1. ਮੁੱਖ ਪੰਨਾ
  2. ਸਮਾਜ
  3. ਸਿੱਖਿਆ

[ ਰਿਪੋਰਟ ] ਸੱਭਿਆਚਾਰ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਕੈਨੇਡਾ ਵਿਚਲੇ ਪ੍ਰਾਈਵੇਟ ਸਕੂਲ

ਪਬਲਿਕ ਸਕੂਲਾਂ ਨਾਲੋਂ ਫ਼ੀਸ, ਵਰਦੀ ਅਤੇ ਸਮੇਂ ਦਾ ਰਹਿੰਦਾ ਹੈ ਫ਼ਰਕ

ਗੋਬਿੰਦ ਸਰਵਰ ਸਕੂਲ ਵਿੱਚ ਸ਼ਬਦ ਗਾਇਨ ਕਰਦੇ ਹੋਏ ਵਿਦਿਆਰਥੀ

ਗੋਬਿੰਦ ਸਰਵਰ ਸਕੂਲ ਵਿੱਚ ਸ਼ਬਦ ਗਾਇਨ ਕਰਦੇ ਹੋਏ ਵਿਦਿਆਰਥੀ

ਤਸਵੀਰ: ਸਰਬਮੀਤ ਸਿੰਘ

Sarbmeet Singh

ਕੈਨੇਡਾ ਨੂੰ ਬਹੁ-ਸੱਭਿਆਚਾਰ ਵਾਲਾ ਦੇਸ਼ ਮੰਨਿਆ ਜਾਂਦਾ ਹੈ I ਦੇਸ਼ ਵਿੱਚ ਦਫ਼ਤਰਾਂ , ਸਕੂਲਾਂ ਅਤੇ ਹੋਰ ਥਾਵਾਂ 'ਤੇ ਇਹ ਆਸਾਨੀ ਨਾਲ ਦੇਖਿਆ ਜਾ ਸਕਦਾ ਹੈI ਇਸੇ ਦਰਮਿਆਨ ਹੀ ਹੋਰਨਾਂ ਦੇਸ਼ਾਂ ਤੋਂ ਆ ਕੇ ਵਸੇ ਮਾਪੇ , ਆਪਣੇ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਲੋਚਦੇ ਹਨ , ਜਿਸਦੀ ਸ਼ੁਰੂਆਤ ਉਹਨਾਂ ਮੁਤਾਬਿਕ ਸਕੂਲ ਤੋਂ ਹੁੰਦੀ ਹੈ I

ਕੈਨੇਡਾ ਵਿੱਚ ਦੋ ਤਰਾਂ ਦੇ ਸਕੂਲ ਹਨ I ਪਹਿਲੇ ਪਬਲਿਕ ਸਕੂਲ ਹਨ ਜਿੱਥੇ ਕਿ ਪੜਾਈ ਮੁਫ਼ਤ ਹੁੰਦੀ ਹੈ ਅਤੇ ਹਰ ਭਾਈਚਾਰੇ ਦੇ ਬੱਚੇ ਪੜਨ ਆਉਂਦੇ ਹਨI ਦੂਸਰੇ ਪ੍ਰਾਈਵੇਟ ਸਕੂਲ ਹੁੰਦੇ ਹਨ ਜੋ ਕਿ ਪ੍ਰਮੁੱਖ ਤੌਰ 'ਤੇ ਮਿਸ਼ਨ ਅਧਾਰਿਤ ਹੁੰਦੇ ਹਨ I

ਸਰੀ ਸ਼ਹਿਰ ਵਿੱਚ ਸਥਿਤ ਗੋਬਿੰਦ ਸਰਵਰ ਸਕੂਲ ਦੇ ਪ੍ਰਿੰਸੀਪਲ ਡਾ ਰਿਸ਼ੀ ਸਿੰਘ ਦਾ ਕਹਿਣਾ ਹੈ ਕਿ ਬਹੁਤੇ ਪ੍ਰਾਈਵੇਟ ਸਕੂਲ ਮਿਸ਼ਨ ਅਧਾਰਿਤ ਹੁੰਦੇ ਹਨ ਜਿੰਨ੍ਹਾਂ ਦਾ ਮੁੱਖ ਮਕਸਦ ਬੱਚਿਆਂ ਨੂੰ ਸੱਭਿਆਚਾਰ ਅਤੇ ਧਰਮ ਨਾਲ ਜੋੜਨਾ ਹੁੰਦਾ ਹੈ I

ਰਿਸ਼ੀ ਸਿੰਘ ਨੇ ਕਿਹਾ ਪ੍ਰਾਈਵੇਟ ਸਕੂਲਾਂ ਵਿੱਚ ਵਧੇਰੇ ਅਨੁਸਾਸ਼ਨ ਹੁੰਦਾ ਹੈ I ਇਸਤੋਂ ਇਲਾਵਾ ਸਾਡੇ ਸਕੂਲ ਸਮਾਰਟ ਕਲਾਸ ਸਿਸਟਮ ਵਰਤਦੇ ਹਨ ਜੋ ਕਿ ਪਬਲਿਕ ਸਕੂਲਾਂ ਵਿੱਚ ਨਦਾਰਦ ਹੁੰਦਾ ਹੈ I ਪ੍ਰਾਈਵੇਟ ਸਕੂਲਾਂ ਵਿੱਚ ਬੱਚੇ- ਅਧਿਆਪਕ ਅਨੁਪਾਤ [ ਸਟੂਡੈਂਟ- ਟੀਚਰ ਰੇਸ਼ੋ ] ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਪੜਾਈ ਬਿਹਤਰ ਤਰੀਕੇ ਨਾਲ ਹੋ ਸਕੇI

ਉਹਨਾਂ ਕਿਹਾ ਸਾਡੇ ਸਕੂਲ ਵਿੱਚ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਂਦਾ ਹੈ I  ਬੱਚੇ ਗੁਰਬਾਣੀ ਉਚਾਰਣ ਅਤੇ ਗੁਰਮੁਖੀ ਪੜਨਾ ਅਤੇ ਲਿਖਣਾ ਸਿੱਖਦੇ ਹਨ I  ਕੈਨੇਡਾ ਵਿੱਚ ਪੰਜਾਬੀ ਮੂਲ ਦੇ ਮਾਪੇ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਚਾਹੁੰਦੇ ਹਨ ਜੋ ਕਿ ਪ੍ਰਾਈਵੇਟ ਸਕੂਲਾਂ ਦੀ ਲੋਕਪ੍ਰਿਯਤਾ ਦਾ ਇੱਕ ਕਾਰਨ ਹੈ I

ਗੋਬਿੰਦ ਸਰਵਰ ਸਕੂਲ ਸਰੀ ਦਾ ਬਾਹਰੀ ਦ੍ਰਿਸ਼

ਗੋਬਿੰਦ ਸਰਵਰ ਸਕੂਲ ਸਰੀ ਦਾ ਬਾਹਰੀ ਦ੍ਰਿਸ਼

ਤਸਵੀਰ: ਸਰਬਮੀਤ ਸਿੰਘ

ਕੁਝ ਪ੍ਰਾਈਵੇਟ ਸਕੂਲ ਮਿਸ਼ਨ ਅਧਾਰਿਤ ਨਹੀਂ ਹੁੰਦੇ I ਵਿੰਨੀਪੈਗ ਸ਼ਹਿਰ ਵਿਚਲੇ ਕੈਨ-ਏਸ਼ੀਆ ਸਕੂਲ ਤੋਂ ਵਿਸ਼ਵਦੀਪ ਬਰਾੜ ਨੇ ਕਿਹਾ ਬਹੁਤ ਸਾਰੇ ਸਕੂਲ ਕਿਸੇ ਨਾ ਕਿਸੇ ਮੱਤ ਨੂੰ ਲੈ ਕੇ ਚਲਦੇ ਹਨ ਪਰ ਸਾਡਾ ਸਕੂਲ ਬਹੁ-ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ I ਦੂਜੇ ਸੱਭਿਆਚਾਰ ਅਤੇ ਭਾਸ਼ਾ ਤੋਂ ਜਾਣੂ ਹੋਣ ਕਰਕੇ ਬੱਚੇ ਵੱਡੇ ਹੋ ਕੇ ਕੈਨੇਡਾ ਵਿੱਚ ਜਲਦੀ ਢਲ ਸਕਦੇ ਹਨ I

ਐਬਟਸਫੋਰਡ ਨਿਵਾਸੀ ਅਮਨ ਬਰਾੜ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਆ ਕੇ ਬੱਚਿਆਂ ਨੂੰ ਕੈਨੇਡੀਅਨ ਕਦਰਾਂ-ਕੀਮਤਾਂ ਸਿੱਖਣ 'ਤੇ ਵੀ ਜ਼ੋਰ ਦੇਣਾ ਚਾਹੀਦਾ ਹੈ I ਉਹਨਾਂ ਕਿਹਾ ਪਬਲਿਕ ਸਕੂਲਾਂ ਵਿੱਚ ਬੱਚੇ ਬਹੁ-ਸੱਭਿਆਚਾਰ ਵਿੱਚ ਵੱਡੇ ਹੁੰਦੇ ਹਨ I ਭਾਵੇਂ ਕਿ ਪਬਲਿਕ ਸਕੂਲਾਂ ਦੀ ਕੋਈ ਫ਼ੀਸ ਨਹੀਂ ਹੁੰਦੀ ਪਰ ਸਰਕਾਰਾਂ ਨੂੰ ਪਬਲਿਕ ਸਕੂਲਾਂ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ I ਪਬਲਿਕ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਦੇ ਨਾਲ ਨਾਲ ਸਕੂਲਾਂ ਦੇ ਉਸਾਰ ਢਾਂਚੇ 'ਤੇ ਕੰਮ ਕੀਤੇ ਜਾਣ ਦੀ ਲੋੜ ਹੈ I

ਸਰੀ ਸ਼ਹਿਰ ਵਿੱਚ ਹੀ ਸਥਿਤ ਸਰੀ ਮੁਸਲਿਮ ਸਕੂਲ ਜੋ ਕਿ ਅੱਠਵੀਂ ਜਮਾਤ ਤੱਕ ਵਿੱਦਿਆ ਪ੍ਰਦਾਨ ਕਰਦਾ ਹੈ , ਇੱਕ ਮਿਸ਼ਨ ਅਧਾਰਿਤ ਸਕੂਲ ਹੈ ਜਿੱਥੇ ਕਿ ਕਰੀਬ 300 ਬੱਚੇ ਪੜਦੇ ਹਨ , ਜਿੰਨ੍ਹਾਂ ਵਿੱਚੋਂ ਵੱਡੀ ਗਿਣਤੀ ਵਿੱਚ ਸਾਊਥ ਏਸ਼ੀਅਨ ਮੁਸਲਿਮ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ I  ਇਸੇ ਤਰਾਂ ਹੀ ਈਸਾਈ ਧਰਮ 'ਤੇ ਅਧਾਰਿਤ ਸਕੂਲ ਵੀ ਬਣੇ ਹੋਏ ਹਨ I 

ਸਕੂਲ ਦੇ ਪ੍ਰਿੰਸੀਪਲ ਮੁਹੰਮਦ ਹੁਸੈਨ ਨੇ ਦੱਸਿਆ ਕਿ ਸਕੂਲ ਵਿੱਚ ਬੱਚੇ ਪ੍ਰੋਵਿੰਸ਼ੀਅਲ ਸਰਕਾਰ ਦੁਆਰਾ ਤੈਅ ਪਾਠਕ੍ਰਮ ਦੇ ਨਾਲ ਨਾਲ ਧਰਮ ਬਾਰੇ ਪੜਾਈ ਕਰਦੇ ਹਨ I ਹੁਸੈਨ ਨੇ ਕਿਹਾ ਪ੍ਰਾਈਵੇਟ ਸਕੂਲਾਂ ਦਾ ਸਮਾਂ ਪਬਲਿਕ ਸਕੂਲਾਂ ਤੋਂ ਥੋੜਾ ਵਧੇਰੇ ਹੁੰਦਾ ਹੈ ਕਿਉਂਕਿ ਪ੍ਰਾਈਵੇਟ ਸਕੂਲਾਂ ਵਿੱਚ ਤੈਅ ਪਾਠਕ੍ਰਮ ਤੋਂ ਇਲਾਵਾ ਧਰਮ ਬਾਰੇ ਵੀ ਪੜਾਇਆ ਜਾਂਦਾ ਹੈ I ਬੱਚੇ ਧਾਰਮਿਕ ਪਹਿਰਾਵਾ ਪਹਿਨਦੇ ਹਨ , ਜੋ ਕਿ ਪ੍ਰੋਵਿੰਸ਼ੀਅਲ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹੁੰਦਾ ਹੈI ਮਾਪਿਆਂ ਦੇ ਧਰਮ ਸੰਬੰਧੀ ਕੋਈ ਖ਼ਾਸ ਨਿਯਮ ਨਹੀਂ ਹਨ I ਬਹੁਤ ਸਾਰੇ ਬੱਚਿਆਂ ਦੇ ਮਾਪਿਆਂ ਨੇ ਆਪਣੇ ਤੋਂ ਹੋਰ ਧਰਮ ਦੇ ਜੀਵਨ ਸਾਥੀ ਨਾਲ ਵੀ ਵਿਆਹ ਕਰਾਇਆ ਹੁੰਦਾ ਹੈ I

 ਸਰੀ ਮੁਸਲਿਮ ਸਕੂਲ ਸਾਹਮਣੇ ਪ੍ਰਿੰਸੀਪਲ ਮੁਹੰਮਦ ਹੁਸੈਨ ਅਤੇ ਸਈਅਦ ਇਮਰਾਨ ਅਹਿਮਦ

ਸਰੀ ਮੁਸਲਿਮ ਸਕੂਲ ਸਾਹਮਣੇ ਪ੍ਰਿੰਸੀਪਲ ਮੁਹੰਮਦ ਹੁਸੈਨ ਅਤੇ ਸਈਅਦ ਇਮਰਾਨ ਅਹਿਮਦ

ਤਸਵੀਰ: Radio-Canada / ਸਰਬਮੀਤ ਸਿੰਘ

ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਇੱਕ ਹੋਰ ਵੱਡਾ ਅੰਤਰ ਚੋਣਵੀਂ ਭਾਸ਼ਾ ਦਾ ਵੀ ਹੁੰਦਾ ਹੈ I ਪਬਲਿਕ ਸਕੂਲਾਂ ਵਿੱਚ ਬੱਚੇ ਅੰਗਰੇਜ਼ੀ ਤੋਂ ਬਿਨ੍ਹਾਂ ਹੋਰ ਭਾਸ਼ਾ ਵੱਡੀ ਕਲਾਸ ਵਿੱਚ ਜਾ ਕੇ ਪੜਦੇ ਹਨ ਜਦਕਿ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਮੁੱਢਲੀਆਂ ਕਲਾਸਾਂ ਵਿੱਚ ਹੀ ਇਹ ਪੜਨਾ ਸ਼ੁਰੂ ਕਰ ਦਿੰਦੇ ਹਨ I

ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖੀ ਮਿਸ਼ਨ 'ਤੇ ਅਧਾਰਿਤ ਸਕੂਲਾਂ ਵਿੱਚ ਬੱਚੇ ਗੁਰਮੁੱਖੀ ਅਤੇ ਮੁਸਲਿਮ ਮਿਸ਼ਨ 'ਤੇ ਅਧਾਰਿਤ ਸਕੂਲਾਂ ਵਿੱਚ ਬੱਚੇ ਅਰਬੀ ਭਾਸ਼ਾ ਸਿੱਖਦੇ ਹਨ I  

ਵਿਸ਼ਵਦੀਪ ਬਰਾੜ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਵਿੱਚ ਇਕ ਤੋਂ ਵਧੇਰੇ ਚੋਣਵੀਂ ਭਾਸ਼ਾ ਪੜੀ ਜਾ ਸਕਦੀ ਹੈ ਜਿਸ ਲਈ ਉਹਨਾਂ ਕੋਲ ਵਿਸ਼ੇ ਵਿੱਚ ਮਾਹਰ ਅਧਿਆਪਕ ਹਨ I

ਮਾਪਿਆਂ ਦਾ ਪ੍ਰਾਈਵੇਟ ਸਕੂਲਾਂ ਵੱਲ ਰੁਝਾਨ ਹੋਣ ਦਾ ਇੱਕ ਹੋਰ ਕਾਰਨ ਨਸ਼ਿਆਂ ਦੀ ਸਮੱਸਿਆਂ ਵੀ ਹੈ I  ਪ੍ਰਾਪਤ ਜਾਣਕਾਰੀ ਅਨੁਸਾਰ ਪਬਲਿਕ ਸਕੂਲਾਂ ਵਿੱਚ ਬਾਹਰੋਂ ਆ ਰਹੇ ਵਿਅਕਤੀਆਂ 'ਤੇ ਕੋਈ ਬਹੁਤੀ ਚੈਕਿੰਗ ਨਹੀਂ ਰੱਖੀ ਜਾਂਦੀ ਪਰ ਪ੍ਰਾਈਵੇਟ ਸਕੂਲਾਂ ਵਿੱਚ ਕਾਫ਼ੀ ਸਖ਼ਤੀ ਕੀਤੀ ਜਾਂਦੀ ਹੈ I  

ਡਾ ਰਿਸ਼ੀ ਨੇ ਕਿਹਾ ਸਾਡੇ ਸਕੂਲ ਵਿੱਚ ਨੋ ਡਰੱਗ ਪਾਲਿਸੀ ਹੈ I ਅਜਿਹੀ ਕੋਈ ਘਟਨਾ ਹੋਣ 'ਤੇ ਵਿਦਿਆਰਥੀ ਨੂੰ ਤੁਰੰਤ ਮੁਅੱਤਲ ਕੀਤਾ ਜਾਂਦਾ ਹੈ I

ਬੀ ਸੀ ਮੁਸਲਿਮ ਸਕੂਲ ਦੇ ਪ੍ਰਿੰਸੀਪਲ ਸਈਅਦ ਇਮਰਾਨ ਅਹਿਮਦ ਨੇ ਕਿਹਾ ਸਾਡੇ ਸਕੂਲ ਵਿੱਚ ਮਨੁੱਖੀ ਕਦਰਾਂ ਕੀਮਤਾਂ ਬਾਰੇ ਵੀ ਦੱਸਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਬੁਰੀਆਂ ਆਦਤਾਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਜਾਂਦਾ ਹੈ I

ਕੈਨ-ਏਸ਼ੀਆ ਸਕੂਲ ਵਿੱਚ ਪੋਸਟਰ ਬਣਾਉਂਦੇ ਬੱਚੇ

ਕੈਨ-ਏਸ਼ੀਆ ਸਕੂਲ ਵਿੱਚ ਪੋਸਟਰ ਬਣਾਉਂਦੇ ਬੱਚੇ

ਤਸਵੀਰ: ਧੰਨਵਾਦ ਸਾਹਿਤ ਵਿਸ਼ਵਦੀਪ ਬਰਾੜ

ਦੇਸ਼ ਵਿੱਚ ਚੱਲ ਰਹੇ ਇਸਲਾਮੋਫੋਬੀਆ ਬਾਰੇ ਗੱਲਬਾਤ ਕਰਦਿਆਂ ਇਮਰਾਨ ਅਹਿਮਦ ਦਾ ਕਹਿਣਾ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਇਸਲਾਮੋਫੋਬੀਆ ਦੀਆਂ ਘਟਨਾਵਾਂ ਬਹੁਤ ਘੱਟ ਵਾਪਰਦੀਆਂ ਹਨ I

ਬੀ ਸੀ ਨਿਵਾਸੀ ਹਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਬੁਲਿੰਗ ਦੀਆਂ ਘਟਨਾਵਾਂ ਪ੍ਰਾਈਵੇਟ ਅਤੇ ਪਬਲਿਕ ਸਕੂਲਾਂ , ਦੋਵਾਂ ਵਿੱਚ ਵਾਪਰਦੀਆਂ ਹਨ ਜਿੰਨ੍ਹਾਂ 'ਤੇ ਨਕੇਲ ਕਸਣ ਦੀ ਲੋੜ ਹੈ I

ਪਬਲਿਕ ਸਕੂਲਾਂ ਵਿੱਚ ਵਰਦੀ ਨਹੀਂ ਹੁੰਦੀ ਅਤੇ ਬੱਚੇ ਆਪਣੀ ਮਰਜ਼ੀ ਦੇ ਕਪੜੇ ਪਹਿਨਦੇ ਹਨ ਜਦਕਿ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਵਰਦੀ ਪਹਿਨਦੇ ਹਨ I ਪ੍ਰਾਈਵੇਟ ਸਕੂਲਾਂ ਨਾਲ ਜੁੜੇ ਅਧਿਆਪਕਾਂ ਦਾ ਮੰਨਣਾ ਹੈ ਕਿ ਇਸ ਨਾਲ ਸਾਰੇ ਬੱਚੇ ਇੱਕੋ ਜਿਹਾ ਮਹਿਸੂਸ ਕਰਦੇ ਹਨ I

ਹਰਪ੍ਰੀਤ ਕੌਰ , ਜਿੰਨ੍ਹਾਂ ਦੇ ਬੱਚੇ ਪਬਲਿਕ ਸਕੂਲ ਵਿੱਚ ਪੜਦੇ ਹਨ , ਨੇ ਕਿਹਾ ਪਬਲਿਕ ਸਕੂਲਾਂ ਵਿੱਚ ਵੀ ਵਰਦੀ ਹੋਣੀ ਚਾਹੀਦੀ ਹੈI

ਸਰੀ ਸਕੂਲ ਬੋਰਡ ਦੇ ਸਕੂਲ ਟਰੱਸਟੀ ਗੈਰੀ ਥਿੰਦ ਦਾ ਆਖਣਾ ਹੈ ਕਿ ਉਹ ਵੀ ਵਰਦੀ ਲਾਜ਼ਮੀ ਹੋਣ ਦੇ ਹਾਮੀ ਹਨ ਅਤੇ ਇਹ ਗੱਲ ਕਈ ਵਾਰ ਤੁਰੀ ਪਰ ਸਿਰੇ ਨਹੀਂ ਚੜੀ I

ਵਿਸ਼ਵਦੀਪ ਬਰਾੜ ਨੇ ਕਿਹਾ ਬਹੁਤ ਸਾਰੇ ਮਾਪੇ ਪਸੰਦ ਕਰਦੇ ਹਨ ਕਿ ਉਹਨਾਂ ਦੇ ਬੱਚਿਆਂ ਨੂੰ ਘਰੇ ਕੰਮ ਦਿੱਤਾ ਜਾਵੇ ਜਿਸ ਕਰਕੇ ਵੀ ਉਹ ਪ੍ਰਾਈਵੇਟ ਸਕੂਲ ਨੂੰ ਪਹਿਲ ਦਿੰਦੇ ਹਨ I

Sarbmeet Singh

ਸੁਰਖੀਆਂ