1. ਮੁੱਖ ਪੰਨਾ
  2. ਰਾਜਨੀਤੀ
  3. ਫ਼ੈਡਰਲ ਰਾਜਨੀਤੀ

ਦੁਰਾਚਾਰ ਦੇ ਇਲਜ਼ਾਮਾਂ ਕਾਰਨ ਆਰਮੀ ਦੇ ਅਗਲੇ ਕਮਾਂਡਰ ਦੀ ਨਿਯੁਕਤੀ ਮੁਲਤਵੀ

ਲੈਫ਼ਟੀਨੈਂਟ ਜਨਰਲ ਟਰੈਵਰ ਕੁਡੂ ਅਨੁਸਾਰ ਉਹਨਾਂ ਖ਼ਿਲਾਫ਼ ਲੱਗੇ ਇਲਜ਼ਾਮ ਝੂਠ ਹਨ

ਲੈਫ਼ਟੀਨੈਂਟ ਜਨਰਲ ਟਰੈਵਰ ਕੁਡੂ

ਲੈਫ਼ਟੀਨੈਂਟ ਜਨਰਲ ਟਰੈਵਰ ਕੁਡੂ

ਤਸਵੀਰ: Ministère de la Défense nationale

RCI

ਕੈਨੇਡੀਅਨ ਫ਼ੌਜ ਵੱਲੋਂ ਆਪਣੇ ਅਗਲੇ ਕਮਾਂਡਰ ਦੀ ਨਿਯੁਕਤੀ ਇਸ ਕਰਕੇ ਮੁਲਤਵੀ ਕਰ ਦਿੱਤੀ ਹੈ, ਕਿਉਂਕਿ ਜਿਹੜੇ ਸ਼ਖ਼ਸ ਨੂੰ ਇਸ ਅਹੁਦੇ ਲਈ ਚੁਣਿਆ ਸੀ, ਉਸ ਖ਼ਿਲਾਫ਼ ਦੁਰਾਚਾਰ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਲੈਫ਼ਟੀਨੈਂਟ ਜਨਰਲ ਟਰੈਵਰ ਕੁਡੂ ਨੇ ਸਤੰਬਰ ਮਹੀਨੇ ਵਿਚ ਕੈਨੇਡਾ ਦੇ ਫ਼ੌਜ ਮੁਖੀ ਵੱਜੋਂ ਸਹੁੰ ਚੁੱਕਣੀ ਸੀ। ਪਰ ਮਿਲਿਟਰੀ ਮੁਤਾਬਕ 5 ਸਤੰਬਰ ਨੂੰ ਟਰੈਵਰ ਖ਼ਿਲਾਫ਼ ਅਤੀਤ ਦੇ ਇੱਕ ਦੁਰਾਚਾਰ ਮਾਮਲੇ ਦੀ ਅੰਦਰੂਨੀ ਜਾਂਚ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ, ਉਹਨਾਂ ਦੀ ਨਿਯੁਕਤੀ ਨੂੰ ਮੁਲਤਵੀ ਕਰ ਦਿੱਤਾ ਗਿਆ। 

ਡਿਪਾਰਟਮੈਂਟ ਔਫ਼ ਨੈਸ਼ਨਲ ਡਿਫ਼ੈਂਸ ਅਤੇ ਕੈਨੇਡੀਅਨ ਆਰਮਡ ਫ਼ੋਰਸੇਜ਼ ਨੇ ਇੱਕ ਬਿਆਨ ਵਿਚ ਕਿਹਾ, ਨਿਯੁਕਤੀ ਆਯੋਜਨ ਨੂੰ ਮੁਲਤਵੀ ਕਰਨਾ ਲੈਫ਼ਟੀਨੈਂਟ ਜਨਰਲ ਟਰੈਵਰ ਕੁਡੂ ਨੂੰ ਦੋਸ਼ੀ ਮੰਨਣਾ ਨਹੀਂ ਹੈ। ਪਰ ਚਲ ਰਹੀ ਜਾਂਚ ਦੇ ਮੱਦੇਨਜ਼ਰ, ਇਹ ਫ਼ੈਸਲਾ ਲਿਆ ਗਿਆ ਹੈ ਤਾਂ ਕਿ ਜਸਟਿਸ ਪ੍ਰਣਾਲੀ, ਕਾਨੂੰਨ ਮੁਤਾਬਕ ਇਸ ਮਾਮਲੇ ਦਾ ਨਿਪਟਾਰਾ ਕਰ ਸਕੇ

ਪਹਿਲੀ ਵਾਰੀ ਔਟਵਾ ਸਿਟੀਜ਼ਨ ਅਖ਼ਬਾਰ ਨੇ ਟਰੈਵਰ ਖ਼ਿਲਾਫ਼ ਜਾਂਚ ਕੀਤੇ ਜਾਣ ਦੀ ਖ਼ਬਰ ਛਾਪੀ ਸੀ। ਅਖ਼ਬਾਰ ਮੁਤਾਬਕ ਟਰੈਵਰ ਦੀ 'ਜਿਨਸੀ ਸ਼ੋਸ਼ਣ' ਦੇ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ। 

ਟਰੈਵਰ ਨੇ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। 

ਇੱਕ ਬਿਆਨ ਵਿਚ ਟਰੈਵਰ ਨੇ ਕਿਹਾ, ਇਹ ਇਲਾਜ਼ਾਮ ਝੂਠੇ ਹਨ, ਪਰ ਸੱਚ ਸਾਹਮਣੇ ਲਿਆਉਣ ਲਈ ਇਸਦੀ ਮੁਕੰਮਲ ਜਾਂਚ ਜ਼ਰੂਰੀ ਹੈ

ਮੈਂ ਆਪ ਮੂਹਰੇ ਹੋਕੇ, ਨੈਸ਼ਨਲ ਇਨਵੈਸਟੀਗੇਟਿਵ ਸਰਵਿਸ ਨੂੰ ਪਹਿਲਾਂ ਹੀ ਜਾਣਕਾਰੀ ਪ੍ਰਦਾਨ ਕਰ ਚੁੱਕਾ ਹਾਂ, ਅਤੇ ਜਾਂਚ ਦੌਰਾਨ ਆਪਣਾ ਪੂਰਾ ਸਹਿਯੋਗ ਜਾਰੀ ਰੱਖਾਂਗਾ

ਕੁਡੂ ਮੁਤਾਬਕ, ਫ਼ੌਜ ਨੂੰ ’ਬੋਝਮੁਕਤ’ ਆਗੂ ਦੀ ਜ਼ਰੂਰਤ

ਕੁਡੂ ਨੇ ਦੱਸਿਆ ਕਿ ਉਹਨਾਂ ਨੇ ਐਕਟਿੰਗ ਚੀਫ਼ ਔਫ਼ ਡਿਫ਼ੈਂਸ ਸਟਾਫ਼ ਜਨਰਲ ਵੇਨ ਆਇਰ ਨੂੰ, ਇਸ ਅਹੁਦੇ ਲਈ ਕਿਸੇ ਹੋਰ ਬਾਰੇ ਵਿਚਾਰ ਕਰਨ ਲਈ ਵੀ ਆਖਿਆ ਹੈ। 

ਉਹਨਾਂ ਕਿਹਾ, ਕੈਨੇਡੀਅਨ ਆਰਮੀ ਦੇ ਸੈਨਿਕ ਇੱਕ ਅਜਿਹੇ ਲੀਡਰ ਦੇ ਹੱਕਦਾਰ ਹਨ ਜੋ ਇਲਜ਼ਾਮਾਂ ਦੇ ਬੋਝਾਂ ਤੋਂ ਮੁਕਤ ਹੋਵੇ

ਦਸ ਦਈਏ ਕਿ ਕੈਨੇਡੀਅਨ ਮਿਲਿਟਰੀ ਵਿਚ ਜਿਨਸੀ ਸ਼ੋਸ਼ਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇਲਜ਼ਾਮਾਂ ਦੇ ਚਲਦਿਆਂ ਕਈ ਸੀਨੀਅਰ ਅਧਿਕਾਰੀਆਂ ਨੂੰ ਤਨਖ਼ਾਹ ਸਮੇਤ ਛੁੱਟੀ ਦਿੱਤੀ ਗਈ ਹੈ। 

ਕੈਨੇਡਾ ਦੇ ਸਾਬਕਾ ਚੀਫ਼ ਔਫ਼ ਡਿਫ਼ੈਂਸ ਸਟਾਫ਼ , ਰਿਟਾਇਰਡ ਜਨਰਲ ਜੌਨਾਥਨ ਵੈਂਸ ਖ਼ਿਲਾਫ਼, ਜਿਨਸੀ ਸ਼ੋਸ਼ਣ ਦੇ ਇੱਕ ਮਾਮਲੇ ਦੀ ਜਾਂਚ ਵਿਚ ਰੁਕਾਵਟ ਪੈਦਾ ਕਰਨ ਦੇ ਦੋਸ਼ ਆਇਦ ਕੀਤੇ ਜਾ ਚੁੱਕੇ ਹਨ। ਵੈਂਸ ਇਹਨਾਂ ਇਲਜ਼ਾਮਾਂ ਦਾ ਖੰਡਨ ਕਰਦੇ ਰਹੇ ਹਨ। ਇਸ ਤੋਂ ਬਾਅਦ ਵੈਂਸ ਦੀ ਜਗ੍ਹਾ ਨਿਯੁਕਤ ਕੀਤੇ ਗਏ ਮੁਖੀ, ਐਡਮਿਰਲ ਆਰਟ ਮੈਕਡੌਨਲਡ, ਨੂੰ ਵੀ ਇੱਕ ਜਿਨਸੀ ਸ਼ੋਸ਼ਣ ਦੇ ਮਾਮਲੇ ਦੀ ਜਾਂਚ ਦੇ ਚਲਦਿਆਂ ਪ੍ਰਸ਼ਾਸਨਿਕ ਛੁੱਟੀ ਦਿੱਤੀ ਗਈ ਸੀ। ਮੈਕਡੌਨਲਡ ਵੀ ਇਲਾਜ਼ਾਮਾਂ ਨੂੰ ਝੂਠ ਦਸਦੇ ਰਹੇ ਹਨ ਅਤੇ ਉਹਨਾਂ ਖ਼ਿਲਾਫ਼ ਅਪਰਾਧਕ ਮਾਮਲਾ ਦਰਜ ਨਹੀਂ ਹੋਇਆ ਸੀ। 

ਕੈਨੇਡੀਅਨ ਗਲੋਬਲ ਅਫ਼ੇਅਰਜ਼ ਇੰਸਟੀਟਿਊਟ ਵਿਚ ਮਿਲੀਟਰੀ ਲੀਡਰਸ਼ਿਪ ਦੇ ਅਧੀਐਨ ਨਾਲ ਜੁੜੀ ਸ਼ਾਰਲਟ ਡੁਵਲ ਲੈਂਟੋਇਨ ਦਾ ਕਹਿਣਾ ਹੈ, ਇਸ ਸਮੇਂ ਵਿਚ ਇੱਕ ਹੋਰ ਜਿਨਸੀ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਉਣਾ ਕੋਈ ਹੈਰਾਨੀਜਨਕ ਗੱਲ ਨਹੀਂ ਹੈ। 

ਉਹਨਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿਚ ਕਈ ਇਲਜ਼ਾਮਾਂ ਅਤੇ ਤਫ਼ਤੀਸ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ, ਜਾਂਚ ਅਧਿਕਾਰੀਆਂ ਦਾ ਵਧੇਰੇ ਜਾਂਚ ਕੀਤਾ ਜਾਣਾ ਵੀ ਇਸਦਾ ਇੱਕ ਕਾਰਨ ਹੋ ਸਕਦਾ ਹੈ। 

ਉਹਨਾਂ ਕਿਹਾ ਕਿ ਇੱਕ ਤੋਂ ਬਾਅਦ ਇੱਕ ਕੇਸ ਸਾਹਮਣੇ ਆਉਣਾ ਹੈਰਾਨਕੁੰਨ ਨਹੀਂ ਹੈ। 

ਇਹਨਾਂ ਵਿਵਾਦਾਂ ਤੋਂ ਬਾਅਦ ਡਿਫ਼ੈਂਸ ਮਿਨਿਸਟਰ ਹਰਜੀਤ ਸੱਜਣ ਦੇ ਅਸਤੀਫ਼ੇ ਦੀ ਮੰਗ ਵੀ ਉਠਣ ਲੱਗ ਪਈ ਹੈ। ਸੱਜਣ ਦੇ ਦਫ਼ਤਰ ਮੁਤਾਬਕ ਉਹਨਾਂ ਨੂੰ 5 ਸਤੰਬਰ ਨੂੰ ਕੁਡੂ ਖ਼ਿਲਾਫ਼ ਚਲ ਰਹੀ ਤਫ਼ਤੀਸ਼ ਬਾਰੇ ਦੱਸਿਆ ਗਿਆ ਸੀ। 

ਮਿਨਿਸਟਰ ਸੱਜਣ ਦੇ ਇਕ ਬੁਲਾਰੇ ਨੇ ਸੀਬੀਸੀ ਨਿਊਜ਼ ਨੂੰ ਈ-ਮੇਲ ਵਿਚ ਦੱਸਿਆ, ਇਹ ਮਾਮਲਾ ਜਾਂਚ ਅਧੀਨ ਹੈ ਇਸ ਕਰਕੇ ਸਾਡੇ ਵੱਲੋਂ ਇਸ ਬਾਰੇ ਟਿਪੱਣੀ ਕਰਨਾ ਉਚਿਤ ਨਹੀਂ ਹੋਵੇਗਾ

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ