜ਼ਾਰੀ ਦੀ ਆਲੋਚਨਾ

ਸਮਾਰਟਫ਼ੋਨ ਵਿਚ ਫ਼ੇਸਬੁਕ ਐਪ ਦੀ ਫ਼ੋਟੋ

ਇੱਕ ਸਾਬਕਾ ਮੁਲਾਜ਼ਮ ਵੱਲੋਂ ਕੰਪਨੀ ਖ਼ਿਲਾਫ਼ ਕੀਤੇ ਖ਼ੁਲਾਸਿਆਂ ਤੋਂ ਬਾਅਦ ਫ਼ੇਸਬੁਕ ਨੇ ਔਨਲਾਇਨ ਨਫ਼ਰਤੀ ਅਤੇ ਭੜਕਾਉ ਸਮੱਗਰੀ ਨੂੰ ਰੋਕਣ ਲਈ ਹੈਰਸਮੈਂਟ ਖ਼ਿਲਾਫ਼ ਬਣਾਈ ਪੌਲਿਸੀ ਦਾ ਦਾਇਰਾ ਵਧਾਉਣ ਦਾ ਅਹਿਦ ਕੀਤਾ ਹੈ।

ਤਸਵੀਰ: Associated Press / Amr Alfiky

RCI

ਫ਼ੇਸਬੁਕ ਨੇ ਆਪਣੇ ਪਲੈਟਫ਼ੌਰਮ ਤੋਂ ਨਫ਼ਰਤੀ ਅਤੇ ਨੁਕਸਾਨਦੇਹ ਸਮੱਗਰੀ ਹਟਾਉਣ ਬਾਬਤ ਪੌਲਿਸੀ ਦਾ ਦਾਇਰਾ ਵਧਾਉਣ ਦਾ ਤਹੱਈਆ ਕੀਤਾ ਹੈ। ਹਾਲ ਹੀ ਵਿਚ ਅਮਰੀਕੀ ਪਾਰਲੀਮੈਂਟ ਵਿਚ ਫ਼ੇਸਬੁਕ ਦੀ ਇੱਕ ਸਾਬਕਾ ਮੁਲਾਜ਼ਮ ਵੱਲੋਂ ਫ਼ੇਸਬੁਕ ‘ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਕੰਪਨੀ ਨਫ਼ਰਤੀ ਸਮੱਗਰੀ ਨੂੰ ਰੋਕਣ ਲਈ ਲੋੜੀਂਦੇ ਕਦਮ ਨਹੀਂ ਚੁੱਕ ਰਹੀ ਹੈ।

ਫ਼ੇਸਬੁਕ ਮੁਤਾਬਕ, ਵਧੇਰੇ ਦਾਇਰੇ ਵਾਲੀ ਨਵੀਂ ਹੈਰਸਮੈਂਟ ਪੌਲਿਸੀ ਅਧੀਨ, ਪਬਲਿਕ ਫ਼ਿਗਰਜ਼, ਸੈਲਿਬ੍ਰਿਟੀਜ਼, ਚੁਣੇ ਹੋਏ ਨੁਮਾਇੰਦਿਆਂ ਅਤੇ ਆਮ ਲੋਕਾਂ ਵਿਚ ਮਸ਼ਹੂਰ ਹਸਤੀਆਂ ਦਾ ਨਿਰਾਦਰ ਅਤੇ ਸੈਕਸੁਅਲਾਇਜ਼ ਕਰਨ ਵਾਲੀ ਸਮੱਗਰੀ ਨੂੰ ਰੋਕਿਆ ਜਾਵੇਗਾ। ਮੌਜੂਦਾ ਨੀਤੀਆਂ ਅਧੀਨ ਪਹਿਲਾਂ ਹੀ ਕਿਸੇ ਵਿਅਕਤੀ ਵਿਸ਼ੇਸ਼ ਖ਼ਿਲਾਫ਼ ਅਜਿਹੀ ਸਮੱਗਰੀ ਤੇ ਪਾਬੰਦੀ ਹੈ। 

ਇਸ ਤੋਂ ਇਲਾਵਾ ਸਰਕਾਰਾਂ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ, ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੂੰ ਵੀ ਉਹਨਾਂ ਖ਼ਿਲਾਫ਼ ਹੋਣ ਵਾਲੀਆਂ ਔਨਲਾਇਨ ਪ੍ਰੇਸ਼ਾਨਕੁੰਨ ਗਤੀਵਿਧੀਆਂ ਤੋਂ ਸੁਰੱਖਿਅਤ ਰੱਖਿਆ ਜਾਵੇਗਾ। ਕਈ ਦੇਸ਼ਾਂ ਵਿਚ, ਪੱਤਰਕਾਰਾਂ ਅਤੇ ਕਾਰਕੁੰਨਾਂ ਨੂੰ ਖ਼ਾਮੋਸ਼ ਕਰਨ ਲਈ ਸੋਸ਼ਲ ਮੀਡੀਆ ‘ਤੇ ਉਹਨਾਂ ਖ਼ਿਲਾਫ਼ ਪ੍ਰੇਸ਼ਾਨ ਕਰਨ ਵਾਲਾ ਪ੍ਰਚਾਰ ਕੀਤਾ ਜਾਂਦਾ ਹੈ। 

ਨਾਲ ਹੀ ਕੰਪਨੀ ਮੁਤਾਬਕ, ਹਰ ਕਿਸਮ ਦੇ ਸੰਗਠਿਤ ਅਤੇ ਕੁਝ ਲੋਕਾਂ ਦੁਆਰਾ ਰਲ-ਮਿਲ ਕੇ ਦੂਜੇ ਯੂਜ਼ਰ ਨੂੰ ਧਮਕਾਉਣ ਅਤੇ ਪ੍ਰੇਸ਼ਾਨ ਕਰਨ ‘ਵਾਲੀ ਗਤੀਵਿਧੀਆਂ ਤੇ ਵੀ ਪਾਬੰਦੀ ਲਗਾਈ ਜਾਵੇਗੀ। ਇਹ ਤਬਦੀਲੀ ਸਾਰੇ ਯੂਜ਼ਰਜ਼ ‘ਤੇ ਲਾਗੂ ਹੋਵੇਗੀ।

ਵਧਦੀ ਆਲੋਚਨਾ

ਫ਼ੇਸਬੁਕ ਦੇ ਗਲੋਬਲ ਸੇਫ਼ਟੀ ਹੈੱਡ ਐਂਟੀਉਨ ਡੇਵਿਸ ਨੇ ਇੱਕ ਬਲੌਗ ਵਿਚ ਲਿਖਿਆ, ਅਸੀਂ ਆਪਣੇ ਪਲੈਟਫ਼ੌਰਮ ‘ਤੇ ਧਮਕਾਉਣ ਵਾਲਾ ਅਤੇ ਪ੍ਰੇਸ਼ਾਨ ਕਰਨ ਵਾਲਾ ਰਵੱਈਆ ਬਰਦਾਸ਼ਤ ਨਹੀਂ ਕਰਾਂਗੇ, ਅਜਿਹਾ ਜਦ ਵੀ ਵਾਪਰਦਾ ਹੈ, ਅਸੀਂ ਕਾਰਵਾਈ ਕਰਦੇ ਹਾਂ

ਗੌਰਤਲਬ ਹੈ ਕਿ ਹਾਲ ਹੀ ਵਿਚ ਫ਼ੇਸਬੁਕ ਦੀ ਇੱਕ ਸਾਬਕਾ ਡਾਟਾ ਵਿਗਿਆਨੀ  ਫ਼੍ਰੈਸੇਸ ਹੌਗਨ ਨੇ ਅਮਰੀਕੀ ਪਾਰਲੀਮੈਂਟ ਵਿਚ ਦੱਸਿਆ ਸੀ ਕਿ ਫ਼ੇਸਬੁਕ ਅਤੇ ਇਸਦੇ ਹੋਰ ਪ੍ਰੌਡਕਟਸ ਬੱਚਿਆਂ ਲਈ ਨੁਕਸਾਨਦੇਹ ਹਨ ਅਤੇ ਕੰਪਨੀ ਸਮਾਜ ਵਿਚ ਵੰਢੀਆਂ ਪਾਉਣ ਦਾ ਕੰਮ ਕਰ ਰਹੀ ਹੈ। ਹੌਗਨ ਦਾ ਦਾਅਵਾ ਹੈ ਕਿ ਕੰਪਨੀ ਦੇ ਅਧਿਕਾਰੀ ਇਸ ਰੁਝਾਨ ਨੂੰ ਬਦਲਣ ਤੋਂ ਮੁਨਕਿਰ ਹੁੰਦੇ ਰਹੇ ਹਨ ਕਿਉਂਕਿ ਉਹਨਾਂ ਲਈ ਮੁਨਾਫ਼ਾ ਸੁਰੱਖਿਆ ਨਾਲੋਂ ਜ਼ਿਆਦਾ ਅਹਿਮ ਹੈ।

ਇਹਨਾਂ ਇਲਾਜ਼ਾਮਾਂ ਦੇ ਕੁਝ ਦਿਨ ਬਾਅਦ ਫ਼ੇਸਬੁਕ ਨੇ ਐਲਾਨ ਕੀਤਾ ਕਿ ਉਹ ਬੱਚਿਆਂ ਦੀ ਸੁਰੱਖਿਆ ਲਈ ਆਪਣੇ ਪਲੈਟਫ਼ੌਰਮ ਵਿਚ ਕੁਝ ਨਵੇਂ ਫ਼ੀਚਰ ਸ਼ਾਮਲ ਕਰ ਰਹੀ ਹੈ, ਜਿਸ ਵਿਚ ਪਲੈਟਫ਼ੌਰਮ ਤੋਂ ਕੁਝ ਸਮੇਂ ਲਈ ਬਰੇਕ ਵੀ ਸ਼ਾਮਲ (ਨਵੀਂ ਵਿੰਡੋ) ਹੈ। 

ਇਹ ਵੀ ਪੜ੍ਹੋ:

ਫ਼ੇਸਬੁਕ ਬਾਰੇ ਸਨਸਨੀਖੇਜ਼ ਖੁਲਾਸਿਆਂ ਤੋਂ ਬਾਅਦ ਕੈਨੇਡਾ ‘ਚ ਉਠੀ ਕੰਪਨੀ ਖ਼ਿਲਾਫ਼ ਸਖ਼ਤ ਰੁਖ਼ ਅਪਨਾਉਣ ਦੀ ਮੰਗ

ਫ਼ੇਸਬੁਕ ਦੀ ਇੱਕ ਸਾਬਕਾ ਮੁਲਾਜ਼ਮ ਨੇ ਫ਼ੇਸਬੁਕ ਨੂੰ ਬੱਚਿਆਂ ਲਈ ਨੁਕਸਨਾਦੇਹ ਅਤੇ ਲੋਕਤੰਤਰ ਲਈ ਖ਼ਤਰਾ ਆਖਿਆ

ਫ਼ੇਸਬੁਕ ਅਤੇ ਇੰਸਟਾਗ੍ਰਾਮ ਰਾਹੀਂ ਮੁਨਾਫ਼ੇ ਕਮਾਉਣ ਵਾਲੇ ਕੁਝ ਸੈਲਿਬ੍ਰਿਟੀਜ਼ ਵੀ ਫ਼ੇਸਬੁਕ ਦੀ ਆਲੋਚਨਾ ਕਰਨ ਤੋਂ ਪਿੱਛੇ ਨਹੀਂ ਹਟੇ। 

ਇਸ ਸਾਲ ਦੀ ਸ਼ੁਰੂਆਤ ਵਿਚ, ਦ ਅਸੋਸੀਏਟੇਡ ਪ੍ਰੈੱਸ ਨੂੰ ਦਿੱਤੇ ਇੱਕ ਇੰਟਰਵਿਊ ਵਿਚ, ਗਾਇਕਾ ਅਤੇ ਅਦਾਕਾਰਾ ਸੈਲੀਨਾ ਗੋਮਜ਼ ਨੇ ਕਿਹਾ ਸੀ ਕਿ ਉਹਨਾਂ ਨੇ 2017 ਵਿਚ ਟੈਕ ਕੰਪਨੀਜ਼ ਨੂੰ ਆਪਣੀਆਂ ਨੀਤੀਆਂ ਵਿਚ ਸੁਧਾਰ ਲਿਆਉਣ ਦੀ ਗੱਲ ਸ਼ੁਰੂ ਕੀਤੀ ਸੀ, ਜਦੋ ਇਕ 12 ਸਾਲ ਦੇ ਯੂਜ਼ਰ ਨੇ ਉਹਨਾਂ ਦੀ ਇੱਕ ਪੋਸਟ ਤੇ ਲਿਖਿਆ ਸੀ,”Go kill yourself” (ਜਾ ਆਪਣੇ ਆਪ ਨੂੰ ਮਾਰ ਲੈ)। 

ਉਹਨਾਂ ਕਿਹਾ, ਇਹ ਮੇਰੇ ਲਈ ਇੰਤਹਾ ਸੀ, ਮੈਂ ਜੋ ਦੇਖ ਰਹੀ ਸੀ ਉਸ ਨਾਲ ਨਜਿੱਠ ਨਹੀਂ ਪਾ ਰਹੀ ਸੀ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

Associated Press ਵੱਲੋਂ ਜਾਣਕਾਰੀ ਸਹਿਤ।

ਸੁਰਖੀਆਂ