1. ਮੁੱਖ ਪੰਨਾ
  2. ਰਾਜਨੀਤੀ
  3. ਪ੍ਰਾਂਤਿਕ ਰਾਜਨੀਤੀ

ਕਿਉਬੈਕ ਸਰਕਾਰ ਨੇ ਹੈਲਥ ਕੇਅਰ ਵਰਕਰਾਂ ਲਈ ਲਾਜ਼ਮੀ ਵੈਕਸੀਨੇਸ਼ਨ ਦੀ ਡੈਡਲਾਇਨ ਇਕ ਮਹੀਨੇ ਲਈ ਵਧਾਈ

ਸਟਾਫ਼ਿੰਗ ਸੰਕਟ ਦੇ ਡਰ ਕਾਰਨ 15 ਨਵੰਬਰ ਤੱਕ ਵਧਾਈ ਡੈਡਲਾਇਨ 

ਕਿਉਬੈਕ ਦੇ ਹੈਲਥ ਮਿਨਿਸਟਰ ਕ੍ਰਿਸ਼ਚਨ ਡੂਬ ਨੇ ਕਿਹਾ ਕਿ ਵੈਕਸੀਨੇਸ਼ਨ ਡੈਡਲਾਇਨ ਨੂੰ ਅੱਗੇ ਵਧਾਉਣਾ ਕੋਈ ਸੌਖਾ ਫ਼ੈਸਲਾ ਨਹੀਂ ਸੀ ਪਰ ਕਿਉਬੈਕ ਵਾਸੀਆਂ ਲਈ ਸਿਹਤ ਸੇਵਾਵਾਂ ਪ੍ਰਦਾਨ ਕੀਤੇ ਜਾਣ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਲੈਣਾ ਪਿਆ ਹੈ।

ਕਿਉਬੈਕ ਦੇ ਹੈਲਥ ਮਿਨਿਸਟਰ ਕ੍ਰਿਸ਼ਚਨ ਡੂਬ ਨੇ ਕਿਹਾ ਕਿ ਵੈਕਸੀਨੇਸ਼ਨ ਡੈਡਲਾਇਨ ਨੂੰ ਅੱਗੇ ਵਧਾਉਣਾ ਕੋਈ ਸੌਖਾ ਫ਼ੈਸਲਾ ਨਹੀਂ ਸੀ ਪਰ ਕਿਉਬੈਕ ਵਾਸੀਆਂ ਲਈ ਸਿਹਤ ਸੇਵਾਵਾਂ ਪ੍ਰਦਾਨ ਕੀਤੇ ਜਾਣ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਲੈਣਾ ਪਿਆ ਹੈ।

ਤਸਵੀਰ: Marco Campanozzi

RCI

ਕਿਉਬੈਕ ਦੇ ਹੈਲਥ ਮਿਨਿਸਟਰ ਕ੍ਰਿਸ਼ਚਨ ਡੂਬ ਨੇ ਹੈਲਥ ਕੇਅਰ ਵਰਕਰਾਂ ਲਈ ਸਰਕਾਰ ਦੀ ਲਾਜ਼ਮੀ ਵੈਕਸੀਨੇਸ਼ਨ ਨੀਤੀ ਬਾਰੇ ਕਈ ਹਫ਼ਤਿਆਂ ਦੀ ਅੜੀ ਦਿਖਾਉਣ ਤੋਂ ਬਾਅਦ ਪਲਟੀ ਮਾਰ ਲਈ ਹੈ। ਸੂਬਾ ਸਰਕਾਰ ਵੱਲੋਂ ਹੁਣ ਵਰਕਰਾਂ ਨੂੰ ਇੱਕ ਹੋਰ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਉਹ ਮੁਕੰਮਲ ਤੌਰ ਤੇ ਵੈਕਸੀਨ ਲਗਵਾ ਲੈਣ।

ਬੀਤੇ ਕਈ ਹਫ਼ਤਿਆਂ ਤੋਂ ਸਰਕਾਰ ਨੇ ਇਹੀ ਰਵੱਇਆ ਅਪਨਾਇਆ ਹੋਇਆ ਸੀ ਕਿ ਕਿਉਬੈਕ ਵਿਚ ਲਾਜ਼ਮੀ ਵੈਕਸੀਨੇਸ਼ਨ ਤੈਅ ਮਿਆਦ ਤੋਂ ਲਾਗੂ ਹੋ ਜਾਵੇਗੀ ਅਤੇ ਪਾਲਣਾ ਨਾ ਕਰਨ ਵਾਲੇ ਹੈਲਥ ਵਰਕਰਾਂ ਨੂੰ ਬਗ਼ੈਰ ਤਨਖ਼ਾਹ ਮੁਅੱਤਲ ਕੀਤਾ ਜਾਵੇਗਾ। 

ਹੈਲਥ ਕੇਅਰ ਵਰਕਰਾਂ ਕੋਲ ਹੁਣ ਵੈਕਸੀਨ ਸ਼ੌਟਸ ਲਗਵਾਉਣ ਲਈ 15 ਨਵੰਬਰ ਤੱਕ ਦਾ ਸਮਾਂ ਹੋਵੇਗਾ, ਉੰਝ ਪਹਿਲਾਂ, ਆਉਂਦੇ ਸ਼ੁੱਕਰਵਾਰ ਦੀ ਡੈਡਲਾਇਨ ਨਿਰਧਾਰਿਤ ਕੀਤੀ ਗਈ ਸੀ। 

ਹੈਲਥ ਮਿਨਿਸਟਰ ਕ੍ਰਿਸ਼ਚਨ ਡੂਬ ਨੇ ਦੱਸਿਆ ਕਿ ਸੂਬੇ ਦੇ 96 ਫ਼ੀਸਦੀ ਹੈਲਥ ਵਰਕਰਾਂ ਨੇ ਵੈਕਸੀਨ ਦੀ ਘੱਟੋ ਘੱਟ ਇੱਕ ਖ਼ੁਰਾਕ ਪ੍ਰਾਪਤ ਕੀਤੀ ਹੋਈ ਹੈ ਪਰ ਅਜੇ ਵੀ 21,900 ਹੈਲਥ ਵਰਕਰ ਮੁਨਾਸਬ ਤੌਰ ਤੇ ਵੈਕਸੀਨੇਟੇਡ ਨਹੀਂ ਹਨ, ਇਸ ਕਰਕੇ ਹੈਲਥ ਸਿਸਟਮ ਇੰਨੀ ਵੱਡੀ ਤਾਦਾਦ ਵਿਚ ਹੈਲਥ ਵਰਕਰਾਂ ਨੂੰ ਕੰਮ ਤੋਂ ਫ਼ਾਰਗ ਕਰਨਾ ਨਹੀਂ ਜਰ ਸਕਦਾ। 

ਉਹਨਾਂ ਕਿਹਾ ਕਿ ਵੈਕਸੀਨੇਸ਼ਨ ਡੈਡਲਾਇਨ ਨੂੰ ਅੱਗੇ ਵਧਾਉਣਾ ਕੋਈ ਸੌਖਾ ਫ਼ੈਸਲਾ ਨਹੀਂ ਸੀ ਪਰ ਕਿਉਬੈਕ ਵਾਸੀਆਂ ਲਈ ਸਿਹਤ ਸੇਵਾਵਾਂ ਪ੍ਰਦਾਨ ਕੀਤੇ ਜਾਣ ਨੂੰ ਧਿਆਨ ਵਿਚ ਰੱਖਦਿਆਂ ਇਹ ਫ਼ੈਸਲਾ ਲੈਣਾ ਪਿਆ ਹੈ।

ਕਿਉਬੈਕਰਜ਼ ਦੇ ਹੈਲਥ ਨੈਟਵਰਕ ਦੀ ਰੱਖਿਆ ਕਰਨਾ ਮੇਰੀ ਜ਼ੁੰਮੇਵਾਰੀ ਹੈ। ਫ਼ਿਲਹਾਲ ਖ਼ਤਰਾ ਕਾਫ਼ੀ ਜ਼ਿਆਦਾ ਹੈ ਅਤੇ ਕਿਉਬੈਕਰਜ਼ ਦੀ ਸਿਹਤ ਨਾਲ ਜੂਆ ਖੇਡਣਾ, ਗ਼ੈਰ-ਜ਼ਿੰਮੇਵਾਰਾਨਾ ਫ਼ੈਸਲਾ ਹੋਵੇਗਾ”।
ਕ੍ਰਿਸ਼ਚਨ ਡੂਬ, ਹੈਲਥ ਮਿਨਿਸਟਰ, ਕਿਉਬੈਕ

ਪਰ ਇਸ ਵਕਫ਼ੇ ਦੌਰਾਨ, ਆਉਂਦੇ ਸੋਮਵਾਰ ਤੋਂ, ਜਿਹੜੇ ਵਰਕਰਾਂ ਦੀ ਵੈਕਸੀਨੇਸ਼ਨ ਪੂਰੀ ਨਹੀਂ ਹੋਵੇਗੀ, ਉਹਨਾਂ ਨੂੰ ਹਫ਼ਤੇ ਵਿਚ ਘੱਟੋ ਘੱਟ ਤਿੰਨ ਵਾਰੀ ਕੋਵਿਡ ਟੈਸਟ ਕਰਵਾਉਣਾ ਪਵੇਗਾ, ਇਹ ਨੀਤੀ ਸਰਕਾਰੀ ਅਦਾਰਿਆਂ ਦੇ ਨਾਲ ਨਾਲ ਹੁਣ ਪ੍ਰਾਇਵੇਟ ਅਦਾਰਿਆਂ ਵਿਚ ਵੀ ਲਾਗੂ ਹੋ ਜਾਵੇਗੀ। 

ਮਿਨਿਸਟਰ ਡੂਬ ਮੁਤਾਬਕ, ਹੈਲਥ ਨੈਟਵਰਕ ਵਿਚ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਲਈ ਪੂਰੀ ਤਰ੍ਹਾਂ ਨਾਲ ਵੈਕਸੀਨੇਟੇਡ ਹੋਣਾ ਜ਼ਰੂਰੀ ਹੋਵੇਗਾ। 

ਮਿਨਿਸਟਰ ਡੂਬ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਜ਼ਾਹਰ ਤੌਰ ‘ਤੇ ਉਹਨਾਂ ਹੈਲਥ ਵਰਕਰਾਂ ਲਈ ਨਿਰਾਸ਼ਾਜਨਕ ਹੋਵੇਗਾ ਜੋ ਆਪਣੀ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਅਤੇ ਇੱਕ ਸੁਰੱਖਿਅਤ ਮਾਹੌਲ ਚਾਹੁੰਦੇ ਹਨ। ਪਰ ਉਹਨਾਂ ਕਿਹਾ ਕਿ ਉਹ ਵੈਕਸੀਨੇਸ਼ਨ ਲਾਜ਼ਮੀ ਕਰਨਾ ਚਾਹੁੰਦੇ ਹਨ ਪਰ ਆਮ ਲੋਕਾਂ ਦੇ ਇਲਾਜ ਕਰਨ ਦੀ ਸਮਰੱਥਾ ਨਾਲ ਸਮਝੌਤਾ ਵੀ ਨਹੀਂ ਕਰਨਾ ਚਾਹੁੰਦੇ। 

ਦਸ ਦਈਏ ਕਿ ਇੱਕ ਦਿਨ ਪਹਿਲਾਂ ਹੀ ਡੂਬ ਨੇ ਪੁਖ਼ਤਾ ਤੌਰ ਤੇ ਕਿਹਾ ਸੀ ਕਿ ਸ਼ੁੱਕਰਵਾਰ ਵਾਲੀ ਡੈਡਲਾਇਨ ਵਿਚ ਤਬਦੀਲੀ ਕਰਨ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ। 

ਪ੍ਰੈਸ ਕਾਨਫ਼੍ਰੰਸ ਵਿਚ ਮੌਜੂਦ ਸੂਬੇ ਦੀ ਡਿਪਟੀ ਹੈਲਥ ਮਿਨਿਸਟਰ ਡਾ ਲੂਸੀ ਉਪੈਟਰਨੀ ਨੇ ਕਿਹਾ, ਮੌਜੂਦਾ ਹਾਲਾਤ ਨੂੰ ਦੇਖਦਿਆਂ, ਡੈਡਲਾਇਨ ਨੂੰ 30 ਦਿਨਾਂ ਲਈ ਮੁਲਤਵੀ ਕੀਤਾ ਜਾਣਾ ਹੀ ਬਿਹਤਰ ਵਿਕਲਪ ਹੈ, ਤਾਂ ਕਿ ਸਿਹਤ ਸੇਵਾਵਾਂ ਜਾਰੀ ਰਹਿਣ ਅਤੇ ਸੂਬੇ ਦੇ ਹੈਲਥ ਨੈਟਵਰਕ ਅਤੇ ਖ਼ਾਸ ਤੌਰ ‘ਤੇ ਸਟਾਫ਼ ਉੱਪਰ ਹੋਰ ਦਬਾਅ ਨਾ ਪਵੇ।

ਉਹਨਾਂ ਦੱਸਿਆ ਕਿ ਜੇ ਸ਼ੁੱਕਰਵਾਰ ਵਾਲੀ ਡੈਡਲਾਇਨ ਲਾਗੂ ਹੁੰਦੀ, ਤਾਂ ਸੂਬੇ ਦੇ 35 ਉਪਰੇਟਿੰਗ ਰੂਮਜ਼ ਅਤੇ 600 ਹਸਪਤਾਲ ਬੈਡਜ਼ ਦੀਆਂ ਸੇਵਾਵਾਂ ਨੂੰ ਬੰਦ ਕਰਨਾ ਪੈਣਾ ਸੀ।

ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ

ਸੁਰਖੀਆਂ