- ਮੁੱਖ ਪੰਨਾ
- ਸਮਾਜ
- ਐਲ.ਜੀ.ਬੀ.ਟੀ.ਕਿਊ.+ (LGBTQ+) ਭਾਈਚਾਰਾ
ਕੈਨੇਡੀਅਨ ਬਲੱਡ ਸਰਵਿਸੇਜ਼ ਵੱਲੋਂ ਕੈਲਗਰੀ ਅਤੇ ਲੰਡਨ ਚ ਕੁਝ ਸਮਲਿੰਗੀ ਮਰਦਾਂ ਨੂੰ ਪਲਾਜ਼ਮਾ ਦਾਨ ਦੀ ਇਜਾਜ਼ਤ
ਸਮਲਿੰਗੀ ਮਰਦ ਏਜੰਸੀ ਵੱਲੋਂ ਉਹਨਾਂ ਦੇ ਦਾਨ ਕਰਨ ‘ਤੇ ਲੱਗੀ ਪਾਬੰਦੀ ਨੂੰ ਪੱਖਪਾਤੀ ਗਰਦਾਨਦੇ ਰਹੇ ਹਨ

ਖ਼ੂਨ ਵਿਚੋਂ ਬਲੱਡ ਸੈੱਲ ਕੱਢੇ ਜਾਣ ਤੋਂ ਬਾਅਦ ਬਚੇ ਹਲਕੇ ਪੀਲੇ ਰੰਗ ਦੇ ਤਰਲ ਨੂੰ ਪਲਾਜ਼ਮਾ ਕਹਿੰਦੇ ਹਨ। ਪਲਾਜ਼ਮਾ ਵਿਚ ਪੌਸ਼ਟਿਕ ਤੱਥ ਅਤੇ ਐਨਟੀਬੌਡੀਜ਼ ਵਰਗੇ ਅਣੂ ਹੁੰਦੇ ਹਨ ਅਤੇ ਪਲਾਜ਼ਮਾ ਦਾਨ ਖ਼ੂਨਦਾਨ ਨਾਲੋਂ ਜਲਦੀ ਵਕਫ਼ੇ ਵਿਚ ਕੀਤਾ ਜਾ ਸਕਦਾ ਹੈ।
ਕੈਨੇਡੀਅਨ ਬਲੱਡ ਸਰਵਿਸੇਜ਼ ਵੱਲੋਂ ਗੇਅ ਅਤੇ ਬਾਏ-ਸੈਕਸੁਅਲ ਮਰਦਾਂ ਨੂੰ ਬਲੱਡ ਪਲਾਜ਼ਮਾ ਦਾਨ ਕਰਨ ਦੀ ਇਜਾਜ਼ਤ ਦਿੱਤੇ ਜਾਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ। ਐਲਬਰਟਾ ਦੇ ਕੈਲਗਰੀ ਅਤੇ ਉਨਟੇਰਿਉ ਦੇ ਲੰਡਨ ਸ਼ਹਿਰ ਵਿਚ ਸਮਲਿੰਗੀ ਅਤੇ ਦੋਵੇਂ ਲਿੰਗਾਂ ਨਾਲ ਜਿਨਸੀ ਸਬੰਧ ਬਣਾਉਣ ਵਾਲੇ ਮਰਦ, ਆਪਣਾ ਬਲੱਡ ਪਲਾਜ਼ਮਾ ਡੋਨੇਟ ਕਰ ਸਕਣਗੇ।
ਸਮਲਿੰਗੀ ਅਤੇ ਬਾਏ-ਸੈਕਸੁਅਲ ਮਰਦਾਂ ਲਈ ਪਹਿਲਾਂ ਵਾਰੀ ਬਲੱਡ ਏਜੰਸੀ ਨੇ ਡੋਨੇਟ ਕਰਨ ਦੀ ਇਜਾਜ਼ਤ ਦਿੱਤੀ ਹੈ। ਪਿਛਲੇ ਲੰਬੇ ਸਮੇਂ ਤੋਂ ਸਮਲਿੰਗੀ ਹੱਕਾਂ ਦੇ ਹਿਮਾਇਤੀ ਏਜੰਸੀ ਦੀ ਇਸ ਨੀਤੀ ਨੂੰ ਪੱਖਪਾਤੀ ਗਰਦਾਨਦੇ ਰਹੇ ਹਨ।
ਅਸੀਂ ਸਮਲਿੰਗੀ ਮਰਦਾਂ ਦਾ ਆਪਣੇ ਲੰਡਨ ਅਤੇ ਕੈਲਗਰੀ ਦੇ ਪਲਾਜ਼ਮਾ ਡੋਨਰ ਸੈਂਟਰਾਂ ਵਿਚ ਸਵਾਗਤ ਕਰਨ ਲਈ ਉਤਸੁਕ ਹਾਂ। ਇਹ ਸਮਲਿੰਗੀ ਡੋਨਰਾਂ ਲਈ ਉਡੀਕ ਸਮਾਂ ਖ਼ਤਮ ਕਰਨ ਅਤੇ ਜਿਨਸੀ ਵਿਵਹਾਰ ‘ਤੇ ਅਧਾਰਤ ਸਕ੍ਰੀਨਿੰਗ ਵਰਤਣ ਦੇ ਟੀਚੇ ‘ਤੇ ਪਹੁੰਚਣ ਲਈ ਇੱਕ ਮਹੱਤਵਪੂਰਨ ਕਦਮ ਹੈ।
ਲੰਡਨ ਅਤੇ ਉਨਟੇਰਿਉ ਵਿਚ, ਜਿਹੜੇ ਸਮਲਿੰਗੀ ਮਰਦਾਂ ਨੇ ਬੀਤੇ ਤਿੰਨ ਮਹੀਨਿਆਂ ਵਿਚ ਕਿਸੇ ਨਵੇਂ ਪਾਰਟਨਰ ਨਾਲ ਜਿਨਸੀ ਸਬੰਧ ਨਹੀਂ ਬਣਾਏ ਹੋਣ ਅਤੇ ਉਹਨਾਂ ਦੇ ਪਾਰਟਨਰ ਨੇ ਵੀ ਕਿਸੇ ਹੋਰ ਸ਼ਖ਼ਸ ਨਾਲ ਜਿਸਮਾਨੀ ਤਅੱਲੁਕਾਤ ਨਾ ਬਣਾਏ ਹੋਣ, ਉਹ ਬਲੱਡ ਪਲਾਜ਼ਮਾ ਡੋਨੇਟ ਕਰਨ ਦੇ ਯੋਗ ਹੋਣਗੇ।
ਮੰਗਲਵਾਰ ਨੂੰ ਆਪਣੀ ਵੈਬਸਾਇਟ ‘ਤੇ ਕੈਨੇਡੀਅਨ ਬਲੱਡ ਸਰਵਿਸੇਜ਼ ਨੇ ਇਹ ਐਲਾਨ ਕੀਤਾ। ਖ਼ੂਨ ਵਿਚੋਂ ਬਲੱਡ ਸੈੱਲ ਕੱਢੇ ਜਾਣ ਤੋਂ ਬਾਅਦ ਬਚੇ ਹਲਕੇ ਪੀਲੇ ਰੰਗ ਦੇ ਤਰਲ ਨੂੰ ਪਲਾਜ਼ਮਾ ਕਹਿੰਦੇ ਹਨ। ਪਲਾਜ਼ਮਾ ਵਿਚ ਪੌਸ਼ਟਿਕ ਤੱਥ ਅਤੇ ਐਨਟੀਬੌਡੀਜ਼ ਵਰਗੇ ਅਣੂ ਹੁੰਦੇ ਹਨ ਅਤੇ ਪਲਾਜ਼ਮਾ ਦਾਨ ਖ਼ੂਨਦਾਨ ਨਾਲੋਂ ਜਲਦੀ ਵਕਫ਼ੇ ਵਿਚ ਕੀਤਾ ਜਾ ਸਕਦਾ ਹੈ।
ਲੰਘੇ ਤਿੰਨ ਮਹੀਨਿਆਂ ਦੌਰਾਨ ਕਿਸੇ ਮਰਦ ਨਾਲ ਜਿਸਮਾਨੀ ਸਬੰਧ ਬਣਾਉਣ ਵਾਲੇ ਮਰਦਾਂ ਨੂੰ ਅਜੇ ਵੀ ਖ਼ੂਨਦਾਨ ਦੀ ਇਜਾਜ਼ਤ ਨਹੀਂ ਹੈ। ਏਜੰਸੀ ਦਾ ਕਹਿਣਾ ਹੈ ਕਿ ਉਹ ਸਾਲ 2021 ਦੇ ਅੰਤ ਤੱਕ ਹੈਲਥ ਕੈਨੇਡਾ ਨੂੰ ਇਹ ਪਾਬੰਦੀ ਹਟਾਏ ਜਾਣ ਲਈ ਅਰਜ਼ੀ ਦਵੇਗੀ, ਤਾਂ ਕਿ ਮੁਕੰਮਲ ਪਾਬੰਦੀ ਦੀ ਬਜਾਏ, ਹੋਰ ਡੋਨਰਾਂ ਵਾਂਗ ਜਿਨਸੀ ਵਿਵਹਾਰ ਦੀ ਸਕ੍ਰੀਨਿੰਗ ਪ੍ਰਕਿਰਿਆ ਅਪਣਾਈ ਜਾਵੇ।
ਪਲਾਜ਼ਮਾ ਦੀ ਮੰਗ ‘ਚ ਵਾਧਾ
ਏਜੰਸੀ ਦੇ ਬਿਆਨ ਮੁਤਾਬਕ, ਸਾਡੇ ਕੈਲਗਰੀ ਅਤੇ ਲੰਡਨ ਦੇ ਡੋਨਰ ਸੈਂਟਰਾਂ ਵਿਚ ਮਰਦ ਹਰ ਹਫ਼ਤੇ ਪਲਾਜ਼ਮਾ ਦਾਨ ਕਰਨ ਦੇ ਯੋਗ ਹੋਣਗੇ। ਕਿਸੇ ਫ਼ੈਲਣ ਵਾਲੀ ਬਿਮਾਰੀ ਦੀ ਜਾਂਚ ਦੇ ਨੈਗਟਿਵ ਆਉਣ ਤੋਂ 60 ਦਿਨ ਬਾਅਦ, ਸਮਲਿੰਗੀ, ਬਾਏ-ਸੈਕਸੁਅਲ ਅਤੇ ਹੋਰ ਮਰਦਾਂ ਨਾਲ ਜਿਨਸੀ ਸਬੰਧ ਬਣਾਉਣ ਵਾਲੇ ਮਰਦਾਂ ਵੱਲੋਂ ਦਾਨ ਕੀਤਾ ਗਏ ਪਲਾਜ਼ਮਾ ਤੋਂ ਪਲਾਜ਼ਮਾ ਪ੍ਰੋਟੀਨ ਉਤਪਾਦ ਬਣਾਏ ਜਾਣਗੇ
।
ਪਲਾਜ਼ਮਾ ਪ੍ਰੋਟੀਨ ਉਤਪਾਦ ਵਿਸ਼ੇਸ਼ ਦਵਾਈਆਂ ਹੁੰਦੀਆਂ ਹਨ ਜੋ ਕਈ ਤਰ੍ਹਾਂ ਦੀਆਂ ਦੁਰਲੱਭ, ਜਾਨਲੇਵਾ, ਗੰਭੀਰ ਬਿਮਾਰੀਆਂ ਅਤੇ ਜੈਨੇਟਿਕ ਸਥਿਤੀਆਂ ਦੇ ਇਲਾਜ ਲਈ ਪਲਾਜ਼ਮਾ ਤੋਂ ਬਣੀਆਂ ਹੁੰਦੀਆਂ ਹਨ। 60 ਦਿਨਾਂ ਵਾਲੀ ਟੈਸਟਿੰਗ ਦੀ ਜ਼ਰੂਰਤ ਹੈਲਥ ਕੈਨੇਡਾ ਵੱਲੋਂ ਲਾਗੂ ਕੀਤੀ ਗਈ ਹੈ।
ਕੈਨੇਡਾ ਸਮੇਤ ਦੁਨੀਆ ਭਰ ਵਿਚ ਪਲਾਜ਼ਮਾ ਦੀ ਮੰਗ ਵਧ ਰਹੀ ਹੈ ਕਿਉਂਕਿ ਇਹ ਕਈ ਜਾਨਲੇਵਾ ਅਤੇ ਗੰਭੀਰ ਬਿਮਾਰੀਆਂ ਦੇ ਇਲਾਜ ਵਿਚ ਕੰਮ ਆਉਂਦਾ ਹੈ।
ਦੂਸਰੇ ਮਰਦਾਂ ਨਾਲ ਜਿਨਸੀ ਸਬੰਧ ਬਣਾਉਣ ਵਾਲੇ ਮਰਦਾਂ ਲਈ ਖ਼ੂਨਦਾਨ ‘ਤੇ ਪਾਬੰਦੀ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਕੈਨੇਡਾ ਬਲੱਡ ਸਰਵਿਸੇਜ਼ ਦੀ ਆਲੋਚਨਾ ਹੁੰਦੀ ਰਹੀ ਹੈ। ਏਜੰਸੀ ਨੇ ਫ਼ਿਲਹਾਲ ਇਹ ਨਹੀਂ ਦੱਸਿਆ ਹੈ ਕਿ ਲੰਡਨ ਅਤੇ ਕੈਲਗਰੀ ਤੋਂ ਇਲਾਵਾ ਵੀ ਕਦੋਂ ਅਤੇ ਕਿਹੜੇ ਸੈਂਟਰਾਂ ਤੇ ਮੌਜੂਦਾ ਪਲਾਜ਼ਮਾ ਡੋਨੇਸ਼ਨ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ।
ਅਸੀਂ ਸਮਝਦੇ ਹਾਂ ਕਿ ਡੋਨੇਟ ਕਰਨ ਤੋਂ ਮਨਾ ਕੀਤੇ ਜਾਣ ਤੋਂ ਬਾਅਦ ਡੋਨਰ ਕਾਫ਼ੀ ਨਿਰਾਸ਼ ਹੁੰਦੇ ਹਨ। ਅਸੀਂ ਮੰਨਦੇ ਹਾਂ ਕਿ ਮਰਦਾਂ ਦਾ ਮਰਦਾਂ ਨਾਲ ਜਿਨਸੀ ਸਬੰਧ ਯੋਗਤਾ ਮਾਪਦੰਢ ਹੋਣਾ ਇੱਕ ਸੰਵੇਦਨਸ਼ੀਲ ਮੁੱਦਾ ਹੈ ਜਿਸ ਨਾਲ ਲੰਬੇ ਸਮੇਂ ਤੋਂ ਦਰਕਿਨਾਰ ਹੋਏ ਲੋਕ ਪ੍ਰਭਾਵਿਤ ਹੁੰਦੇ ਹਨ
।
ਅਸੀਂ ਮੰਨਦੇ ਹਾਂ ਕਿ ਡੋਨਰ ਦੇ ਮਾਪਦੰਢਾਂ ਵਿਚ ਤਬਦੀਲੀ ਦੀ ਗਤੀ ਧੀਮੀ ਹੋਣ ਕਰਕੇ ਅਜੇ ਵੀ ਬਹੁਤ ਸਾਰੇ ਸਮਲਿੰਗੀ ਅਤੇ ਬਾਏ-ਸੈਕਸੁਅਲ ਮਰਦਾਂ ਨੂੰ ਬਾਹਰ ਰੱਖਿਆ ਗਿਆ ਹੈ ਪਰ ਅਸੀਂ ਸਿਸਟਮ ਨੂੰ ਹੋਰ ਸ਼ਮੂਲੀਅਤ ਵਾਲਾ ਬਣਾਉਣ ਲਈ ਕਾਰਜਸ਼ੀਲ ਹਾਂ
।
ਸੀਬੀਸੀ ਨਿਊਜ਼
ਪੰਜਾਬੀ ਰੂਪਾਂਤਰ - ਤਾਬਿਸ਼ ਨਕਵੀ, ਸੀਨੀਅਰ ਰਾਈਟਰ, ਰੇਡੀਓ ਕੈਨੇਡਾ ਇੰਟਰਨੈਸ਼ਨਲ